December 25, 2014 | By ਸਿੱਖ ਸਿਆਸਤ ਬਿਊਰੋ
ਚੰਡੀਗੜ੍ਹ (24 ਦਸੰਬਰ , 2014): ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਵੀ ਆਖਰ ਮੋਨ ਖੋਲਦਿਆਂ ਭਾਰਤ ਦੀਆਂ ਵੱਖ-ਵੱਖ ਜੇਲ੍ਹਾਂ ਵਿਚ ਅਨੇਕਾਂ ਸਾਲਾਂ ਤੋਂ ਟਾਡਾ ਐਕਟ ਦੇ ਹੇਠ ਉਮਰ ਭਰ ਲਈ ਨਜ਼ਰਬੰਦ ਸਿੱਖ ਕੈਦੀਆਂ ਦੀ ਸਮੇਂ ਤੋਂ ਪਹਿਲਾਂ ਰਿਹਾਈ ਦਾ ਮੁੱਦਾ ਉਠਾਇਆ ਹੈ।
ਮੁੱਖ ਮੰਤਰੀ ਬਾਦਲ ਨੇ ਅੱਜ ਉੱਤਰ ਪ੍ਰਦੇਸ਼, ਰਾਜਸਥਾਨ, ਪੱਛਮੀ ਬੰਗਾਲ, ਕਰਨਾਟਕਾ ਅਤੇ ਗੁਜਰਾਤ ਦੇ ਮੁੱਖ ਮੰਤਰੀਆਂ ਤੋਂ ਇਲਾਵਾ ਨਵੀਂ ਦਿੱਲੀ ਦੇ ਲੈਫ਼ਟੀਨੈਂਟ ਗਵਰਨਰ ਤੇ ਕੇਂਦਰੀ ਸ਼ਾਸਤ ਪ੍ਰਦੇਸ਼ ਚੰਡੀਗੜ੍ਹ ਦੇ ਪ੍ਰਸ਼ਾਸਕ ਨੂੰ ਉਨ੍ਹਾਂ ਦੀ ਤੁਰੰਤ ਰਿਹਾਈ ਦਾ ਮੁੱਦਾ ਮਾਨਵੀ ਅਧਾਰ ‘ਤੇ ਹਮਦਰਦੀਪੂਰਨ ਢੰਗ ਨਾਲ ਵਿਚਾਰਨ ਪੱਤਰ ਲਿਖੇ ਹਨ ।
ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਅਖਿਲੇਸ਼ ਯਾਦਵ ਨੂੰ ਲਿਖੇ ਪੱਤਰ ਵਿਚ ਮੁੱਖ ਮੰਤਰੀ ਨੇ ਸੈਂਟਰਲ ਜੇਲ੍ਹ ਬਰੇਲੀ (ਯੂ.ਪੀ.) ਵਿਚ ਪਿਛਲੇ 22 ਸਾਲਾਂ ਤੋਂ ਉਮਰ ਕੈਦ ਲਈ ਨਜ਼ਰਬੰਦ ਵਰਿਆਮ ਸਿੰਘ ਦੀ ਰਿਹਾਈ ਦਾ ਮਾਮਲਾ ਵਿਚਾਰਨ ਦੀ ਅਪੀਲ ਕੀਤੀ ਹੈ । ਇਸੇ ਤਰ੍ਹਾਂ ਹੀ ਸ. ਬਾਦਲ ਨੇ ਉਮਰ ਕੈਦੀ ਗੁਰਮੀਤ ਸਿੰਘ ਫ਼ੌਜੀ ਦੀ ਰਿਹਾਈ ਦਾ ਮਾਮਲਾ ਰਾਜਸਥਾਨ ਦੀ ਮੁੱਖ ਮੰਤਰੀ ਸ੍ਰੀਮਤੀ ਵਸੁੰਧਰਾ ਰਾਜੇ ਕੋਲ ਉਠਾਇਆ।
ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੂੰ ਇਕ ਪੱਤਰ ਲਿਖ ਕੇ ਨਵੀਂ ਦਿੱਲੀ ਦੀ ਤਿਹਾੜ ਜੇਲ੍ਹ ਵਿਚ ਉਮਰ ਕੈਦ ਦੀ ਸਜ਼ਾ ਭੁਗਤ ਰਿਹਾ ਦਯਾ ਸਿੰਘ ਲਹੌਰੀਆ ਦੀ ਰਿਹਾਈ ਦਾ ਮਾਮਲਾ ਵੀ ਉਠਾਇਆ ਜਿਸ ਨੇ ਉਮਰ ਕੈਦ ਦੀ ਸਜ਼ਾ ਵਿਚੋਂ ਪਹਿਲਾਂ ਹੀ 10 ਸਾਲ ਦੀ ਕੈਦ ਭੁਗਤ ਲਈ ਹੈ। ਮੁੱਖ ਮੰਤਰੀ ਨੇ ਗੁਜਰਾਤ ਦੀ ਮੁੱਖ ਮੰਤਰੀ ਅਨੰਦੀਬੇਨ ਪਟੇਲ ਨੂੰ ਵੀ ਉਮਰ ਕੈਦ ਦੀ ਸਜ਼ਾ ਭੁਗਤ ਰਹੇ ਲਾਲ ਸਿੰਘ ਦੀ ਰਿਹਾਈ ਲਈ ਲਿਖਿਆ ਹੈ ।
ਬਾਦਲ ਨੇ ਕਰਨਾਟਕਾ ਦੀ ਗੁਲਬਰਗ ਜੇਲ੍ਹ ਵਿਚ ਬੰਦ ਉਮਰ ਕੈਦੀ ਗੁਰਦੀਪ ਸਿੰਘ ਖਹਿਰਾ ਦੀ ਰਿਹਾਈ ਦਾ ਮਾਮਲਾ ਵੀ ਕਰਨਾਟਕਾ ਦੇ ਮੁੱਖ ਮੰਤਰੀ ਸ੍ਰੀ ਸਿਧਾਰਮੱਈਆ ਕੋਲ ਉਠਾਇਆ ਜਿਸ ਨੇ ਪਹਿਲਾਂ ਹੀ 24 ਸਾਲ ਦੀ ਸਜ਼ਾ ਕੱਟ ਲਈ ਹੈ । ਸ. ਬਾਦਲ ਨੇ ਉਮਰ ਕੈਦ ਦੀ ਸਜ਼ਾ ਭੁਗਤ ਰਹੇ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਦਾ ਮਾਮਲਾ ਦਿੱਲੀ ਦੇ ਲੈਫ਼ਟੀਨੈਂਟ ਗਵਰਨਰ ਨਜੀਬ ਜੰਗ ਕੋਲ ਉਠਾਇਆ ਜੋ ਕਿ ਇਸ ਵੇਲੇ ਤਿਹਾੜ ਜੇਲ੍ਹ ਵਿਚ ਬੰਦ ਹੈ ।
ਮੁੱਖ ਮੰਤਰੀ ਨੇ ਦਿੱਲੀ ਦੇ ਲੈਫ਼ਟੀਨੈਂਟ ਗਵਰਨਰ ਨੂੰ ਉਮਰ ਕੈਦੀਆਂ ਪਰਮਜੀਤ ਸਿੰਘ ਭਿਓਰਾ ਅਤੇ ਜਗਤਾਰ ਸਿੰਘ ਹਵਾਰਾ ਦੀ ਰਿਹਾਈ ਲਈ ਵੀ ਲਿਖਿਆ ਹੈ ।
ਮੁੱਖ ਮੰਤਰੀ ਨੇ ਆਪਣੇ ਪੱਤਰ ਵਿਚ ਉਮਰ ਕੈਦ ਦੀ ਸਜ਼ਾ ਭੁਗਤ ਰਹੇ ਗੁਰਮੀਤ ਸਿੰਘ, ਸ਼ਮਸ਼ੇਰ ਸਿੰਘ, ਲਖਵਿੰਦਰ ਸਿੰਘ, ਸੁਬੇਗ ਸਿੰਘ ਅਤੇ ਨੰਦ ਸਿੰਘ ਦੀ ਰਿਹਾਈ ਦਾ ਮਾਮਲਾ ਕੇਂਦਰੀ ਸ਼ਾਸਤ ਪ੍ਰਦੇਸ਼ ਚੰਡੀਗੜ੍ਹ ਦੇ ਪ੍ਰਸ਼ਾਸਕ ਸ੍ਰੀ ਸ਼ਿਵਰਾਜ ਵੀ ਪਾਟਿਲ ਕੋਲ ਉਠਾਇਆ ।
Related Topics: Parkash Singh Badal, Sikhs in Jails