September 17, 2018 | By ਸਿੱਖ ਸਿਆਸਤ ਬਿਊਰੋ
ਚੰਡੀਗੜ੍ਹ: ਕੇਂਦਰ ਦੇ ਕਬਜੇ ਵਾਲਾ ਭਾਖੜਾ ਬਿਆਸ ਮੈਨੇਜਮੈਂਟ ਬੋਰਡ (ਭ.ਬਿ.ਮ.ਬ) ਰਾਜਸਥਾਨ ਦੀਆਂ ਸੂਬਾਈ ਚੋਣਾਂ ਵਿੱਚ ਭਾਰਤੀ ਜਨਤਾ ਪਾਰਟੀ ਨੂੰ ਫਾਇਦਾ ਪਹੁੰਚਾਉਣ ਲਈ ਪੰਜਾਬ ਦੇ ਦਰਿਆਵਾਂ ਦਾ ਹੋਰ ਵਧੇਰੇ ਪਾਣੀ ਰਾਜਸਥਾਨ ਨੂੰ ਭੇਜ ਰਿਹਾ ਹੈ। ਇਸ ਤੱਥ ਦਾ ਖੁਲਾਸਾ ਹਫਿੰਗਟਨ ਪੋਸਟ ਨਾਮੀ ਅਦਾਰੇ ਵੱਲੋਂ ਛਾਪੀ ਗਈ ਇਕ ਖਬਰ ਤੋਂ ਹੋਇਆ ਹੈ ਜਿਸ ਵਿੱਚ ਕਿਹਾ ਗਿਆ ਹੈ ਕਿ ਪੰਜਾਬ, ਹਰਿਆਣਾ ਤੇ ਹਿਮਾਚਲ ਪਰਦੇਸ਼ ਦੇ ਅਫਸਰਾਂ ਨਾਲ ਗੱਲਬਾਤ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਭ.ਬਿ.ਮ.ਬ. ਲੋੜੀਂਦੀ ਮਨਜੂਰੀ ਤੋਂ ਬਿਨਾ ਹੀ ਰਾਜਸਥਾਨ ਨੂੰ ਵਧੇਰੇ ਪਾਣੀ ਛੱਡ ਰਿਹਾ ਹੈ ਜਿਸ ਖਿਲਾਫ ਹਰਿਆਣਾ ਨੇ ਸ਼ਿਕਾਇਤ ਵੀ ਦਰਜ਼ ਕਰਵਾਈ ਹੈ।
ਜੋ ਜਾਣਕਾਰੀ ਅਦਾਰੇ ਨੇ ਆਪਣੀ ਖਬਰ ਵਿੱਚ ਸਾਂਝੀ ਕੀਤੀ ਹੈ ਉਸ ਮੁਤਾਬਕ ਰਾਜਸਥਾਨ ਨੂੰ ਇਹ ਵਾਧੂ ਦਰਿਆਈ ਪਾਣੀ ਭਾਖੜਾ ਅਤੇ ਪੌਂਗ ਡੈਮਾਂ ਵਿਚੋਂ ਛੱਡਿਆ ਗਿਆ ਹੈ ਜਿਸ ਦੇ ਨਤੀਜੇ ਵਜੋਂ ਪੌਂਗ ਡੈਂਮ ਵਿੱਚ ਪਾਣੀ ਦਾ ਪੱਧਰ ਨਾਮਾਤਰ ਹੀ ਰਹਿ ਗਿਆ ਹੈ।
ਇਸ ਸਾਲ ਮੀਂਹ ਘੱਟ ਪੈਣ ਕਾਰਨ ਤੇ ਸਤਲੁਜ ਅਤੇ ਬਿਆਸ ਦਰਿਆਵਾਂ ਦੇ ਪਹਾੜੀ ਖੇਤਰ ਵਿੱਚ ਬਰਫ ਘੱਟ ਡਿੱਗਣ ਕਾਰਨ ਇਹਨਾਂ ਦਰਿਆਵਾਂ ਵਿੱਚ ਪਾਣੀ ਦਾ ਬਹਾਅ ਘੱਟ ਰਹਿਣ ਦੀਆਂ ਕਿਆਸ-ਅਰਾਈਆਂ ਹਨ। ਅਜਿਹੇ ਮੌਕੇ ਭ.ਬਿ.ਮ.ਬ. ਵੱਲੋਂ ਰਾਜਸਥਾਨ ਨੂੰ ਵੱਧ ਪਾਣੀ ਛੱਡਣਾ ਪੰਜਾਬ ਤੇ ਹਰਿਆਣਾ ਲਈ ਵੱਡੀ ਮੁਸੀਬਤ ਦਾ ਕਾਰਨ ਬਣ ਸਕਦਾ ਹੈ।
ਹਫਿੰਗਟਨ ਪੋਸਟ ਨੇ ਕਿਹਾ ਹੈ ਕਿ ਪੰਜਾਬ ਅਤੇ ਹਰਿਆਣਾ ਦੇ ਅਫਸਰਾਂ ਮੁਤਾਬਕ ਮਈ ਅਤੇ ਜੂਨ ਦੇ ਮਹੀਨੇ ਰਾਜਸਥਾਨ ਨੂੰ ਤਕਰੀਬਨ 3 ਲੱਖ 50 ਹਜ਼ਾਰ ਕਿਉਸਕ ਵਾਧੂ ਪਾਣੀ ਦਿੱਤਾ ਗਿਆ।
ਜ਼ਿਕਰਯੋਗ ਹੈ ਕਿ ਪੰਜਾਬ ਵਿਚ ਪਹਿਲਾਂ ਹੀ ਜ਼ਮੀਨੀ ਪਾਣੀ ਦੀ ਥੋੜ ਦਾ ਸੰਕਟ ਦਰਪੇਸ਼ ਹੈ ਤੇ ਬੀਤੇ ਕਈ ਦਹਾਕਿਆਂ ਤੋਂ ਪੰਜਾਬ ਦੇ ਹਿੱਤਾਂ ਦਾ ਘਾਣ ਕਰਕੇ ਪਾਣੀਆਂ ਦੀ ਵੰਡ ਬਾਰੇ ਅੰਤਰਰਾਸ਼ਟਰੀ ਕਨੂੰਨ ਰਾਇਪੇਰੀਅਨ ਸਿਧਾਂਤ ਦੇ ਉਲਟ ਭਾਰਤ ਦੀ ਕੇਂਦਰੀ ਹਕੂਮਤ ਪੰਜਾਬ ਦਾ ਦਰਿਆਈ ਪਾਣੀ ਗੈਰ-ਰਾਇਪੇਰੀਅਨ ਸੂਬਿਆਂ ਨੂੰ ਦੇ ਰਹੀ ਹੈ। ਅਜਿਹੇ ਵਿਚ ਹੁਣ ਐਲਾਨੀਆ ਤੌਰ ‘ਤੇ ਲੁੱਟੇ ਜਾ ਰਹੇ ਪੰਜਾਬ ਦੇ ਪਾਣੀ ਤੋਂ ਇਲਾਵਾ ਗੁਪਤ ਢੰਗਾਂ ਨਾਲ ਹੋ ਰਹੀ ਇਸ ਲੁੱਟ ਪਿੱਛੇ ਜਿੱਥੇ ਪੰਜਾਬ ਵਿਰੋਧੀ ਵੱਡੇ ਸਾਜਿਸ਼ੀ ਕਾਰਨ ਵੀ ਜਾਪ ਰਹੇ ਹਨ ਉੱਥੇ ਪੰਜਾਬ ਲਈ ਇਹ ਇਕ ਨਵੀਂ ਚੁਣੌਤੀ ਖੜੀ ਹੋ ਗਈ ਹੈ।
Related Topics: BBMB, Huffington Post, Punjab River Wate