January 17, 2019 | By ਸਿੱਖ ਸਿਆਸਤ ਬਿਊਰੋ
ਚੰਡੀਗੜ੍ਹ: ਪੰਜਾਬ ਪੁਲਸ ਦੇ ਮੁਖੀ ਸੁਰੇਸ਼ ਅਰੋੜਾ ਦਾ 31 ਦਸੰਬਰ ਨੂੰ ਖਤਮ ਹੋਣ ਜਾ ਰਿਹਾ ਕਾਰਜਕਾਲ ਹੁਣ 30 ਸਤੰਬਰ 2019 ਤੱਕ ਵਧਾ ਦਿੱਤਾ ਗਿਆ ਹੈ। ਨਿਯੁਕਤੀਆਂ ਸਬੰਧੀ ਕੇਂਦਰੀ ਕੈਬਨਿਟ ਕਮੇਟੀ ਵੱਲੋਂ ਬੀਤੇ ਕੱਲ੍ਹ ਗ੍ਰਹਿ ਮੰਤਰਾਲੇ ਦੇ ਇਸ ਸੁਝਾਅ ਨੂੰ ਪ੍ਰਵਾਨਗੀ ਦਿੰਦਿਆਂ ਕਾਰਜਕਾਲ ਵਿਚ ਵਾਧਾ ਕੀਤਾ ਗਿਆ ਹੈ।
ਪੰਜਾਬ ਦੇ ਸਾਬਕਾ ਪੁਲਸ ਮੁਖੀ ਕੇ.ਪੀ.ਐੱਸ. ਗਿੱਲ ਦੇ ਕਾਰਜਕਾਲ ਵਿਚ ਹੋਏ ਵਾਧੇ ਤੋਂ ਬਾਅਦ ਸੁਰੇਸ਼ ਅਰੋੜਾ ਅਜਿਹੇ ਪਹਿਲੇ ਅਫ਼ਸਰ ਹਨ ਜਿਨ੍ਹਾਂ ਦਾ ਕਾਰਜਕਾਲ ਇਕ ਸਾਲ ਤੱਕ ਵਧਾਇਆ ਗਿਆ ਹੈ।ਸੁਰੇਸ਼ ਅਰੋੜਾ ਦੇ ਕਾਰਜਕਾਲ ਵਿਚ ਵਾਧੇ ਲਈ ਕੇਂਦਰ ਦੀ ਵੀ ਦਿਲਚਸਪੀ ਹੋਣ ਕਰ ਕੇ ਕਾਂਗਰਸ ਦੀ ਅਗਵਾਈ ਵਾਲੇ ਸੂਬੇ ਦੀ ਤਜਵੀਜ਼ ਨੂੰ ਪ੍ਰਵਾਨਗੀ ਦਿੱਤੀ ਗਈ ਹੈ।
ਸੁਰੇਸ਼ ਅਰੋੜਾ ਦੀ ਸੇਵਾਮੁਕਤੀ ਪਹਿਲਾਂ 30 ਸਤੰਬਰ 2018 ਨੂੰ ਹੋਣੀ ਸੀ, ਪਰ ਪੰਜਾਬ ਸਰਕਾਰ ਦੀ ਬੇਨਤੀ ’ਤੇ ਕੇਂਦਰ ਨੇ ਇਸ ਪੁਲੀਸ ਅਧਿਕਾਰੀ ਦੇ ਸੇਵਾਕਾਲ ’ਚ 31 ਦਸੰਬਰ 2018 ਤੱਕ ਵਾਧਾ ਕਰ ਦਿੱਤਾ ਸੀ। ਇਸ ਤੋਂ ਬਾਅਦ ਪੁਲਸ ਮੁਖੀਆਂ ਦੀਆਂ ਤਾਇਨਾਤੀਆਂ ਦਾ ਮਾਮਲਾ ਸੁਪਰੀਮ ਕੋਰਟ ਵਿੱਚ ਹੋਣ ਕਾਰਨ ਅਦਾਲਤੀ ਹਦਾਇਤਾਂ ’ਤੇ ਸ੍ਰੀ ਅਰੋੜਾ ਨੂੰ 31 ਜਨਵਰੀ ਤੱਕ ਡੀਜੀਪੀ ਬਣਾਏ ਰੱਖਣ ਦੇ ਹੁਕਮ ਜਾਰੀ ਕੀਤੇ ਗਏ ਸਨ।
ਬੀਤੇ ਕੱਲ੍ਹ ਹੀ ਪੁਲੀਸ ਮੁਖੀਆਂ ਦੀ ਨਿਯੁਕਤੀ ਬਾਰੇ ਪੰਜ ਰਾਜਾਂ ਦੀ ਪਟੀਸ਼ਨ ਸੁਪਰੀਮ ਕੋਰਟ ਵਲੋਂ ਖਾਰਜ ਕਰ ਦਿੱਤੀ ਗਈ ਹੈ।
Related Topics: Congress Government in Punjab 2017-2022, Suresh Arora (DGP Punjab)