ਆਮ ਖਬਰਾਂ » ਪੰਜਾਬ ਦੀ ਰਾਜਨੀਤੀ

ਬਾਦਲਾਂ ਵਾਂਗ ਕੈਪਟਨ ਨੂੰ ਵੀ ਜਾਂਦਾ ਹੈ ਨਜਾਇਜ਼ ਮਾਈਨਿੰਗ ਦੇ ਕਾਰੋਬਾਰ ਵਿਚੋਂ ਹਿੱਸਾ-ਆਪ

June 26, 2018 | By

ਰੂਪਨਗਰ: ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸਥਾਨਕ ਵਿਧਾਇਕ ਅਮਰਜੀਤ ਸਿੰਘ ਸੰਦੋਆ ‘ਤੇ ਮਾਈਨਿੰਗ ਮਾਫ਼ੀਆ ਵੱਲੋਂ ਕੀਤੇ ਹਮਲੇ ਦੇ ਵਿਰੋਧ ‘ਚ ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਅੱਜ ਇੱਥੇ ਜ਼ਿਲ੍ਹਾ ਕੰਪਲੈਕਸ ਦੇ ਸਾਹਮਣੇ ਸੂਬਾ ਪੱਧਰੀ ਰੋਸ ਧਰਨਾ ਦਿੱਤਾ ਅਤੇ ਰੂਪਨਗਰ ਸਮੇਤ ਪੂਰੇ ਪੰਜਾਬ ‘ਚ ਜਾਰੀ ਨਜਾਇਜ਼ ਮਾਈਨਿੰਗ ਦੀ ਸੀਬੀਆਈ ਜਾਂਚ ਦੀ ਮੰਗ ਕੀਤੀ।

ਇਸ ਦੌਰਾਨ ਆਪ ਆਗੂਆਂ ਵਲੋਂ ਇਹ ਵੀ ਦੋਸ਼ ਲਗਾਇਆ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਨਜਾਇਜ਼ ਮਾਈਨਿੰਗ ਬਾਰੇ ਪੂਰਾ ਜਾਣਕਾਰੀ ਹੈ ਅਤੇ ਨਜਾਇਜ਼ ਮਾਈਨਿੰਗ ਦਾ ਬਾਦਲਾਂ ਵਾਂਗ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਹਿੱਸਾ ਜਾਂਦਾ ਹੈ।

ਸਮੁੱਚੇ ਪੰਜਾਬ ਤੋਂ ਪਹੁੰਚੀ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਦੀ ਹਾਜ਼ਰੀ ‘ਚ ਧਰਨੇ ਨੂੰ ਸੰਬੋਧਨ ਕਰਦੇ ਹੋਏ ਪਾਰਟੀ ਦੇ ਸੂਬਾ ਸਹਿ-ਪ੍ਰਧਾਨ ਡਾ. ਬਲਬੀਰ ਸਿੰਘ ਨੇ ਕਿਹਾ ਕਿ ਕਾਂਗਰਸ ਸਰਕਾਰ ਨੇ ਪਿਛਲੀ ਬਾਦਲ ਸਰਕਾਰ ਵਾਂਗ ਰੇਤ ਮਾਫ਼ੀਆ ਦੀ ਪਿੱਠ ਥਾਪੜਦੇ ਹੋਏ ਅਮਰਜੀਤ ਸਿੰਘ ਸੰਦੋਆ ਉੱਤੇ ਹਮਲਾ ਕਰਨ ਵਾਲਿਆਂ ਨੂੰ ਕਲੀਨ ਚਿੱਟ ਦੇਣ ਦੀ ਤਿਆਰੀ ਕਰ ਲਈ ਹੈ। ਉਲਟਾ ‘ਆਪ’ ਵਿਧਾਇਕ ਵਿਰੁੱਧ ਬੇ-ਬੁਨਿਆਦ ਦੋਸ਼ਾਂ ਦਾ ਪ੍ਰਚਾਰ ਸ਼ੁਰੂ ਕਰ ਦਿੱਤਾ ਹੈ। ਡਾ. ਬਲਬੀਰ ਸਿੰਘ ਨੇ ਸਥਾਨਕ ਪ੍ਰਸ਼ਾਸਨ ਦੀ ਮੁੱਢਲੀ ਜਾਂਚ ਰਿਪੋਰਟ ਨੂੰ ਪੂਰੀ ਤਰਾਂ ਰੱਦ ਕਰਦੇ ਹੋਏ ਸੀਬੀਆਈ ਜਾਂਚ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਉਹ ਕੈਪਟਨ ਅਮਰਿੰਦਰ ਸਿੰਘ ਨੂੰ ਸੀਬੀਆਈ ਜਾਂਚ ਦੀ ਚੁਣੌਤੀ ਦਿੰਦੇ ਹਨ, ਪਿਛਲੀ 15 ਸਾਲਾਂ ਤੋਂ ਪੰਜਾਬ ‘ਚ ਜਾਰੀ ਨਜਾਇਜ਼ ਮਾਈਨਿੰਗ ਦੀ ਜਦ ਸੀਬੀਆਈ ਨਿਰਪੱਖ ਜਾਂਚ ਕਰੇਗੀ ਤਾਂ ਅਕਾਲੀ-ਭਾਜਪਾ ਅਤੇ ਕਾਂਗਰਸ ਦੀ ਭੂਮਿਕਾ ਦੇ ਨਾਲ ਆਮ ਆਦਮੀ ਪਾਰਟੀ ਦੇ ਵਿਧਾਇਕ ਦੀ ਭੂਮਿਕਾ ਦਾ ਵੀ ਨਿਤਾਰਾ ਹੋ ਜਾਵੇਗਾ, ਪਰੰਤੂ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਲੋਕਾਂ ਨੂੰ ਸਪਸ਼ਟ ਕਰਨ ਕਿ ਉਹ ਸੀਬੀਆਈ ਜਾਂਚ ਤੋਂ ਭੱਜ ਕਿਉਂ ਰਹੇ ਹਨ? ਡਾ. ਬਲਬੀਰ ਸਿੰਘ ਨੇ ਕਿਹਾ ਕਿ ਕੈਪਟਨ ਅਤੇ ਬਾਦਲ ਮਿਲ ਕੇ ਮਾਫ਼ੀਆ ਰਾਜ ਚਲਾ ਰਹੇ ਹਨ। ਆਮ ਆਦਮੀ ਪਾਰਟੀ ਬਾਦਲਾਂ ਅਤੇ ਕੈਪਟਨਾਂ ਦੇ ਇਸ ਸਾਮਰਾਜ ਦੀਆਂ ਜੜਾਂ ਪੁੱਟਣ ਤੱਕ ਫ਼ੈਸਲਾਕੁਨ ਲੜਾਈ ਜਾਰੀ ਰੱਖੇਗੀ। ਪਰੰਤੂ ਅਸੀਂ ਇਸ ਲੰਬੀ ਲੜਾਈ ਅਤੇ ਇਹਨਾਂ ਸਿਆਸੀ ਗੁੰਡਿਆਂ ਦੇ ਹਮਲਿਆਂ ਤੋਂ ਡਰਨ ਵਾਲੇ ਨਹੀਂ ਹਾਂ।

ਇਸ ਮੌਕੇ ਵਿਰੋਧੀ ਧਿਰ ਦੇ ਨੇਤਾ ਅਤੇ ਸੀਨੀਅਰ ‘ਆਪ’ ਆਗੂ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਪੰਜਾਬ ਅਤੇ ਪੰਜਾਬ ਦੇ ਲੋਕਾਂ ਲਈ ਸਭ ਤੋਂ ਚਿੰਤਾਜਨਕ ਮਾਹੌਲ ਇਹ ਬਣ ਗਿਆ ਹੈ ਕਿ ਕੈਪਟਨ ਸਰਕਾਰ ਨੇ ਬਾਦਲਾਂ ਦੇ ਰਾਜ ਦੀ ਗੁੰਡਾਗਰਦੀ ਦਾ ਵੀ ਰਿਕਾਰਡ ਤੋੜ ਦਿੱਤਾ ਹੈ। ਬਾਦਲਾਂ ਦੇ ਰਾਜ ‘ਚ ਸਿਕੰਦਰ ਸਿੰਘ ਮਲੂਕੇ ਵਰਗੇ ਰੋਜ਼ਗਾਰ ਮੰਗਦੀਆਂ ਧੀਆਂ-ਭੈਣਾਂ ‘ਤੇ ਹੱਥ ਚੁੱਕਦੇ ਸਨ, ਚੁੰਨੀਆਂ ਤੇ ਨੌਜਵਾਨਾਂ ਦੀਆਂ ਪੱਗਾਂ ਉਛਾਲ ਦੇ ਸਨ, ਪੁਲਸ ਕਰਮੀਆਂ ਨੂੰ ਗਾਲ਼ਾਂ ਤੇ ਥੱਪੜ ਮਾਰਦੇ ਸਨ, ਪਰੰਤੂ ਕੈਪਟਨ ਅਮਰਿੰਦਰ ਸਿੰਘ ਦੇ ਰਾਜ ‘ਚ ਲੋਕ ਨੁਮਾਇੰਦਗੀ ਕਰ ਰਹੇ ਵਿਧਾਇਕਾਂ ਅਤੇ ਅਫਸਰਾਂ-ਮੁਲਾਜਮਾਂ ਉੱਤੇ ਜਾਨਲੇਵਾ ਹਮਲੇ ਹੋਣ ਲੱਗੇ ਹਨ। ਖਹਿਰਾ ਨੇ ਫ਼ਿਰੋਜਪੁਰ ‘ਚ ਕਾਂਗਰਸੀ ਗੁੰਡਿਆਂ ਵੱਲੋਂ ਹੋਏ ਹਮਲੇ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਜਦ ਕਾਂਗਰਸੀ ਗੁੰਡੇ ਮੇਰੀ ਗੱਡੀ ਘੇਰ ਰਹੇ ਸਨ ਅਤੇ ਡਿਊਟੀ ‘ਤੇ ਤੈਨਾਤ ਪੁਲਿਸ ਵਾਲਿਆਂ ਦੀਆਂ ਵਰਦੀਆਂ ਪਾੜ ਰਹੇ ਸਨ ਤੇ ਕੁੱਟ ਰਹੇ ਸਨ ਤਾਂ ਜਿਸ ਐਸਐਚਓ ਨੇ ਸਾਨੂੰ ਬਚਾਉਣ ਦੀ ਡਿਊਟੀ ਨਿਭਾਈ ਤਾਂ ਉਸੇ ਵੇਲੇ ਉਸਨੂੰ ਲਾਇਨ ਹਾਜ਼ਰੀ ਦੀ ਸਜ਼ਾ ਦੇ ਦਿੱਤੀ। ਖਹਿਰਾ ਨੇ ਉੱਚ ਪੁਲਿਸ ਅਧਿਕਾਰੀਆਂ ਨੂੰ ਆੜੇ ਹੱਥੀਂ ਲੈਂਦਿਆਂ ਕਿਹਾ ਕਿ ਆਪਣੇ ਛੋਟੇ-ਮੋਟੇ ਨਿੱਜੀ ਫ਼ਾਇਦਿਆਂ ਲਈ ਡੀਜੀਪੀ ਸਮੇਤ ਬਹੁਤੇ ਪੁਲਸ ਅਧਿਕਾਰੀਆਂ ਨੇ ਆਪਣੀ ਰੀੜ੍ਹ ਦੀ ਹੱਡੀ ਹੀ ਗਿਰਵੀ ਰੱਖ ਦਿੱਤੀ ਹੈ।

ਖਹਿਰਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਅੱਜ ਫਿਰ ‘ਗੁਟਕਾ ਸਾਹਿਬ’ ਹੱਥ ਵਿਚ ਫੜਕੇ ਪੰਜਾਬ ਦੇ ਲੋਕਾਂ ਸੱਚ ਦੱਸਣ ਕਿ ਉਨ੍ਹਾਂ ਦੀ ਸਰਕਾਰ ਨੇ ਨਸ਼ਾ, ਨਜਾਇਜ਼ ਮਾਈਨਿੰਗ ਅਤੇ ਕਿਸਾਨ-ਮਜ਼ਦੂਰ ਆਤਮ ਹੱਤਿਆਵਾਂ ਰੋਕਣ ਲਈ ਕੀ ਕੀਤਾ।

ਬਾਦਲਾਂ ਦੇ ਰਾਜ ਵਾਂਗ ਕਾਂਗਰਸ ਸਰਕਾਰ ‘ਚ ਵੀ ਕੋਈ ਕੰਮ ਪੈਸੇ ਬਿਨਾ ਨਹੀਂ ਹੋ ਰਿਹਾ। ਇਸ ਦੀ ਪੁਸ਼ਟੀ ਖਮਾਣੋਂ ਦੇ ਤਹਿਸੀਲਦਾਰ ਦੀ ਵਾਇਰਲ ਹੋਈ ਵੀਡੀਓ ਦੁਨੀਆ ਭਰ ‘ਚ ਕਰ ਰਹੀ ਹੈ। ਉਨ੍ਹਾਂ ਨਾਲ ਹੀ ਕਿਹਾ ਕਿ ਭ੍ਰਿਸ਼ਟਾਚਾਰ ਤੇ ਮਾਫ਼ੀਆ ਦੀ ਜੜ ਉੱਪਰ ਲੱਗੀ ਹੋਈ ਹੈ ਅਤੇ ਹੇਠਲੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਰਿਸ਼ਵਤਖ਼ੋਰੀ ਅਤੇ ਗੈਰ ਕਾਨੂੰਨੀ ਕੰਮਾਂ ਲਈ ਮਜਬੂਰ ਕੀਤਾ ਜਾਂਦਾ ਹੈ।

ਖਹਿਰਾ ਨੇ ਕਿਹਾ ਕਿ ਸਰਕਾਰ ਨਜਾਇਜ਼ ਮਾਈਨਿੰਗ ਨੂੰ ਜਾਇਜ਼ ਕਰਾਰ ਦੇਣ ਦੀ ਨਾਕਾਮ ਕੋਸ਼ਿਸ਼ ਕਰ ਰਹੀ ਹੈ। ਅਗਰ 2-4 ਦਿਨਾਂ ‘ਚ ਉਹ ਵਿਧਾਇਕ ਅਮਰਜੀਤ ਸਿੰਘ ਸੰਦੋਆ ਨੂੰ ਨਾਲ ਲੈ ਕੇ ਉਸੇ ਖੱਡ ‘ਤੇ ਦੋਬਾਰਾ ਜਾਣਗੇ ਅਤੇ ਪੰਜਾਬ ਦੀ ਜਨਤਾ ਤੇ ਸਰਕਾਰ ਨੂੰ ਸਾਬਿਤ ਕਰਨਗੇ ਕਿ ਕਿਸ ਤਰਾਂ ਮਨਜ਼ੂਰਸ਼ੁਦਾ ਖੱਡਾਂ ਉੱਤੇ ਵੀ ਗੈਰ-ਕਾਨੂੰਨੀ ਮਾਈਨਿੰਗ ਦਾ ਖੇਡ ਜਾਰੀ ਹੈ। ਖਹਿਰਾ ਨੇ ਇਸ ਮੌਕੇ ਸਾਬਕਾ ਮੰਤਰੀ ਡਾ. ਦਲਜੀਤ ਸਿੰਘ ਚੀਮਾ ‘ਤੇ ਵੀ ਖ਼ੂਬ ਰਗੜੇ ਲਗਾਏ।

ਇਸ ਮੌਕੇ ਅਮਰਜੀਤ ਸਿੰਘ ਸੰਦੋਆ ਨੇ ਕਿਹਾ ਕਿ ਉਹ ਹਲਕੇ ਦੇ ਲੋਕਾਂ ਦਿੱਤੀ ਵਚਨਬੱਧਤਾ ਮੁਤਾਬਿਕ ਲੋਕਾਂ ਦੀ ਸੇਵਾ ‘ਚ 24 ਘੰਟੇ ਹਾਜ਼ਰ ਹਨ ਅਤੇ ਮਾਫ਼ੀਆ ਖ਼ਿਲਾਫ਼ ਲੜਾਈ ਤੋਂ ਪਿੱਛੇ ਨਹੀਂ ਹਟਣਗੇ ਬੇਸ਼ੱਕ ਇਸ ਲਈ ਕੋਈ ਵੀ ਕੁਰਬਾਨੀ ਕਿਉਂ ਨਾ ਦੇਣੀ ਪੇਵੇ। ਸੰਦੋਆ ਨੇ ਵੀ ਸੀਬੀਆਈ ਜਾਂਚ ਦੀ ਮੰਗ ਕੀਤੀ ਹੈ।

ਇਸ ਦੌਰਾਨ ਇਹਨਾਂ ਤੋਂ ਇਲਾਵਾ ਧਰਨੇ ਨੂੰ ਫ਼ਰੀਦਕੋਟ ਤੋਂ ਪਾਰਟੀ ਦੇ ਸੰਸਦ ਮੈਂਬਰ ਪ੍ਰੋ. ਸਾਧੂ ਸਿੰਘ, ਉਪ ਨੇਤਾ ਸਰਬਜੀਤ ਕੌਰ ਮਾਣੂੰਕੇ, ਵਿਧਾਇਕ ਕੁਲਤਾਰ ਸਿੰਘ ਸੰਧਵਾਂ, ਨਾਜ਼ਰ ਸਿੰਘ ਮਾਨਸ਼ਾਹੀਆ, ਕੰਵਰ ਸੰਧੂ, ਪ੍ਰਿੰਸੀਪਲ ਬੁੱਧਰਾਮ, ਜਗਦੇਵ ਸਿੰਘ ਕਮਾਲੂ, ਪਿਰਮਲ ਸਿੰਘ ਧੌਲਾ, ਮਾਸਟਰ ਬਲਦੇਵ ਸਿੰਘ, ਹਰਪਾਲ ਸਿੰਘ ਚੀਮਾ, ਜ਼ੋਨ ਇੰਚਾਰਜ ਕੁਲਦੀਪ ਸਿੰਘ ਧਾਲੀਵਾਲ, ਡਾ. ਰਵਜੋਤ ਸਿੰਘ, ਦਲਬੀਰ ਸਿੰਘ ਢਿੱਲੋਂ, ਗੁਰਦਿੱਤ ਸਿੰਘ ਸੇਖੋਂ, ਰੋਪੜ ਜ਼ਿਲ੍ਹਾ ਪ੍ਰਧਾਨ ਮਾਸਟਰ ਹਰਦਿਆਲ ਸਿੰਘ ਅਤੇ ਹੋਰ ਆਗੂਆਂ ਨੇ ਵੀ ਸੰਬੋਧਨ ਕੀਤਾ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , ,