August 6, 2018 | By ਸਿੱਖ ਸਿਆਸਤ ਬਿਊਰੋ
ਚੰਡੀਗੜ੍ਹ: ਆਮ ਆਦਮੀ ਪਾਰਟੀ ਦੀ ਹਾਈਕਮਾਂਡ ਖਿਲਾਫ ਬਗਾਵਤ ਕਰਨ ਵਾਲੀ ਵਿਧਾਇਕਾਂ ਦੀ ਧਿਰ ਵਿਚ ਅੱਜ ਇਕ ਹੋਰ ਵਿਧਾਇਕ ਦਾ ਵਾਧਾ ਹੋਇਆ ਹੈ। ਸੁਖਪਾਲ ਸਿੰਘ ਖਹਿਰਾ ਦੀ ਅਗਵਾਈ ਵਿਚ ਹਾਈਕਮਾਂਡ ਖਿਲਾਫ ਬਾਗੀ ਹੋਏ ਵਿਧਾਇਕਾਂ ਦੀ ਸੂਚੀ ਵਿਚ ਅੱਜ ਗੜ੍ਹਸ਼ੰਕਰ ਤੋਂ ਵਿਧਾਇਕ ਜੈ ਕ੍ਰਿਸ਼ਨ ਸਿੰਘ ਰੋੜੀ ਵੀ ਸ਼ਾਮਿਲ ਹੋ ਗਏ ਹਨ। ਉਨ੍ਹਾਂ ਦੇ ਨਾਲ ਆਉਣ ਨਾਲ ਹੁਣ ਇਸ ਬਾਗੀ ਧਿਰ ਵਿਚ ਵਿਧਾਇਕਾਂ ਦੀ ਕੁਲ ਗਿਣਤੀ 8 ਹੋ ਗਈ ਹੈ।
ਜ਼ਿਕਰਯੋਗ ਹੈ ਕਿ ਆਮ ਆਦਮੀ ਪਾਰਟੀ ਦੀ ਹਾਈਕਮਾਂਡ ਵਲੋਂ ਸੁਖਪਾਲ ਸਿੰਘ ਖਹਿਰਾ ਨੂੰ ਵਿਰੋਧੀ ਧਿਰ ਦੇ ਆਗੂ ਦੇ ਅਹੁਦੇ ਤੋਂ ਹਟਾਏ ਜਾਣ ਦੇ ਹੁਕਮ ਜਾਰੀ ਕਰਨ ਤੋਂ ਬਾਅਦ ਆਮ ਆਦਮੀ ਪਾਰਟੀ ਦੀ ਪੰਜਾਬ ਇਕਾਈ ਵਿਚ ਚਲ ਰਿਹਾ ਅੰਦਰੂਨੀ ਕਲੇਸ਼ ਆਪਣੇ ਸਿਖਰ ‘ਤੇ ਪਹੁੰਚ ਗਿਆ ਸੀ ਤੇ ਸੁਖਪਾਲ ਸਿੰਘ ਖਹਿਰਾ ਵੱਲੋਂ ਬਠਿੰਡਾ ਵਿਖੇ 2 ਅਗਸਤ ਨੂੰ ਕੀਤੀ ਰੈਲੀ ਵਿਚ 6 ਵਿਧਾਇਕ ਸ਼ਾਮਿਲ ਹੋਏ ਸਨ ਤੇ ਵੱਡਾ ਇਕੱਠ ਕਰਨ ਵਿਚ ਖਹਿਰਾ ਕਾਮਯਾਬ ਹੋਏ ਸਨ। ਹੁਣ ਜੈ ਕ੍ਰਿਸ਼ਨ ਸਿੰਘ ਰੋੜੀ ਨੇ ਵੀ ਖਹਿਰਾ ਦਾ ਸਮਰਥਨ ਕਰਨ ਦਾ ਐਲਾਨ ਕਰ ਦਿੱਤਾ ਹੈ।
ਇਸ ਤੋਂ ਪਹਿਲਾਂ ਹਲਕਾ ਭੁਲੱਥ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਦੇ ਸਮਰਥਨ ਵਿਚ ਖਰੜ ਤੋਂ ਵਿਧਾਇਕ ਕੰਵਰ ਸੰਧੂ, ਭਦੌੜ ਤੋਂ ਵਿਧਾਇਕ ਪਿਰਮਲ ਸਿੰਘ, ਮੌੜ ਤੋਂ ਵਿਧਾਇਕ ਜਗਦੇਵ ਸਿੰਘ ਕਮਾਲੂ, ਮਾਨਸਾ ਤੋਂ ਵਿਧਾਇਕ ਨਾਜ਼ਰ ਸਿੰਘ ਮਾਨਸਾਹੀਆ, ਜੈਤੋ ਤੋਂ ਵਿਧਾਇਕ ਮਾਸਟਰ ਬਲਦੇਵ ਅਤੇ ਰਾਏਕੋਟ ਤੋਂ ਵਿਧਾਇਕ ਜਗਤਾਰ ਸਿੰਘ ਜੱਗਾ ਆਏ ਸਨ। ਆਮ ਆਦਮੀ ਪਾਰਟੀ ਨੇ ਪੰਜਾਬ ਵਿਧਾਨ ਸਭਾ ਦੀਆਂ 117 ਸੀਟਾਂ ਵਿਚੋਂ 20 ਸੀਟਾਂ ਜਿੱਤੀਆਂ ਸਨ।
ਵਿਧਾਇਕ ਰੋੜੀ ਨੇ ਆਪ ਦੀ ਕੇਂਦਰੀ ਹਾਈਕਮਾਂਡ ‘ਤੇ ਪੰਜਾਬ ਦੇ ਆਗੂਆਂ ਦੀ ਅਵਾਜ਼ ਨੂੰ ਨਜ਼ਰਅੰਦਾਜ਼ ਕਰਨ ਦਾ ਦੋਸ਼ ਲਾਇਆ। ਉਨ੍ਹਾਂ ਕਿਹਾ ਕਿ ਉਹ ਅਤੇ ਬਾਕੀ ਵਿਧਾਇਕ ਪਾਰਟੀ ਨਹੀਂ ਛੱਡ ਰਹੇ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਖਹਿਰਾ ਅਤੇ ਬਾਕੀ ਵਿਧਾਇਕਾਂ ਨੇ ਭਰੋਸਾ ਦਿੱਤਾ ਹੈ ਕਿ ਉਹ ਕਿਸੇ ਹੋਰ ਪਾਰਟੀ ਨਾਲ ਨਹੀਂ ਜੁੜਨਗੇ।
ਰੋਡੀ ਨੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਪਾਰਟੀ ਦੀ ਪੰਜਾਬ ਇਕਾਈ ਬਾਰੇ ਫੈਂਸਲੇ ਦੁਰਗੇਸ਼ ਪਾਠਕ ਜਾ ਗੈਰੀ ਵੜਿੰਗ ਨਹੀਂ ਲੈ ਸਕਦੇ।
ਖਹਿਰਾ ਨੂੰ ਅਹੁਦੇ ਤੋਂ ਹਟਾਏ ਜਾਣ ਬਾਅਦ ਪਾਰਟੀ ਹਾਈਕਮਾਂਡ ਅਤੇ ਖਹਿਰਾ ਧਿਰ ਦਰਮਿਆਨ ਬੈਠਕ ਕਰਾਉਣ ਵਾਲੇ ਰੋੜੀ ਨੇ ਕਿਹਾ ਕਿ ਉਨ੍ਹਾਂ ਮਸਲੇ ਨੂੰ ਹੱਲ ਕਰਾਉਣ ਦੀ ਕੋਸ਼ਿਸ਼ ਕੀਤੀ ਸੀ। ਪਰ ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਪੱਲੇ ਨਿਰਾਸ਼ਾ ਹੀ ਪਈ।
ਰੋੜੀ ਨੇ ਕਿਹਾ ਕਿ ਪਾਰਟੀ ਮੁਖੀ ਅਰਵਿੰਦ ਕੇਜਰੀਵਾਲ ਕੋਲ ਪੰਜਾਬ ਦੇ ਆਗੂਆਂ ਦੀ ਅਵਾਜ਼ ਨਹੀਂ ਪਹੁੰਚਣ ਦਿੱਤੀ ਜਾ ਰਹੀ।
ਵਿਧਾਇਕ ਰੋੜੀ ਦਾ ਸਵਾਗਤ ਕਰਦਿਆਂ ਖਹਿਰਾ ਨੇ ਕਿਹਾ ਕਿ ਇਹ ਲੜਾਈ ਪੰਜਾਬ ਦੇ ਭਲੇ ਲਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਬਾਰੇ ਫੈਂਸਲੇ ਕਰਨ ਦਾ ਉਨ੍ਹਾਂ ਨੂੰ ਪੂਰਾ ਹੱਕ ਹੈ।
ਖਹਿਰਾ ਨੇ ਕਿਹਾ ਕਿ ਉਨ੍ਹਾਂ ਦੇ ਮਨ੍ਹਾ ਕਰਨ ਦੇ ਬਾਵਜੂਦ ਪਾਰਟੀ ਨੇ ਸ਼ਾਹਕੋਟ ਜ਼ਿਮਨੀ ਚੋਣ ਲੜੀ ਤੇ ਸਿਰਫ 1900 ਵੋਟਾਂ ਪਈਆਂ।
ਖਰੜ ਤੋਂ ਵਿਧਾਇਕ ਕੰਵਰ ਸੰਧੂ ਨੇ ਕਿਹਾ ਕਿ ਉਹ ਪਾਰਟੀ ਨੂੰ ਤੋੜਨਾ ਨਹੀਂ ਚਾਹੁੰਦੇ। ਉਨ੍ਹਾਂ ਕਿਹਾ ਕਿ ਕੇਜਰੀਵਾਲ ਅਤੇ ਮਨੀਸ਼ ਸਿਸੋਦੀਆ ਸਾਡੇ ਆਗੂ ਹਨ ਪਰ ਅਸੀਂ ਉਨ੍ਹਾਂ ਦੇ ਫੈਂਸਲਿਆਂ ਦਾ ਵਿਰੋਧ ਕਰਦੇ ਹਾਂ।
ਉਨ੍ਹਾਂ ਦਾਅਵਾ ਕੀਤਾ ਕਿ ਪਾਰਟੀ ਵਿਚਲੇ ਕੁਝ ਲੋਕ ਬਾਕੀ ਵਿਧਾਇਕਾਂ ਨੂੰ ਉਨ੍ਹਾਂ ਨਾਲ ਜੁੜਨ ਤੋਂ ਰੋਕ ਰਹੇ ਹਨ।
ਉਨ੍ਹਾਂ ਦਾਅਵਾ ਕੀਤਾ ਕਿ ਤਿੰਨ ਤੋਂ ਚਾਰ ਵਿਧਾਇਕ ਉਨ੍ਹਾਂ ਨਾਲ ਜੁੜਨਾ ਚਾਹੁੰਦੇ ਹਨ। ਸੰਧੂ ਨੇ ਕਿਹਾ ਕਿ ਕੁਝ ਵਲੰਟੀਅਰਾਂ ਨੇ ਉਨ੍ਹਾਂ ਨੂੰ ਦੱਸਿਆ ਹੈ ਕਿ ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਵੀ ਉਨ੍ਹਾਂ ਲੋਕਾਂ ਵਿਚ ਸ਼ਾਮਿਲ ਹੈ ਜੋ ਵਿਧਾਇਕਾਂ ਨੂੰ ਉਨ੍ਹਾਂ ਨਾਲ ਜੁੜਨ ਤੋਂ ਰੋਕ ਰਹੇ ਹਨ।
ਖਹਿਰਾ ਧੜੇ ਨੇ 11 ਅਗਸਤ ਨੂੰ ਗੜ੍ਹਸ਼ੰਕਰ, 15 ਅਗਸਤ ਨੂੰ ਇਸੜੂ ਅਤੇ 25 ਅਗਸਤ ਨੂੰ ਗੁਰਦਾਸਪੁਰ ਵਿਖੇ ਵਲੰਟੀਅਰ ਇਕੱਠ ਕਰਨ ਦਾ ਪ੍ਰੋਗਰਾਮ ਬਣਾਇਆ ਹੈ।
Related Topics: Aam Aadmi Party, Jai Krishan Singh Rodi, Kanwar Sandhu, Sukhpal SIngh Khaira