August 30, 2018 | By ਸਿੱਖ ਸਿਆਸਤ ਬਿਊਰੋ
ਚੰਡੀਗੜ੍ਹ: ਸਾਕਾ ਗੁਰਦਾਸਪੁਰ 2012 ਵਿਚ ਪੁਲਿਸ ਗੋਲੀ ਨਾਲ ਸ਼ਹੀਦ ਹੋਏ ਨੌਜਵਾਨ ਸਿੱਖ ਵਿਿਦਆਰਥੀ ਜਸਪਾਲ ਸਿੰਘ ਦੇ ਮਾਤਾ ਪਿਤਾ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਕਿਹਾ ਹੈ ਕਿ ਉਹ ਦਖਲ ਦੇ ਕੇ ਇਸ ਘਟਨਾ ਦੇ ਦੋਸ਼ੀਆਂ ਖਿਲਾਫ ਕਾਰਵਾਈ ਸ਼ੁਰੂ ਕਰਵਾਉਣ। ਸੋਸ਼ਲ ਮੀਡੀਆ ਰਾਹੀਂ ਮੁੱਖ ਮੰਤਰੀ ਦੇ ਨਾਂ ਜਾਰੀ ਇਕ ਸੁਨੇਹੇ ਵਿਚ ਭਾਈ ਜਸਪਾਲ ਸਿੰਘ ਦੇ ਪਿਤਾ ਸ. ਗੁਰਚਰਨਜੀਤ ਸਿੰਘ ਕਿਹਾ ਹੈ ਕਿ ਪਿਛਲੇ 6 ਸਾਲਾਂ ਦੌਰਾਨ ਇਸ ਘਟਨਾ ਲਈ ਜਿੰਮੇਵਾਰ ਦੋਸ਼ੀਆਂ ਦੀ ਪ੍ਰਤੱਖ ਪਛਾਣ ਹੋਣ ਦੇ ਬਾਵਜੂਦ ਕਿਸੇ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਗਈ।
ਉਹਨਾਂ ਕਿਹਾ ਕਿ ਉਹ ਆਪਣੇ ਪੁੱਤਰ ਦੇ ਇਨਸਾਫ ਲਈ ਲੜਾਈ ਲੜ ਰਹੇ ਹਨ ਪਰ ਉਨ੍ਹਾਂ ਨੂੰ ਇਨਸਾਫ ਦੀ ਕੋਈ ਉਮੀਦ ਨਹੀਂ ਸੀ ਰਹਿ ਗਈ। ਪਰ ਹੁਣ ਪੰਜਾਬ ਦੀ ਮੌਜੂਦਾ ਸਰਕਾਰ ਵਲੋਂ ਸਾਕਾ ਬਹਿਬਲ ਕਲਾਂ ਦੌਰਾਨ ਪੁਲਿਸ ਵੱਲੋਂ ਕੀਤੀ ਗੋਲੀਬਾਰ ਬਾਰੇ ਲੇਖਾ ਵਿਧਾਨ ਸਭਾ ਵਿਚ ਪੇਸ਼ ਕਰਨ ਅਤੇ ਦੋਸ਼ੀ ਪੁਲਿਸ ਵਾਲਿਆਂ ਖਿਲਾਫ ਕਾਰਵਾਈ ਵਿੱਢਣ ਦਾ ਐਲਾਨ ਕਰਨ ਤੋਂ ਬਾਅਦ ਉਨ੍ਹਾਂ ਨੂੰ ਆਪਣੇ ਪੁੱਤਰ ਦੇ ਮਾਮਲੇ ਵਿਚ ਇਨਸਾਫ ਦੀ ਆਸ ਬੱਝੀ ਹੈ।
ਸ. ਗੁਰਚਰਨਜੀਤ ਸਿੰਘ ਨੇ ਕਿਹਾ ਕਿ ਅੱਜ ਤਕ ਹਰ ਤਰ੍ਹਾਂ ਦੀ ਚਾਰਾਜੋਈ ਕਰਨ ਅਤੇ ਅਦਾਲਤ ਵਿਚ ਮੁਕੱਦਮਾ ਦਾਇਰ ਕਰਨ ਦੇ ਬਾਵਜੂਦ ਵੀ ਇਸ ਮਾਮਲੇ ਵਿਚ ਦੋਸ਼ੀਆਂ ਖਿਲਾਫ ਕੋਈ ਕਾਰਵਾਈ ਨਹੀਂ ਹੋਈ।
ਮਾਮਾਲੇ ਦਾ ਪਿਛੋਕੜ:
2012 ਦੇ ਸ਼ੁਰੂ ਵਿਚ ਇਕ ਭਾਰਤੀ ਅਦਾਲਤ ਨੇ ਸਿੱਖ ਸਿਆਸੀ ਕੈਦੀ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਫਾਂਸੀ ਲਾਉਣ ਲਈ “ਕਾਲੇ ਵਰੰਟ” ਜੇਲ੍ਹ ਭੇਜੇ ਸਨ ਅਤੇ ਪਟਿਆਲਾ ਕੇਂਦਰੀ ਜੇਲ੍ਹ ਵਿਚ ਫਾਂਸੀ ਦੇਣ ਦਾ ਦਿਨ 31 ਮਾਰਚ ਨਿਯਤ ਕੀਤਾ ਗਿਆ ਸੀ।
ਭਾਰਤੀ ਅਦਾਲਤ ਦੇ ਇਸ ਫੈਸਲੇ ਖਿਲਾਫ ਸਿੱਖ ਜਗਤ ਵਿਚ ਭਾਰੀ ਰੋਸ ਫੈਲਿਆ ਅਤੇ ਸਿੱਖ ਜਥੇਬੰਦੀਆਂ ਨੇ ਇਸ ਫਾਂਸੀ ਖਿਲਾਫ 28 ਮਾਰਚ ਨੂੰ ਪੰਜਾਬ ਬੰਦ ਦਾ ਸੱਦਾ ਦਿੱਤਾ।
ਸਾਰੇ ਪੰਜਾਬ ਵਿਚ ਬੰਦ ਸ਼ਾਂਤੀਪੂਰਨ ਰਿਹਾ ਪਰ ਗੁਰਦਾਸਪੁਰ ਵਿਚ ਸ਼ਿਵ ਸੈਨਾ ਨਾਲ ਸਬੰਧਿਤ ਬੰਦਿਆਂ ਨੇ ਕੁਝ ਸਿੱਖ ਨੌਜਵਾਨਾਂ ਦੀ ਮਾਰਕੁੱਟ ਕੀਤੀ ਅਤੇ ਦਸਤਾਰ ਦੀ ਬੇਅਦਬੀ ਕੀਤੀ। ਮਾਰਕੁੱਟ ਕਰਨ ਵਾਲੇ ਸ਼ਿਵ ਸੈਨਿਕਾਂ ਖਿਲਾਫ ਐਫਆਈਆਰ ਦਰਜ ਕੀਤੀ ਗਈ ਸੀ।
ਇਸ ਐਫਆਈਆਰ ਨੂੰ ਰੱਦ ਕਰਾਉਣ ਲਈ ਸ਼ਿਵ ਸੈਨਾ ਨੇ 29 ਮਾਰਚ ਨੂੰ ਗੁਰਦਾਸਪੁਰ ਬੰਦ ਦਾ ਐਲਾਨ ਕੀਤਾ ਸੀ। ਇਸ ਦੌਰਾਨ ਜਦੋਂ ਸ਼ਿਵ ਸੈਨਾ ਦੇ ਬੰਦੇ ਸ਼ਹਿਰ ਵਿਚ ਦੁਕਾਨਾਂ ਬੰਦ ਕਰਾ ਰਹੇ ਸਨ ਤਾਂ ਉਨ੍ਹਾਂ ਦੀ ਸਿੱਖ ਦੁਕਾਨਦਾਰਾਂ ਨਾਲ ਝੜਪ ਹੋ ਗਈ। ਇਸ ਤੋਂ ਬਾਅਦ ਸਿੱਖ ਸੰਗਤਾਂ ਨੇ ਸਥਾਨਕ ਗੁਰਦੁਆਰਾ ਰਾਮਗੜ੍ਹੀਆ ਦੇ ਬਾਹਰ ਸੜਕ ਕੰਢੇ ਸ਼ਾਂਤਮਈ ਧਰਨਾ ਸ਼ੁਰੂ ਕਰਕੇ ਐਫਆਈਆਰ ਵਿਚ ਨਾਮਜ਼ਦ ਸ਼ਿਵ ਸੈਨਿਕਾਂ ਦੀ ਗ੍ਰਿਫਤਾਰੀ ਦੀ ਮੰਗ ਕੀਤੀ।
ਸਤਿਨਾਮ ਵਾਹਿਗੁਰੂ ਦਾ ਜਾਪ ਕਰ ਰਹੀਆਂ ਸਿੱਖ ਸੰਗਤਾਂ ਉੱਤੇ ਪੁਲਿਸ ਨੇ ਕਾਰਵਾਈ ਕਰਦਿਆਂ ਗੋਲੀ ਚਲਾ ਦਿੱਤੀ ਤੇ ਗਲੀਆਂ ਵਿਚ ਪਿੱਛੇ ਭੱਜ-ਭੱਜ ਕੇ ਗੋਲੀਆਂ ਮਾਰੀਆਂ। ਇਸ ਘਟਨਾ ਵਿਚ ਦੋ ਸਿੱਖ ਨੌਜਵਾਨਾਂ ਦੇ ਗੋਲੀਆਂ ਵੱਜੀਆਂ। ਜਿੱਥੇ ਰਣਜੀਤ ਸਿੰਘ ਗੋਲੀ ਲੱਗਣ ਨਾਲ ਗੰਭੀਰ ਜ਼ਖਮੀ ਹੋ ਗਿਆ ਸੀ ਉੱਥੇ ਜਸਪਾਲ ਸਿੰਘ ਦੀ ਗੋਲੀ ਲੱਗਣ ਨਾਲ ਮੌਤ ਹੋ ਗਈ ਸੀ।
ਉਸ ਸਮੇਂ ਦੀ ਬਾਦਲ ਸਰਕਾਰ ਵਲੋਂ ਸਿੱਖ ਸੰਗਤਾਂ ਵਿਚ ਫੈਲੇ ਰੋਸ ਦੇ ਚਲਦਿਆਂ ਇਸ ਘਟਨਾ ਦੀ ਜਾਂਚ ਲਈ ਜਲੰਧਰ ਦੇ ਕਮਿਸ਼ਨਰ ਐਸ ਆਰ ਲੱਧੜ ਦੀ ਅਗਵਾਈ ਵਿਚ ਕਮਿਸ਼ਨ ਬਣਾਇਆ ਗਿਆ ਸੀ ਜਿਸਨੇ ਆਪਣੀ ਜਾਂਚ ਵਿਚ ਸ਼ਾਂਤਮਾਈ ਧਰਨਾ ਦੇ ਰਹੇ ਸਿੱਖਾਂ ‘ਤੇ ਪੁਲਿਸ ਵਲੋਂ ਐਸਐਲਆਰ ਅਤੇ ਏਕੇ 47 ਵਰਗੇ ਮਾਰੇ ਮਾਰੂ ਹਥਿਆਰਾਂ ਨਾਲ ਗੋਲੀਆਂ ਚਲਾਉਣ ਉੱਤੇ ਗੰਭੀਰ ਸਵਾਲ ਚੁੱਕੇ ਸਨ। ਪਰ ਇਹ ਜਾਂਚ ਵੀ ਦੋਸ਼ੀਆਂ ਦੀ ਸ਼ਨਾਖਤ ਕਰਨ ਵਿਚ ਨਾਕਾਮ ਰਹੀ ਸੀ।
ਪੰਜਾਬ ਪੁਲਿਸ ਨੇ ਇਸ ਮਾਮਲੇ ਦੀ ਜਾਂਚ ਨੂੰ ਖਰਾਬ ਕਰਨ ਲਈ ਇਸ ਵਿਚ ਲਗਾਤਾਰ ਬੇਨੀਯਮੀਆਂ ਕੀਤੀਆਂ ਤੇ ਹਾਈ ਕੋਰਟ ਨੂੰ ਵੀ ਗੁਮਰਾਹ ਕਰਨ ਦੀ ਕੋਸ਼ਿਸ਼ ਕੀਤੀ।
ਇਸ ਸਭ ਦੌਰਾਨ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਹੁਕਮਾਂ ਤੇ ਭਾਈ ਜਸਪਾਲ ਸਿੰਘ ਦੇ ਸ਼ਰੀਰ ਵਿਚੋਂ ਮਿਲੀ ਗੋਲੀ ਦੀ ਵਿਿਗਆਨਕ ਜਾਂਚ ਤੋਂ ਇਹ ਤੱਥ ਸਥਾਪਿਤ ਹੋ ਗਏ ਕਿ ਉਹ ਗੋਲੀ ਜਿਸ ਏ.ਕੇ. 47 ਵਿਚੋਂ ਚੱਲੀ ਸੀ ਉਹ ਵਿਜੈ ਕੁਮਾਰ ਨਾਮੀਂ ਸਿਪਾਹੀ ਨੂੰ ਜਾਰੀ ਕੀਤੀ ਗਈ ਸੀ। ਅਜਿਹੇ ਠੋਸ ਸਬੂਤਾਂ ਦੇ ਬਾਵਜੂਦ ਪੁਲਿਸ ਨੇ ਅਦਾਲਤ ਵਿਚ ਮੁਕੱਦਮਾ ਬੰਦ ਕਰਨ ਦੀ ਸਿਫਾਰਿਸ਼ ਕੀਤੀ।
ਹਾਈ ਕੋਰਟ ਨੇ ਵੀ ਇਸ ਮਾਮਲੇ ਦੀ ਸੀਬੀਆਈ ਜਾਂਚ ਕਰਾਉਣ ਤੋਂ ਮਨਾ ਕਰ ਦਿੱਤਾ।
ਹੁਣ ਇਸ ਮਾਮਲੇ ਦੀ ਇਹ ਹਾਲਤ ਹੈ ਕਿ ਜਸਪਾਲ ਸਿੰਘ ਦੇ ਪਰਿਵਾਰ ਨੂੰ ਪਿਛਲੇ 3-4 ਸਾਲਾਂ ਤੋਂ ਮਾਮਲੇ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ।
Related Topics: Captain Amrinder Singh Government, Gurdaspur, Gurdaspur Incident, Human Rights, Punjab and Haryana High Court, Punjab Government, Punjab Police, Shaheed Bhai Jaspal Singh Gurdaspur