July 24, 2018 | By ਸਿੱਖ ਸਿਆਸਤ ਬਿਊਰੋ
ਚੰਡੀਗੜ੍ਹ: ਗਾਂ ਰੱਖਿਆ ਦੇ ਨਾਂ ‘ਤੇ ਭਾਰਤ ਵਿਚ ਘੱਟਗਿਣਤੀਆਂ ਨਾਲ ਸਬੰਧਿਤ ਲੋਕਾਂ ਨੂੰ ਭੀੜਾਂ ਵਲੋਂ ਕਤਲ ਕੀਤੇ ਜਾਣ ਦੀਆਂ ਘਟਨਾਵਾਂ ਜਿੱਥੇ ਲਗਾਤਾਰ ਵੱਧ ਰਹੀਆਂ ਹਨ ਉੱਥੇ ਇਨ੍ਹਾਂ ਅਨਸਰਾਂ ਨੂੰ ਮਿਲ ਰਹੀ ਸਰਕਾਰੀ ਪੁਸ਼ਤਪਨਾਹੀ ਦੀ ਇਕ ਹੋਰ ਮਿਸਾਲ ਸਾਹਮਣੇ ਆਈ ਹੈ। ਤੇਲੰਗਾਨਾ ਸੂਬੇ ਤੋਂ ਭਾਜਪਾ ਦੇ ਵਿਧਾੲਕਿ ਟੀ ਰਾਜਾ ਸਿੰਘ ਲੋਧ ਨੇ ਬਿਆਨ ਦਿੱਤਾ ਹੈ ਕਿ ਗਾਂਵਾਂ ਦੀ ਰੱਖਿਆ ਲਈ ਜੰਗ ਅਤੇ ਭੀੜ ਵਲੋਂ ਕੀਤੇ ਜਾ ਰਹੇ ਕਤਲ ਉਸ ਸਮੇਂ ਤਕ ਨਹੀਂ ਰੁਕਣਗੇ ਜਦੋਂ ਤਕ ਗਾਂ ਨੂੰ ‘ਰਾਸ਼ਟਰ ਮਾਤਾ’ ਦਾ ਦਰਜਾ ਨਹੀਂ ਦਿੱਤਾ ਜਾਂਦਾ।
ਆਪਣੇ ਵਿਵਾਦਿਤ ਬਿਆਨਾਂ ਲਈ ਮਸ਼ਹੂਰ ਵਿਧਾਇਕ ਨੇ ਹੋਰ ਸੰਸਦ ਮੈਂਬਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਸੰਸਦ ਵਿਚ ਇਸ ਗੱਲ ਦੀ ਮੰਗ ਰੱਖਣ। ਵਿਧਾਇਕ ਨੇ ਕਿਹਾ, “ਹੁਣ ਜਦੋਂ ਗਾਂ ਨੂੰ ਰਾਸ਼ਟਰ ਮਾਤਾ ਦਾ ਦਰਜਾ ਨਹੀਂ ਦਿੱਤਾ ਗਿਆ ਹੈ, ਮੈਨੂੰ ਲਗਦਾ ਹੈ ਕਿ ਗਾਂ ਰੱਖਿਆ ਦੀ ਜੰਗ ਨਹੀਂ ਰੁਕੇਗੀ ਭਾਵੇਂ ਗਾਂ ਰੱਖਿਅਕਾਂ ਨੂੰ ਜੇਲਾਂ ਵਿਚ ਸੁੱਟ ਦਵੋ ਭਾਵੇਂ ਗੋਲੀਆਂ ਮਾਰ ਦਵੋ।”
ਵਿਧਾਇਕ ਨੇ ਕਿਹਾ ਕਿ ਜਦੋਂ ਤਕ ਹਰ ਸੂਬੇ ਵਿਚ ਗਾਂ ਰੱਖਿਆ ਦਾ ਇਕ ਵੱਖਰਾ ਮੰਤਰਾਲਾ ਨਹੀਂ ਬਣਾਇਆ ਜਾਂਦਾ ਤੇ ਸਖਤ ਕਾਨੂੰਨ ਨਹੀਂ ਬਣਾਏ ਜਾਂਦੇ ਗਾਂ ਦੇ ਨਾਂ ‘ਤੇ ਹੁੰਦੀ ਹਿੰਸਾ ਨੂੰ ਰੋਕਿਆ ਨਹੀਂ ਜਾ ਸਕਦਾ।
ਗੌਰਤਲਬ ਹੈ ਕਿ ਬੀਤੇ ਸ਼ੁਕਰਵਾਰ ਹੀ ਰਾਜਸਥਾਨ ਦੇ ਅਲਵਰ ਜ਼ਿਲ੍ਹੇ ਵਿਚ ਗਾਂ ਰੱਖਿਆ ਦੇ ਨਾਂ ‘ਤੇ ਭੀੜ ਨੇ ਹਮਲਾ ਕਰਕੇ ਰਕਬਰ ਖਾਨ ਨਾਮੀਂ ਮੁਸਲਮਾਨ ਨੌਜਵਾਨ ਨੂੰ ਮਾਰ ਦਿੱਤਾ ਸੀ। ਇਸ ਤਰ੍ਹਾਂ ਦੀਆਂ ਘਟਨਾਵਾਂ ਭਾਰਤ ਵਿਚ ਆਮ ਹੁੰਦੀਆਂ ਜਾ ਰਹੀਆਂ ਹਨ ਤੇ ਸਾਰੀ ਦੁਨੀਆ ਦੇ ਮਨੁੱਖੀ ਹੱਕਾਂ ਪ੍ਰਤੀ ਚੇਤੰਨ ਲੋਕਾਂ ਵਲੋਂ ਇਸ ਦੀ ਸਖਤ ਨਿੰਦਾ ਕੀਤੀ ਜਾ ਰਹੀ ਹੈ।
Related Topics: Attacks on Minorities in India, BJP, Cow Protection Groups, Mob Lynching in India, T Raja Singh Lodh