August 31, 2018 | By ਸਿੱਖ ਸਿਆਸਤ ਬਿਊਰੋ
ਓਂਟਾਰੀਓ: ਕੈਨੇਡਾ ਵਿਚ ਓਂਟਾਰੀਓ ਅਜਿਹਾ ਚੌਥਾ ਸੂਬਾ ਬਣਨ ਜਾ ਰਿਹਾ ਹੈ ਜਿੱਥੇ ਦਸਤਾਰਧਾਰੀ ਸਿੱਖਾਂ ਨੂੰ ਲੋਹ ਟੋਪ (ਹੈਲਮਟ) ਪਾਉਣ ਤੋਂ ਛੋਟ ਹੋਵੇਗੀ। ਇਸ ਸਬੰਧੀ ਓਂਟਾਰੀਓ ਸੂਬਾ ਸਰਕਾਰ ਵਲੋਂ ਚੁੱਕੇ ਜਾ ਰਹੇ ਕਦਮਾਂ ਦੀ ਪੁਸ਼ਟੀ ਓਂਟਾਰੀਓ ਦੇ ਪ੍ਰੀਮੀਅਰ ਡੋਅ ਫੋਰਡਸ ਦੇ ਦਫਤਰ ਨੇ ਕੀਤੀ ਹੈ।
ਪ੍ਰੀਮੀਅਰ ਦੇ ਦਫਤਰ ਨੇ ਦੱਸਿਆ ਕਿ ਸਰਕਾਰ ਦਸਤਾਰਧਾਰੀ ਸਿੱਖਾਂ ਨੂੰ ਮੋਟਰਸਾਈਕਲ ਚਲਾਉਣ ਮੌਕੇ ਹੈਲਮਟ ਪਾਉਣ ਤੋਂ ਛੋਟ ਦੇਣ ਬਾਰੇ ਇਸ ਸਿਆਲ ਕਾਨੂੰਨ ਲਿਆਉਣ ਦੀ ਯੋਜਨਾ ਬਣਾ ਰਹੀ ਹੈ।
ਪ੍ਰੀਮੀਅਰ ਦੇ ਬੁਲਾਰੇ ਨੇ ਦੱਸਿਆ ਕਿ ਆਵਾਜਾਈ ਵਿਭਾਗ ਓਂਟਾਰੀਓ ਦੇ ਹੈਲਮਟ ਸਬੰਧੀ ਕਾਨੂੰਨ ਦੀ ਘੋਖ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਹੈਲਮਟ ਤੋਂ ਦਸਤਾਰਧਾਰੀ ਸਿੱਖਾਂ ਨੂੰ ਛੋਟ ਦੇਣ ਸਬੰਧੀ ਗੋਲਮੇਜ ਬੈਠਕ ਦੌਰਾਨ ਵਾਅਦਾ ਕੀਤਾ ਗਿਆ ਸੀ।
ਉਨ੍ਹਾਂ ਕਿਹਾ ਕਿ ਪ੍ਰੀਮੀਅਰ ਫੋਰਡ ਨੇ ਸਿੱਖ ਭਾਈਚਾਰੇ ਨਾਲ ਵਾਅਦਾ ਕੀਤਾ ਸੀ ਕਿ ਸਿੱਖਾਂ ਦੇ ਨਾਗਰਿਕ ਹੱਕਾਂ ਅਤੇ ਧਾਰਮਿਕ ਅਜ਼ਾਦੀ ਦੇ ਮੱਦੇਨਜ਼ਰ ਸਿੱਖ ਮੋਟਰਸਾਈਕਲ ਚਾਲਕਾਂ ਨੂੰ ਹੈਲਮਟ ਪਾਉਣ ਤੋਂ ਛੋੋੋੋਟ ਦਿੱਤੀ ਜਾਵੇਗੀ।
ਇਸ ਤੋਂ ਪਹਿਲਾਂ ਕੈਨੇਡਾ ਦੇ ਤਿੰਨ ਸੂਬਿਆਂ ਐਲਬਰਟਾ, ਮਨੀਟੋਬਾ ਅਤੇ ਬ੍ਰਿਿਟਸ਼ ਕੋਲੰਬੀਆ ਨੇ ਕਾਨੂੰਨ ਬਣਾ ਕੇ ਦਸਤਾਰਧਾਰੀ ਸਿੱਖਾਂ ਨੂੰ ਹੈਲਮਟ ਪਾਉਣ ਤੋਂ ਛੋਟ ਦਿੱਤੀ ਹੋਈ ਹੈ।
Related Topics: Ontario Legislative Assembly, Sikhs in Canada