December 6, 2017 | By ਸਿੱਖ ਸਿਆਸਤ ਬਿਊਰੋ
ਸ੍ਰੀਨਗਰ: ਮੀਡੀਆ ਰਿਪੋਰਟਾਂ ਮੁਤਾਬਕ ਭਾਰਤ ਦੇ ਕਬਜ਼ੇ ਵਾਲੇ ਕਸ਼ਮੀਰ ਦੇ ਦੱਖਣੀ ਜ਼ਿਲ੍ਹੇ ਕੁਲਗਾਮ ਦੇ ਕਾਜ਼ੀਗੁੰਡ ਇਲਾਕੇ ‘ਚ ਭਾਰਤੀ ਫੌਜ ਦੇ ਕਾਫਲੇ ‘ਤੇ ਹਮਲਾ ਕਰਨ ਤੋਂ ਬਾਅਦ ਸ਼ੁਰੂ ਹੋਏ ਮੁਕਾਬਲੇ ‘ਚ ਲਸ਼ਕਰ ਦੇ 3 ਲੜਾਕੇ ਮਾਰੇ ਗਏ। ਮੰਗਲਵਾਰ ਦੀ ਰਾਤ ਨੂੰ ਹੋਏ ਮੁਕਾਬਲੇ ‘ਚ ਚਸ਼ਮਦੀਦਾਂ ਨੇ ਦੱਸਿਆ ਕਿ ਉਨ੍ਹਾਂ ਨੇ ਨੁਸੋ, ਬਦਰਾਗੁੰਡ ਅਤੇ ਬੋਨੀਗਾਮ ਪਿੰਡਾਂ ਤੋਂ ਗੋਲੀਆਂ ਚੱਲਣ ਦੀ ਅਵਾਜ਼ ਸੁਣੀ। ਉਨ੍ਹਾਂ ਦੱਸਿਆ ਕਿ ਭਾਰਤੀ ਬਲਾਂ ਨੇ ਮੁਕਾਬਲੇ ਦੌਰਾਨ ਸਥਾਨਕ ਲੋਕਾਂ ਨੂੰ ਵਿਰੋਧ ਪ੍ਰਦਰਸ਼ਨ ਕਰਨ ਤੋਂ ਰੋਕਣ ਲਈ ਕਾਫੀ ਤਾਦਾਦ ‘ਚ ਅੱਥਰੂ ਗੈਸ ਦੇ ਗੋਲੇ ਛੱਡੇ।
ਜੰਮੂ ਕਸ਼ਮੀਰ ਪੁਲਿਸ ਨੇ ਦਾਅਵਾ ਕੀਤਾ ਕਿ ਮਾਰੇ ਗਏ ਲੜਾਕਿਆਂ ਦੀ ਪਛਾਣ ਅਮਰਨਾਥ ਬੱਸ ਯਾਤਰਾ ‘ਤੇ ਹਮਲਾ ਕਰਨ ਵਾਲਿਆਂ ਵਜੋਂ ਹੋਈ ਹੈ ਜਦਕਿ ਕੁਝ ਮਹੀਨੇ ਪਹਿਲਾਂ ਵੀ ਪੁਲਿਸ ਨੇ ਦਾਅਵਾ ਕੀਤਾ ਸੀ ਕਿ ਅਮਰਨਾਥ ਹਮਲੇ ਲਈ ਜ਼ਿੰਮੇਵਾਰ ਲਸ਼ਕਰ ਕਮਾਂਡਰ ਅਬੂ ਇਸਮਾਇਲ ਨੂੰ ਮਾਰ ਦਿੱਤਾ ਗਿਆ ਸੀ। ਜੰਮੂ-ਕਸ਼ਮੀਰ ਦੇ ਪੁਲਿਸ ਮੁਖੀ ਡੀ.ਜੀ.ਪੀ. ਐਸ.ਪੀ. ਵੈਦ ਨੇ ਦੱਸਿਆ ਮਾਰੇ ਗਏ ਲੜਾਕਿਆਂ ਦੀ ਪਛਾਣ ਲਸ਼ਕਰ ਦੇ ਦੱਖਣੀ ਕਸ਼ਮੀਰ ਦੇ ਡਵੀਜ਼ਨਲ ਕਮਾਂਡਰ ਅਬੂ ਫੁਰਕਾਨ ਤੇ ਅਬੂ ਮਾਵਈਆ ਜਦਕਿ ਸਥਾਨਕ ਲੜਾਕੇ ਦੀ ਪਛਾਣ ਯਾਵਰ ਬਸ਼ੀਰ ਵਾਸੀ ਹਿਬਲੇਸ਼ ਕੁਲਗਾਮ ਵਜੋਂ ਹੋਈ ਹੈ। ਜ਼ਿਕਰਯੋਗ ਹੈ ਕਿ ਸ੍ਰੀਨਗਰ-ਜੰਮੂ ਹਾਈਵੇਅ ‘ਤੇ ਬੀਤੇ ਦਿਨ ਫੌਜ ਦੇ ਕਾਫਲੇ ‘ਤੇ ਕਸ਼ਮੀਰੀ ਲੜਾਕਿਆਂ ਦੇ ਹਮਲੇ ‘ਚ 10 ਸਿੱਖ ਰੈਜੀਮੈਂਟ ਨਾਲ ਸਬੰਧਿਤ ਇਕ ਫੌਜੀ ਮਾਰਿਆ ਗਿਆ ਸੀ ਜਦਕਿ 2 ਹੋਰ ਜ਼ਖ਼ਮੀ ਹੋ ਗਏ ਸਨ।
ਇਸ ਦੌਰਾਨ ਕਾਜ਼ੀਗੁੰਡ ਦੇ ਨੁਸੋ, ਬਦਰਗੁੰਡ, ਵੈਸਅ, ਦੇਵਸਰ ਆਦਿ ਇਲਾਕਿਆਂ ‘ਚ ਪੁਲਿਸ ਵਲੋਂ ਵਿਰੋਧ ਪ੍ਰਦਸ਼ਨ ਕਰਨ ਵਾਲਿਆਂ ‘ਤੇ ਅੱਥਰੂ ਗੈਸ ਦੇ ਗੋਲੇ ਛੱਡੇ ਗਏ, ਜਵਾਬ ਵਿਚ ਪ੍ਰਦਰਸ਼ਨਕਾਰੀਆਂ ਨੇ ਪਥਰਾਅ ਕੀਤਾ। ਇਸ ਦੌਰਾਨ ਸਰਕਾਰ ਵਲੋਂ ਮੋਬਾਈਲ ਇੰਟਰਨੈੱਟ ਅਤੇ ਬਨਿਹਾਲ-ਬਾਰਾਮੁਲਾ ਰੇਲ ਸੇਵਾ ਬੰਦ ਕਰ ਦਿੱਤੀ ਗਈ। ਇਸੇ ਦੌਰਾਨ ਸਥਾਨਕ ਲੜਾਕੇ ਯਾਵਰ ਬਸ਼ੀਰ ਨੂੰ ਉਸ ਦੇ ਪਿੰਡ ਹਿਬਲਿਸ਼ ਕੁਲਗਾਮ ਵਿਖੇ ਸਥਿਤ ਕਬਰਸਤਾਨ ‘ਚ ਆਜ਼ਾਦੀ ਦੇ ਨਾਅਰਿਆਂ ‘ਚ ਦਫਨ ਕਰ ਦਿੱਤਾ ਗਿਆ। ਜ਼ਨਾਜ਼ੇ ‘ਚ ਹਜ਼ਾਰਾਂ ਦੀ ਗਿਣਤੀ ‘ਚ ਕਸ਼ਮੀਰੀ ਸ਼ਾਮਿਲ ਹੋਏ ਪੁਲਿਸ ਵਲੋਂ ਰੋਕੇ ਜਾਣ ‘ਤੇ ਨੌਜਵਾਨਾਂ ਅਤੇ ਪੁਲਿਸ ਵਿਚਾਲੇ ਪੱਥਰਬਾਜ਼ੀ ਵੀ ਹੋਈ।
Related Topics: All News Related to Kashmir, Indian Army, JK police, Lashkar E Toiba