June 29, 2014 | By ਸਿੱਖ ਸਿਆਸਤ ਬਿਊਰੋ
ਅੰਮ੍ਰਿਤਸਰ (28 ਜੂਨ2014) : ਅੱਜ ਅਖੰਡ ਕੀਰਤਨੀ ਜਥਾ ਇੰਟਰਨੈਸ਼ਨਲ ਦੇ ਮੁਖੀ ਜਥੇਦਾਰ ਗਿਆਨੀ ਬਲਦੇਵ ਸਿੰਘ ਨੇ ਦਸਿਆ ਕਿ ਭਾਈ ਜਗਤਾਰ ਸਿੰਘ ਹਵਾਰਾ ਦੀ ਪਿੱਠ ਦਰਦ ਬਾਰੇ ਛੱਪੀਆਂ ਖ਼ਬਰਾਂ ਤੋਂ ਜਥੇ ਦੇ ਵੱਖ ਵੱਖ ਮੁਲਕਾਂ ਦੇ ਚਿੰਤਤ ਸਿੰਘਾਂ ਨੇ ਭਾਈ ਜਗਤਾਰ ਸਿੰਘ ਹਵਾਰਾ ਦੇ ਇਲਾਜ਼ ਲਈ ਲੋੜੀਦੇ ਕਦਮ ਚੁੱਕਣ ਲਈ ਭਾਈ ਪਰਮਜੀਤ ਸਿੰਘ, ਮੈਂਬਰ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਅਤੇ ਭਾਈ ਇਕਬਾਲ ਸਿੰਘ ਦਿੱਲੀ ਅਤੇ ਭਾਈ ਹਰਮਿੰਦਰ ਸਿੰਘ ਦਿੱਲੀ ‘ਤੇ ਅਧਾਰਤ ਇਕ ਤਿੰਨ ਮੈਂਬਰੀ ਕਮੇਟੀ ਦਾ ਗਠਨ ਕੀਤਾ ਸੀ।
ਗਿਆਨੀ ਬਲਦੇਵ ਸਿੰਘ ਨੇ ਦਸਿਆ ਕਿ ਦਿੱਲੀ ਵਿਖੇ ਸੀਨੀਅਰ ਕਾਨੂੰਨੀ ਮਾਹਰਾਂ ਨਾਲ ਸਲਾਹ ਕਰਨ ਬਾਅਦ ਇਹ ਸਪੱਸ਼ਟ ਹੈ ਕਿ ਭਾਈ ਹਵਾਰਾ ਕਿਉਂਕਿ ਦਿੱਲੀ ਦੀ ਉਚ-ਸੁਰੱਖਿਆ ਜੇਲ ਤਿਹਾੜ ਜੇਲ ਵਿਚ ਨਜ਼ਰਬੰਦ ਹਨ, ਇਸ ਲਈ ਉਨ੍ਹਾਂ ਦੇ ਇਲਾਜ ਸਬੰਧੀ ਕੇਵਲ ਤੇ ਕੇਵਲ ਦਿੱਲੀ ਹਾਈ ਕੋਰਟ ਹੀ ਕੋਈ ਰਾਹਤ ਦੇ ਸਕਦੀ ਹੈ।
ਇਸ ਲਈ ਦਿੱਲੀ ਦੀ ਤਿਹਾੜ ਜੇਲ ਵਿਚ ਨਜ਼ਰਬੰਦ ਭਾਈ ਜਗਤਾਰ ਸਿੰਘ ਹਵਾਰਾ ਦੇ ਪਿੱਠ ਦੇ ਦਰਦ ਦਾ ਬਕਾਇਦਾ ਸਹੀ ਢੰਗ ਨਾਲ ਇਲਾਜ ਕਰਵਾਏ ਜਾਣ ਦੀ ਮੰਗ ਨੂੰ ਲੈ ਕੇ ਅਖੰਡ ਕੀਰਤਨੀ ਜਥਾ ਇੰਟਰਨੈਸ਼ਨਲ ਸੋਮਵਾਰ ਨੂੰ ਦਿੱਲੀ ਹਾਈ ਕੋਰਟ ਵਿਚ ਅਪੀਲ ਦਾਇਰ ਕਰੇਗਾ।
ਉਨ੍ਹਾਂ ਦਸਿਆ ਕਿ ਜਥੇ ਦੁਆਰਾ ਗਠਤ ਤਿੰਨ ਮੈਂਬਰੀ ਕਮੇਟੀ ਦੀ ਰਾਏ ਅਨੁਸਾਰ ਸੁਪਰੀਮ ਕੋਰਟ ਦੇ ਸੀਨੀਅਰ ਵਕੀਲ ਸ੍ਰ ਕੇ. ਟੀ. ਐਸ. ਤੁਲਸੀ ਦੀਆਂ ਸੇਵਾਵਾਂ ਲਈਆਂ ਗਈਆਂ ਹਨ। ਭਾਈ ਜਗਤਾਰ ਸਿੰਘ ਹਵਾਰਾ ਦੀ ਭੈਣ ਬੀਬੀ ਪੁਸ਼ਪਿੰਦਰ ਕੌਰ ਦੇ ਨਾਮ ਵਕਾਲਤ ਨਾਮਾ ਹਾਸਲ ਕਰ ਲਿਆ ਗਿਆ ਹੈ ਅਤੇ ਸੋਮਵਾਰ ਨੂੰ ਅਪੀਲ ਦਿੱਲੀ ਹਾਈ ਕੋਰਟ ਵਿਚ ਦਾਖ਼ਲ ਕੀਤੀ ਜਾਵੇਗੀ।
ਗਿਆਨੀ ਬਲਦੇਵ ਸਿੰਘ ਨੇ ਸਮੁਚੀਆਂ ਪੰਥਕ ਧਿਰਾਂ ਨੂੰ ਪੁਰਜ਼ੋਰ ਅਪੀਲ ਕੀਤੀ ਹੈ ਕਿ ਉਹ ਭਾਈ ਜਗਤਾਰ ਸਿੰਘ ਹਵਾਰਾ ਦੇ ਸਹੀ ਤੇ ਸੁਚੱਜੇ ਇਲਾਜ ਲਈ ਇਕਮੁੱਠ ਹੋ ਕੇ ਅੱਗੇ ਆਉਣ।
Related Topics: Akhand Kirtani Jatha International, Bhai Jagtar Singh Hawara