ਖਾਸ ਖਬਰਾਂ » ਸਿੱਖ ਖਬਰਾਂ

ਅਦਲੀਵਾਲ ਧਮਾਕਾ: ਦੋਵਾਂ ਦੋਸ਼ੀਆਂ ਬਾਰੇ ਪੁਲਸ ਦੀ ਕਹਾਣੀ ਉਹਨਾਂ ਦੇ ਪਿੰਡ ਵਾਲੇ ਮੰਨਣ ਨੂੰ ਤਿਆਰ ਨਹੀਂ

November 22, 2018 | By

ਸ੍ਰੀ ਅੰਮ੍ਰਿਤਸਰ ਸਾਹਿਬ: (ਨਰਿੰਦਰ ਪਾਲ ਸਿੰਘ) ਪਿੰਡ ਅਦਲੀਵਾਲ ‘ਚ ਐਤਵਾਰ ਵਾਲੇ ਦਿਨ ਨਿਰੰਕਾਰੀ ਸਤਿਸੰਗ ਭਵਨ ਵਿੱਚ ਹੋਏ ਬੰਬ ਧਮਾਕੇ ਨੂੰ ਅੱਤਵਾਦੀ ਕਾਰੇ ਨਾਲ ਜੋੜਦਿਆਂ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਪੁਲਿਸ ਮੁਖੀ ਸੁਰੇਸ਼ ਅਰੋੜਾ ਵਲੋਂ ਬੀਤੇ ਕੱਲ੍ਹ ਬਿਕਰਮਜੀਤ ਸਿੰਘ ਨਾਮੀ ਇੱਕ ਸਿੱਖ ਨੌਜਵਾਨ ਦੀ ਵਿਖਾਈ ਗ੍ਰਿਫਤਾਰੀ ਅਤੇ ਇਕ ਹੋਰ ਨੌਜੁਆਨ ਦੇ ਭਗੋੜਾ ਹੋਣ ਦੀ ਕਹਾਣੀ ਪਿੰਡ ਚੱਕ ਮਿਸ਼ਰੀ ਖਾਨ ਅਤੇ ਧਾਰੀਵਾਲ ਦੇ ਵਸਨੀਕਾਂ ਦੇ ਸੰਘ ਹੇਠ ਹੀ ਨਹੀ ਲਹਿ ਰਹੀ । ਹਾਂ ਇਹ ਜਰੂਰ ਹੈ ਕਿ 8 ਕਿਲ੍ਹੇ ਜਮੀਨ ਵਿੱਚ ਵਾਹੀ ਕਰਕੇ ਪਹਿਲਾਂ ਆਪਣੇ ਵੱਡੇ ਭਰਾ ਨੂੰ ਕਨੇਡਾ ਭੇਜਣ ਵਾਲੇ ਤੇ ਹੁਣ ਆਪ ਕਨੇਡਾ ਜਾਣ ਦੀ ਤਿਆਰੀ ਕਰ ਰਹੇ ਬਿਕਰਮਜੀਤ ਸਿੰਘ ਦਾ ਖੁੱਲ੍ਹੇ ਵਿਹੜੇ ਵਾਲਾ ਮਕਾਨ, ਅੰਦਰੂਨੀ ਦਰਦ ਨਾਲ ਭਰੇ ਹੋਏ ਰਿਸ਼ਤੇਦਾਰਾਂ ਤੇ ਪਿੰਡ ਵਾਸੀਆਂ ਨਾਲ ਭਰਿਆ ਹੋਇਆ ਹੈ ।

ਮਾਤਾ ਸੁਖਵਿੰਦਰ ਕੌਰ, ਤਾਇਆ ਪਿਆਰਾ ਸਿੰਘ, ਤਾਈ, ਭੈਣਾਂ-ਭਰਾ ਤੇ ਹੋਰ ਰਿਸ਼ਤੇਦਾਰਾਂ ਵਲੋਂ ਇੱਕ ਹੀ ਸਵਾਲ ਵਾਰ-ਵਾਰ ਪੁੱਛਿਆ ਜਾ ਰਿਹਾ ਹੈ ਕਿ ਆਖਿਰ ਪੁਲਿਸ ਨੇ ਬਿਕਰਮਜੀਤ ਸਿੰਘ ਦੀ ਗ੍ਰਿਫਤਾਰੀ ਤੇ ਬਰਾਮਦ ਵਸਤਾਂ ਬਾਰੇ ਐਨਾ ਵੱਡਾ ਕੁਫਰ ਕਿਉਂ ਤੋਲਿਆ? ਬਿਕਰਮਜੀਤ ਸਿੰਘ ਦੀ ਕਥਿਤ ਗ੍ਰਿਫਤਾਰੀ ਬਾਰੇ ਜਾਣਕਾਰੀ ਲੈਣ ਲਈ ਪਹੁੰਚਣ ਵਾਲੇ ਹਰ ਪੱਤਰਕਾਰ ਸਾਹਮਣੇ ਅਜਿਹੇ ਸਵਾਲਾਂ ਦਾ ਮੀਂਹ ਜਰੂਰ ਪੈਂਦਾ ਹੈ। ਮਾਤਾ ਸੁਖਵਿੰਦਰ ਕੌਰ ਦੱਸਦੀ ਹੈ ਕਿ ਐਤਵਾਰ ਤੇ ਸੋਮਵਾਰ ਸਾਰਾ ਦਿਨ ਹੀ ਬਿਕਰਮਜੀਤ ਸਿੰਘ ਖੇਤਾਂ ਵਿੱਚ ਕਣਕ ਬੀਜਣ ਵਿੱਚ ਕਾਮਿਆਂ ਨਾਲ ਰੁੱਝਾ ਰਿਹਾ।

ਸੋਮਵਾਰ ਰਾਤ ਦੇ ਦਸ ਸਾਢੇ ਦਸ ਵਜੇ ਦਾ ਸਮਾਂ ਹੋਵੇਗਾ ਕਿ ਪੁਲਿਸ ਦੀ ਇੱਕ ਵੱਡੀ ਧਾੜ ਘਰ ਦੀਆਂ ਕੰਧਾਂ ਟੱਪ ਕੇ ਅੰਦਰ ਆਣ ਵੜੀ ਤੇ ਕਮਰਿਆਂ ਦੇ ਬੂਹੇ ਖੜਕਾਉਣੇ ਸ਼ੁਰੂ ਕਰ ਦਿੱਤੇ ।ਅੱਬੜਵਾਹੇ ਸਾਰਾਟੱਬਰ ਜਾਗ ਗਿਆ।ਬਿਕਰਮਜੀਤ ਸਿੰਘ ਵੀ ਅੱਧ-ਪਚੱਦੇ ਕਪੜਿਆਂ ਨਾਲ ਜਿਵੇਂ ਸੁੱਤਾ ਸੀ ਉੱਠਿਆ।ਪੁਲਿਸ ਪਾਰਟੀ ਨੇ ਬਿਨ੍ਹਾਂ ਕੁਝ ਪੁੱਛਿਆਂ ਹੀ ਉਸਨੂੰ ਫੜ੍ਹ ਲਿਆ ਅਤੇ ਗੱਡੀ ਵਿੱਚ ਸੁੱਟ ਲਿਆ।ਇਸ ਉਪਰੰਤ ਪੁਲਿਸ ਤਕਰੀਬਨ ਦੋ ਘੰਟੇ ਘਰ ਦੀ ਤਲਾਸ਼ੀ ਲੈਂਦੀ ਰਹੀ । ਪਰ ਪੁਲਸ ਦੇ ਹੱਥ ਕੁਝ ਨਾਹ ਆਇਆ। ਜਾਣ ਲੱਗਿਆਂ ਇੱਕ ਪੁਲਿਸ ਵਾਲੇ ਦੀ ਨਿਗਾਹ ਵਿਹੜੇ ਵਿੱਚ ਪਏ ਮੋਟਰ ਸਾਈਕਲ ਤੇ ਪਈ ਤੇ ਉਸਨੇ ਕਿੱਕ ਮਾਰ ਕੇ ਨਾਲ ਹੀ ਤੋਰ ਲਿਆ।ਤਾਇਆ ਪਿਆਰਾ ਸਿੰਘ ਦੱਸਦੇ ਹਨ ਕਿ ਸਵੇਰ ਤੀਕ ਕੋਈ ਸੂਹ ਨਹੀ ਮਿਲੀ ਕਿ ਕਿਹੜੀ ਪੁਲਿਸ ਬਿਕਰਮਜੀਤ ਨੂੰ ਲੈ ਗਈ ਹੈ। ਮੰਗਲਵਾਰ ਸ਼ਾਮ ਨੂੰ ਇੱਕ ਹੋਰ ਪੁਲਿਸ ਪਾਰਟੀ ਆਈ ਤੇ ਬਿਕਰਮਜੀਤ ਸਿੰਘ ਦੀ ਪੈਂਟ ਕਮੀਜ,ਦਸਤਾਰ ਤੇ ਨਾਈਕ ਦੇ ਬੂਟ ਤੀਕ ਮੰਗ ਲਏ, ‘ਅਖੇ ਉਸਨੇ ਮੰਗਾਏ ਹਨ’।

ਮੰਗਲਵਾਰ ਦੀ ਸ਼ਾਮ ਹੀ ਪਰਿਵਾਰ ਨੂੰ ਪਤਾ ਲੱਗ ਸਕਿਆ ਕਿ ਬਿਕਰਮਜੀਤ ਸਿੰਘ ਮਾਲ ਮੰਡੀ ਪੁਲਿਸ ਕੋਲ ਹੈ।ਬਿਕਰਮਜੀਤ ਦੇ ਕਰੀਬੀ ਰਿਸ਼ਤੇਦਾਰਾਂ ਵਿੱਚ ਇੱਕ ਭਰਾ ਪੁਲਿਸ ਵਿੱਚ ਹੈ ਤੇ ਇਸੇ ਪਿੰਡ ਚੱਕ ਮਿਸ਼ਰੀ ਖਾਨ ਵਿੱਚ ਰਹਿ ਰਿਹੈ। ਉਸਤੋਂ ਪਤਾ ਲਗਾ ਕਿ ਸੋਮਵਾਰ ਹੀ ਕਿਸੇ ਪੁਲਿਸ ਅਫਸਰ ਨੇ ਫੋਨ ਕੀਤਾ ਸੀ ‘ਤੇਰੇ ਘਰ ਚਾਹ ਪੀਣ ਆ ਰਹੇ ਆਂ’।ਪੁਲਿਸ ਮੁਲਾਜਮ ਆਏ ਤੇ ਸਰਸਰੀ ਜਿਹੀ ਗੱਲ ਕੀਤੀ ਕਿ ਤੇਰੇ ਪਿੰਡ ਦਾ ਕੋਈ ਬਿਕਰਮਜੀਤ ਸਿੰਘ ਹੈ, ਉਸਦਾ ਨਾਮ ਬੰਬ ਧਮਾਕੇ ਵਿੱਚ ਬੋਲਦਾ’।ਰਿਸ਼ਤੇਦਾਰ ਭਰਾ ਨੇ ਦਸਿਆ ‘ਮੇਰਾ ਭਰਾ ਹੈ’ ਐਹ ਨਾਲ ਈ ਗੁਰਦੁਆਰਾ ਐ , ਉਸਦੇ ਨਾਲ ਦਾ ਵੱਡਾ ਜਿਹਾ ਘਰ’।ਪੁਲਿਸ ਮੁਲਾਜਮ ਨੇ ਕਿਹਾ ਜੇ ਉਹ ਘਰ ਹੋਇਆ ਤਾਂ ਸਮਝੋ ਬੇਕਸੂਰ, ਜੇ ਨਾ ਹੋਇਆ ਤਾਂ ਕਸੂਰਵਾਰ’।ਐਨੀ ਗਲ ਕਰਦਿਆਂ ਹੀ ਡਾਹਡੀ ਦੁਖੀ ਤਾਈ ਦੁਹੱਥੜ ਤੀਕ ਮਾਰਨ ਜਾਂਦੀ ਹੈ ‘ਫੜਿਆ ਤਾਂ ਘਰੋਂ ਆ, ਮਿਿਲਆ ਕੁਝ ਨਹੀ ਤੇ ਫਿਰ ਐਨਾ ਕੁਫਰ ਤੋਲਣ ਦੀ ਕੀ ਲੋੜ ਸੀ ।ਜਿਸਨੇ ਕਦੀ ਉੱਚੀ ਸਾਹ ਨਹੀ ਲਿਆ ਉਹ ਅੱਤਵਾਦੀ ਤੇ ਜਿਹੜੇ ਮੇਰੇ ਪੁਤ ਨੂੰ ਬਿਨ੍ਹਾ ਵਜ੍ਹਾ ਚੁੱਕ ਕੇ ਲੈ ਗਏ ਉਹ ਸੱਤਵਾਦੀ ।

ਤਾਈ ਤਾਂ ਐਥੌਂ ਤੀਕ ਕਹਿ ਰਹੀ ਸੀ ‘ਐਹ ਟੱਬਰ ਨਹੀ ਮੰਨਿਆਂ ਨਹੀ ਤਾਂ 4-5 ਪਿੰਡ ਕੱਠੇ ਕਰਕੇ ਮੂੰਹ ਭੰਨ ਆਈਦਾ ਇਹੌ ਜਿਹੇ ਝੂਠਿਆਂ ਦਾ ।ਪਰਿਵਾਰ ਨਾਲ ਹਮਦਰਦੀ ਜਤਾਉਣ ਆਏ ਰਿਸ਼ਤੇਦਾਰ ਬਲਕਾਰ ਸਿੰਘ ਨੇ ਦੱਸਿਆ ਕਿ ਬੰਬ ਧਮਾਕੇ ਦੀ ਖਬਰ ਦੇ ਬਾਅਦ ਹੀ ਪੁਲਿਸ ਸਾਰੇ ਹੀ ਪਿੰਡਾਂ ਵਿੱਚ ਨਿਕਲ ਤੁਰੀ ਸੀ, ਨੌਜੁਆਨ ਸਿੱਖ ਮੁੰਡਿਆਂ ਦੀ ਸ਼ਨਾਖਤ ਕਰਨ ।ਰਾਤੋ-ਰਾਤ ਥਾਣੇ ਭਰਕੇ ਅਫਸਰਾਂ ਦੀ ਸ਼ਾਬਾਸ਼ ਲੈਣ ਦਾ ਦੌਰ ਸ਼ੁਰੂ ਹੋ ਗਿਆ। ਵੱਡੀ ਗਿਣਤੀ ਪਿੰਡਾਂ ਦੇ ਨੌਜੁਆਨ ਘਰਾਂ ਨੂੰ ਪਰਤ ਆਏ ਨੇ ਪਰ ਇਹ ਪਿੰਡ ਅਜੇ ਵੀ ਸਦਮੇ ਵਿੱਚ ਹੈ । ਇਹ ਪੁੱਛੇ ਜਾਣ ਉੱਤੇ ਕਿ ਕੀ ਕਦੇ ਬਿਕਰਮਜੀਤ ਸਿੰਘ ਨੂੰ ਅਵਤਾਰ ਸਿੰਘ ਨਾਮੀ ਨਿਹੰਗ ਬਾਣੇ ਵਾਲਾ ਕੋਈ ਸ਼ਖਸ਼ ਮਿਲਣ ਆਇਆ ਤਾਂ ਹਰ ਪਾਸਿਓਂ ਹੀ ਜਵਾਬ ਸੀ । ‘ਨਾ ਉਹ ਕਦੇ ਕਿਸੇ ਦੇ ਘਰ ਜਾਵੇ ਨਾ ਉਸਦੇ ਵੱਲ ਕੋਈ ਆਵੇ ।ਉਸਦੇ ਸਾਥੀ ਤਾਂ ਖੇਤਾਂ ਵਿੱਚ ਕੰਮ ਕਰਨ ਵਾਲੇ ਕਾਮੇ ਸਨ’ਤੇ ਨਾ ਕਦੇ ਕੋਈ ਓਪਰਾ ਬੰਦਾ ਉਸਨੂੰ ਮਿਲਣ ਆਇਆ ਈ ਆ।

ਬਿਕਰਮਜੀਤ ਸਿੰਘ ਦੇ ਨੇੜਲੇ ਰਿਸ਼ਤੇਦਾਰ ਪੁਲਸ ਕਾਰਵਾਈ ਦੀ ਕਹਾਣੀ ਦੱਸਦੇ ਹੋਏ।

ਬਿਕਰਮਜੀਤ ਸ਼ਿੰਘ ਦੇ ਪਿੰਡ ਚੱਕ ਮਿਸ਼ਰੀ ਖਾਨ ਤੋਂ ਕੋਈ 12-15 ਕਿਲੋਮੀਟਰ ਦੀ ਦੂਰੀ ਤੇ ਸਥਿਤ ਪਿੰਡ ਧਾਰੀਵਾਲ ਪੁੱਜਣ ਲਈ ਕਈਂ ਟੇਡੀਆਂ-ਮੇਢੀਆਂ ਸੜਕਾਂ ਲੰਘਣੀਆਂ ਪੈਂਦੀਆਂ ਹਨ ।ਪੱਛਣ ਤੇ ਪਤਾ ਲਗਦੈ ਕਿ ਐਹ ਮੋੜ ਮੁੜਕੇ ਪਹਿਲਾ ਘਰ ਹੈ ਡਾ.ਅਵਤਾਰ ਸਿੰਘ ਖਾਲਸੇ ਦਾ। ਘਰ ਦਾ ਮੁਖ ਗੇਟ ਅਤੇ ਵਿਹੜਾ ਪਾਰ ਕਰਕੇ ਬਣੇ ਤਿੰਨ-ਚਾਰ ਕਮਰੇ ਖੁੱਲੇ ਪਏ ਹਨ।ਪੁਲਿਸ ਦੀ ਇੱਕ ਪੱਕੀ ਚੌਕੀ ਵਾਲਾ ਮਾਹੌਲ ਹੈ।ਬਰਾਂਡੇ ਵਿੱਚ ਇਕ ਮੇਜ ਤੇ ਨਿਹੰਗ ਬਾਣੇ ਵਿੱਚ ਅਵਤਾਰ ਸਿੰਘ, ਉਸਦੀ ਪਤਨੀ ਤੇ ਇੱਕ ਛੋਟੀ ਬੱਚੀ ਦੀ ਤਸਵੀਰ ਪਈ ਹੋਈ ਹੈ ।ਪੁਲਿਸ ਦਾ ਕਹਿਣਾ ਹੈ ਕਿ ਜਦ ਉਹ ਆਏ ਤਾਂ ਘਰ ਖੁੱਲਾ ਪਿਆ ਸੀ ।ਪਰ ਦੱਬੀ ਜੀਭ ਨਾਲ ਪਿੰਡ ਵਾਲੇ ਦੱਸਦੇ ਹਨ ਕਿ ਘਰ ਦੇ ਤਾਲੇ ਤਾਂ ਪੁਲਿਸ ਨੇ ਹੀ ਭੰਨੇ ਹਨ।ਕਮਰਿਆਂ ਵਿੱਚ ਖਿਲਰਿਆ ਸਮਾਨ ਵੀ ਇਹੀ ਤਸਦੀਕ ਕਰਦਾ ਹੈ ਕਿ ਤਲਾਸ਼ੀ ਮੁਹਿੰਮ ਚੱਲੀ ਹੈ ।ਕੋਈ 250- 300 ਗਜ ਦੇ ਕਰੀਬ ਥਾਂ ਵਿੱਚ ਬਣੀ ਇਹ ਹਵੇਲੀ ਨੁਮਾ ਕੋਠੀ ਪੂਰੀ ਤਰ੍ਹਾਂ ਸੁੰਨ ਸਾਨ ਹੈ ਤੇ ਨਾਲ ਹੀ ਡਾ.ਖਾਲਸਾ ਦੀ ਉਹ ਦੁਕਾਨ ਜਿਥੇ ਉਹ ਆਰ.ਐਮ.ਪੀ ਵਜੋਂ ਬੈਠਦੇ ਹਨ । ਪਿੰਡ ਵਾਸੀ ਇਹ ਜਰੂਰ ਕਹਿੰਦੇ ਹਨ ਕਿ ‘ਡਾ.ਖਾਲਸਾ ਹੈ ਸਿਆਣਾ ਲਾਲਚੀ ਨਹੀ’।ਪਰ ਇਹ ਚਰਚਾ ਜਰੂਰ ਹੈ ਕਿ ਸ਼ਾਇਦ ਅਵਤਾਰ ਸਿੰਘ ਵੀ ਪੁਲਿਸ ਦੇ ਕਬਜੇ ਵਿੱਚ ਹੀ ਹੈ ਤੇ ਨਾਲ ਹੀ ਉਸਦਾ ਪਰਿਵਾਰ ਨਹੀ ਤਾਂ ਕੋਈ ਘਰ ਗੇੜਾ ਜਰੂਰ ਮਾਰਦਾ।

ਅਵਤਾਰ ਸਿੰਘ ਦੇ ਘਰ ਵਿੱਚ ਪਈ ਉਹਨਾਂ ਦੀ ਤਸਵੀਰ

ਜਿਕਰ ਕਰਨਾ ਬਣਦਾ ਹੈ ਕਿ ਸਾਲ 2010 ਵਿਵਾਦਤ ਲੇਖਕ ਇੰਦਰ ਸਿੰਘ ਘੱਗਾ ਉਪਰ ਪਟਿਆਲਾ ਵਿਖੇ ਹੋਏ ਹਮਲੇ ਵਿੱਚ ਅਵਤਾਰ ਸਿੰਘ ਖਾਲਸਾ ਖਿਲਾਫ ਵੀ ਕੇਸ ਦਰਜ ਹੋਇਆ ਸੀ। ਉਸਤੋਂ ਬਾਅਦ ਉਸ ਕੇਸ ਦਾ ਕੀ ਬਣਿਆ ਕੋਈ ਨਹੀ ਜਾਣਦਾ ਪਰ ਇਸ ਕੇਸ ਕਾਰਣ ਉਹ ਪੁਲਿਸ ਦੀ ਨਜਰ ਹੇਠ ਜਰੂਰ ਸੀ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , ,