October 20, 2012 | By ਕਰਮਜੀਤ ਸਿੰਘ ਚੰਡੀਗੜ੍ਹ
ਇੱਥੇ ਕਲਾ ਸ਼ੋਰ ਦੀ ਹੈ ……. ਇੱਥੇ ਮਹਿਫ਼ਲ ਸ਼ੋਰ ਦੀ ਹੈ…
– ਕਰਮਜੀਤ ਸਿੰਘ
(ਮੋਬਾਇਲ ਨੰ: 099150-91063)
ਪੰਜਾਬੀ ਦੀ ਇਹ ਕਹਾਵਤ ਸੁਨਾਉਣ ਨੂੰ ਚਿੱਤ ਕਰ ਆਇਆ ਹੈ ਪਈ ਜਦੋਂ ਬੁੱਢੀ ਗਾਂ ਨੱਚਦੀ ਹੈ ਤਾਂ ਧੂੜ ਜ਼ਿਆਦਾ ਉਡਾਉਂਦੀ ਹੈ। 78 ਵਰ੍ਹਿਆਂ ਨੂੰ ਪੁੱਜੇ ਜਨਰਲ ਕੇ. ਐਸ ਬਰਾੜ ਵੀ ਅੱਜ ਕੱਲ੍ਹ ਕੁੱਝ ਇਸ ਤਰ੍ਹਾਂ ਹੀ ਕਰ ਰਹੇ ਜਾਪਦੇ ਹਨ। ਮੀਡੀਏ ਦੇ ਵੱਡੇ ਹਿੱਸੇ ਨੂੰ ਵੀ ਯਾਰੀਆਂ ਪਾਲਣ ਦਾ ਸੁਨਿਹਿਰੀ ਮੌਕਾ ਮਿਲ ਗਿਆ ਹੈ। ਖੁਫ਼ੀਆ ਏਜੰਸੀਆਂ ਨੱਥੀ ਕੀਤੇ ਪੱਤਰਕਾਰਾਂ (ਐਮਬੈਡਡ ਜਰਨਲਿਸਟਸ) ਦੀ ਭਾਲ ਵਿਚ ਲੱਗੀਆਂ ਹੋਈਆਂ ਹਨ ਜਿਨ੍ਹਾਂ ਉੱਤੇ ਮਨ ਭਾਉਂਦੀਆਂ ਤੇ ਮਨਘੜ੍ਹਤ ਖ਼ਬਰਾਂ ਬੜੀ ਆਸਾਨੀ ਨਾਲ ਪਲਾਟ ਕੀਤੀਆਂ ਜਾ ਸਕਦੀਆਂ ਹਨ। ਅੰਗਰੇਜ਼ੀ ਦੇ ਅਖ਼ਬਾਰ ਵਿਸ਼ੇਸ਼ ਤੌਰ ਤੇ ਇਸ ਦੌੜ ਵਿਚ ਇੱਕ ਦੂਜੇ ਤੋਂ ਅੱਗੇ ਲੰਘ ਜਾਣ ਲਈ ਕਾਹਲੇ ਹਨ। ਕਿਆਸਰਾਈਆਂ ਤੇ ਸਨਸਨੀਆਂ ਦੀ ਹਕੂਮਤ ਨੇ ਤੱਥਾਂ ਤੇ ਸੱਚਾਈਆਂ ਨੂੰ ਹਾਲ ਦੀ ਘੜੀ ਨਜ਼ਰਬੰਦ ਕੀਤਾ ਹੋਇਆ ਹੈ। ਕੁੱਝ ਏਜੰਸੀਆਂ ਬਾਹਰਲੇ ਦੇਸ਼ਾਂ ਤੋਂ ਇਸ ਤਰ੍ਹਾਂ ਦੀਆਂ ਖ਼ਬਰਾਂ ਭੇਜ ਰਹੀਆਂ ਹਨ ਤਾਂ ਜੋ ਕੁੱਲ ਦੁਨੀਆ ਵਿਚ ਸਿੱਖਾਂ ਨੂੰ ਬਦਨਾਮ ਕਰਨ ਲਈ ਰਾਹ ਪੱਧਰਾ ਕੀਤਾ ਜਾਵੇ। ਜਨਰਲ ਬਰਾੜ ਉੱਤੇ ਹਮਲੇ ਨੂੰ ਦਰਬਾਰ ਸਾਹਿਬ ਵਿਚ ਸ਼ਹੀਦਾਂ ਦੀ ਬਣ ਰਹੀ ਯਾਦਗਾਰ ਨਾਲ ਜੋੜ ਦਿੱਤਾ ਗਿਆ ਹੈ ਅਤੇ ਫ਼ਿਰ ਅੱਗੇ ਜਾ ਕੇ ਇਸ ਵਰਤਾਰੇ ਨੂੰ ਹਾਲ ਵਿਚ ਹੀ ਹੋਈਆਂ ਗ੍ਰਿਫ਼ਤਾਰੀਆਂ ਨਾਲ ਜੋੜ ਕੇ ਝੂਠੇ ਮੁਕੱਦਮਿਆਂ ਦੀ ਕਹਾਣੀ ਨੂੰ ਤਰਕਸੰਗਤ ਬਣਾਉਣ ਦੀ ਮੁਹਿੰਮ ਚੱਲ ਪਈ ਹੈ। ਗੱਲ ਇੱਥੇ ਹੀ ਨਹੀਂ ਰੁਕੀ ਸਗੋਂ ਇਹ ਕਿਹਾ ਜਾ ਰਿਹਾ ਹੈ ਕਿ ਪੰਜਾਬ ਵਿਚ ਮੁੜ ਜੁਝਾਰੂ ਦੌਰ ਸ਼ੁਰੂ ਹੋਣ ਦੇ ਆਸਾਰ ਪੈਦਾ ਹੋ ਰਹੇ ਹਨ ਅਤੇ ਲੋੜ ਇਸ ਗੱਲ ਦੀ ਹੈ ਕਿ ਪੁਲਿਸ ਨੂੰ ਹੋਰ ਵਧੇਰੇ ਤਾਕਤਾਂ ਨਾਲ ਲੈਸ ਕੀਤਾ ਜਾਵੇ। ਗੱਲ ਕੀ ਇੱਥੇ ਕਲਾ ਰੌਲੇ ਦੀ ਹੈ, ਮਹਿਫ਼ਲ ਰੌਲੇ ਦੀ ਹੈ। ਰੌਲੇ ਦਾ ਪੂਰਾ ਪੂਰਾ ਕਬਜ਼ਾ ਹੋ ਚੁੱਕਾ ਹੈ। ਹੁਣ ਭਲਾ ਇਨ੍ਹਾਂ ਹਾਲਤਾਂ ਵਿਚ ਕੁੱਕੜਾਂ ਦੀ ਅਦਾਲਤ ਵਿਚ ਕੀੜੇ ਮਕੌੜੇ ਮੁਕੱਦਮਾ ਕਿਵੇਂ ਜਿੱਤ ਸਕਦੇ ਹਨ ?
ਅਸੀਂ ਜਨਰਲ ਬਰਾੜ ਦੀ ਇਸ ਧਾਰਨਾ ਨੂੰ ਮੰਨ ਕੇ ਹੀ ਅੱਗੇ ਚੱਲਦੇ ਹਾਂ ਕਿ ਉਨ੍ਹਾਂ ਉੱਤੇ ਹੋਇਆ ਹਮਲਾ ‘ਖਾਲਿਸਤਾਨੀ ਦਹਿਸ਼ਤਗਰਦਾਂ’ ਦੇ ਸਮਰਥਕਾਂ ਨੇ ਕੀਤਾ ਹੈ ਅਤੇ ਇਸ ਧਾਰਨਾ ਨੂੰ ਫ਼ਿਲਹਾਲ ਲਾਂਭੇ ਰੱਖਦੇ ਹਾਂ ਕਿ ਇਸ ਹਮਲੇ ਪਿੱਛੇ ਕਿਸੇ ਏਜੰਸੀ ਦਾ ਗੁਪਤ ਹੱਥ ਹੈ ਤਾਂ ਜੋ ਸਿੱਖਾਂ ਨੂੰ ਬਾਹਰਲੇ ਮੁਲਖ਼ਾਂ ਵਿਚ ਬਦਨਾਮ ਕੀਤਾ ਜਾ ਸਕੇ। ਇਸ ਧਾਰਨਾ ਬਾਰੇ ਖੋਜੀ ਬਿਰਤੀ ਦੀ ਕਿਸੇ ਹੋਰ ਸਮੇਂ ਵਰਤੋਂ ਕਰਾਂਗੇ।
ਜਨਰਲ ਬਰਾੜ ਨੂੰ ਹਰਿਮੰਦਰ ਸਾਹਿਬ ਵਿਚ ਬਣ ਰਹੀ ਯਾਦਗਾਰ ਤੋਂ ਡਰ ਲੱਗਦਾ ਹੈ ਅਤੇ ਜਦੋਂ ਦਾ ਉਸ ਉੱਤੇ ਹਮਲਾ ਹੋਇਆ ਹੈ, ਉਦੋਂ ਤੋਂ ਹੀ ਉਹ ਆਪ ਤਾਂ ਭੈ-ਭੀਤ ਹੈ ਹੀ ਪਰ ਨਾਲ ਹੀ ਸਾਰੇ ਭਾਰਤਵਾਸੀਆਂ ਨੂੰ ਵੀ ਡਰਾਉਣ ਤੇ ਲੱਗਾ ਹੋਇਆ ਹੈ। ਭਾਰਤ ਦੇ ਗ੍ਰਹਿ ਮੰਤਰੀ ਵੀ ਇਸ ਡਰ ਵਿਚ ਸ਼ਾਮਲ ਹੋ ਗਏ ਹਨ। ਯਾਨੀ ਇੱਥੇ ਡਰ ਦਾ ਤਮਾਸ਼ਾ ਲਗਾ ਦਿੱਤਾ ਗਿਆ ਅਤੇ ਸਿੱਖ ‘ਵਿਚਾਰਾ’ ਜਿਹਾ ਬਣ ਕੇ ਇਹ ਤਮਾਸ਼ਾ ਦੇਖ ਰਿਹਾ ਹੈ। ਬੇਬਸੀ ਦਾ ਹਾਲਤ ਵਿਚ ਸਿੱਖ ਨੂੰ ਇਹ ਨਹੀਂ ਸੁੱਝਦਾ ਕਿ ਉਹ ਜਨਰਲ ਬਰਾੜ ਉੱਤੇ ਹੋਏ ਹਮਲੇ ਬਾਰੇ ਆਪਣੀ ‘ਅਨੰਤ ਖੁਸ਼ੀ’ ਦਾ ਇਜ਼ਹਾਰ ਕਿਵੇਂ ਕਰੇ। ਮਨੋਵਿਗਿਆਨ ਦੀ ਦੁਨੀਆ ਦਾ ਸਿਕੰਦਰ ਕਾਰਲ ਜੁੰਗ ਸਾਡੀਆਂ ਯਾਦਾਂ ਵਿਚ ਇਹ ਸੱਚ ਸਥਾਪਤ ਕਰਦਾ ਹੈ ਕਿ ਕਈ ਵਾਰ ਕੌਮਾਂ ਆਪਣੇ ਸਾਂਝੇ ਦਰਦ ਤੇ ਸਾਂਝੀ ਪੀੜ ਨੂੰ ਅੰਦਰ ਵੱਲ ਲੈ ਜਾਂਦੀਆਂ ਹਨ ਅਤੇ ਇਹੋ ਜਿਹੀ ਹਾਲਤ ਨੂੰ ਬੁੱਝਣ ਲਈ ਬੜਾ ਡੂੰਘਾ ਉੱਤਰਨਾ ਪੈਂਦਾ ਹੈ ਜਦਕਿ ਮੀਡੀਆ, ਸਰਕਾਰ, ਪੁਲਿਸ, ਖੁਫ਼ੀਆ ਏਜੰਸੀਆਂ ਤੇ ਗੁੰਮਰਾਹ ਕੀਤਾ ਮੁਲਖਈਆ ਗਿੱਟੇ ਗਿੱਟੇ ਪਾਣੀ ਵਿਚ ਹੀ ਖੇਡ ਰਿਹਾ ਹੈ ਅਤੇ ਸਾਰੇ ਦੇ ਸਾਰੇ ਢਿੱਡੋਂ ਯਾਦਗਾਰ ਨੂੰ ਬੰਦ ਕਰਾਉਣ ਦੇ ਹੱਕ ਵਿਚ ਪ੍ਰਚਾਰ ਕਰ ਰਹੇ ਹਨ। ਇਹ ਸਾਰੇ ਭੁੱਲੜ ਵੀਰ ਇਸ ਗੱਲ ਕਰਕੇ ਗੁੱਸੇ ਵਿਚ ਹਨ ਕਿ ਬਰਾੜ ਉੱਤੇ ਹੋਏ ਹਮਲੇ ਦੀ ਨਿੰਦਾ ਕਰਨ ਲਈ ਸਿੱਖ ਨੰਗੇ ਚਿੱਟੇ ਹੋ ਕੇ ਮੈਦਾਨ ਵਿਚ ਕਿਉਂ ਨਹੀਂ ਉੱਤਰੇ। ਪਰ ਮਾੜੇ ਤੋਂ ਮਾੜੇ ਸਿੱਖ ਨੇ ਵੀ ਅਤੇ ਕਮਜ਼ੋਰ ਤੋਂ ਕਮਜ਼ੋਰ ਸਿੱਖ ਨੇ ਵੀ ਬਰਾੜ ਉੱਤੇ ਹੋਏ ਹਮਲੇ ਦੀ ਨਿੰਦਾ ਤਾਂ ਕੀ ਕਰਨੀ ਸੀ, ਸਗੋਂ ਉਹ ਖੁਸ਼ੀ ਦਾ ਜਸ਼ਨ ਮਨਾਉਂਦਾ ਹੈ, ਪਰ ਦਿਲਚਸਪ ਹਕੀਕਤ ਇਹ ਵੀ ਹੈ ਕਿ ਉਹ ਇਕੱਲਾ ਇਕੱਲਾ, ਨਾਲੇ ਅੰਦਰੋਂ ਅੰਦਰੀਂ ਤੇ ਨਾਲੇ ਗੁਪਤੋ ਗੁਪਤੀ ਮਨਾਉਂਦਾ ਹੈ। ਇਸ ਦਾ ਕਾਰਨ ਇਹ ਹੈ ਕਿ ਦੁਨਿਆਵੀ ਕਾਨੂੰਨਾਂ ਦਾ ਭੈਅ, ਸਹਿਮ ਤੇ ਡਰ ਸਿੱਖ ਉੱਤੇ ਰੋਕਾਂ ਲਾਈ ਬੈਠਾ ਹੈ। ਯਕੀਨਨ ਕੁੱਝ ਲੋਕ ਮਜ਼ਬੂਰੀ ਵੱਸ ਇਸ ਹਮਲੇੋ ਦੀ ਨਿੰਦਾ ਕਰਦੇ ਨਜ਼ਰ ਆਉਂਦੇ ਹਨ ਜਿਨ੍ਹਾਂ ਵਿਚ ਇੱਕ ਕੈਪਟਨ ਅਮਰਿੰਦਰ ਸਿੰਘ ਵੀ ਹੈ, ਜਿਸ ਦੀ ਜ਼ਿੰਦਗੀ ਦਾ ਪੈਰਾਡਾਕਸ ਇਹ ਹੈ ਕਿ ਉਹ ਇਤਿਹਾਸ ਦਾ ਇੱਕ ਗੰਭੀਰ ਵਿਦਿਆਰਥੀ ਹੋ ਕੇ ਵੀ ਸਮੇਂ ਸਮੇਂ ਗੈਰ ਇਤਿਹਾਸਿਕ ਗੱਲਾਂ ਵੀ ਕਰਦਾ ਰਹਿੰਦਾ ਹੈ। ਅਸਲ ਵਿਚ ਇਹ ਬਾਬਾ ਆਲਾ ਸਿੰਘ ਦੀ ਪਰੰਪਰਾ ਨੂੰ ਹੀ ਅੱਗੇ ਤੋਰ ਰਿਹਾ ਹੈ, ਜੋ ਇੱਕੋ ਸਮੇਂ 18ਵੀਂ ਸਦੀ ਦੇ ਜੁਝਾਰੂ ਸਿੰਘਾਂ ਦੇ ਗੁੱਸੇ ਤੋਂ ਵੀ ਡਰਦਾ ਸੀ ਅਤੇ ਨਾਲ ਹੀ ਅਹਿਮਦ ਸ਼ਾਹ ਅਬਦਾਲੀ ਨਾਲ ਮਜ਼ਬੂਰੀ ਵੱਸ ਗੈਰ ਅਸੂਲੀ ਸਮਝੌਤੇ ਵੀ ਕਰਦਾ ਸੀ।
ਦਿਲਚਸਪ ਗੱਲ ਇਹ ਵੀ ਹੈ ਕਿ ‘ਗੁਪਤ ਜਸ਼ਨਾਂ’ ਲਈ ਦੁਨੀਆ ਦੀ ਕਿਸੇ ਅਦਾਲਤ ਵਿਚ ਮੁਕੱਦਮਾ ਵੀ ਨਹੀਂ ਚਲਾਇਆ ਜਾ ਸਕਦਾ ਕਿਉਂਕਿ ਇਹ ਦਿਲ ਦਾ ਮਾਮਲਾ ਹੈ ਅਤੇ ਸੱਚ ਤਾਂ ਇਹ ਹੈ ਕਿ ਸਿੱਖਾਂ ਤੋਂ ਨਿੰਦਾ ਦੀ ਮੰਗ ਕਰਨ ਵਾਲੇ ਨਾਦਾਨ ਲੋਕ ਸਿੱਖਾਂ ਦੇ ਦਿਲ ਦੇ ਅਜੇ ਕਰੀਬ ਹੀ ਨਹੀਂ ਹੋਏ। ਇਹ ਵੀ ਇੱਕ ਵੱਡਾ ਸੱਚ ਹੈ ਕਿ 1947 ਤੋਂ ਪਿੱਛੋਂ ਸਿੱਖਾਂ ਦੇ ਹਰ ਸੰਘਰਸ਼ ਅਤੇ ਸੰਕਟ ਵਿਚ ਇਹ ਲੋਕ ਸਿੱਖਾਂ ਦੇ ਨੇੜੇ ਰਹਿ ਕੇ ਵੀ ਸਿੱਖਾਂ ਦੇ ਦਿਲਾਂ ਤੋਂ ਦੂਰ ਹੀ ਰਹੇ ਹਨ। ਅਸਲ ਵਿਚ ਸਾਰੀ ਸਮੱਸਿਆ ਦੀ ਜੜ੍ਹ ਇੱਥੇ ਹੀ ਪਈ ਹੋਈ ਹੈ ਜਦਕਿ ਅਸੀਂ ਟਾਹਣੀਆਂ ਤੇ ਪੱਤਿਆਂ ਨੂੰ ਹੀ ਪਾਣੀ ਦੇ ਰਹੇ ਹਾਂ।
9 ਅਕਤੂਬਰ 2012 ਦੇ ਇੰਡੀਅਨ ਐਕਸਪ੍ਰੈਸ ਵਿਚ ਪੂਰੇ ਇੱਕ ਪੰਨੇ ਵਿਚ ਫੈਲੀ ਇੰਟਰਵਿਊ ਦੌਰਾਨ ਜਨਰਲ ਬਰਾੜ ਦਰਬਾਰ ਸਾਹਿਬ ਉੋੱਤੇ ਕੀਤੇ ਹਮਲੇ ਸਬੰਧੀ ਇੱਕ ਸਵਾਲ ਦਾ ਜਵਾਬ ਦਿੰਦਿਆਂ ਕਹਿੰਦੇ ਹਨ ਕਿ ‘‘ਹਾਂ, ਮੈਂ ਸਿੱਖ ਹਾਂ………. ਜਦੋਂ ਹਮਲਾ ਕਰਨਾ ਸੀ ਤਾਂ ਮੈਂ ਦੂਜਾ ਖਿਆਲ ਹੀ ਮਨ ਵਿਚ ਨਹੀਂ ਲਿਆਂਦਾ। ਜਦੋਂ ਤੁਹਾਨੂੰ ਕੋਈ ਕੰਮ (ਟਾਸਕ) ਕਰਨ ਲਈ ਕਿਹਾ ਜਾਂਦਾ ਹੈ ਤਾਂ ਤੁਸੀਂ ਧਰਮ ਜਾਂ ਜਾਤ ਬਾਰੇ ਨਹੀਂ ਸੋਚਦੇ, ਬੱਸ ਤੁਸਾਂ ਤਾਂ ਉਹ ਟਾਸਕ ਪੂਰਾ ਕਰਨਾ ਹੈ। ਤੁਹਾਨੂੰ ਸੌਂਹ ਖੁਆਈ ਜਾਂਦੀ ਹੈ ਕਿ ਤੁਸੀਂ ਦੇਸ਼ ਦੀ ਏਕਤਾ ਤੇ ਅਖੰਡਤਾ ਦੀ ਰਾਖੀ ਕਰਨੀ ਹੈ ’’। ਇੱਕ ਹੋਰ ਸਵਾਲ ਦੇ ਜਵਾਬ ਵਿਚ ਜਨਰਲ ਬਰਾੜ ਕਹਿ ਰਹੇ ਹਨ ਕਿ ‘‘ ਇੱਕ ਫ਼ੌਜੀ ਹੋਣ ਦੀ ਰਵਾਇਤ ਮੁਤਾਬਕ ਤੁਹਾਨੂੰ ਜੋ ਕੰਮ ਕਰਨ ਲਈ ਕਿਹਾ ਜਾਂਦਾ ਹੈ, ਉਹ ਕਰਨਾ ਹੀ ਹੁੰਦਾ ਹੈ। ਇਹ ਤੁਹਾਡੀ ਡਿਊਟੀ ਹੈ, ਜੋ ਤੁਸਾਂ ਨਿਭਾਉਣੀ ਹੀ ਹੈ’’।
ਪਰ ਹੁਣ ਸਵਾਲ ਪੈਦਾ ਹੁੰਦਾ ਹੈ ਕਿ ਕੀ ਇੱਕ ਹਿੰਦੂ ਜਰਨੈਲ ਜਨਰਲ ਸਿਨਹਾ ਇੱਕ ਫੌਜੀ ਨਹੀਂ ਸੀ ? ਕੀ ਉਨ੍ਹਾਂ ਨੂੰ ਡਿਊਟੀ ਪਿਆਰੀ ਨਹੀਂ ਸੀ ? ਕੀ ਉਨ੍ਹਾਂ ਨੇ ਦੇਸ਼ ਦੀ ਏਕਤਾ ਤੇ ਅਖੰਡਤਾ ਕਾਇਮ ਰੱਖਣ ਦੀ ਸਹੁੰ ਨਹੀਂ ਖਾਧੀ ਸੀ ? ਪਰ ਇਸ ਦੇ ਬਾਵਜੂਦ ਜੇ ਉਨ੍ਹਾਂ ਨੇ ਦਰਬਾਰ ਸਾਹਿਬ ਉੱਤੇ ਹਮਲਾ ਕਰਨ ਬਾਰੇ ਤਤਕਾਲੀਨ ਪ੍ਰਧਾਨਮੰਤਰੀ ਸ੍ਰੀਮਤੀ ਇੰਦਰਾ ਗਾਂਧੀ ਦਾ ਹੁਕਮ ਵਰਗਾ ਸੁਝਾਅ ਰੱਦ ਕਰ ਦਿੱਤਾ ਤਾਂ ਇਸ ਦਾ ਸਿੱਧਾ ਜਿਹਾ ਮਤਲਬ ਇਹੋ ਸੀ ਕਿ ਉਹ ਸਿੱਖਾਂ ਦੇ ਸ਼ਾਨਾਂ ਮੱਤੇ ਇਤਿਹਾਸ, ਇਸ ਦੀਆਂ ਮਹਾਨ ਰਵਾਇਤਾਂ, ਦਰਬਾਰ ਸਾਹਿਬ ਦੀ ਇਤਿਹਾਸਕ ਤੇ ਰੂਹਾਨੀ ਮਹੱਤਤਾ ਅਤੇ ਇਸ ਹਮਲੇ ਕਾਰਨ ਨਿਕਲਣ ਵਾਲੇ ਭਿਆਨਕ ਨਤੀਜਿਆਂ ਤੋਂ ਦਿਲ ਦੀਆਂ ਗਹਿਰਾਈਆਂ ਤੋਂ ਜਾਣੂ ਸਨ ਪਰ ਦੂਜੇ ਪਾਸੇ ਜਨਰਲ ਬਰਾੜ ਸਿੱਖ ਇਤਿਹਾਸ ਦੀਆਂ ਸੱਚਾਈਆਂ ਤੋਂ ਜਾਂ ਤਾਂ ਅਣਜਾਣ ਸੀ ਜਾਂ ਫਿਰ ਇਸ ਹੰਕਾਰ ਨਾਲ ਲੱਥ ਪੱਥ ਸੀ ਕਿ ਉਹ ਦੋ ਤਿੰਨ ਘੰਟਿਆਂ ਵਿਚ ਹੀ ਦਰਬਾਰ ਸਾਹਿਬ ਨੂੰ ਆਜ਼ਾਦ ਕਰਵਾ ਲਵੇਗਾ। ਜਨਰਲ ਸਿਨਹਾ ਤਾਂ ਇਹ ਵੀ ਕਹਿੰਦੇ ਹਨ ਕਿ ਜਦੋਂ ਤੁਸੀਂ ਕਿਸੇ ਦੇ ਧਾਰਮਿਕ ਸਥਾਨ ’ਤੇ ਹਮਲਾ ਕਰਦੇ ਹੋ ਤਾਂ ਅਗਲੇ ਪਾਸਿਉਂ ਹਮਲੇ ਦਾ ਜਵਾਬ ਦੇਣ ਵਾਲਿਆਂ ਦਾ ਫ਼ਰਜ਼ ਬਣਦਾ ਹੈ ਕਿ ਉਹ ਆਪਣੇ ਅਸਥਾਨ ਦੀ ਰਾਖੀ ਲਈ ਢੁੱਕਵਾਂ ਜਵਾਬ ਦੇਣ। ਪਰ ਜਨਰਲ ਬਰਾੜ ਨੂੰ ਇਨ੍ਹਾਂ ਗੱਲਾਂ ਦੀ ਪੂਰੀ ਸਮਝ ਨਹੀਂ ਸੀ। ਪੁਰਾਤਨ ਮਾਂਵਾਂ ਸਿਆਲ ਦੀਆਂ ਠੰਡੀਆਂ ਰਾਤਾਂ ਦੌਰਾਨ ਆਪਣੇ ਬੱਚਿਆਂ ਨੂੰ ਗੋਦ ਵਿਚ ਲੈ ਕੇ ਸਿੱਖ ਇਤਿਹਾਸ ਬਾਰੇ ਸੱਚੀਆਂ ਸਾਖੀਆਂ ਸੁਣਾਉਂਦੀਆਂ ਰਹੀਆਂ ਹਨ, ਜੋ ਉਨ੍ਹਾਂ ਦੇ ਦਿਲੋ ਦਿਮਾਗ ਵਿਚ ਰਚ ਜਾਂਦੀਆਂ ਸਨ ਪਰ ਜੇਕਰ ਜਨਰਲ ਬਰਾੜ ਦਾ ਬਚਪਨ ਹੀ ਉਨ੍ਹਾਂ ਦੇ ਆਪਣੇ ਕਹਿਣ ਮੁਤਾਬਕ ਹੋਸਟਲ ਵਿਚ ਬੀਤਿਆ ਤੇ ਵੱਡਾ ਹੋਇਆ ਤਾਂ ਸਿੱਖ ਇਤਿਹਾਸ ਦੀ ਕਹਾਣੀ ਉਸ ਦੀ ਰੂਹ ਦਾ ਹਿੱਸਾ ਕਿਵੇਂ ਬਣ ਸਕਦੀ ਸੀ ? ਸ਼ਾਇਦ ਇਸੇ ਲਈ ਵਕਤ ਦੀ ਹਕੂਮਤ ਨੇ ਇਹੋ ਜਿਹੇ ਸਿੱਖ ਦੀ ਚੋਣ ਕੀਤੀ ਜੋ ਸਿੱਖੀ ਦੀ ਪਵਿੱਤਰ ਖੁਸ਼ਬੋ ਤੋਂ ਸੱਖਣਾ ਸੀ। ਜਨਰਲ ਬਰਾੜ ਨੂੰ ਪਤਾ ਹੀ ਨਹੀਂ ਸੀ ਕਿ ਉਹ ਕਿਸੇ ਹੋਰ ਦੀ ਰਾਜਨੀਤਿਕ ਲੋੜ ਲਈ ਵਰਤਿਆ ਜਾ ਰਿਹਾ ਹੈ। ਇਹ ਬੁਝਾਰਤ ਉਸਨੂੰ ਅਜੇ ਵੀ ਪਤਾ ਨਹੀਂ ਲੱਗ ਰਹੀ ਅਤੇ ਸ਼ਾਇਦ ਇਹ ਬੁਝਾਰਤ ਸਦਾ ਉਸਦਾ ਹਮਸਫ਼ਰ ਬਣ ਕੇ ਉਸਨੂੰ ਤਿਲ ਤਿਲ ਮਾਰਦੀ ਰਵੇਗੀ।
ਜਨਰਲ ਬਰਾੜ ਇਸ ਤੱਥ ਨੂੰ ਵੀ ਭੁੱਲਦੇ ਨਹੀਂ ਕਿ ਦਰਬਾਰ ਸਾਹਿਬ ਉੱਤੇ ਹੋਏ ਹਮਲੇ ਲਈ ਪਾਰਲੀਮੈਂਟ ਵਿਚ ਪ੍ਰਧਾਨ ਮੰਤਰੀ ਨੇ ਮੁਆਫ਼ੀ ਮੰਗੀ ਹੈ। ਮੁਆਫ਼ੀ ਮੰਗਣ ਦਾ ਸਿੱਧਾ ਜਿਹਾ ਮਤਲਬ ਤਾਂ ਇਹੋ ਹੀ ਹੈ ਕਿ ਮੁਆਫ਼ੀ ਤੋਂ ਪਹਿਲਾਂ ਕੋਈ ਭਿਆਨਕ ਗਲਤੀ ਹੋਈ ਸੀ। ਜਦੋਂ ਪਾਰਲੀਮੈਂਟ ਇਸ ਨੂੰ ਗਲਤੀ ਕਹਿ ਰਹੀ ਹੈ ਤਾਂ ਫ਼ਿਰ ਜਨਰਲ ਬਰਾੜ ਦੀ ਕਾਰਵਾਈ ਵੀ ਬਹਾਦਰੀ ਦੇ ਘੇਰੇ ਵਿਚ ਨਹੀਂ ਆ ਸਕਦੀ। ਇਸ ਹਿਸਾਬ ਨਾਲ ਉਸਨੂੰ ਅਪਰੇਸ਼ਨ ਬਲਿਊ ਸਟਾਰ ਦਾ ਨਾਇਕ ਕਹਿਣਾ ਸਿੱਖ ਕੌਮ ਦੇ ਜ਼ਖਮਾਂ ਉੱਤੇ ਲੂਣ ਛਿੜਕਣਾ ਹੈ। ਉਹ ਤਾਂ ਇੱਕ ਕਿਸਮ ਦਾ ਖਲਨਾਇਕ ਹੈ। ਹਿੰਦੂ ਭਰਾਵਾਂ ਨੂੰ ਜਨਰਲ ਸਿਨਹਾ ਵਾਂਗ ਖੁੱਲ੍ਹਦਿਲੀ ਨਾਲ ਅੱਗੇ ਆਉਣਾ ਚਾਹੀਦਾ ਹੈ ਅਤੇ ਸ਼ਹੀਦਾਂ ਦੀ ਯਾਦਗਾਰ ਲਈ ਖੁੱਲ੍ਹ ਕੇ ਹਮਾਇਤ ਕਰਨੀ ਚਾਹੀਦੀ ਹੈ ਪਰ ਦੁੱਖ ਦੀ ਗੱਲ ਹੈ ਕਿ ਜਨਰਲ ਸਿਨਹਾ ਵਰਗੀ ਬਹਾਦਰ ਆਤਮਾ ਹਿੰਦੂਆਂ ਵਿਚ ਅਜੇ ਉੱਭਰ ਕੇ ਸਾਹਮਣੇ ਨਹੀਂ ਆਈ। ਫਿਰ ਵੀ ਸਾਡੀ ਉਡੀਕ ਨੇ ਉਸ ਸਮੇਂ ਤੱਕ ਅਜੇ ਆਪਣਾ ਦਮ ਨਹੀਂ ਤੋੜਿਆ।
ਦੁਨੀਆ ਜਾਣਦੀ ਹੈ ਕਿ ਅੰਗਰੇਜ਼ਾਂ ਨੇ ਜਲ੍ਹਿਆਂਵਾਲੇ ਬਾਗ ਦੇ ਖੂਨੀ ਕਾਂਡ ਵਿਚ ਜਨਰਲ ਡਾਇਰ ਉੱਤੇ ਮੁਕੱਦਮਾ ਚਲਾਇਆ ਅਤੇ ਉਸ ਨੂੰ ਨੌਕਰੀ ਤੋਂ ਬਰਤਰਫ਼ ਕੀਤਾ ਪਰ ਜਨਰਲ ਬਰਾੜ ਉੱਤੇ ਜੇਕਰ ਅਜੇ ਤੱਕ ਕੋਈ ਮੁਕੱਦਮਾ ਨਹੀਂ ਚਲਾਇਆ ਗਿਆ ਤਾਂ ਸਾਫ ਜ਼ਾਹਰ ਹੈ ਕਿ ਇਸ ਦੇਸ਼ ਵਿਚ ਸਿੱਖਾਂ ਲਈ ਕੋਈ ਇੰਨਸਾਫ਼ ਨਹੀ। ਉਲਟਾ ਉਸ ਨੂੰ ਬਹਾਦਰੀ ਦੇ ਤਗਮੇ ਦਿੱਤੇ ਜਾ ਰਹੇ ਹਨ। ਇਹ ਇੱਕ ਹਕੀਕਤ ਹੈ ਕਿ ਦੋ ਦੋ ਸਾਲ ਦੇ ਬੱਚਿਆਂ , ਬੀਬੀਆਂ ਤੇ ਬਜ਼ੁਰਗਾਂ ਨੂੰ ਦਰਬਾਰ ਸਾਹਿਬ ਵਿਚ ਪੰਜਵੇਂ ਪਾਤਸ਼ਾਹ ਦੀ ਸ਼ਹੀਦੀ ਸਮਾਗਮ ਦੇ ਮੌਕੇ ਤੇ ਕਿਵੇਂ ਕੋਹ ਕੋਹ ਕੇ ਮਾਰਿਆ ਗਿਆ, ਕਿਵੇਂ ਉਨ੍ਹਾਂ ਨੂੰ ਜ਼ਲੀਲ ਕੀਤਾ ਗਿਆ ਤੇ ਕਿਵੇਂ ਉਨ੍ਹਾਂ ਨੂੰ ਪਿਆਸੇ ਰੱਖ ਕੇ ਤੜਫਾ ਤੜਫਾ ਕੇ ਮਾਰਿਆ ਗਿਆ। ਕੀ ਇਸ ਸਾਰੀ ਕਰਤੂਤ ਲਈ ਜਨਰਲ ਬਰਾੜ ਨੂੰ ਦੋਸ਼ੀ ਨਹੀਂ ਠਹਿਰਾਉਣਾ ਚਾਹੀਦਾ? ਕੀ ਸਿੱਖ ਇਸ ਭਿਆਨਕ ਸਾਕੇ ਨੂੰ ਭੁੱਲ ਸਕਦੇ ਹਨ? ਜੇ ਉਹ ਅੱਜ ਕਹਿਰਾਂ ਦੇ ਇਸ ਜ਼ੁਲਮ ਦੀ ਯਾਦ ਲਈ ਕੋਈ ਯਾਦਗਾਰ ਬਣਾ ਰਹੇ ਹਨ ਤਾਂ ਉਹ ਉਸ ਫੌਜੀ ਹਮਲੇ ਦੀ ਨਿੰਦਾ ਹੀ ਕਰ ਰਹੇ ਹਨ, ਜਿਸ ਹਮਲੇ ਲਈ ਪਾਰਲੀਮੈਂਟ ਨੇ ਵੀ ਮੁਆਫ਼ੀ ਮੰਗੀ ਹੈ।
ਜਨਰਲ ਬਰਾੜ ‘‘ ਨਫ਼ਰਤ ਦੀ ਥਿਊਰੀ ’’ ਪੇਸ਼ ਕਰਦੇ ਹੋਏ ਦਲੀਲ ਦਿੰਦੇ ਹਨ ਕਿ ਹਮਲਾਵਰਾਂ ਦੀ ਉਮਰ 30-32 ਸਾਲ ਦੀ ਸੀ, ਜਿਸ ਤੋਂ ਪਤਾ ਲੱਗਦਾ ਹੈ ਕਿ ਦਰਬਾਰ ਸਾਹਿਬ ਉੱਤੇ 1984 ਵਿਚ ਹੋਏ ਹਮਲੇ ਸਮੇਂ ਉਹ ਬਹੁਤ ਛੋਟੇ ਛੋਟੇ ਸਨ ਤੇ ਕੁੱਝ ਵੀ ਨਹੀਂ ਸਨ ਜਾਣਦੇ, ਪਰ ਪਿਛਲੀ ਪੀੜ੍ਹੀ ਨੇ ਨਫ਼ਰਤ ਦੀ ਨਦੀ ਅਗਲੀ ਪੀੜ੍ਹੀ ਵਿਚ ਵੀ ਵਗ੍ਹਾ ਦਿੱਤੀ ਹੈ। ਜਨਰਲ ਬਰਾੜ ਭੁੱਲਦੇ ਹਨ ਕਿ ਜਿਸ ਨੂੰ ਉਹ ‘ ਨਫ਼ਰਤ ’ ਕਹਿੰਦੇ ਹਨ, ਉਹ ਅਸਲ ਵਿਚ ਨਫ਼ਰਤ ਨਹੀਂ ਸਗੋਂ ਦਰਦ ਦੀ ਉਹ ਦਾਸਤਾਨ ਹੈ, ਜੋ ਸਿੱਖ ਇਤਿਹਾਸ ਵਿਚ ਸੀਨਾ ਬਸੀਨਾ ਚਲਦੀ ਆ ਰਹੀ ਹੈ। ਬਰਾੜ ਸਾਹਿਬ, ਕੀ ਤੁਹਾਨੂੰ ਪਤਾ ਹੈ ਕਿ ਦਰਸ਼ਨੀ ਡਿਊਢੀ ਦੇ ਨੇੜੇ ਹੀ ਬੇਰੀ ਦਾ ਰੁੱਖ ਕੀ ਸੰਦੇਸ਼ ਦਿੰਦਾ ਹੈ, ਜਿੱਥੇ ਸੁੱਖਾ ਸਿੰਘ ਤੇ ਮਹਿਤਾਬ ਸਿੰਘ ਨੇ ਇੱਕ ਜਾਲਮ ਨੂੰ ਸਜ਼ਾ ਦੇਣ ਲਈ ਘੋੜੇ ਬੰਨੇ ਸਨ। ਤੁਹਾਨੂੰ ਤਾਂ ਉਹ ਪਵਿੱਤਰ ਥਾਂ ਵੀ ਯਾਦ ਨਹੀਂ ਜਿੱਥੇ ਤੁਹਾਡੀ ਫੌਜ ਦੇ ਟੈਂਕ ਉਸ ਥਾਂ ਉੱਤੇ ਚੜ੍ਹੇ ਸਨ, ਜਿਸ ਥਾਂ ਉੱਤੇ ਦਰਬਾਰ ਸਾਹਿਬ ਦੀ ਰਾਖੀ ਕਰਨ ਵਾਲੇ ਸ਼ਹੀਦ ਬਾਬਾ ਦੀਪ ਸਿੰਘ ਦਾ ਸੀਸ ਡਿੱਗਿਆ ਸੀ। ਅਕਾਲ ਤਖ਼ਤ ਨੂੰ ਬਰਬਾਦ ਕਰਨ ਸਮੇਂ ਉਸ ਪਾਵਨ ਇਮਾਰਤ ਦੇ ਪਿੱਛੇ ਬਾਬਾ ਗੁਰਬਖਸ਼ ਸਿੰਘ ਦੀ ਯਾਦਗਾਰ ਵੀ ਤੁਹਾਡੇ ਚੇਤਿਆਂ ਵਿਚੋਂ ਵਿਸਰ ਗਈ ਹੈ, ਜਿਨ੍ਹਾਂ ਨੇ ਦਰਬਾਰ ਸਾਹਿਬ ਦੀ ਰਾਖੀ ਲਈ ਅਹਿਮਦ ਸ਼ਾਹ ਅਬਦਾਲੀ ਦੀਆਂ ਫੌਜਾਂ ਦਾ ਟਾਕਰਾ ਕਰਕੇ ਸ਼ਹਾਦਤ ਦਾ ਜਾਮ ਪੀਤਾ ਸੀ। ਪਰ ਬਰਾੜ ਸਾਹਿਬ, ਖ਼ਾਲਸਾ ਪੰਥ ਦੀਆਂ ਯਾਦਾਂ ਵਿਚ ਇਹ ਸਾਰਾ ਇਤਿਹਾਸ ਉੱਕਰਿਆ ਪਿਆ ਹੈ। ਹੁਣ ਤੁਸੀਂ ਹੀ ਦੱਸੋ ਕਿ ਇਨ੍ਹਾਂ ਯਾਦਗਾਰਾਂ ਨੇ ਹੁਣ ਤੱਕ ਕਿੰਨੀ ਕੁ ਨਫ਼ਰਤ ਫੈਲਾਈ ਹੈ ? ਉਹ ਯਾਦਗਾਰਾਂ ਹੁਣ ਜੁਲਮ ਉੱਤੇ ਮਾਨਵਤਾ ਦੀ ਜਿੱਤ ਦਾ ਪ੍ਰਤੀਕ ਬਣ ਚੁੱਕੀਆਂ ਹਨ। ਤੁਹਾਡੇ ਹਮਲੇ ਦਾ ਟਾਕਰਾ ਕਰਨ ਵਾਲੇ ਸ਼ਹੀਦਾਂ ਦੀ ਵਰਤਮਾਨ ਯਾਦਗਾਰ ਵੀ ਪਿਛਲੇ ਇਤਿਹਾਸ ਦਾ ਹੀ ਪਾਵਨ ਪਵਿੱਤਰ ਹਿੱਸਾ ਬਣੇਗੀ, ਜੋ ਇਹ ਯਾਦ ਕਰਾਉਂਦੀ ਰਹੇਗੀ ਕਿ ‘ਸਚਖੰਡ’ ਦੀ ਰਾਖੀ ਕਰਨਾ ਸਮੁੱਚੀ ਮਾਨਵਤਾ ਦੀ ਜ਼ਿੰਮੇਵਾਰੀ ਹੈ। ਤੁਸੀਂ ਇਹ ਜਿੰਮੇਵਾਰੀ ਨਹੀਂ ਨਿਭਾ ਸਕੇ। ਜਦੋਂ ਤੁਸੀਂ ਕਿਸੇ ਦੇ ਘਰ ਵਿਚ ਬਲਦੀ ਲੱਕੜ ਲੈ ਕੇ ਜਾਂਦੇ ਹੋ ਤਾਂ ਫਿਰ ਅੱਜ ਧੂੰਏ ਦੀ ਸ਼ਿਕਾਇਤ ਕਿਉਂ ਕਰ ਰਹੇ ਹੋ? ਸਿਆਣਿਆਂ ਦੀ ਇਹ ਗੱਲ ਯਾਦ ਰੱਖੋ ਕਿ ਕਿਸ਼ਤੀ ਦਾ ਸਫ਼ਰ ਕਰਨ ਲੱਗਿਆਂ ਭਿੱਜਣ ਲਈ ਵੀ ਤਿਆਰ ਰਹਿਣਾ ਚਾਹੀਦਾ ਹੈ।
Related Topics: June 1984 Memorial, Karamjeet Singh Chandigarh, Karamjit Singh Chandigarh, Kuldip Brar, ਜੂਨ 1984 ਫੌਜੀ ਹਮਲਾ ( Indian Army Attack on Sri Darbar Sahib)