ਕੌਮਾਂਤਰੀ ਖਬਰਾਂ » ਚੋਣਵੀਆਂ ਲਿਖਤਾਂ » ਲੇਖ » ਸਿੱਖ ਖਬਰਾਂ

ਕੀ ਕੇਂਦਰੀ ਸਿੱਖ ਅਜਾਇਬ ਘਰ, ਕੌਮੀ ਹਿੱਤ ਕੁਰਬਾਨ ਕਰਨ ਵਾਲਿਆਂ ਲਈ ਹੈ?

February 28, 2018 | By

-ਨਰਿੰਦਰ ਪਾਲ ਸਿੰਘ

ਸ੍ਰੀ ਦਰਬਾਰ ਸਾਹਿਬ ਸਥਿਤ ਕੇਂਦਰੀ ਸਿੱਖ ਅਜਾਇਬ ਘਰ ,ਗੁਰੂ-ਗ੍ਰੰਥ,ਗੁਰੂ ਪੰਥ ਅਤੇ ਗੁਰ ਸਿਧਾਂਤਾਂ ਦੀ ਚੜ੍ਹਦੀ ਕਲਾ ਲਈ ਕੁਰਬਾਨ ਹੋਇਆਂ ਦੀ ਸਦੀਵੀ ਯਾਦ ਸੰਭਾਲਣ ਲਈ ਹੈ ਜਾਂ ਉਨ੍ਹਾਂ ਲਈ ਜਿਨ੍ਹਾਂ ਨੇ ਆਪਣੇ ਨਿੱਜੀ ਤੇ ਸੌੜੇ ਹਿੱਤਾਂ ਲਈ ਕੌਮੀ ਹਿੱਤ ਕੁਰਬਾਨ ਕਰ ਦਿੱਤੇ।ਇਹ ਸਵਾਲ ਉਸ ਵੇਲੇ ਪੁਛਿਆ ਗਿਆ ਹੈ ਜਦੋਂ ਸ਼੍ਰੋਮਣੀ ਕਮੇਟੀ ਨੇ ਡੇਰਾ ਸਿਰਸਾ ਮੱੁਖੀ ਨੂੰ ਬਿਨ ਮੰਗੀ ਮੁਆਫੀ ਦੇਣ ਦੇ ਫੈਸਲੇ ਵਿੱਚ ਸ਼ਾਮਿਲ ਹੋਣ ਕਾਰਣ ਚਰਚਾ ਵਿੱਚ ਰਹੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ (ਮਰਹੂਮ) ਗਿਆਨੀ ਮੱਲ੍ਹ ਸਿੰਘ ਦੀ ਤਸਵੀਰ ਅੱਜ ਕੇਂਦਰੀ ਸਿੱਖ ਅਜਾਇਬ ਘਰ ਵਿੱਚ ਲਾ ਦਿੱਤੀ ।

ਗਿਆਨੀ ਮੱਲ ਸਿੰਘ, ਯੂ.ਪੀ. ਸਿੱਖ ਮਿਸ਼ਨ ਹਾਪੜ ਦੇ ਸਾਬਕਾ ਇੰਚਾਰਜ ਗਿਆਨੀ ਬਾਦਲ ਸਿੰਘ ਅਤੇ ਸ਼੍ਰੋਮਣੀ ਕਮੇਟੀ ਦੇ ਸਾਬਕਾ ਅੰਤ੍ਰਿੰਗ ਮੈਂਬਰ ਮਾਸਟਰ ਗੁਰਦਿੱਤ ਸਿੰਘ ਜਲਵੇਹੜਾ ਦੀਆਂ ਤਸਵੀਰਾਂ ਤੋਂ ਪਰਦਾ ਹਟਾਉਣ ਦੀ ਰਸਮ ਨਿਭਾਉਣ ਲਈ ਸ਼੍ਰੋਮਣੀ ਕਮੇਟੀ ਪ੍ਰਧਾਨ ਗੋਬਿੰਦ ਸਿੰਘ ਲੋਂਗੋਵਾਲ ਤੋਂ ਇਲਾਵਾ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ, ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਇਕਬਾਲ ਸਿੰਘ, ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ, ਬਾਬਾ ਹਰਨਾਮ ਸਿੰਘ ਖ਼ਾਲਸਾ ਮੁਖੀ ਦਮਦਮੀ ਟਕਸਾਲ, ਗਿਆਨੀ ਜਗਤਾਰ ਸਿੰਘ ਹੈਡੱ ਗ੍ਰੰਥੀ ਸ੍ਰੀ ਦਰਬਾਰ ਸਾਹਿਬ ,ਗਿਆਨੀ ਮਾਨ ਸਿੰਘ, ਗਿਆਨੀ ਅਮਰਜੀਤ ਸਿੰਘ, ਪ੍ਰਸਿੱਧ ਕਥਾਵਾਚਕ ਭਾਈ ਪਿੰਦਰਪਾਲ ਸਿੰਘ ਵਿਸ਼ੇਸ਼ ਤੌਰ ਤੇ ਹਾਜਰ ਸਨ।

ਗਿਆਨੀ ਮੱਲ੍ਹ ਸਿੰਘ ਦੀ ਤਸਵੀਰ ਕੇਂਦਰੀ ਸਿੱਖ ਅਜਾਇਬ ਘਰ ਵਿੱਚ ਲੋਣ ਵੇਲੇ ਦੀ ਤਸਵੀਰ।

ਇਸ ਮੌਕੇ ਆਪਣੇ ਸੰਬੋਧਨ ਵਿੱਚ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਕਿ ਉਨ੍ਹਾਂ ਸ਼ਖ਼ਸੀਅਤਾਂ ਦੀਆਂ ਤਸਵੀਰਾਂ ਕੇਂਦਰੀ ਸਿੱਖ ਅਜਾਇਬ ਘਰ ਵਿਖੇ ਸਥਾਪਿਤ ਕੀਤੀਆਂ ਜਾਂਦੀਆਂ ਹਨ, ਜਿਨ੍ਹਾਂ ਨੇ ਕੌਮ ਦੀ ਚੜ੍ਹਦੀ ਕਲਾ ਲਈ ਵੱਡਮੁੱਲਾ ਯੋਗਦਾਨ ਪਾਇਆ ਹੋਵੇ। ਉਨ੍ਹਾਂ ਗਿਆਨੀ ਮੱਲ ਸਿੰਘ, ਗਿਆਨੀ ਬਾਦਲ ਸਿੰਘ ਤੇ ਮਾਸਟਰ ਗੁਰਦਿੱਤ ਸਿੰਘ ਦੀਆਂ ਪੰਥਕ ਸੇਵਾਵਾਂ ਦੀ ਸ਼ਾਲਾਘਾ ਕਰਦਿਆਂ ਕਿਹਾ ਕਿ ਇਨ੍ਹਾਂ ਤਿੰਨਾਂ ਸ਼ਖ਼ਸੀਅਤਾਂ ਨੇ ਆਪਣਾ ਜੀਵਨ ਕੌਮ ਦੇ ਲੇਖੇ ਲਾ ਕੇ ਸਾਡੇ ਲਈ ਮਾਰਗ ਦਰਸ਼ਨ ਦਿੱਤਾ।

ਗਿਆਨੀ ਗੁਰਬਚਨ ਸਿੰਘ ਨੇ ਕਿਹਾ ਕਿ ਕੇਂਦਰੀ ਸਿੱਖ ਅਜਾਇਬ ਘਰ ਸੰਗਤਾਂ ਨੂੰ ਆਪਣੇ ਇਤਿਹਾਸ ਅਤੇ ਵਿਰਾਸਤ ਨਾਲ ਜੋੜਨ ਲਈ ਵੱਡੀ ਭੂਮਿਕਾ ਨਿਭਾਅ ਰਿਹਾ ਹੈ ਅਤੇ ਇਥੇ ਸੁਸ਼ੋਭਿਤ ਤਸਵੀਰਾਂ ਨੂੰ ਦੇਖ ਕੇ ਵਰਤਮਾਨ ਪੀੜ੍ਹੀ ਨੂੰ ਪ੍ਰੇਰਣਾ ਪ੍ਰਾਪਤ ਹੁੰਦੀ ਹੈ। ਉਨ੍ਹਾਂ ਕਿਹਾ ਕਿ ਕੇਂਦਰੀ ਸਿੱਖ ਅਜਾਇਬ ਘਰ ਵਿਖੇ ਸਿੱਖ ਕੌਮ ਦਾ ਗੁਰੂ ਸਾਹਿਬਾਨ ਤੋਂ ਲੈ ਕੇ ਵਰਤਮਾਨ ਸਮੇਂ ਤੱਕ ਦਾ ਇਤਿਹਾਸ ਸੰਭਾਲਿਆ ਹੋਇਆ ਹੈ। ਉਨ੍ਹਾਂ ਗਿਆਨੀ ਮੱਲ ਸਿੰਘ ਦੀਆਂ ਸੇਵਾਵਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਹ ਕੌਮ ਦੇ ਬਹੁਤ ਵੱਡੇ ਵਿਦਵਾਨ ਸਨ ਅਤੇ ਉਨ੍ਹਾਂ ਨੇ ਜਿਥੇ ਦੇਸ਼ ਵਿਦੇਸ਼ ਦੀਆਂ ਸੰਗਤਾਂ ਨੂੰ ਕਥਾ ਵਿਚਾਰਾਂ ਰਾਹੀਂ ਗੁਰਮਤਿ ਨਾਲ ਜੋੜਿਆ, ਉਥੇ ਹੀ ਅਨੇਕਾਂ ਪੁਸਤਕਾਂ ਦੁਆਰਾ ਵੀ ਸਿੱਖੀ ਪ੍ਰਚਾਰ ਵਿਚ ਹਿੱਸਾ ਪਾਇਆ।

ਇਸੇ ਹੀ ਕੇਂਦਰੀ ਅਜਾਇਬ ਘਰ ਵਿੱਚ ਸੰਤ ਹਰਚੰਦ ਸਿੰਘ ਲੋਂਗੋਵਾਲ ਦੀ ਵੀ ਤਸਵੀਰ ਲਗੀ ਹੋਈ ਹੈ ਜੋ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਹੋਣ ਨਾਤੇ ਦਲ ਵਲੋਂ ਸ਼ੁਰੂ ਕੀਤੇ ਧਰਮ ਯੁੱਧ ਮੋਰਚੇ ਦੇ ਡਿਕਟੇਟਰ ਥਾਪੇ ਗਏ ਸਨ। ਲੋਂਗੋਵਾਲ ਵਲੋਂ ਧਰਮ ਯੁੱਧ ਮੋਰਚੇ ਦੀ ਅਗਵਾਈ ਨੂੰ ਲੈਕੇ ਜੂਨ 84 ਦੇ ਫੌਜੀ ਹਮਲੇ ਸਮੇਂ ਵਿਖਾਈ ਪਿੱਠ ਅਤੇ ਪੰਜਾਬ ਦੇ ਹਿੱਤਾਂ ਅਤੇ ਨਵੰਬਰ 84 ਦੇ ਸਿੱਖ ਕਤਲੇਆਮ ਦੇ ਦੋਖੀ ਰਾਜੀਵ ਗਾਂਧੀ ਨਾਲ ਕੀਤਾ ਸਮਝੋਤਾ,ਕੌਮ ਨੇ ਪ੍ਰਵਾਨ ਨਹੀ ਕੀਤਾ ਤੇ ਉਨ੍ਹਾਂ ਦੀ ਮੌਤ ਦਾ ਕਾਰਣ ਵੀ ਕੌਮ ਅੰਦਰ ਪੈਦਾ ਹੋਇਆ ਰੋਹ ਤੇ ਰੋਸ ਹੀ ਬਣਿਆ।ਡੇਰਾ ਮੁਖੀ ਮੁਆਫੀ ਮਾਮਲੇ ਵਿੱਚ ਕੌਮੀ ਰੋਹ ਦਾ ਸ਼ਿਕਾਰ ਗਿਆਨੀ ਮਲ੍ਹ ਸਿੰਘ ਵੀ ਹੋਏ ਪ੍ਰਤੰੂ ਉਨ੍ਹਾਂ ਦਾ ਜਾਨੀ ਨੁਕਸਾਨ ਨਾ ਹੋਇਆ।

ਉਧਰ ਭਾਈ ਗੋਬਿੰਦ ਸਿੰਘ ਲੋਂਗੋਵਾਲ ਅਤੇ ਗਿਆਨੀ ਗੁਰਬਚਨ ਸਿੰਘ ਵਲੋਂ ਅੱਜ ਪ੍ਰਗਟਾਏ ਵਿਚਾਰਾਂ ਦੀ ਰੋਸ਼ਨੀ ਵਿੱਚ ਹੀ ਵੇਖਿਆ ਜਾਏ ਤਾਂ ਕੇਂਦਰੀ ਸਿੱਖ ਅਜਾਇਬ ਘਰ ਆਣ ਵਾਲੀ ਸਿੱਖ ਪੀੜ੍ਹੀ ਲਈ ਪ੍ਰੇਰਣਾ ਸਰੋਤ ਹੈ ।ਇਥੇ ਪੁਰਾਤਨ ਤੇ ਵਰਤਮਾਨ ਇਤਿਹਾਸ ਸੰਭਾਲਿਆ ਹੋਇਆ ਹੈ।ਲੇਕਿਨ ਸੰਤ ਹਰਚੰਦ ਸਿੰਘ ਲੋਂਗੋਵਾਲ ਦੀ ਤਸਵੀਰ ਹੇਠਲੀ ਪੱਟੀ ਤੇ ਗੌਰ ਕੀਤਾ ਜਾਏ ਤਾਂ ਸਾਫ ਲਿਿਖਆ ਹੈ ਕਿ ‘ਧਰਮ ਯੱੁਧ ਮੋਰਚਾ ਉਨ੍ਹਾਂ ਦੀ ਅਗਵਾਈ ਵਿੱਚ ਚੱਲਿਆ।ਉਹ ਖਾੜਕੂਆਂ ਹੱਥੌਂ ਸ਼ਹੀਦ ਹੋ ਗਏ’।ਇਸੇ ਤਰ੍ਹਾਂ ਗਿਆਨੀ ਮਲੱ੍ਹ ਸਿੰਘ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਵਲੋਂ ਡੇਰਾ ਮੁਖੀ ਮੁਆਫੀ ਮਾਮਲੇ ਵਿੱਚ ਨਿਭਾਈ ਭੂਮਿਕਾ ਦਾ ਕੋਈ ਜਿਕਰ ਨਹੀ । ਆਖਿਰ ਸਵੈ ਵਿਰੋਧੀ ਜਾਣਕਾਰੀ ਦੇਣ ਪਿੱਛੇ ਸ਼੍ਰੋਮਣੀ ਕਮੇਟੀ ਕਿਹੜੀ ਕੌਮੀ ਸੇਵਾ ਕਰ ਰਹੀ ਹੈ?

ਦੂਸਰੇ ਪਾਸੇ ਗਿਆਨੀ ਮਲੱ੍ਹ ਸਿੰਘ ਦੀ ਤਸਵੀਰ ਦੀ ਸਥਾਪਨਾ ਨੂੰ ਲੈਕੇ ਜੋ ਪ੍ਰਮੁਖ ਤੌਰ ਤੇ ਸਵਾਲ ਸਾਹਮਣੇ ਆਇਆ ਉਹ ਇਹੀ ਸੀ ਕਿ ‘ਕੇਂਦਰੀ ਸਿੱਖ ਅਜਾਇਬ ਘਰ ,ਗੁਰੂ-ਗ੍ਰੰਥ,ਗੁਰੂ ਪੰਥ ਅਤੇ ਗੁਰ ਸਿਧਾਂਤਾਂ ਦੀ ਚੜ੍ਹਦੀ ਕਲਾ ਲਈ ਕੁਰਬਾਨ ਹੋਇਆਂ ਦੀ ਸਦੀਵੀ ਯਾਦ ਸੰਭਾਲਣ ਲਈ ਹੈ ਜਾਂ ਉਨ੍ਹਾਂ ਲੋਕਾਂ ਲਈ ਜਿਨ੍ਹਾਂ ਨੇ ਆਪਣੇ ਨਿੱਜੀ ਤੇ ਸੌੜੇ ਹਿੱਤਾਂ ਲਈ ਕੌਮੀ ਹਿੱਤ ਕੁਰਬਾਨ ਕਰ ਦਿੱਤੇ’।

ਇਥੇ ਵੀ ਕੁਝ ਜਾਗਰੂਕ ਸਿੱਖਾਂ ਦਾ ਕਹਿਣਾ ਸੀ ਕਿ ਡੇਰਾ ਪ੍ਰੇਮੀਆਂ ਨੇ ਆਪਣੇ ਸਾਥੀ ਡੇਰਾ ਪ੍ਰੇਮੀ ਦੀ ਤਸਵੀਰ ਲਗਾ ਦਿੱਤੀ ਹੈ।ਉਨ੍ਹਾਂ ਦਾ ਸਿੱਧਾ ਨਿਸ਼ਾਨਾ ਸ਼੍ਰੋਮਣੀ ਕਮੇਟੀ ਪ੍ਰਧਾਨ ਗੋਬਿੰਦ ਸਿੰਘ ਲੋਂਗੋਵਾਲ ਵੱਲ ਸੀ ਜਿਨ੍ਹਾਂ ਨੇ ਡੇਰੇ ਪਾਸੋਂ ਵੋਟਾਂ ਮੰਗਣ ਦੇ ਦੋਸ਼ ਹੇਠ ਧਾਰਮਿਕ ਤਨਖਾਹ ਵੀ ਭੁਗਤੀ ਹੈ ।ਡੇਰਾ ਮੁਖੀ ਨੂੰ ਮੁਆਫੀ ਦੇਣ ਦੇ ਦੋਸ਼ ਗਿਆਨੀ ਗੁਰਬਚਨ ਸਿੰਘ ਤੇ ਗਿਆਨੀ ਇਕਬਾਲ ਸਿੰਘ ਉਪਰ ਵੀ ਹਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , ,