November 29, 2014 | By ਸਿੱਖ ਸਿਆਸਤ ਬਿਊਰੋ
ਚੰਡੀਗੜ੍ਹ (28 ਨਵੰਬਰ, 2014): ਅੱਜ ਰਾਮਪਾਲ ਕੇਸ ਵਿਚ ਹਾਈਕੋਰਟ ਦੇ ਸਲਾਹਕਾਰ ਵਕੀਲ (ਐਮਿਕਸ ਕਿਊਰੀ) ਸੀਨੀਅਰ ਐਡਵੋਕੇਟ ਅਨੂਪਮ ਗੁਪਤਾ ਵੱਲੋਂ ਬੈਂਚ ਕੋਲ ਇੱਕ ਅਜਿਹਾ ਅਹਿਮ ਦਸਤਾਵੇਜ਼ ਪੇਸ਼ ਕੀਤਾ ਹੈ ,ਜੋ ਭਾਰਤੀ ਆਰਮੀ ਇੰਟੈਲੀਜੈਂਸ ਦੁਆਰਾ 13 ਦਸੰਬਰ 2010 ਨੂੰ ਆਪਣੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਜਾਰੀ ਕੀਤਾ ਗਿਆ ਸੀ।
ਇਹ ਖ਼ਾਸ ਅਤੇ ਅੰਦਰੂਨੀ ਪੱਤਰ ਬੈਂਚ ਨੂੰ ਸੌਾਪਦਿਆਂ ਐਡਵੋਕੇਟ ਅਨੂਪਮ ਗੁਪਤਾ ਨੇ ਦਾਅਵਾ ਕੀਤਾ ਹੈ ਕਿ ਭਾਰਤੀ ਫ਼ੌਜ ਵੱਲੋਂ ਖ਼ੁਫ਼ੀਆ ਸੂਚਨਾ ਦੇ ਆਧਾਰ ਉੱਤੇ ਆਪਣੇ ਜਵਾਨਾਂ ਨੂੰ ਤਾਕੀਦ ਕੀਤੀ ਗਈ ਸੀ ਕਿ ਡੇਰਾ ਸੌਦਾ ਸਿਰਸਾ ਵਿਚ ਸੁਰੱਖਿਆ ਬਲਾਂ ਨਾਲ ਸਬੰਧਿਤ ਲੋਕਾਂ ਵੱਲੋਂ ਹਥਿਆਰਾਂ ਦੀ ਸਿਖਲਾਈ ਦਿੱਤੀ ਜਾ ਰਹੀ ਹੈ, ਜਿਸ ਕਰਕੇ ਇਹਤਿਆਤ ਵਜੋਂ ਫ਼ੌਜ ਦੇ ਅਧਿਕਾਰੀ ਅਤੇ ਜਵਾਨ ਆਪਣੀ ਸਥਿਤੀ ਦਾ ਖਿ਼ਆਲ ਰੱਖਣ।
ਰਾਮਪਾਲ ਦੇ ਵਕੀਲ ਜੋ ਕਿ ਇੱਕ ਵੱਖਰੇ ਕੇਸ ਵਿਚ ਡੇਰਾ ਸੌਦਾ ਸਿਰਸਾ ਮੁਖੀ ਦੇ ਵੀ ਵਕੀਲ ਹਨ, ਸੀਨੀਅਰ ਐਡਵੋਕੇਟ ਐਸ.ਕੇ.ਗਰਗ ਨਰਵਾਣਾ ਵੱਲੋਂ ਐਮਿਕਸ ਕਿਊਰੀ ਦੁਆਰਾ ਇਸ ਕੇਸ ਵਿਚ ਕਿਸੇ ਦੂਜੇ ਡੇਰੇ ਨਾਲ ਸਬੰਧਿਤ ਅਜਿਹਾ ਤੱਥ ਉੱਭਰੇ ਜਾਣ ਨੂੰ ਪ੍ਰਸੰਗ ਤੋਂ ਬਾਹਰ ਕਹਿੰਦਿਆਂ ਬੈਂਚ ਕੋਲ ਮੌਕੇ ‘ਤੇ ਹੀ ਇਸਦਾ ਵਿਰੋਧ ਵੀ ਦਰਜ ਕਰਵਾ ਦਿੱਤਾ ਗਿਆ ਅਤੇ ਬੈਂਚ ਵੱਲੋਂ ਵੀ ਅੱਜ ਦੀ ਸੁਣਵਾਈ ਦੌਰਾਨ ਇਸ ਪੱਤਰ ਬਾਰੇ ਕੋਈ ਸਪਸ਼ਟ ਟਿੱਪਣੀ ਨਹੀਂ ਜ਼ਾਹਿਰ ਕੀਤੀ ਗਈ ਹੈ।
ਇਸ ਖ਼ੁਲਾਸੇ ਨੇ ਇੱਕ ਗੱਲ ਜ਼ਰੂਰ ਸਾਫ਼ ਕਰ ਦਿੱਤੀ ਹੈ ਕਿ ਜਿਸ ਪ੍ਰਕਾਰ ਹਾਈਕੋਰਟ ਦੇ ਸਖ਼ਤ ਆਦੇਸ਼ਾਂ ਉੱਤੇ ਕਾਰਵਾਈ ਕਰਨ ਗਈ ਹਰਿਆਣਾ ਪੁਲਿਸ ਅਤੇ ਸੀ.ਆਰ.ਪੀ.ਐਫ਼. ਦੇ ਜਵਾਨਾਂ ਨੂੰ ਸਤਲੋਕ ਆਸ਼ਰਮ ਦੇ ਅੰਦਰੋਂ ਪੁਖ਼ਤਾ ਪੈਂਤੜੇਬਾਜ਼ੀ ਤਹਿਤ ਮਿਲੀ ਟੱਕਰ ਪਿੱਛੇ ਕੋਈ ਸਾਧਾਰਨ ਸ਼ਰਧਾਲੂ ਬਲ ਹੀ ਨਹੀਂ ਬਲਕਿ ਬਕਾਇਦਾ ਰੱਖਿਆ ਮਾਹਿਰਾਂ ਦੀ ਤਰ੍ਹਾਂ ਤਿਆਰ ਕੀਤੀ ਗਈ ਰਣਨੀਤੀ ਕੰਮ ਕਰ ਰਹੀ ਸੀ।
ਡੇਰਿਆਂ, ਧਾਰਮਿਕ ਆਸ਼ਰਮਾਂ ਆਦਿ ਵਿਚ ਗੈਰ ਕਾਨੰੂਨੀ ਗਤੀਵਿਧੀਆਂ ਦੀ ਵੀ ਗੱਲ ਇਹਨੀਂ ਦਿਨੀਂ ਚਿੰਤਾ ਦਾ ਵਿਸ਼ਾ ਬਣੀ ਹੋਈ ਹੈ, ਫਿਰ ਭਾਵੇਂ ਉਹ ਇਸ ਵੇਲੇ ਸਭ ਤੋਂ ਵਧ ਚਰਚਾ ‘ਚ ਬਣਿਆ ਹੋਇਆ ਰਾਮਪਾਲ ਦਾ ਹਿਸਾਰ ਜ਼ਿਲੇ੍ਹ ਦੇ ਬਰਵਾਲਾ ਸਥਿਤ ਸਤਲੋਕ ਆਸ਼ਰਮ ਹੋਵੇ, ਸਿਰਸਾ ਦਾ ਡੇਰਾ ਸੱਚਾ ਸੌਦਾ ਜਾਂ ਫਿਰ ਸਲਾਖ਼ਾਂ ਪਿੱਛੇ ਬੈਠੇ ਆਸਾਰਾਮ ਬਾਪੂ ਦਾ ਅਹਿਮਦਾਬਾਦ ਵਿਚਲਾ ‘ਆਸਾਰਾਮ ਆਸ਼ਰਮ’ ਇਹਨਾਂ ਸਣੇ ਲਗਭਗ ਬਹੁਤੇ ਅਜਿਹੇ ਆਸ਼ਰਮ ਕਿਸੇ ਨਾ ਕਿਸੇ ਅਪਰਾਧਿਕ ਘਟਨਾ ਖ਼ਾਸਕਰ ਕਤਲ, ਜਬਰ ਜਨਾਹ, ਅਸਲਾ ਐਕਟ, ਅਗਵਾ ਆਦਿ ਜਿਹੇ ਕੇਸਾਂ ਦਾ ਸਾਹਮਣਾ ਕਰ ਰਹੇ ਹਨ।
Related Topics: Dera Sauda Sirsa