ਖਾਸ ਖਬਰਾਂ » ਚੋਣਵੀਆਂ ਲਿਖਤਾਂ » ਲੇਖ » ਸਿੱਖ ਖਬਰਾਂ

ਸਿੱਖਾਂ ਦੀਆਂ ਨਿਰਮਲ ਭਾਵਨਾਵਾਂ ਵੀ ਭਾਰਤੀ ਸਿਆਸਤਦਾਨਾਂ ਲਈ ਰਾਜਨੀਤੀ ਦੀ ਭੱਠੀ ਦਾ ਬਾਲਣ ਨੇ

September 19, 2018 | By

1947 ਦੀ ਵੰਡ ਦੀ ਸਭ ਤੋਂ ਵੱਡੀ ਮਾਰ ਸਿੱਖਾਂ ਉੱਤੇ ਪਈ ਭਾਵੇਂ ਕਿ ਇਸ ਦਾ ਸੰਤਾਪ ਮੁਸਲਮਾਨਾਂ ਅਤੇ ਹਿੰਦੂਆਂ ਨੇ ਵੀ ਹੰਢਾਇਆ ਸੀ। ਸਿੱਖ ਨਾ ਸਿਰਫ ਆਪਣੇ ਮੁਲਕ ਤੋਂ ਵਿਰਵੇ ਰਹੇ ਬਲਕਿ ਸਿੱਖਾਂ ਦੀ ਅਬਾਦੀ ਦਾ ਬਹੁਤ ਵੱਡਾ ਹਿੱਸਾ ਆਪਣੇ ਪਵਿੱਤਰ ਗੁਰਧਾਮਾਂ ਦੇ ਦਰਸ਼ਨ-ਦਿਦਾਰ ਤੋਂ ਵੀ ਵਾਞਾ ਹੋ ਗਿਆ। ਧਾਰਮਕ-ਭਾਵਨਾਤਮਕ ਤੌਰ ਤੇ ਇਹ ਸਿੱਖਾਂ ਲਈ ਏਡੀ ਵੱਡੀ ਤਰਾਸਦੀ ਸੀ ਕਿ ਸਿੱਖ ਦਾਨਿਸ਼ਵਰਾਂ ਨੇ ਵਿਛੜੇ ਗੁਰਧਾਮਾਂ ਦੇ ‘ਖੁੱਲ੍ਹੇ-ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ’ ਦੀ ਤਾਂਘ ਨੂੰ ਪੰਥ ਦੀ ਅਰਦਾਸ ਦਾ ਹਿੱਸਾ ਬਣਾਇਆ।

ਗੁਰਦੁਆਰਾ ਕਰਤਾਰਪੁਰ ਸਾਹਿਬ ਦੀ ਤਸਵੀਰ।

ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਲਾਂਘੇ ਬਾਰੇ ਸਿੱਖਾਂ ਵੱਲੋਂ ਲੰਮੇ ਸਮੇਂ ਤੋਂ ਕੋਸ਼ਿਸ਼ਾਂ ਹੋ ਰਹੀਆਂ ਹਨ ਪਰ ਸਿਆਸੀ ਸੱਤਾ ਤੋਂ ਵਿਰਵੇ ਹੋਏ ਸਿੱਖਾਂ ਦੀ ਹਾਲਤ ਅਜਿਹੀ ਹੈ ਕਿ ਉਹ ਇਸ ਲਾਂਘੇ ਦੀ ਸਿਰਫ ਮੰਗ ਹੀ ਕਰ ਸਕਦੇ ਹਨ। ਸਬੰਧਤ ਸਰਕਾਰਾਂ ਨਾਲ ਲਾਂਘੇ ਲਈ ਗੱਲਬਾਤ ਕਰਨਾ ਵੀ ਅਸਲ ਵਿੱਚ ਸਿੱਖ ਵੱਲੋਂ ਮੰਗ ਕੀਤੇ ਜਾਣਾ ਹੀ ਹੈ ਕਿਉਂਕਿ ਹੁਣ ਇਹ ਸਰਕਾਰਾਂ ਸਿੱਖਾਂ ਨੂੰ ਆਪਣੇ ਬਰਾਬਰ ਦੀ ਧਿਰ ਨਹੀਂ ਮੰਨਦੀਆਂ।

ਗੁਰਦੁਆਰਾ ਕਰਤਾਰਪੁਰ ਸਾਹਿਬ ਦਰਬਾਰ ਸਾਹਿਬ ਡੇਰਾ ਬਾਬਾ ਨਾਨਕ ਤੋਂ ਸਿਰਫ ਚਾਰ ਕੁ ਕਿਲੋਮੀਟਰ ਦੀ ਵਿੱਥ ਉੱਤੇ ਪੱਛਮੀ ਪੰਜਾਬ (ਪਾਕਿਸਤਾਨ) ਵਿੱਚ ਹੈ। ਪਹਿਲੇ ਪਾਤਿਸ਼ਾਹ ਗੁਰੂ ਨਾਨਕ ਜੀ ਨੇ ਆਪਣੇ ਸੰਸਾਰਕ ਜੀਵਨ ਦਾ ਸਮਾਂ ਇਸੇ ਥਾਂ ਹੀ ਬਿਤਾਇਆ ਸੀ। ਤਜਵੀਜ਼ ਇਹ ਹੈ ਕਿ ਭਾਰਤ ਤੇ ਪਾਕਿਸਤਾਨ ਦੀ ਸਰਹੱਦ ਦੇ ਆਰ-ਪਾਰ ਡੇਰਾ ਬਾਬਾ ਨਾਨਕ ਤੋਂ ਗੁਰਦੁਆਰਾ ਕਰਤਾਰਪੁਰ ਸਾਹਿਬ ਤੱਕ ਇਕ ਲਾਂਘਾ ਤਿਆਰ ਕੀਤਾ ਜਾਵੇ ਤਾਂ ਕਿ ਗੁਰੂ ਨਾਨਕ ਨਾਮ ਲੇਵਾ ਸਿੱਖ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਖੁਲ੍ਹੇ ਦਰਸ਼ਨ ਦੀਦਾਰ ਕਰ ਸਕਣ।

ਪਾਕਿਸਤਾਨ ਦੇ ਫੌਜ ਮੁਖੀ ਨੂੰ ਜੱਫੀ ਪਾ ਕੇ ਮਿਲਦੇ ਹੋਏ ਨਵਜੋਤ ਸਿੰਘ ਸਿੱਧੂ

ਇਸ ਲਾਂਘੇ ਬਾਰੇ ਹਾਲੀਆ ਚਰਚਾ ਨਵਜੋਤ ਸਿੰਘ ਸਿੱਧੂ ਵੱਲੋਂ ਆਪਣੀ ਪਾਕਿਸਤਾਨ ਫੇਰੀ ਮੌਕੇ ਦਿੱਤੇ ਇਸ ਬਿਆਨ ਤੋਂ ਸ਼ੁਰੂ ਹੋਈ ਕਿ ਪਾਕਿਸਤਾਨੀ ਫੌਜ ਦੇ ਮੁਖੀ ਕਮਰ ਜਾਵੇਦ ਬਾਜਵਾ ਨੇ ਉਸਨੂੰ ਕਿਹਾ ਹੈ ਕਿ ਪਾਕਿਸਤਾਨ ਗੁਰੂ ਨਾਨਕ ਜੀ ਦੇ 550ਵੇਂ ਪਰਕਾਸ਼ ਗੁਰਪੁਰਬ ਉੱਤੇ ਗੁਰਦੁਆਰਾ ਕਰਤਾਰਪੁਰ ਸਾਹਿਬ ਲਈ ਲਾਂਘਾ ਖੋਲ੍ਹਣ ਬਾਰੇ ਵਿਚਾਰ ਕਰ ਰਿਹਾ ਹੈ।

ਨਵਜੋਤ ਸਿੰਘ ਸਿੱਧੂ ਦੇ ਕੰਮਾਂ ਤੇ ਉਸ ਦੀ ਸਿਆਸਤ ਤੋਂ ਸਿੱਖ ਸਰੋਕਾਰਾਂ ਨੂੰ ਤਰਜ਼ੀਹ ਦੇਣ ਵਾਲਾ ਹਿੱਸਾ ਕਦੇ ਵੀ ਖੁਸ਼ ਨਹੀਂ ਰਿਹਾ। ਪਹਿਲੀ ਵਾਰ ਹੈ ਕਿ ਸਿੱਖ ਜਗਤ ਨੇ ਤਕਰੀਬਨ ਸਮੁੱਚੇ ਰੂਪ ਵਿੱਚ ਉਸਦੀ ਇਸ ਪਹਿਲਕਦਮੀ ਦੀ ਹਾਮੀ ਭਰੀ ਹੈ। ਇਸ ਦਾ ਕਾਰਨ ਪਰਤੱਖ ਰੂਪ ਵਿੱਚ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਲਾਂਘੇ ਨਾਲ ਜੁੜੀਆਂ ਸਿੱਖ ਭਾਵਨਾਵਾਂ ਹਨ ਪਰ ਭਾਰਤੀ ਸਿਆਸਤਦਾਨਾਂ ਨੂੰ ਸਿੱਖਾਂ ਦੀਆਂ ਭਾਵਨਾਵਾਂ ਦੀ ਬਜਾਏ ਨਵਜੋਤ ਸਿੰਘ ਸਿੱਧੂ ਵੱਲੋਂ ਪਾਕਿਸਤਾਨੀ ਫੌਜ ਦੇ ਮੁਖੀ ਕਮਰ ਜਾਵੇਦ ਬਾਜਵਾ ਨੂੰ ਪਾਈ ਜੱਫੀ ਵਧੇਰੇ ਦਿਸ ਰਹੀ ਹੈ।

ਗੱਲ ਸਿਰਫ ਭਾਜਪਾ, ਕਾਂਗਰਸ ਆਦਿ ਭਾਰਤੀ ਸਿਆਸੀ ਦਲਾਂ ਜਾਂ ਇਹਨਾਂ ਦੇ ਦਿੱਲੀ/ਕੇਂਦਰੀ ਸਿਆਸਤਦਾਨਾਂ ਤੱਕ ਸੀਮਤ ਨਹੀਂ ਹੈ ਪੰਜਾਬ ਦੇ ਭਾਰਤ ਪੱਖੀ ਸਿਆਸਤਦਾਨ ਦੀ ਹਾਲਤ ਵੀ ਵੱਖਰੀ ਨਹੀਂ ਹੈ। ਪੰਜਾਬ ਦੇ ਕਾਂਗਰਸੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ, ਹਰਸਿਮਰਤ ਕੌਰ ਬਾਦਲ ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮਨਜਿੰਦਰ ਸਿੰਘ ਸਿਰਸਾ ਤੱਕ ਸਭ ਦਾ ਇਹੀ ਹਾਲ ਹੈ।

ਅੱਜ (ਸਤੰਬਰ 19) ਦੇ ਅਖਬਾਰਾਂ ਵਿੱਚ ਵੀ ਇਸੇ ਗੱਲ ਦੀ ਚਰਚਾ ਹੈ ਕਿ ਭਾਰਤੀ ਰੱਖਿਆ ਮੰਤਰੀ ਨੂੰ ਨਵਜੋਤ ਸਿੰਘ ਸਿੱਧੂ ਵੱਲੋਂ ਕਈ ਹਫਤੇ ਪਹਿਲਾਂ ਪਾਈ ਕੁਝ ਕੁ ਪਲਾਂ ਦੀ ਜੱਫੀ ਉੱਤੇ ਹਾਲੀ ਤੱਕ ਵੀ ਇਤਰਾਜ਼ ਹੈ। ਭਾਰਤੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਕਹਿ ਰਹੀ ਹੈ ਕਿ ਕਰਤਾਰਪੁਰ ਸਾਹਿਬ ਲਾਂਘੇ ਲਈ ਪਾਕਿਸਤਾਨ ਨੇ ਕਿਸੇ ਤਰ੍ਹਾਂ ਦੀ ਕੋਈ ਪਹਿਲ ਨਹੀਂ ਕੀਤੀ।

ਪੱਤਰਕਾਰ ਮਿਲਣੀ ਨੂੰ ਸੰਬੋਧਨ ਕਰਦੇ ਹੋਏ ਹਰਸਿਮਰਤ ਕੌਰ ਬਾਦਲ

ਸ਼੍ਰੋਮਣੀ ਅਕਾਲੀ ਦਲ ਵੱਲੋਂ ਕੇਂਦਰੀ ਵਜ਼ਾਰਤ ਵਿੱਚ ਵਜ਼ੀਰੀ ਹੰਢਾ ਰਹੀ ਬੀਬੀ ਹਰਸਿਮਰਤ ਕੌਰ ਬਾਦਲ ਤਾਂ ਇਸ ਮਾਮਲੇ ’ਤੇ ਭਾਰਤ ਸਰਕਾਰ ਦੀ ਵਕੀਲ ਬਣ ਕੇ ਬੋਲ ਰਹੀ ਹੈ। ਬੀਤੇ ਕੱਲ ਹਰਸਿਮਰਤ ਕੌਰ ਬਾਦਲ ਨੇ ਪੱਤਰਕਾਰਾਂ ਨੂੰ ਨਵਜੋਤ ਸਿੰਘ ਸਿੱਧੂ ਵੱਲੋਂ ਕੇਂਦਰ ਨੂੰ ਦਿੱਤੀ ਚਿੱਠੀ ਦੇ ਜਵਾਬ ਵਿੱਚ ਸੁਸ਼ਮਾ ਸਵਰਾਜ ਦੀ ਚਿੱਠੀ ਵਿਖਾਉਂਦਿਆ ਕਿਹਾ ਕਿ ਵੇਖੋ ਭਾਰਤ ਸਰਕਾਰ ਵੀ ਕਹਿ ਰਹੀ ਹੈ ਕਿ ਪਾਕਿਸਤਾਨ ਨੇ ਦੁਵੱਲੀ ਗੱਲਬਾਤ ਦੇ ਨੇਮਾਂ ਤਹਿਤ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹਣ ਲਈ ਕੋਈ ਪੇਸ਼ਕਸ਼ ਨਹੀਂ ਕੀਤੀ। ਬੀਬੀ ਬਾਦਲ ਨੇ ਹਿੰਦੀ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕੀਤੀ ਤੇ ਇਹੀ ਰਾਗ ਅਲਾਪਿਆ ਨੇ ਹਾਂ-ਹਾਂ ਪਾਕਿਸਤਾਨ ਦੇ ਫੌਜ ਮੁਖੀ ਨੂੰ ਨਵਜੋਤ ਸਿੰਘ ਸਿੱਧੂ ਨੇ ਜੱਫੀ ਕਿਉਂ ਪਾਈ ਸੀ।

ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੂੰ ਜੱਫੀ ਪਾਉਂਦਿਆਂ ਦੀ ਤਸਵੀਰ

ਜੱਫੀ ਬਿਲਕੁਲ ਕੋਈ ਮਸਲਾ ਨਹੀਂ ਹੈ। ਅਜਿਹੀ ਜੱਫੀ ਨਵਾਜ਼ ਸ਼ਰੀਫ ਤੇ ਨਰਿੰਦਰ ਮੋਦੀ ਨੇ ਵੀ ਪਾਈ ਸੀ। ਕਾਰਗਿਲ ਲੜਾਈ ਮੌਕੇ ਪਾਕਿਸਤਾਨੀ ਫੌਜ ਦੀ ਅਗਵਾਈ ਕਰਨ ਵਾਲੇ ਪਰਵੇਜ਼ ਮੁਸ਼ੱਰਫ ਨਾਲ ਪਾਕਿਸਤਾਨ ਦਾ ਰਾਸ਼ਟਰਪਤੀ ਬਣਨ ਤੋਂ ਬਾਅਦ ਭਾਰਤ ਦੇ ਪ੍ਰਧਾਨ ਮੰਤਰੀ ਹੁੰਦਿਆਂ ਅਟਲ ਬਿਹਾਰੀ ਵਾਜਪਾਈ ਨੇ ਵੀ ਹੱਥ ਮਿਲਾਏ ਸਨ ਤੇ ਪਹਿਲਾਂ 2004 ਵਿੱਚ ਉਸਨੇ ਪਾਕਿਸਤਾਨੀ ਪ੍ਰਧਾਨ ਮੰਤਰੀ ਜ਼ਫਰਉੱਲਾ ਖਾਨ ਜਮਾਲੀ ਨੂੰ ਵੀ ਜੱਫੀ ਪਾਈ ਸੀ। ਇਹ ਜੱਫੀਆਂ ਤੇ ਮਿਲਣੀਆਂ ਕਦੇ ਵੀ ਮਸਲੇ ਨਹੀਂ ਬਣਦੀਆਂ ਰਹੀਆਂ। ਹੁਣ ਵੀ ਮਾਮਲਾ ਜੱਫੀ ਦਾ ਨਹੀਂ ਹੈ ਅਸਲ ਵਿੱਚ ਗੱਲ ਤਾਂ ਇਹ ਹੈ ਕਿ ‘ਜੱਫੀ ਤਾਂ ਮਹਿਜ਼ ਬਹਾਨਾ ਹੈ, ਸਿੱਧੂ ਰਾਹੀਂ ਸਿੱਖ ਕੌਮ ਅਸਲ ਨਿਸ਼ਾਨਾ ਹੈ’।ਭਾਰਤੀ ਸਿਆਸਤਦਾਨਾਂ ਨੇ ਆਪਣੀ ਸਮੁੱਚੀ ਬਿਆਨਬਾਜ਼ੀ ਵਿੱਚ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਲਾਂਘੇ ਦਾ ਮਾਮਲਾ ਪਿੱਛੇ ਛੱਡ ਦਿੱਤਾ ਹੈ ਅਤੇ ਦੂਸ਼ਣਬਾਜ਼ੀ ਅੱਗੇ ਕਰ ਲਈ ਹੈ।

ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਪ੍ਰਵੇਜ਼ ਮੁਸ਼ੱਰਫ ਨਾਲ

ਜਦੋਂ ਬਹੁਗਿਣਤੀ ਸਿੱਖ ਭਾਰਤੀ ਹਕੂਮਤ ਦੇ ਕਬਜ਼ੇ ਹੇਠਲੇ ਪੰਜਾਬ ਤੇ ਇਸ ਖਿੱਤੇ ਦੇ ਹੋਰਨਾਂ ਸੂਬਿਆਂ ਵਿੱਚ ਰਹਿ ਰਹੇ ਹਨ ਤਾਂ ਸਿੱਖਾਂ ਦੀਆਂ ਭਾਵਨਾਵਾਂ ਦੇ ਮੱਦੇ-ਨਜ਼ਰ ਲਾਂਘੇ ਦੀ ਤਜਵੀਜ਼ ਭਾਰਤ ਸਰਕਾਰ ਨੂੰ ਪੇਸ਼ ਕਰਨੀ ਚਾਹੀਦੀ ਹੈ ਪਰ ਇੱਥੇ ਇਹ ਮਹਾਂਰਥੀ ਇਹ ਕਹਿ ਰਹੇ ਨੇ ਖਿ ‘ਪਾਕਿਸਤਾਨ ਇਹ ਕਿਉਂ ਨਹੀਂ ਕਹਿੰਦਾ ਕਿ ਭਾਰਤ ਵਿੱਚ ਰਹਿੰਦੇ ਸਿੱਖਾਂ ਦੀਆਂ ਭਾਵਨਾਵਾਂ ਦਾ ਖਿਆਲ ਰੱਖਦਿਆਂ ਅਸੀਂ ਭਾਰਤ ਸਰਕਾਰ ਨੂੰ ਗੁਰਦੁਆਰਾ ਕਰਤਾਰਪੁਰ ਸਾਹਿਬ ਦਾ ਲਾਂਘਾ ਬਣਾਉਣ ਦੀ ਲਿਖਤੀ ਤਜਵੀਜ਼ ਪੇਸ਼ ਕਰਦੇ ਹਾਂ’। ਹੁਣ ਜੇਕਰ ਇਹ ਗੱਲ ਸਿਰੇ ਦੀ ਬੇਈਮਾਨੀ ਨਹੀਂ ਹੈ ਤਾਂ ਫਿਰ ਕੀ ਹੈ?

ਭਾਰਤੀ ਸਿਆਸਦਾਨਾਂ ਵੱਲੋਂ ਅਪਣਾਈ ਜਾ ਰਹੀ ਪਹੁੰਚ ਇਹ ਦਰਸਾਉਂਦੀ ਹੈ ਕਿ ਗੁਰਧਾਮਾਂ ਦੇ ਦਰਸ਼ਨ ਦਿਦਾਰ ਲੋਚਦੀਆਂ ਸਿੱਖਾਂ ਦੀਆਂ ਨਿਰਮਲ ਭਾਵਨਾਵਾਂ ਨੂੰ ਭਾਰਤੀ ਸਿਆਸਤਦਾਨਾਂ ਲਈ ਰਾਜਨੀਤੀ ਦੀ ਭੱਠੀ ਦੇ ਬਾਲਣ ਤੋਂ ਵੱਧ ਕੁਝ ਨਹੀਂ ਸਮਝ ਰਹੇ। ਹਾਂ, ਸਿੱਖ ਆਪ ਇਸ ਗੱਲ ਨੂੰ ਕਿੰਨਾ ਕੁ ਸਮਝਦੇ ਹਨ, ਇਹ ਅਗਲਾ ਸਵਾਲ ਹੈ।

– ਪਰਮਜੀਤ ਸਿੰਘ

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , , , , , , , ,