ਖਾਸ ਖਬਰਾਂ » ਸਿਆਸੀ ਖਬਰਾਂ

ਆਪ ਦੇ ਬਾਗੀ ਧੜੇ ਅਤੇ ਬਾਦਲ ਦਲ ਵੱਲੋਂ ਪੰਜਾਬ ਵਿਚ ਮੁਜਾਹਰਿਆਂ ਦੇ ਮੱਦੇਨਜ਼ਰ ਸੂਬੇ ਚ ਪੁਲਿਸ ਮੁਸ਼ਤੈਦ

September 1, 2018 | By

ਚੰਡੀਗੜ੍ਹ: ਆਮ ਆਦਮੀ ਪਾਰਟੀ ਦੇ ਬਾਗੀ ਧੜੇ ਅਤੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਵੱਲੋਂ ਅੱਜ ਸੂਬਾ ਪੱਧਰੀ ਮੁਜਾਹਰਿਆਂ ਦੇ ਐਲਾਨ ਦੇ ਮੱਦੇਨਜ਼ਰ ਪੰਜਾਬ ਭਰ ਵਿੱਚ ਪੁਲਿਸ ਨੂੰ ਮੁਸ਼ਤੈਦ ਕੀਤਾ ਗਿਆ ਹੈ ਜਿਸ ਤਹਿਤ ਪੁਲਿਸ ਅਤੇ ਦੰਗਾ-ਰੋਕੂ ਦਸਤਿਆਂ ਨੂੰ ਵੱਡੀ ਪੱਧਰ ‘ਤੇ ਤੈਨਾਤ ਕੀਤਾ ਗਿਆ ਹੈ।

ਜ਼ਿਕਰਯੋਗ ਹੈ ਕਿ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੇ ਜਾਂਚ ਲੇਖੇ ਤੇ ਪੰਜਾਬ ਵਿਧਾਨ ਸਭਾ ਵਿੱਚ ਹੋਈ ਬਹਿਸ ਤੋਂ ਬਾਅਦ ਪੰਜਾਬ ਦਾ ਸਿਆਸੀ ਮਹੌਲ ਗਰਮਾਂ ਰਿਹਾ ਹੈ। ਇਸ ਪਾਸੇ ਜਿੱਥੇ ਕੁਝ ਸਿੱਖ ਜਥੇਬੰਦੀਆਂ ਸਰਗਰਮ ਹੋਈਆਂ ਹਨ ਅਤੇ ਉਹਨਾਂ ਵੱਲੋਂ ਸ਼੍ਰੋਮਣੀ ਆਕਲੀ ਦਲ (ਬਾਦਲ) ਦੇ ਆਗੂਆਂ, ਖਾਸ ਕਰ ਸਾਬਕਾ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਅਤੇ ਸਾਬਕਾ ਉੱਪ-ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਖਿਲਾਫ ਮੁਜਾਹਰੇ ਕੀਤੇ ਜਾ ਰਹੇ ਹਨ, ਓਥੇ ਨਾਲ ਹੀ ਆਮ ਆਦਮੀ ਪਾਰਟੀ ਤੇ ਇਸ ਦਾ ਬਾਗੀ ਧੜਾ, ਜਿਸ ਦੀ ਅਗਵਾਈ ਸੁਖਪਾਲ ਸਿੰਘ ਖਹਿਰਾ ਕਰ ਰਿਹਾ ਹੈ, ਵੀ ਇਹੋ ਜਿਹੀ ਹੀ ਸਰਗਰਮੀ ਕਰ ਰਹੇ ਹਨ।

ਇਨ੍ਹਾਂ ਵਿਰੋਧ ਪ੍ਰਦਰਸ਼ਨਾਂ ਨਾਲ ਉਸਰ ਰਹੇ ਮਹੌਲ ਨੂੰ ਤੋੜਨ ਦੀ ਕੋਸ਼ਿਸ਼ ਵਜੋਂ ਸ਼੍ਰੋ.ਅ.ਦ. (ਬਾਦਲ) ਵੱਲੋਂ ਕਾਂਗਰਸ ਪਾਰਟੀ ਅਤੇ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਖਿਲਾਫ ਵਿਰੋਧ ਪ੍ਰਦਰਸ਼ਨਾਂ ਦਾ ਐਲਾਨ ਕੀਤਾ ਗਿਆ ਹੈ।

ਜਸਟਿਸ ਰਣਜੀਤ ਸਿੰਘ ਕਮਿਸ਼ਨ ਦੇ ਜਾਂਚ ਲੇਖੇ ਵਿੱਚ ਸੋਦਾ ਸਾਧ ਨੂੰ ਮਾਫ਼ੀ ਦਿਵਾਉਣ, ਗੁਰੂ ਗਰੰਥ ਸਾਹਿਬ ਦੀ ਬੇਅਦਬੀ ਕਰਨ ਵਾਲੇ ਡੇਰਾ ਸਿਰਸਾ ਦੇ ਪੈਰੋਕਾਰਾਂ ਨੂੰ ਬਚਾਉਣ ਅਤੇ ਕੋਟਕਪੂਰਾ ਤੇ ਬਹਿਬਲ ਕਲਾਂ ਵਿੱਚ ਹੋਈ ਪੁਲਿਸ ਗੋਲੀਬਾਰੀ ਦੇ ਮਾਮਲਿਆਂ ਵਿੱਚ ਬਾਦਲ ਦਲ ਦੇ ਉੱਚ ਆਗੂਆਂ ਦੀ ਭੁਮਿਕਾ ਸਾਹਮਣੇ ਆਈ ਹੈ, ਜਿਸ ਤੋਂ ਬਾਅਦ ਇਹ ਦਲ ਇਕ ਵਾਰ ਮੁੜ ਵਿਰੋਧ ਦਾ ਸਾਹਮਣਾ ਕਰ ਰਿਹਾ ਹੈ। ਜ਼ਿਕਰਯੋਗ ਹੈ ਕਿ 28 ਅਗਸਤ ਨੂੰ ਉਕਤ ਲੇਖੇ ਉੱਤੇ ਹੋਈ ਚਰਚਾ ਦੌਰਾਨ ਬਾਦਲ ਦਲ ਬਹਿਸ ਕਰਨ ਤੋਂ ਬਹਾਨਾਂ ਲਾ ਕੇ ਦੌੜ ਗਿਆ ਸੀ, ਜਿਸ ਤੋਂ ਬਾਅਦ ਤਕਰੀਬਨ ਸੱਤ ਘੰਟੇ ਹੋਈ ਚਰਚਾ ਦੌਰਾਨ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੇ ਬਾਦਲ ਦਲ ਉੱਤੇ ਕਰੜੇ ਹਮਲੇ ਕੀਤੇ ਸਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , , , ,