July 7, 2016 | By ਸਿੱਖ ਸਿਆਸਤ ਬਿਊਰੋ
ਹੁਸ਼ਿਆਰਪੁਰ: ਮਲੇਰਕੋਟਲਾ ਵਿਖੇ ਹੋਈ ਕੁਰਾਨ ਦੀ ਬੇਅਦਬੀ ਦੇ ਮਾਮਲੇ ‘ਚ ਮੁੱਖ ਦੋਸ਼ੀ ਆਰ.ਐਸ.ਐਸ ਦੇ ਕਾਰਕੁੰਨ ਵਿਜੇ ਕੁਮਾਰ ਅਤੇ ‘ਆਪ’ ਵਿਧਾਇਕ ਨਰੇਸ਼ ਯਾਦਵ ਦਾ ਨਾਂ ਸਾਂਝੇ ਤੌਰ ‘ਤੇ ਜੁੜਨ ਤੋਂ ਬਾਅਦ ਦਲ ਖਾਲਸਾ ਨੇ ‘ਆਪ’ ਅਤੇ ਹਿੰਦੁਤਵ ਤਾਕਤਾਂ ਦੇ ਗੁਪਤ ਸਬੰਧਾਂ ਦਾ ਪਰਦਾਫਾਸ਼ ਕਰਨ ਲਈ ਨਿਰਪੱਖ, ਪੁੱਖਤਾ ਅਤੇ ਭਰੋਸੇਯੋਗ ਜਾਂਚ ਦੀ ਮੰਗ ਕੀਤੀ ਹੈ।
ਦਲ ਖਾਲਸਾ ਦੇ ਸੀਨੀਅਰ ਆਗੂ ਭਾਈ ਹਰਚਰਨਜੀਤ ਸਿੰਘ ਧਾਮੀ ਨੇ ਕਿਹਾ ਕਿ ਲੋਕ ਜਾਣਨਾ ਚਾਹੁੰਦੇ ਹਨ ਕਿ ਇਨ੍ਹਾਂ ਦੋਨਾਂ ਪਾਰਟੀਆਂ ਵਿਚ ਕਿਸ ਪੱਧਰ ‘ਤੇ ਸਮਝੌਤਾ ਹੈ ਜਾਂ ਫੇਰ ਇਸ ਕੇਸ ਵਿਚ ਇਨ੍ਹਾਂ ਦੇ ਕਾਰਕੁੰਨਾਂ ਦੀ ਸਾਂਝੀ ਸ਼ਮੂਲੀਅਤ ਸਿਰਫ ਇਕ ਇਤਫਾਕ ਹੈ। ਉਹਨਾਂ ਕਿਹਾ ਕਿ ਬਹੁਤ ਸਾਰੇ ਲੋਕਾਂ ਦਾ ਮੰਨਣਾ ਹੈ ਕਿ ‘ਆਪ’ ਦਾ ਜਨਮ ਉਸ ਭ੍ਰਿਸ਼ਟਾਚਾਰ-ਵਿਰੋਧੀ ਮੂਵਮੈਂਟ ਵਿਚੋਂ ਹੋਇਆ ਸੀ ਜਿਸ ਦਾ ਚੇਹਰਾ ਤਾਂ ਅੰਨਾ ਹਜ਼ਾਰੇ ਸੀ ਪਰ ਉਸ ਨੂੰ ਕੰਟਰੋਲ ਵਿਵੇਕਾਨੰਦ ਇੰਟਰਨੈਸ਼ਨਲ ਫਾਊਂਡੇਸ਼ਨ ਕਰ ਰਿਹਾ ਸੀ ਜਿਸ ਦਾ ਸੰਚਾਲਕ ਅਜੀਤ ਡੋਵਲ ਸੀ ਜੋ ਮੌਜੂਦਾ ਮੋਦੀ ਸਰਕਾਰ ਵਿਚ ਕੌਮੀ ਸੁਰਖਿਆ ਸਲਾਹਕਾਰ ਹਨ। ਉਨ੍ਹਾਂ ਕਿਹਾ ਕਿ 2017 ਦੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਪੰਜਾਬ ਦੇ ਲੋਕਾਂ ਨੂੰ ਪਹਿਲਾਂ ਨਾਲੋਂ ਵੱਧ ਸੁਚੇਤ ਰਹਿਣਾ ਪਵੇਗਾ ਕਿਉਂਕਿ ਸਾਨੂੰ ਸੂਬੇ ਵਿਚ ਹਾਲਾਤ ਹੋਰ ਖਰਾਬ ਹੋਣ ਦਾ ਖਦਸ਼ਾ ਹੈ।
ਕੁਰਾਨ ਦੀ ਬੇਅਦਬੀ ਦੀ ਘਟਨਾ ਨੂੰ ਪੰਜਾਬ ਨੂੰ ਮੁੜ ਇੱਕ ਵਾਰ ਬਲਦੀ ਦੇ ਮੂੰਹ ਧੱਕਣ ਲਈ ਇੱਕ ਵੱਡੀ ਸਾਜਿਸ਼ ਦੱਸਦਿਆਂ, ਧਾਮੀ ਨੇ ਕਿਹਾ ਕਿ ਕੁਰਾਨ ਦੀ ਬੇਅਦਬੀ ਵਿਚ ਹਿੰਦੁਤਵ ਤਾਕਤਾਂ ਦਾ ਹੱਥ ਹੋਣਾ ਉਨ੍ਹਾਂ ਦੀ ਘੱਟ-ਗਿਣਤੀਆਂ ਵਿਰੋਧੀ ਮਾਨਸਿਕਤਾ ਅਤੇ ਏਜੰਡੇ ਦੀ ਲਗਾਤਾਰਤਾ ਹੈ, ਜਿਸ ਨੂੰ ਦੁਨੀਆਂ ਪਹਿਲਾਂ ਮਾਲੇਗਾਂਓ, ਅਜਮੇਰ ਸ਼ਰੀਫ ਅਤੇ ਸਮਝੌਤਾ ਐਕਸਪ੍ਰੈਸ ਬੰਬ ਧਮਾਕਿਆਂ ਵੇਲੇ ਵੇਖ ਚੁੱਕੀ ਹੈ।
ਜ਼ਿਕਰਯੋਗ ਹੈ ਕਿ ਇਸ ਕੇਸ ਦੇ ਸਬੰਧ ਵਿਚ ਸੰਗਰੂਰ ਪੁਲਿਸ ਵਲੋਂ ਵਿਜੇ ਕੁਮਾਰ, ਨੰਦ ਕਿਸ਼ੋਰ ਗੋਲਡੀ ਅਤੇ ਗੌਰਵ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਨੰਦ ਕਿਸ਼ੋਰ ਅਤੇ ਗੋਲਡੀ ਦੇ ਆਰ.ਐਸ.ਐਸ ਦੀ ਸ਼ਾਖਾ ਵਿਸ਼ਵ ਹਿੰਦੂ ਪਰਿਸ਼ਦ ਨਾਲ ਗੂੜੇ ਸਬੰਧ ਦੱਸੇ ਗਏ ਹਨ। ਇਸ ਕੇਸ ਵਿਚ ਫੜੇ ਗਏ ਮੁੱਖ ਦੋਸ਼ੀ ਵਿਜੇ ਕੁਮਾਰ, ਜੋ ਕਿ ਆਰ.ਐਸ.ਐਸ ਨਾਲ ਤਾਲੁਕ ਰੱਖਦਾ ਹੈ, ਉਸਨੇ ਦਾਅਵਾ ਕੀਤਾ ਹੈ ਕਿ ਉਸਨੇ ਇਹ ਕਾਰਾ ‘ਆਪ’ ਵਿਧਾਇਕ ਨਰੇਸ਼ ਯਾਦਵ ਦੇ ਕਹਿਣ ‘ਤੇ ਕੀਤਾ।
ਧਾਮੀ ਨੇ ਕਿਹਾ ਕਿ ਵਿਜੇ ਕੁਮਾਰ ਦੇ ਵੱਡੇ ਪੁਲਿਸ ਅਫਸਰਾਂ, ਪ੍ਰਸ਼ਾਸਨਿਕ ਅਫਸਰਾਂ ਅਤੇ ਇੰਟਲੀਜੈਂਸ ਏਜੰਸੀਆਂ ਨਾਲ ਸਬੰਧਾਂ ਦੀ ਗੱਲ ਸਾਹਮਣੇ ਆਉਣ ਤੋਂ ਬਾਅਦ ਕੋਈ ਸ਼ੱਕ ਨਹੀਂ ਰਹਿ ਜਾਂਦਾ ਕਿ ਇਸ ਕੇਸ ਵਿੱਚ ਬਹੁਤ ਕੁਝ ਲੁਕਵਾਂ ਪਿਆ ਹੈ ਜੋ ਲੋਕਾਂ ਸਾਹਮਣੇ ਆਉਣਾ ਚਾਹੀਦਾ ਹੈ।
ਪਵਿੱਤਰ ਕੁਰਾਨ ਦੀ ਬੇਹੁਰਮਤੀ ਕੇਸ ਦੀ ਨਿਰਪੱਖ ਅਤੇ ਪਾਰਦਰਸ਼ ਢੰਗ ਨਾਲ ਜਾਂਚ ਬਾਰੇ ਜ਼ੋਰ ਦਿੰਦਿਆਂ ਉਨ੍ਹਾਂ ਪੰਜਾਬ ਪੁਲਿਸ ਦੇ ਡੀ.ਜੀ.ਪੀ ਸੁਰੇਸ਼ ਅਰੋੜਾ ਨੂੰ ਕਿਹਾ ਕਿ ਉਹ ਯਕੀਨੀ ਬਨਾਉਣ ਕਿ ਸਰਕਾਰੀ ਧਿਰ ਦੇ ਪ੍ਰਭਾਵ ਹੇਠ ਇਨਸਾਫ ਦੀ ਗੱਡੀ ਲੀਹੋਂ ਨਾ ਲੱਥੇ। ਉਨ੍ਹਾਂ ਕਿਹਾ, “ਪੁਲਿਸ ਨਾ ਤਾਂ ਸਰਕਾਰੀ ਧਿਰ ਦੀ ਭਾਈਵਾਲ ਆਰ.ਐਸ.ਐਸ ਪ੍ਰਤੀ ਨਰਮੀ ਦਿਖਾਵੇ ਅਤੇ ਨਾ ਹੀ ਵਿਰੋਧੀ ਧਿਰ ‘ਆਪ’ ਨਾਲ ਜ਼ਿਆਦਤੀ ਕਰੇ।
‘ਆਪ’ ਵਲੋਂ ਆਪਣੇ ਚੋਣ ਮੈਨੀਫੈਸਟੋ ਉੱਤੇ ਦਰਬਾਰ ਸਾਹਿਬ ਦੀ ਤਸਵੀਰ ਲਾਉਣ ‘ਤੇ ਪੈਦਾ ਹੋਏ ਵਿਵਾਦ ਬਾਰੇ ਬੋਲਦਿਆਂ ਭਾਈ ਧਾਮੀ ਨੇ ਸਖਤ ਸ਼ਬਦਾਂ ਵਿੱਚ ਟਿੱਪਣੀ ਕਰਦਿਆਂ ਕਿਹਾ ਕਿ ਜਦੋਂ ਕੇਜਰੀਵਾਲ ਅਤੇ ਉਸ ਦੀ ਟੀਮ ਸਿੱਖ ਪੰਥ ਦੀਆਂ ਭਾਵਨਾਵਾਂ ਦੀ ਤਰਜਮਾਨੀ ਹੀ ਨਹੀਂ ਕਰਦੀ ਅਤੇ ਨਾ ਹੀ ਉਹਨਾਂ ਦੀ ਪਾਰਟੀ ਪੰਥਕ ਹੈ ਤਾਂ ਉਹ ਫਿਰ ਉਹ ਆਪਣੇ ਚੋਣ ਮੈਨੀਫੈਸਟੋ ‘ਤੇ ਦਰਬਾਰ ਸਾਹਿਬ ਦੀ ਤਸਵੀਰ ਕਿਵੇਂ ਲਾ ਸਕਦੇ ਹਨ।
ਉਨ੍ਹਾਂ ਕਿਹਾ ਕਿ ਭਾਵੇਂ ਕਿ ਸਿੱਖ ਜਜ਼ਬਾਤਾਂ ਨਾਲ ਜੁੜੇ ਕੁਝ ਮਸਲਿਆਂ ਨੂੰ ਚੁੱਕ ਕੇ ‘ਆਪ’ ਇਹ ਦਰਸਾਉਣ ਦੀ ਕੋਸ਼ਿਸ਼ ਵਿਚ ਕਾਮਯਾਬ ਰਹੀ ਹੈ ਕਿ ਉਹ ਸਿੱਖ ਹਮਾਇਤੀ ਪਾਰਟੀ ਹੈ। ਪਰ, ਅਸੀਂ ਮੰਨਦੇ ਹਾਂ ਕਿ ਇਹ ਸਿਰਫ ਇਕ ਨਕਾਬ ਹੈ- ‘ਆਪ’ ਨਾ ਹੀ ਪੰਥ-ਪ੍ਰਸਤ ਤੇ ਨਾ ਹੀ ਪੰਜਾਬ-ਪ੍ਰਸਤ ਪਾਰਟੀ ਹੈ। ਇਹ ਬਾਕੀਆਂ ਵਾਂਗ ਭਾਰਤੀ-ਮੁੱਖਧਾਰਾ ਪੱਖੀ ਪਾਰਟੀ ਹੈ।
ਧਾਮੀ ਨੇ ਕਿਹਾ ਕਿ ਜਿਹੜੇ ਸਿੱਖ ਅੰਨ੍ਹੇਵਾਹ ‘ਆਪ’ ਦੇ ਪਿੱਛੇ ਲੱਗੇ ਹੋਏ ਹਨ, ਉਹ ਅਖੀਰ ਵਿਚ ਉਸੇ ਤਰ੍ਹਾਂ ਹੀ ਪੰਥ ਦਾ ਨੁਕਸਾਨ ਕਰਨਗੇ ਜਿਸ ਤਰ੍ਹਾਂ ਬਾਦਲਕਿਆਂ ਨੇ ਅਕਾਲੀ ਪਾਰਟੀ ਨੂੰ ਆਰ.ਐਸ.ਐਸ ਦੀ ਰਾਜਨੀਤਿਕ ਜਮਾਤ ਭਾਜਪਾ ਦਾ ਗੁਲਾਮ ਬਣਾ ਕੇ ਕੀਤਾ ਹੈ।
Related Topics: Aam Aadmi Party, Bhai Harcharanjeet Singh Dhami, Dal Khalsa International