February 8, 2019 | By ਸਿੱਖ ਸਿਆਸਤ ਬਿਊਰੋ
ਚੰਡੀਗੜ੍ਹ: ਪੰਜਾਬ ਸਰਕਾਰ ਨੇ ਬੀਤੇ ਕੱਲ੍ਹ 1987 ਬੈਚ ਦੇ ਆਈਪੀਐਸ ਮੁਲਾਜ਼ਮ ਦਿਨਕਰ ਗੁਪਤਾ ਨੂੰ ਸੂਬੇ ਦਾ ਡੀਜੀਪੀ ਨਿਯੁਕਤ ਕਰ ਦਿੱਤਾ ਹੈ। ਬੀਤੀ ਸ਼ਾਮ ਉਹਨਾਂ ਅਹੁਦੇ ਦਾ ਕਾਰਜਭਾਰ ਵੀ ਸੰਭਾਲ ਲਿਆ ਹੈ ਤੇ ਚੋਣਵੇਂ ਪੁਲੀਸ ਅਧਿਕਾਰੀਆਂ ਨਾਲ ਰਸਮੀ ਬੈਠਕ ਵੀ ਕੀਤੀ।ਦਿਨਕਰ ਗੁਪਤਾ ਇਸ ਤੋਂ ਪਹਿਲਾਂ ਪੰਜਾਬ ਦੇ ਡੀਜੀਪੀ (ਇੰਟੈਲੀਜੈਂਸ) ਦੇ ਅਹੁਦੇ ‘ਤੇ ਸਨ।ਉਹ ਕੇਂਦਰੀ ਖੁਫ਼ੀਆ ਏਜੰਸੀ (ਆਈਬੀ) ਵਿੱਚ ਵੀ ਤਕਰੀਬਨ 8 ਸਾਲ ਤਾਇਨਾਤ ਰਹੇ ਅਤੇ ਪੰਜਾਬ ਦੇ ਕਈ ਜ਼ਿਿਲ੍ਹਆਂ ਸਮੇਤ ਚੰਡੀਗੜ੍ਹ ਦੇ ਐਸਐਸਪੀ ਵਜੋਂ ਵੀ ਰਹਿ ਚੁੱਕੇ ਹਨ।
ਸ੍ਰੀ ਗੁਪਤਾ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪਸੰਦੀਦਾ ਪੁਲੀਸ ਅਫ਼ਸਰਾਂ ’ਚੋਂ ਮੰਨਿਆ ਜਾਂਦਾ ਹੈ। ਸੰਘ ਲੋਕ ਸੇਵਾ ਕਮਿਸ਼ਨ (ਯੂਪੀਐਸਸੀ) ਨੇ ਸੂਬੇ ਦੇ ਡੀਜੀਪੀ ਦੀ ਨਿਯੁਕਤੀ ਲਈ 1984 ਤੋਂ ਲੈ ਕੇ 1988 ਬੈਚ ਤੱਕ ਦੇ 12 ਪੁਲੀਸ ਅਧਿਕਾਰੀਆਂ ਵਿੱਚੋਂ 1987 ਬੈਚ ਨਾਲ ਸਬੰਧਤ ਤਿੰਨ ਅਧਿਕਾਰੀਆਂ ਦਿਨਕਰ ਗੁਪਤਾ, ਮਿਥਲੇਸ਼ ਕੁਮਾਰ ਤਿਵਾੜੀ ਅਤੇ ਵਿਰੇਸ਼ ਕੁਮਾਰ ਭਾਵੜਾ ਦੀ ਚੋਣ ਕੀਤੀ ਸੀ। ਯੂਪੀਐਸਸੀ ਦਾ ਇਹ ਪੈਨਲ ਲੰਘੀ ਰਾਤ ਹੀ ਰਾਜ ਸਰਕਾਰ ਨੂੰ ਹਾਸਲ ਹੋਇਆ ਸੀ ਤੇ ਅੱਜ ਦੁਪਹਿਰ ਤੋਂ ਪਹਿਲਾਂ ਹੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ੍ਰੀ ਗੁਪਤਾ ਦੇ ਨਾਮ ਨੂੰ ਪ੍ਰਵਾਨਗੀ ਦੇ ਦਿੱਤੀ।
ਮੁਹੰਮਦ ਮੁਸਤਫ਼ਾ ਸੰਘ ਲੋਕ ਸੇਵਾ ਕਮਿਸ਼ਨ ਦੇ ਫ਼ੈਸਲੇ ਨੂੰ ਚੁਣੌਤੀ ਦੇਣਗੇ
ਸੰਘ ਲੋਕ ਸੇਵਾ ਕਮਿਸ਼ਨ ਨੇ 1985 ਬੈਚ ਦੇ ਆਈਪੀਐਸ ਅਧਿਕਾਰੀ ਤੇ ਐਸਟੀਐਫ ਮੁਖੀ ਮੁਹੰਮਦ ਮੁਸਤਫ਼ਾ ਅਤੇ 1986 ਬੈਚ ਦੇ ਅਧਿਕਾਰੀ ਸਿਧਾਰਥ ਚਟੌਪਾਧਿਆਏ ਨੂੰ ਨਜ਼ਰਅੰਦਾਜ਼ ਕਰ ਦਿੱਤਾ। ਮੁਸਤਫ਼ਾ ਨੇ ਕਮਿਸ਼ਨ ਦੇ ਫ਼ੈਸਲੇ ਨੂੰ ਸੁਪਰੀਮ ਕੋਰਟ ’ਚ ਚੁਣੌਤੀ ਦੇਣ ਦਾ ਐਲਾਨ ਕੀਤਾ ਹੈ। ਪੰਜਾਬ ਪੁਲੀਸ ਵਿੱਚ ਇਸ ਸਮੇਂ ਤਿੰਨ ਆਈਪੀਐਸ ਅਧਿਕਾਰੀ ਸ੍ਰੀ ਗੁਪਤਾ ਤੋਂ ਸੀਨੀਅਰ ਹਨ।
Related Topics: Captain Amrinder Singh Government, Congress Government in Punjab 2017-2022, Dinkar Gupta - DGP Punjab, Muhammad Mustafa, Suresh Arora (DGP Punjab)