February 6, 2018 | By ਸਿੱਖ ਸਿਆਸਤ ਬਿਊਰੋ
ਅੰਮ੍ਰਿਤਸਰ: ਦਿੱਲੀ ਅੰਦਰ ਨਵੰਬਰ 1984 ਸਮੇਂ ਰਾਜੀਵ ਗਾਂਧੀ ਨਾਲ ਗੱਡੀ ਵਿਚ ਬੈਠ ਕੇ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਨ ਦੇ ਬਿਆਨ ਤੋਂ ਬਾਅਦ ਹੁਣ ਜਗਦੀਸ਼ ਟਾਈਟਲਰ ਦੇ ਸਾਹਮਣੇ ਆਏ ਵੀਡਿਓ ਵਿਚ ਉਸ ਵੱਲੋਂ 100 ਸਿੱਖਾਂ ਨੂੰ ਕਤਲ ਕਰਵਾਉਣ ਦੇ ਇਕਬਾਲ ਦੇ ਆਧਾਰ ‘ਤੇ ਉਸ ਨੂੰ ਤੁਰੰਤ ਗ੍ਰਿਫ਼ਤਾਰ ਕਰਨਾ ਚਾਹੀਦਾ ਹੈ।
ਇਹ ਮੰਗ ਕਰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਕਿ ਹੁਣ ਜਦੋਂ ਟਾਈਟਲਰ ਨੇ ਖ਼ੁਦ ਇਹ ਕਬੂਲ ਕਰ ਲਿਆ ਹੈ ਕਿ ਉਸ ਨੇ ਸੌ ਸਿੱਖਾਂ ਦਾ ਕਤਲ ਕਰਵਾਇਆ ਹੈ ਤਾਂ ਇਸ ‘ਤੇ ਹੋਰ ਜਾਂਚ ਜਾਂ ਗਵਾਹਾਂ ਦੀ ਲੋੜ ਨਹੀਂ ਰਹਿਣੀ ਚਾਹੀਦੀ। ਉਨ੍ਹਾਂ ਭਾਰਤ ਦੀ ਸੁਪਰੀਮ ਕੋਰਟ ਨੂੰ ਅਪੀਲ ਕੀਤੀ ਕਿ ਜਗਦੀਸ਼ ਟਾਈਟਲਰ ਨੂੰ ਉਸ ਦੇ ਬਿਆਨ ਦੇ ਅਧਾਰ ‘ਤੇ ਸਿੱਖ ਕਤਲੇਆਮ ਦਾ ਦੋਸ਼ੀ ਮੰਨਦਿਆਂ ਸਖ਼ਤ ਸਜ਼ਾ ਦਿੱਤੀ ਜਾਵੇ।
ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਦੁਖਦ ਪਹਿਲੂ ਇਹ ਹੈ ਕਿ 34 ਸਾਲ ਬੀਤਣ ਤੋਂ ਬਾਅਦ ਵੀ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾ ਨਹੀਂ ਮਿਲ ਸਕੀ ਅਤੇ ਕਤਲੇਆਮ ਪੀੜਤ ਨਿਆਂ ਲਈ ਦਰ-ਦਰ ਦੀਆਂ ਠੋਕਰਾਂ ਖਾ ਰਹੇ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਜਮਾਤ ਨੇ ਸਿੱਖਾਂ ਨਸਲਕੁਸ਼ੀ ਕਰਨ ਵਾਲਿਆਂ ਦੀ ਹਮੇਸ਼ਾਂ ਪੁਸ਼ਤ ਪਨਾਹੀ ਕੀਤੀ ਹੈ। ਜਗਦੀਸ਼ ਟਾਈਟਲਰ, ਸੱਜਣ ਕੁਮਾਰ ਤੇ ਐਚ.ਕੇ.ਐਲ. ਭਗਤ ਵਰਗੇ ਵਿਅਕਤੀਆਂ ਵਿਰੁੱਧ ਅੱਜ ਤੀਕ ਕੋਈ ਕਾਰਵਾਈ ਨਹੀਂ ਹੋਈ, ਸਗੋਂ ਸਿੱਖਾਂ ਨੂੰ ਚਿੜਾਉਣ ਲਈ ਇਨ੍ਹਾਂ ਲੋਕਾਂ ਨੂੰ ਉੱਚ ਅਹੁਦੇ ਦਿੱਤੇ ਜਾਂਦੇ ਰਹੇ ਹਨ। ਉਨ੍ਹਾਂ ਕਿਹਾ ਕਿ ਅੱਜ ਟਾਈਟਲਰ ਸਾਹਮਣੇ ਆਈ ਵੀਡਿਓ ਰਾਹੀਂ ਜੁਡੀਸ਼ੀਅਲੀ ਨੂੰ ਵੀ ਵੰਗਾਰ ਰਿਹਾ ਹੈ।
ਲੌਂਗੋਵਾਲ ਨੇ ਕਿਹਾ ਕਿ ਹੁਣ ਤਾਂ ਕੋਈ ਗੱਲ ਲੁਕੀ-ਛਿਪੀ ਨਹੀਂ ਰਹਿ ਗਈ, ਝੂਠ ਤੋਂ ਪਰਦਾ ਉੱਠ ਗਿਆ ਹੈ ਤੇ ਸੱਚ ਸਭ ਦੇ ਸਾਹਮਣੇ ਆ ਗਿਆ ਹੈ। ਉਨ੍ਹਾਂ ਕਿਹਾ ਕਿ ਹੁਣ ਜਗਦੀਸ਼ ਟਾਈਟਲਰ ਨੂੰ ਗ੍ਰਿਫ਼ਤਾਰ ਕਰਨ ਲਈ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਨੂੰ ਇਮਾਨਦਰਾਨਾ ਪਹੁੰਚ ਅਪਨਾਉਣੀ ਚਾਹੀਦੀ ਹੈ।
Related Topics: Gobind Singh Longowal, Jagdish Tytler, Shiromani Gurdwara Parbandhak Committee (SGPC)