July 18, 2018 | By ਸਿੱਖ ਸਿਆਸਤ ਬਿਊਰੋ
ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਪਾਰਟੀ ਦੀ ਧਰਾਤਲ ਪੱਧਰ ‘ਤੇ ਮਜ਼ਬੂਤੀ ਲਈ ਆਪਣੇ ਜਥੇਬੰਦਕ ਢਾਂਚੇ ਦਾ ਵਿਸਤਾਰ ਕਰਦੇ ਹੋਏ 2 ਨਵੇਂ ਜ਼ਿਲ੍ਹਾ ਪ੍ਰਧਾਨ ਅਤੇ 5 ਨਵੇਂ ਹਲਕਾ ਇੰਚਾਰਜ ਲਾਏ ਹਨ।
‘ਆਪ’ ਮੁੱਖ ਦਫ਼ਤਰ ਵੱਲੋਂ ਜਾਰੀ ਅਖ਼ਬਾਰੀ ਬਿਆਨ ਰਾਹੀਂ ਪਾਰਟੀ ਦੇ ਸੂਬਾ ਸਹਿ-ਪ੍ਰਧਾਨ ਡਾ. ਬਲਬੀਰ ਸਿੰਘ ਨੇ ਪਾਰਟੀ ਲੀਡਰਸ਼ਿਪ ਨਾਲ ਸਲਾਹ ਮਸ਼ਵਰੇ ਉਪਰੰਤ ਮੰਗਲਵਾਰ ਨੂੰ ਇਹਨਾਂ ਨਵੇਂ ਅਹੁਦੇਦਾਰਾਂ ਦੀ ਸੂਚੀ ਦਾ ਰਸਮੀ ਤੌਰ ‘ਤੇ ਐਲਾਨ ਕੀਤਾ।
ਜਾਰੀ ਸੂਚੀ ਮੁਤਾਬਿਕ ਜਗਦੇਵ ਸਿੰਘ ਬਾਮ ਨੂੰ ਸ੍ਰੀ ਮੁਕਤਸਰ ਸਾਹਿਬ ਅਤੇ ਪੰਡਿਤ ਦੇਵ ਰਾਜ ਸ਼ਰਮਾ ਫ਼ਾਜ਼ਿਲਕਾ ਦੇ ਜ਼ਿਲ੍ਹਾ ਪ੍ਰਧਾਨ ਲਾਇਆ ਗਿਆ ਹੈ। ਇਸੇ ਤਰ੍ਹਾਂ ਨਵੇਂ ਹਲਕਾ ਪ੍ਰਧਾਨਾਂ ਦੀ ਜਾਰੀ ਸੂਚੀ ‘ਚ ਇਕਬਾਲ ਸਿੰਘ ਖਿੜਕੀਆਂ ਵਾਲਾ ਨੂੰ ਵਿਧਾਨ ਸਭਾ ਹਲਕਾ ਗਿੱਦੜਬਾਹਾ, ਜਸਵਿੰਦਰ ਸਿੰਘ ਸਿੰਘੇਵਾਲਾ ਨੂੰ ਹਲਕਾ ਲੰਬੀ, ਜਸਪਿੰਦਰ ਸਿੰਘ ਜਾਖੜ ਨੂੰ ਹਲਕਾ ਅਬੋਹਰ, ਬੰਤ ਸਿੰਘ ਨੂੰ ਰਾਜਪੁਰਾ ਅਤੇ ਸਵੀਟੀ ਸ਼ਰਮਾ ਨੂੰ ਵਿਧਾਨ ਸਭਾ ਹਲਕਾ ਡੇਰਾਬੱਸੀ ਦਾ ਹਲਕਾ ਪ੍ਰਧਾਨ ਲਾਇਆ ਗਿਆ ਹੈ।
ਦੱਸਣਯੋਗ ਹੈ ਕਿ 15 ਜੂਨ ਨੂੰ ‘ਆਪ’ ਦੇ 16 ਆਗੂਆਂ ਨੇ ਪੰਜਾਬ ਇਕਾਈ ਦੇ ਸਹਿ ਪ੍ਰਧਾਨ ਡਾ. ਬਲਬੀਰ ਸਿੰਘ ਦੀ ਕਾਰਜਪ੍ਰਣਾਲੀ ਉਪਰ ਸਵਾਲ ਚੁੱਕਦਿਆਂ ਰੋਸ ਵਜੋਂ ਅਸਤੀਫੇ ਦੇ ਦਿੱਤੇ ਸਨ।
ਡਾ. ਬਲਬੀਰ ਸਿੰਘ ਨੇ ਅੱਜ ਹਾਈਕਮਾਂਡ ਨਾਲ ਵਿਚਾਰ ਕਰਨ ਤੋਂ ਬਾਅਦ ਅਸਤੀਫਾ ਦੇਣ ਵਾਲੇ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਪ੍ਰਧਾਨ ਜਗਦੀਪ ਸਿੰਘ ਸੰਧੂ ਦੀ ਥਾਂ ਜਗਦੇਵ ਸਿੰਘ ਬਾਮ ਅਤੇ ਜ਼ਿਲ੍ਹਾ ਫਾਜ਼ਿਲਕਾ ਦੇ ਪ੍ਰਧਾਨ ਸਮਰਵੀਰ ਸਿੰਘ ਸੰਧੂ ਦੀ ਥਾਂ ਪੰਡਤ ਦੇਵ ਰਾਜ ਸ਼ਰਮਾ ਨੂੰ ਪ੍ਰਧਾਨ ਲਾ ਦਿੱਤਾ ਗਿਆ ਹੈ। ਸੂਤਰਾਂ ਮੁਤਾਬਿਕ ਅਸਤੀਫਾ ਦੇਣ ਵਾਲੇ ਜ਼ਿਲ੍ਹਾ ਫਰੀਦਕੋਟ ਦੇ ਪ੍ਰਧਾਨ ਸਨਕਦੀਪ ਸਿੰਘ ਸੰਧੂ ਤੇ ਫਿਰੋਜ਼ਪੁਰ ਦੇ ਪ੍ਰਧਾਨ ਡਾ. ਮਲਕੀਤ ਥਿੰਦ ਦੀ ਥਾਂ ਵੀ ਜਲਦੀ ਨਵੇਂ ਪ੍ਰਧਾਨ ਲਾਏ ਜਾ ਰਹੇ ਹਨ।
ਸੂਤਰਾਂ ਮੁਤਾਬਿਕ ਪਾਰਟੀ ਨੇ ਹੁਣ ਪਾਰਟੀ ਵਿੱਚ ਆਏ ਦਲਬਦਲੂਆਂ ਵੱਲੋਂ ਅਨੁਸ਼ਾਸਨ ਭੰਗ ਕਰਨ ਦੀ ਸੂਰਤ ਵਿੱਚ ਉਨ੍ਹਾਂ ਦੀ ਥਾਂ ਪਾਰਟੀ ਨਾਲ ਜੁੜੇ ਕਾਮਿਆਂ ਨੂੰ ਅਹੁਦੇ ਦੇਣ ਦਾ ਫੈਸਲਾ ਕੀਤਾ ਹੈ। ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਸੁਖਪਾਲ ਸਿੰਘ ਖਹਿਰਾ ਨੇ ਕੱਲ੍ਹ ਪੰਜਾਬ ਦੇ ਪ੍ਰਧਾਨ ਤੇ ਸੰਸਦ ਮੈਂਬਰ ਭਗਵੰਤ ਮਾਨ ਨੂੰ ਅਸਤੀਫਾ ਦੇਣ ਵਾਲੇ ਆਗੂਆਂ ਨੂੰ ਸੁਣਨ ਦੀ ਅਪੀਲ ਕੀਤੀ ਸੀ ਪਰ ਉਨ੍ਹਾਂ ਕੋਈ ਹੁੰਗਾਰਾ ਨਹੀਂ ਭਰਿਆ। ਸੂਤਰਾਂ ਮੁਤਾਬਿਕ ਖਹਿਰਾ ਨੇ ਅੱਜ ਇਸ ਮੁੱਦੇ ਉਪਰ ਵਿਧਾਇਕਾਂ ਨਾਲ ਵਿਚਾਰ ਵਟਾਂਦਰਾ ਕੀਤਾ ਹੈ।
ਅਸਤੀਫਾ ਦੇ ਚੁੱਕੇ ਬਾਗੀ ਧਿਰ ਦੇ ਆਗੂ ਕਰਨਵੀਰ ਸਿੰਘ ਟਿਵਾਣਾ ਨਾਲ ਸੰਪਰਕ ਕਰਨ ’ਤੇ ਉਨ੍ਹਾਂ ਦੱਸਿਆ ਕਿ ਡਾ. ਬਲਬੀਰ ਸਿੰਘ ਨੇ ਉਨ੍ਹਾਂ ਦੇ ਕੁਝ ਆਗੂਆਂ ਨਾਲ ਸੰਪਰਕ ਕਰਕੇ ਕਿਹਾ ਸੀ ਉਹ ਅਸਤੀਫੇ ਨਾਮਨਜ਼ੂਰ ਕਰਵਾ ਕੇ ਗਿਆਨ ਸਿੰਘ ਮੂੰਗੋ ਨੂੰ ਕੋਈ ਨਵਾਂ ਅਹੁਦਾ ਦੇ ਦੇਣਗੇ ਪਰ ਉਨ੍ਹਾਂ ਸਾਫ ਕਰ ਦਿੱਤਾ ਹੈ ਕਿ ਹੁਣ ਉਹ ਬਤੌਰ ਵਾਲੰਟੀਅਰ ਹੀ ਪਾਰਟੀ ਦਾ ਕੰਮ ਕਰਨਗੇ।
Related Topics: Aam Aadmi Party, dr. balbir singh, Sukhpal SIngh Khaira