ਸਿਆਸੀ ਖਬਰਾਂ

ਆਮ ਆਦਮੀ ਪਾਰਟੀ ਵਲੋਂ ਪੰਜਾਬ ਦਾ ਮੌਜੂਦਾ ਜਥੇਬੰਦਕ ਢਾਂਚਾ ਭੰਗ

May 16, 2017 | By

ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਦਾ ਪੰਜਾਬ ਦਾ ਮੌਜੂਦਾ ਜਥੇਬੰਦਕ ਢਾਂਚਾ ਭੰਗ ਕਰ ਦਿੱਤਾ ਗਿਆ ਹੈ। ਆਮ ਆਦਮੀ ਪਾਰਟੀ ਪੰਜਾਬ ਦਾ ਪ੍ਰਧਾਨ ਬਣਨ ਉਪਰੰਤ ਭਗਵੰਤ ਮਾਨ ਦੀ ਅਗਵਾਈ ਹੇਠ ਹੋਈ ਪਲੇਠੀ ਮੀਟਿੰਗ ਦੌਰਾਨ ਇਹ ਐਲਾਨ ਕੀਤਾ ਗਿਆ। ਚੰਡੀਗੜ੍ਹ ਵਿਖੇ ਪਾਰਟੀ ਮੁੱਖ ਦਫਤਰ ‘ਚ ਰੱਖੀ ਇਸ ਮੀਟਿੰਗ ਵਿਚ ਵਿਰੋਧੀ ਧਿਰ ਦੇ ਆਗੂ ਐਚ.ਐਸ. ਫੂਲਕਾ, ਮੈਂਬਰ ਪਾਰਲੀਮੈਂਟ ਪ੍ਰੋ. ਸਾਧੂ ਸਿੰਘ, ਨਵੇਂ ਬਣੇ ਮੀਤ ਪ੍ਰਧਾਨ ਅਤੇ ਵਿਧਾਇਕ ਅਮਨ ਅਰੋੜਾ, ਸੀਨੀਅਰ ਆਗੂ ਅਤੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਉਚੇਚੇ ਤੌਰ ‘ਤੇ ਮੌਜੂਦ ਸਨ।

ਸਵੇਰ ਤੋਂ ਲੈ ਕੇ ਦੇਰ ਸ਼ਾਮ ਤੱਕ ਚੱਲੀ ਇਸ ਮੀਟਿੰਗ ਵਿਚ ਪਾਰਟੀ ਦੇ ਸਾਰੇ ਵਿਧਾਇਕ, ਪਾਰਟੀ ਉਮੀਦਵਾਰ, ਜ਼ੋਰ ਕੋਆਰਡੀਨੇਟਰ ਅਤੇ ਹੋਰ ਅਹੁਦੇਦਾਰ ਸ਼ਾਮਿਲ ਸਨ। ਪੰਜਾਬ ਅੰਦਰ ਪਾਰਟੀ ਦਾ ਮੌਜੂਦਾ ਜਥੇਬੰਦਕ ਢਾਂਚਾ ਭੰਗ ਕਰਨ ਦੇ ਨਾਲ ਹੀ ਨਵੇਂ ਸਿਰਿਓ ਜਥੇਬੰਦਕ ਢਾਂਚਾ ਬਣਾਉਣ ਲਈ ਵਿਚਾਰ-ਵਟਾਂਦਰੇ ਕੀਤੇ ਗਏ। ਇਸਦੇ ਨਾਲ ਹੀ ਮੀਤ ਪ੍ਰਧਾਨ ਅਮਨ ਅਰੋੜਾ ਨੂੰ ਪਾਰਟੀ ਦੇ ਵਲੰਟੀਅਰਾਂ ਅਤੇ ਸਮਰਥਕਾਂ ਨਾਲ ਮਿਲਕੇ ਸੂਬੇ ਵਿਚ ਨਵਾਂ ਜਥੇਬੰਦਕ ਢਾਂਚਾ ਬਣਾਉਣ ਦੀ ਮੁਢੱਲੀ ਰੂਪ-ਰੇਖਾ ਤਿਆਰ ਕਰਨ ਦੀ ਜ਼ਿੰਮੇਵਾਰੀ ਸੌਂਪੀ ਗਈ। ਅਮਨ ਅਰੋੜਾ ‘ਆਪ-ਆਪਣਿਆਂ ਨਾਲ’ ਪ੍ਰੋਗਰਾਮ ਤਹਿਤ ਆਉਂਦੀ 18 ਮਈ ਤੋਂ ਪੰਜਾਬ ਦੇ ਵੱਖ-ਵੱਖ ਜ਼ੋਨਾਂ ਵਿਚ ਮੀਟਿੰਗਾਂ ਦਾ ਸਿਲਸਿਲਾ ਸ਼ੁਰੂ ਕਰਨਗੇ।

ਚੰਡੀਗੜ੍ਹ ਵਿਖੇ ਹੋਏ ਮੀਟਿੰਗ 'ਚ ਆਮ ਆਦਮੀ ਪਾਰਟੀ ਦੇ ਆਗੂ ਸੁਖਪਾਲ ਸਿੰਘ ਖਹਿਰਾ, ਅਮਨ ਅਰੋੜਾ, ਭਗਵੰਤ ਮਾਨ, ਐਚ.ਐਸ. ਫੂਲਕਾ, ਪ੍ਰੋ. ਸਾਧੂ ਸਿੰਘ

ਚੰਡੀਗੜ੍ਹ ਵਿਖੇ ਹੋਏ ਮੀਟਿੰਗ ‘ਚ ਆਮ ਆਦਮੀ ਪਾਰਟੀ ਦੇ ਆਗੂ ਸੁਖਪਾਲ ਸਿੰਘ ਖਹਿਰਾ, ਅਮਨ ਅਰੋੜਾ, ਭਗਵੰਤ ਮਾਨ, ਐਚ.ਐਸ. ਫੂਲਕਾ, ਪ੍ਰੋ. ਸਾਧੂ ਸਿੰਘ

ਇਸਦੇ ਨਾਲ ਹੀ ਪਾਰਟੀ ਅੰਦਰ ਅਨੁਸ਼ਾਸਨ ਕਾਇਮ ਰੱਖਣ ਉਪਰ ਵਿਸ਼ੇਸ਼ ਜ਼ੋਰ ਦਿੱਤਾ ਗਿਆ ਜਿਸਦੇ ਤਹਿਤ ਛੇਤੀ ਹੀ ਅਨੁਸ਼ਾਸਨਿਕ ਕਮੇਟੀ ਬਣਾਉਣ ਦਾ ਫੈਸਲਾ ਲਿਆ ਗਿਆ, ਤਾਂ ਜੋ ਪਾਰਟੀ ਵਿਰੋਧੀ ਕਾਰਵਾਈਆਂ, ਬਿਆਨਾਂ ਅਤੇ ਸੋਸ਼ਲ ਮੀਡੀਆ ਸਮੇਤ ਹਰ ਵਿਰੋਧੀ ਗਤੀਵਿਧੀ ਵਿਚ ਸ਼ਾਮਲ ਵਿਅਕਤੀਆਂ ਵਿਰੁੱਧ ਬਿਨਾਂ ਦੇਰੀ ਸਖਤ ਕਾਰਵਾਈ ਯਕੀਨੀ ਬਣਾਈ ਜਾ ਸਕੇ। ਮੀਟਿੰਗ ਵਿਚ ਮਿਉਂਸਪਲ ਕਾਰਪੋਰੇਸ਼ਨ ਚੋਣਾਂ ਅਤੇ ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਉਪ ਚੋਣ ਲੜੇ ਜਾਣ ਬਾਰੇ ਵੀ ਵਿਚਾਰ-ਚਰਚਾ ਕੀਤੀ ਗਈ।

ਇਸ ਮੌਕੇ ਮੀਡੀਆ ਨੂੰ ਪ੍ਰਤੀਕ੍ਰਿਆ ਦਿੰਦੇ ਹੋਏ ਆਪ ਦੇ ਪੰਜਾਬ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਕਿਹਾ ਕਿ ਕਾਂਗਰਸ, ਭਾਜਪਾ ਅਤੇ ਅਕਾਲੀ ਦਲ ਵਲੋਂ ਆਮ ਆਦਮੀ ਪਾਰਟੀ ਬਾਰੇ ਦਿੱਲੀ ਅਤੇ ਪੰਜਾਬ ਅੰਦਰ ਕੀਤੇ ਜਾ ਰਹੇ ਬੇ-ਬੁਨਿਆਦ ਭੰਡੀ ਪ੍ਰਚਾਰ ਨਾਲ ਆਮ ਆਦਮੀ ਪਾਰਟੀ ਦਾ ਵਜੂਦ ਖਤਮ ਨਹੀਂ ਹੋਣ ਲੱਗਾ ਕਿਉਂਕਿ ਆਮ ਆਦਮੀ ਪਾਰਟੀ ਕਰੋੜਾਂ ਲੋਕਾਂ ਦੀਆਂ ਉਮੀਦਾਂ ਦੀ ਪਾਰਟੀ ਹੈ।

ਮਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਸਦਨ ਤੋਂ ਲੈ ਕੇ ਸੜਕਾਂ ਤੱਕ ਲੋਕ-ਪੱਖੀ ਮੁੱਦੇ ਚੁੱਕ ਕੇ ਵਿਰੋਧੀ ਧਿਰ ਦੀ ਭੂਮਿਕਾ ਨੂੰ ਜ਼ਿੰਮੇਦਾਰੀ ਨਾਲ ਨਿਭਾਵੇਗੀ ਅਤੇ 2019 ਦੀਆਂ ਲੋਕ ਸਭਾ ਚੋਣਾਂ ਵਿਚ ਜੇਤੂ ਪਾਰਟੀ ਬਣਕੇ ਉਭਰੇਗੀ। ਉਨ੍ਹਾਂ ਮੀਡੀਆ ਦੇ ਸਵਾਲਾਂ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਉਹ ਪਾਰਟੀ ਨੂੰ ਇਕ ਵੱਡੇ ਸਾਂਝੇ ਪਰਿਵਾਰ ਵਜੋਂ ਵੇਖਦੇ ਹਨ। ਜੇਕਰ ਪਰਿਵਾਰ ਅੰਦਰ ਕੋਈ ਮਤਭੇਦ ਵੀ ਹੁੰਦਾ ਹੈ ਤਾਂ ਉਸਨੂੰ ਮਿਲ ਬੈਠ ਕੇ ਸੁਲਝਾ ਲਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਰੁੱਸਿਆਂ ਨੂੰ ਮਨਾਉਣ ਦੇ ਯਤਨ ਜਾਰੀ ਰਹਿਣਗੇ।

ਸਬੰਧਤ ਖ਼ਬਰ:

ਗੁਰਪ੍ਰੀਤ ਘੁੱਗੀ ਨੂੰ ਹਟਾ ਕੇ ਭਗਵੰਤ ਮਾਨ ਨੂੰ ਬਣਾਇਆ ਪੰਜਾਬ ਆਪ ਦਾ ਪ੍ਰਧਾਨ …

ਇਸ ਮੌਕੇ ਐਚ.ਐਸ. ਫੂਲਕਾ ਅਤੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਇਕਜੁਟ ਹੋ ਕੇ ਪੰਜਾਬ ਦੇ ਲੋਕਾਂ ਦੇ ਮਸਲੇ ਅਤੇ ਦੁਖ-ਤਕਲੀਫਾਂ ਖਿਲਾਫ ਲੜੇਗੀ। ਵਿਧਾਨ ਸਭਾ ਅੰਦਰ ਜਿੱਥੇ ਲੋਕਾਂ ਦੇ ਭਖਦੇ ਮਸਲੇ ਅਤੇ ਲਟਕਦੀਆਂ ਮੰਗਾਂ ਨੂੰ ਹੱਲ ਕਰਨ ਲਈ ਕਾਂਗਰਸ ਸਰਕਾਰ ਉਪਰ ਦਬਾਅ ਬਣਾਇਆ ਜਾਵੇਗਾ ਉਥੇ ਪਿਛਲੀ ਅਕਾਲੀ-ਭਾਜਪਾ ਸਰਕਾਰ ਦੇ ਘਪਲੇ-ਘੋਟਾਲੇ ਅਤੇ ਮਾਫੀਆ ਸਮੇਤ ਮੌਜੂਦਾ ਸੱਤਾਧਾਰੀ ਧਿਰ ਦੀਆਂ ਵਧੀਕੀਆਂ ਅਤੇ ਵਾਅਦਾ ਖਿਲਾਫੀਆਂ ਵਿਰੁੱਧ ਸੜਕਾਂ ਉਤੇ ਉਤਰੇਗੀ।

ਫੂਲਕਾ ਨੇ ਪੰਜਾਬ ਦੀ ਕੈਪਟਨ ਸਰਕਾਰ ਉਤੇ ਪਰਿਵਾਰਵਾਦ ਅਤੇ ਬਾਦਲਾਂ ਦੀ ਤਰਜ਼ ਉਤੇ ਹਾਰੇ ਹੋਏ ਨੁਮਾਇੰਦਿਆਂ ਨੂੰ ਹਲਕਾ ਇੰਚਾਰਜ ਬਣਾਉਣ ਦੀ ਪ੍ਰਥਾ ਜਾਰੀ ਰੱਖਣ ਦਾ ਦੋਸ਼ ਲਾਉਂਦਿਆਂ ਪੁਛਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਪਰਨੀਤ ਕੌਰ ਵਲੋਂ ਪਟਿਆਲਾ ਵਿਚ ਇਲੈਕਟ੍ਰੋਨਿਕ ਸ਼ਮਸ਼ਾਨ ਘਾਟ ਦਾ ਉਦਘਾਟਨ ਕਿਸ ਹੈਸੀਅਤ ਵਿਚ ਕੀਤਾ ਗਿਆ। ਉਨ੍ਹਾਂ ਕਿਹਾ ਕਿ ਉਦਘਾਟਨ ਕਰਨ ਦਾ ਮਾਮਲੇ ਵਿਚ ਕਾਂਗਰਸੀ ਬਾਦਲਾਂ ਨੂੰ ਵੀ ਮਾਤ ਦੇ ਰਹੇ ਹਨ। ਉਨ੍ਹਾਂ ਮਾਲਵਾ ਦੀ ਨਰਮਾ-ਪੱਟੀ ਵਿਚ ਨਕਲੀ ਬੀਜਾਂ ਦੇ ਮਾਮਲੇ ਨੂੰ ਗੰਭੀਰ ਦੱਸਦਿਆਂ ਕੈਪਟਨ ਅਮਰਿੰਦਰ ਸਿੰਘ ਸਰਕਾਰ ਤੋਂ ਮੰਗ ਕੀਤੀ ਕਿ ਕਰਜ਼ੇ ਹੇਠਾਂ ਦੱਬੇ ਕਿਸਾਨ ਨੂੰ ਇਸ ਤਰ੍ਹਾਂ ਦੀ ਲੁਟ-ਖਸੁਟ ਤੋਂ ਬਚਾਇਆ ਜਾਵੇ।

ਇਸ ਖ਼ਬਰ ਨੂੰ ਵਿਸਥਾਰ ਸਹਿਤ ਅੰਗ੍ਰੇਜ਼ੀ ਵਿਚ ਪੜ੍ਹਨ ਲਈ:

Aam Aadmi Party Announces to Dissolve the Structure of Punjab Unit …

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , ,