April 11, 2018 | By ਸਿੱਖ ਸਿਆਸਤ ਬਿਊਰੋ
ਚੰਡੀਗੜ੍ਹ: ਵਿਵਾਦਿਤ ਫਿਲਮ ਨਾਨਕ ਸ਼ਾਹ ਫਕੀਰ ਨੂੰ ਸਿੱਖ ਜਗਤ ਦੀਆਂ ਸਮੁੱਚੀਆਂ ਸੰਸਥਾਵਾਂ ਵਲੋਂ ਪੂਰਨ ਤੌਰ ‘ਤੇ ਰੱਦ ਕਰਨ ਦੇ ਬਾਵਜੂਦ ਹੁਣ ਜਦੋਂ ਫਿਲਮ ਨਿਰਮਾਤਾ ਹਰਿੰਦਰ ਸਿੱਕਾ ਭਾਰਤੀ ਰਾਜ ਪ੍ਰਬੰਧ ਦੀ ਸ਼ਹਿ ‘ਤੇ ਫਿਲਮ ਨੂੰ 13 ਅਪ੍ਰੈਲ ਨੂੰ ਰਿਲੀਜ਼ ਕਰਨ ਲਈ ਵਜਿੱਦ ਹੈ ਤਾਂ ਸਿੱਖਾਂ ਨੇ ਹੁਣ 12 ਅਪ੍ਰੈਲ ਨੂੰ ਦੁਪਹਿਰ 2 ਵਜੇ ਫਿਲਮ ‘ਤੇ ਮੁਕੰਮਲ ਪਾਬੰਦੀ ਲਵਾਉਣ ਲਈ ਪੰਜਾਬ ਵਿਚ ਭਾਰਤ ਸਰਕਾਰ ਦੇ ਨੁਮਾਂਇੰਦੇ ਪੰਜਾਬ ਦੇ ਗਵਰਨਰ ਦੀ ਚੰਡੀਗੜ੍ਹ ਸਥਿਤ ਰਿਹਾਇਸ਼ ਘੇਰਨ ਦਾ ਐਲਾਨ ਕੀਤਾ ਹੈ।
ਸਿੱਖ ਨੌਜਵਾਨਾਂ ਦੀ ਜਥੇਬੰਦੀ ਸਿੱਖ ਯੂਥ ਆਫ ਪੰਜਾਬ ਦੇ ਪ੍ਰਧਾਨ ਪਰਮਜੀਤ ਸਿੰਘ ਮੰਡ ਨੇ ਇਕ ਵੀਡੀਓ ਸੰਦੇਸ਼ ਜਾਰੀ ਕਰਦਿਆਂ ਐਲਾਨ ਕੀਤਾ ਕਿ ਵਿਵਾਦਿਤ ਫਿਲਮ ਨਾਨਕ ਸ਼ਾਹ ਫਕੀਰ ਨੂੰ ਭਾਰਤ ਦੀ ਸੁਪਰੀਮ ਕੋਰਟ ਨੇ ਸਿੱਖ ਭਾਵਨਾਵਾਂ ਨੂੰ ਦਰਕਿਨਾਰ ਕਰਦਿਆਂ ਹਰੀ ਝੰਡੀ ਦਿੱਤੀ ਹੈ, ਇਸ ਲਈ ਹੁਣ ਜੇ ਪੰਜਾਬ ਵਿਚ ਭਾਰਤ ਸਰਕਾਰ ਦੇ ਨੁਮਾਂਇੰਦੇ ਗਵਰਨਰ ਵੀ.ਪੀ ਸਿੰਘ ਬਦਨੌਰ ਭਾਰਤ ਸਰਕਾਰ ਤੋਂ ਸਿੱਖ ਭਾਵਨਾਵਾਂ ਨੂੰ ਵੇਖਦਿਆਂ ਇਹ ਫਿਲਮ ਬੈਨ ਨਹੀਂ ਕਰਵਾ ਸਕਦੇ ਤਾਂ ਉਨ੍ਹਾਂ ਨੂੰ ਪੰਜਾਬ ਵਿਚ ਰਹਿਣ ਦਾ ਕੋਈ ਹੱਕ ਨਹੀਂ ਤੇ ਗਵਰਨਰ ਨੂੰ ਪੰਜਾਬ ਛੱਡ ਕੇ ਚਲੇ ਜਾਣਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਜੇ ਕਲ੍ਹ ਸਮਾਂ ਰਹਿੰਦਿਆਂ ਭਾਰਤ ਦੀ ਸੁਪਰੀਮ ਕੋਰਟ ਨੇ ਆਪਣਾ ਫੈਂਸਲਾ ਨਾ ਬਦਲਿਆ ਤੇ ਇਸ ਫਿਲਮ ਨੂੰ ਪੂਰੀ ਤਰ੍ਹਾਂ ਬੰਦ ਨਾ ਕੀਤਾ ਗਿਆ ਤਾਂ ਗਵਰਨਰ ਦੀ ਰਿਹਾਇਸ਼ ਨੂੰ ਘੇਰਿਆ ਜਾਵੇਗਾ ਤੇ ਸ਼ਾਂਤਮਈ ਤਰੀਕੇ ਨਾਲ ਇਸ ਫਿਲਮ ਦਾ ਵਿਰੋਧ ਕੀਤਾ ਜਾਵੇਗਾ।
ਉਨ੍ਹਾਂ ਸਮੂਹ ਸਿੱਖ ਸੰਗਤਾਂ ਨੂੰ ਬੇਨਤੀ ਕੀਤੀ ਕਿ ਗੁਰੂ ਸਾਹਿਬ ਦੀ ਇਸ ਫਿਲਮ ਜ਼ਰੀਏ ਹੋਣ ਜਾ ਰਹੀ ਬੇਅਦਬੀ ਨੂੰ ਰੋਕਣ ਲਈ ਵੱਧ ਤੋਂ ਵੱਧ ਗਿਣਤੀ ਵਿਚ ਕਲ੍ਹ 12 ਅਪ੍ਰੈਲ ਨੂੰ 2 ਵਜੇ ਚੰਡੀਗੜ੍ਹ ਦੇ ਸੈਕਟਰ 6 ਸਥਿਤ ਗਵਰਨਰ ਦੀ ਰਿਹਾਇਸ਼ ਰਾਜ ਭਵਨ ਬਾਹਰ ਇਕੱਤਰ ਹੋਣ।
Related Topics: Governor House, Nanak Shah Fakir Film Controversy, Paramjit Singh Mand, Sikh Youth of Punjab, VP Singh Badnaur