January 28, 2017 | By ਸਿੱਖ ਸਿਆਸਤ ਬਿਊਰੋ
ਅੰਮ੍ਰਿਤਸਰ: ਆਮ ਆਦਮੀ ਪਾਰਟੀ ਦੇ ਲੀਗਲ ਸੈਲ ਦੇ ਮੁਖੀ ਅਤੇ ਹਲਕਾ ਮਜੀਠਾ ਤੋਂ ਉਮੀਦਵਾਰ ਹਿੰਮਤ ਸਿੰਘ ਸ਼ੇਰਗਿੱਲ ਨੇ ਅੰਮ੍ਰਿਤਸਰ ਵਿਖੇ ਅੱਜ ਇੱਕ ਪ੍ਰੈਸ ਕਾਨਫਰੰਸ ਦੌਰਾਨ ਬਿਕਰਮ ਮਜੀਠੀਆਂ ਦੀਆਂ ਕੌਮਾਂਤਰੀ ਡਰੱਗ ਸਰਗਨਾ ਸਤਪ੍ਰੀਤ ਸਿੰਘ ਸੱਤਾ ਨਾਲ ਤਸਵੀਰਾਂ ਜਾਰੀ ਕੀਤੀਆਂ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼ੇਰਗਿੱਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਹਮੇਸ਼ਾਂ ਕਹਿੰਦੀ ਆਈ ਹੈ ਕਿ ਪੰਜਾਬ ਦੇ ਕੈਬਿਨੇਟ ਮੰਤਰੀ ਬਿਕਰਮ ਮਜੀਠੀਆ ਦੇ ਨਸ਼ਾ ਤਸਕਰਾਂ ਨਾਲ ਸਬੰਧ ਹਨ ਅਤੇ ਇਨ੍ਹਾਂ ਤਸਵੀਰਾਂ ਨੇ ਇਸ ਗੱਲ੍ਹ ਨੂੰ ਸਹੀ ਸਾਬਿਤ ਕੀਤਾ ਹੈ।
ਸ਼ੇਰਗਿੱਲ ਨੇ ਕਿਹਾ ਕਿ ਦੂਜੇ ਆਰੋਪੀ ਬਿੱਟੂ ਔਲਖ ਵੱਲੋਂ ਈਡੀ ਸਾਹਮਣੇ ਆਪਣੇ ਬਿਆਨ ਵਿੱਚ ਪਹਿਲਾਂ ਹੀ ਕਿਹਾ ਜਾ ਚੁੱਕਿਆ ਹੈ ਕਿ ਉਸਨੂੰ ਮਜੀਠੀਆ ਨੇ ਸੱਤਾ ਅਤੇ ਜਗਜੀਤ ਚਹਿਲ ਨਾਲ ਸਿੰਥੈਟਿਕ ਡਰੱਗ ਅਤੇ ਹੋਰ ਕੱਚਾ ਮਾਲ ਸਪਲਾਈ ਕਰਨ ਲਈ ਮਿਲਵਾਇਆ ਸੀ, ਜਦਕਿ ਬਿਕਰਮ ਮਜੀਠੀਆ ਇਨ੍ਹਾਂ ਦੋਸ਼ਾਂ ਤੋਂ ਪੱਲਾ ਝਾੜਦੇ ਰਹੇ ਹਨ, ਪਰ ਇਹ ਤਸਵੀਰਾਂ ਬਿਕਰਮ ਮਜੀਠੀਆ ਦੀ ਡਰੱਗ ਤਸਕਰੀ ਵਿਚ ਸ਼ਮੂਲੀਅਤ ਨੂੰ ਸਹੀ ਦੱਸ ਰਹੀਆਂ ਹਨ। ਈਡੀ ਦੀ ਰਿਪੋਰਟ ਨੂੰ ਪੜ੍ਹਦਿਆਂ ਹਿੰਮਤ ਸਿੰਘ ਸ਼ੇਰਗਿੱਲ ਨੇ ਕਿਹਾ ਕਿ ਸੱਤਾ ਨੇ 2007 ਵਿੱਚ ਮਜੀਠੀਆ ਦੇ ਚੋਣ ਏਜੰਟ ਵਜੋਂ ਕੰਮ ਕੀਤਾ ਅਤੇ ਉਸਦੇ ਘਰ ਵਿੱਚ ਹੀ ਰਿਹਾ।
ਮਜੀਠੀਆ ਨੂੰ ਆਪਣੀ ਸੁਰੱਖਿਆ ਛੱਡਣ ਅਤੇ ਪਾਸਪੋਰਟ ਸਮਰਪਰਣ ਕਰਨ ਲਈ ਚੈਲੇਂਜ ਕਰਦਿਆਂ ਸ਼ੇਰਗਿੱਲ ਨੇ ਕਿਹਾ ਕਿ ਮਜੀਠੀਆ ਆਪਣੇ ਪਾਪਾਂ ਤੋਂ ਭਲੀ-ਭਾਂਤੀ ਜਾਣੂ ਹੈ, ਜਿਸ ਕਾਰਨ ਉਹ ਜਨਤਾ ਵਿੱਚ ਬਿਨਾਂ ਸੁਰੱਖਿਆ ਜਾਣ ਤੋਂ ਡਰਦਾ ਹੈ ਅਤੇ ਉਸਨੂੰ ਪਤਾ ਹੈ ਕਿ ਸੂਬੇ ਵਿੱਚ ਨਸ਼ੇ ਦਾ ਜਾਲ ਵਿਛਾਏ ਜਾਣ ਕਾਰਨ ਉਸਨੂੰ ਆਵਾਮ ਦੇ ਗੁੱਸੇ ਦਾ ਸਾਹਮਣਾ ਕਰਨਾ ਪਵੇਗਾ। ਇੱਕ ਔਰਤ ਦੀ ਦਾਸਤਾਂ ਦੱਸਦਿਆਂ, ਜਿਸਨੇ ਕਿ ਨਸ਼ਿਆਂ ਕਾਰਨ ਆਪਣੇ ਇਕਲੌਤੇ ਪੁੱਤਰ ਨੂੰ ਖੋ ਦਿੱਤਾ ਸੀ, ਸ਼ੇਰਗਿੱਲ ਨੇ ਕਿਹਾ ਕਿ ਪੰਜਾਬ ਦੇ ਲੋਕ ਬਿਕਰਮ ਮਜੀਠੀਆ ਨੂੰ ਉਸਦੇ ਪਾਪਾਂ ਲਈ ਕਦੇ ਮਾਫ ਨਹੀਂ ਕਰਨਗੇ।
ਕੈਪਟਨ ਅਮਰਿੰਦਰ ਸਿੰਘ ਬਾਰੇ ਗੱਲ ਕਰਦਿਆਂ ਮਜੀਠੀਆ ਨੇ ਕਿਹਾ ਕਿ ਅਮਰਿੰਦਰ ਨੇ ਮਜੀਠੀਆ ਨੂੰ ਪਰਿਵਾਰਿਕ ਰਿਸ਼ਤਿਆਂ ਕਾਰਨ ਸੀਬੀਆਈ ਜਾਂਚ ਤੋਂ ਬਚਾਇਆ ਸੀ ਅਤੇ ਕਾਂਗਰਸ ਦੀ ਹਾਲ ਹੀ ਵਿੱਚ ਮਜੀਠਾ ‘ਚ ਹੋਈ ਰੈਲੀ ਦੌਰਾਨ ਉਸ ਖਿਲਾਫ ਇੱਕ ਸ਼ਬਦ ਤੱਕ ਨਹੀਂ ਬੋਲਿਆ ਸੀ।
ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦੇ ਬਿਆਨ ਨੂੰ ਦੁਹਰਾਉਂਦਿਆਂ ਸ਼ੇਰਗਿੱਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਕੋਲ ਮਜੀਠੀਆ ਖਿਲਾਫ ਠੋਸ ਸਬੂਤ ਹਨ ਅਤੇ ਸੂਬੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਦਿਆਂ ਹੀ ਮਜੀਠੀਆ ਨੂੰ ਜੇਲ੍ਹ ਵਿੱਚ ਸੁੱਟਿਆ ਜਾਵੇਗਾ।
ਇਸ ਮੌਕੇ ਪਾਰਟੀ ਦੇ ਲੋਕ ਸਭਾ ਉਮੀਦਵਾਰ ਉਪਕਾਰ ਸਿੰਘ ਸੰਧੂ, ਡਾ. ਇੰਦਰਬੀਰ ਸਿੰਘ ਨਿੱਝਰ, ਮੀਡੀਆ ਇੰਚਾਰਜ (ਮਾਝਾ ਜ਼ੋਨ) ਗੁਰਭੇਜ ਸਿੰਘ ਸੰਧੂ, ਜਸਕਰਨ ਬੰਦੇਸ਼ਾ, ਸੁਖਦੀਪ ਸਿੰਘ ਸਿੱਧੂ, ਵਿਜੇ ਮਹਿਤਾ ਅਤੇ ਸੁਖਜਿੰਦਰਜੀਤ ਸਿੰਘ ਪੰਨੂ ਵੀ ਮੌਜੂਦ ਸਨ।
Related Topics: Aam Aadmi Party, Badal Dal, Bikramjit Singh Majithia, Congress Government in Punjab 2017-2022, Drugs Abuse and Drugs Trafficking in Punjab, Himmat SIngh Shergill, Punjab Elections 2017 (ਪੰਜਾਬ ਚੋਣਾਂ 2017), Punjab Polls 2017