ਕੌਮਾਂਤਰੀ ਖਬਰਾਂ » ਲੇਖ » ਵਿਦੇਸ਼ » ਸਿਆਸੀ ਖਬਰਾਂ

ਬੋਧੀ ਰਾਸ਼ਟਰਵਾਦ ਕਿਵੇਂ ਬਣਿਆ ਮਿਆਂਮਾਰ ‘ਚ ਰੋਹਿੰਗੀਆ ਮੁਸਲਮਾਨਾਂ ਦੇ ਕਾਤਲੇਆਮ ਦਾ ਕਾਰਨ? (ਲੇਖ)

September 16, 2017 | By

(ਲੇਖਕ: ਸਤਵੰਤ ਸਿੰਘ): ਰਾਜ ਦੀ “ਨਸਲੀ ਸਫਾਈ”* ਦੀ ਮੰਗ ਧਰਮ ਨਹੀਂ ਸਗੋਂ ਰਾਸ਼ਟਰਵਾਦ ਕਰਦਾ ਹੈ। ਮਿਆਂਮਾਰ (ਬਰਮਾ) ਵਿਚ ਅਰਾਕਾਨ ਵਾਦੀ (ਰਖਾਇਨ ਸੂਬੇ) ਵਿਚੋਂ ਰੋਹਿੰਗੀਆ ਮੁਸਲਮਾਨਾਂ ਨੂੰ ਉਜਾੜਨ ਲਈ ਫੈਲੀ ਹਿੰਸਾ ਕੋਈ ਰਾਤੋ-ਰਾਤ ਨਹੀਂ ਫੈਲ ਗਈ ਸਗੋਂ ਇਸ ਪਿੱਛੇ ‘ਇੱਕ ਮਿਆਂਮਾਰੀ ਬੋਧੀ ਕੌਮ’ ਸਿਰਜਣ ਦਾ ਰਾਸ਼ਟਰਵਾਦੀ ਸੰਕਲਪ ਲੰਮੇ ਸਮੇਂ ਤੋਂ ਕੰਮ ਕਰ ਰਿਹਾ ਹੈ। ਇਸ ਲੇਖ ਵਿੱਚ “ਰਾਸ਼ਟਰੀਅਤਾ ਕਾਨੂੰਨ” (Nationality Law) ਪਿਛੋਕੜ ਬਾਰੇ ਗੱਲ ਕਰਾਂਗੇ। ਇਹ ਰਾਸ਼ਟਰੀਅਤਾ ਕਾਨੂੰਨ, ਜਿਹੜਾ ਕਿ 1982 ਵਿੱਚ ਹੋਂਦ ਵਿੱਚ ਆਇਆ ਸੀ, ਰਾਸ਼ਟਰਵਾਦ ਦਾ ਬਹੁਤ ਰੂਪ ਪੇਸ਼ ਕਰਦਾ ਹੈ।

Rohingya Budhists Myanmar Burma

ਬੋਧੀ ਰਾਸ਼ਟਰਵਾਦ ਨੂੰ ਪ੍ਰਚਾਰਦੇ ਭਿਕਸ਼ੂ-1

ਬਰਮਾ, ਜੋ ਕਿ 4 ਜਨਵਰੀ 1948 ਨੂੰ ਅੰਗਰੇਜ਼ਾਂ ਤੋਂ ਆਜ਼ਾਦ ਹੋਇਆ ਸੀ, ਵਿਖੇ ਬੁੱਧ ਧਰਮ ਅਤੇ ਬਰਮੀ ਭਾਸ਼ਾ ਦੀ ਮਹੱਤਤਾ ਨੂੰ ਜ਼ੋਰ ਦਿੱਤਾ ਜਾਂਦਾ ਰਿਹਾ ਹੈ। ਬਰਮੀ ਰਾਸ਼ਟਰਵਾਦ, ਜਿਸ ਨੂੰ ਬੋਧੀ ਰਾਸ਼ਟਰਵਾਦ ਵੀ ਕਿਹਾ ਜਾਂਦਾ ਹੈ, ਦੀ ਤਸਵੀਰ ਅੰਗਰੇਜ਼ਾਂ ਦੇ ਬਸਤੀਵਾਦੀ ਰਾਜ ਸਮੇਂ ਹੀ ਸਾਫ਼ ਹੋਣ ਲੱਗ ਗਈ ਸੀ ਅਤੇ ਇਹੀ ਰਾਸ਼ਟਰਵਾਦੀ ਭਾਵਨਾ ਅੰਗਰੇਜ਼ਾਂ ਤੋਂ ਬਰਮਾ ਦੀ ਆਜ਼ਾਦੀ ਲਹਿਰ ਦਾ ਸਿਧਾਂਤਕ ਆਧਾਰ ਮੰਨੀ ਜਾਂਦੀ ਹੈ। ਇਸ ਤਹਿਤ ਆਜ਼ਾਦੀ ਲਈ ਸੰਘਰਸ਼ ਦੇ ਦੌਰਾਨ “ਇੱਕ ਬਰਮੀ ਕੌਮ” ਦੀ ਸਥਾਪਤਾ ਅਤੇ “ਇੱਕ ਬਰਮੀ ਸਭਿਆਚਾਰ” ਨੂੰ ਵਿਕਸਿਤ ਕਰਨ ‘ਤੇ ਜ਼ੋਰ ਦਿੱਤਾ ਗਿਆ।

burmese monk muslim killings 2

ਬੋਧੀ ਰਾਸ਼ਟਰਵਾਦ ਨੂੰ ਪ੍ਰਚਾਰਦੇ ਭਿਕਸ਼ੂ-2

ਦੂਜੀ ਸੰਸਾਰ ਜੰਗ ਸਮੇਂ ਬਸਤੀਵਾਦੀ ਅੰਗਰੇਜ਼ ਹਾਕਮਾਂ ਨੂੰ ਬਰਮਾ ਵਿੱਚੋਂ ਬਾਹਰ ਕੱਢਣ ਦੀ ਲਹਿਰ ਨੇ ਜ਼ੋਰ ਫੜ ਲਿਆ ਅਤੇ ਆਧੁਨਿਕ ਬਰਮਾ ਦੇ ਪਿਤਾਮਾ ਮੰਨੇ ਜਾਂਦੇ ਜਨਰਲ ਆਂਗ ਸੈਨ ਨੇ 1941 ਤੋਂ 1945 ਤੱਕ ਅੰਗਰੇਜ਼ਾਂ ਅਤੇ ਜਪਾਨੀਆਂ ਖਿਲਾਫ਼ ਜ਼ੋਰਦਾਰ ਵਿਦਰੋਹ ਖੜ੍ਹਾ ਕਰ ਦਿੱਤਾ। ਆਖ਼ਰ 1948 ਵਿੱਚ ਅੰਗਰੇਜ਼ਾਂ ਨੂੰ ਬਰਮਾ ਛੱਡ ਕੇ ਜਾਣਾ ਪਿਆ।

ਸਬੰਧਤ ਖ਼ਬਰ:

 ਭਾਰਤ ਰੋਹਿੰਗੀਆ ਮੁਸਲਮਾਨਾਂ ਨੂੰ ‘ਸੁਰੱਖਿਆ ਲਈ ਖਤਰਾ’ ਦੱਸ ਕੇ ਵਾਪਸ ਬਰਮਾ ਭੇਜਣਾ ਚਾਹੁੰਦਾ ਹੈ …

ਬਰਮਾ ਦੀ ਆਜ਼ਾਦੀ ਤੋਂ ਬਾਅਦ ਸਮਾਜਿਕ ਅਤੇ ਰਾਜਨੀਤਿਕ ਪ੍ਰਕਿਰਿਆਵਾਂ ਦੌਰਾਨ ਫੌਜਦਾਰੀ ਰਾਜਨੀਤਿਕ ਤਾਨਾਸ਼ਾਹੀ ਸ਼ਾਸਨ ਨੇ ਜਨਮ ਲੈ ਲਿਆ। ਇਹ ਤਾਨਾਸ਼ਾਹੀ ਸ਼ਾਸਨ ਨੇ ਬਰਮਾ ਦੇ ਲੋਕਾਂ ਨੂੰ ਕਾਬੂ ਵਿੱਚ ਰੱਖਣ ਲਈ ਜ਼ੁਲਮ ਅਤੇ ਹਿੰਸਾ ਦੀ ਵਰਤੋਂ ਵੀ ਕੀਤੀ ਅਤੇ ਬਰਮਾ ਦੀ ਸਮਾਜਿਕ ਅਤੇ ਆਰਥਿਕ ਜ਼ਿੰਦਗੀ ਦਾ ਨਵੇਂ ਢੰਗ ਨਾਲ ਵਿਕਾਸ ਕੀਤਾ। ਜਨਰਲ ਨੇਅ ਵਿਨ ਦੀ ਅਗਵਾਈ ਵਿੱਚ 1962 ’ਚ ਆਏ ਰਾਜ ਪਲਟੇ ਤੋਂ ਬਾਅਦ ਇਹ ਤਾਨਾਸ਼ਾਹੀ ਸ਼ਾਸਨ ਸਿਰਫ਼ ਬਰਮਾ ਦੇ ਲੋਕਾਂ ਨੂੰ ਦਾਬਾਅ ਕੇ ਰੱਖਣ ਤੱਕ ਹੀ ਸੀਮਤ ਨਹੀਂ ਰਿਹਾ ਸਗੋਂ ਵਿਦੇਸ਼ੀਆਂ ਦੇ ਬਰਮਾ ਵਿੱਚ ਦਾਖ਼ਲ ਹੋਣ ’ਤੇ ਵੀ ਪਾਬੰਦੀ ਲਾ ਦਿੱਤੀ ਗਈ।

BurmaMuslimCitizenship

ਰੋਹਿੰਗੀਆ ਮੁਸਲਮਾਨਾਂ ਨੂੰ ਆਪਣੇ ਘਰ ਛੱਡਣ ਲਈ ਮਜਬੂਰ ਹੋਣਾ ਪੈ ਰਿਹਾ

ਇੱਕ ਮਜ਼ਬੂਤ ਅਤੇ ਵੱਖਵਾਦੀ ਕੌਮੀ ਭਾਵਨਾ ਦੇ ਨਾਲ, ਨੇਅ ਵਿਨ ਅਤੇ ਉਸ ਦੇ ਸ਼ਾਸਨ ਨੇ ‘ਸਮਾਜਵਾਦੀ ਅਤੇ ਇੱਕਲਤਾਵਾਦੀ (ਵੱਖਵਾਦੀ) ਪ੍ਰੋਗਰਾਮ’ ਸ਼ੁਰੂ ਕੀਤਾ, ਜਿਸ ਤਹਿਤ ਸਾਰੀਆਂ ਵਿਦੇਸ਼ੀ ਕੰਪਨੀਆਂ ਨੂੰ ਬਰਮਾ ਤੋਂ ਬਾਹਰ ਕੱਢਿਆ ਗਿਆ, ਸਾਰੇ ਨਿੱਜੀ ਸਕੂਲਾਂ ਨੂੰ ਬੰਦ ਕਰ ਦਿੱਤਾ ਗਿਆ ਅਤੇ ਸਾਰੀਆਂ ਪ੍ਰਮੁੱਖ ਕੰਪਨੀਆਂ ਅਤੇ ਉਦਯੋਗਾਂ ਦਾ ਰਾਸ਼ਟਰੀਕਰਨ ਕਰ ਦਿੱਤਾ ਗਿਆ। ਫਿਰ ਇਸ ਬਰਮੀ ਰਾਸ਼ਟਰਵਾਦ ’ਤੇ ਅਧਾਰਤ ਦੇਸ਼ ਦੇ ਸਵੈ-ਚਿੱਤਰ ਨੂੰ ਲਗਾਤਾਰ ਸਰਕਾਰੀ ਸਿੱਖਿਆ ਦੁਆਰਾ ਪ੍ਰਚਾਰਿਆ ਗਿਆ ਅਤੇ ਆਜ਼ਾਦੀ ਤੋਂ ਬਾਅਦ ਸਰਕਾਰੀ ਪ੍ਰਕਾਸ਼ਨ ਸਮਗਰੀ ਰਾਹੀਂ ‘ਰਾਸ਼ਟਰੀ ਏਕਤਾ’ ਦਾ ਪਾਠ ਪੜ੍ਹਾਇਆ ਗਿਆ। ਇਸ ਪ੍ਰੋਗਰਾਮ ਦੇ ਤਹਿਤ ਉਹਨਾਂ ਵਰਗਾਂ, ਜਿਨ੍ਹਾਂ ਦਾ ਧਰਮ ਬੋਧੀ ਤੇ ਭਾਸ਼ਾ ਬਰਮੀ ਨਹੀਂ ਸੀ ਅਤੇ ਜਿਨ੍ਹਾਂ ਦੀ ਬਰਮਾ ਦੀ ਧਰਤੀ ਨਾਲ ‘ਸਦੀਆਂ ਪੁਰਾਣੀ ਜਜ਼ਬਾਤੀ ਸਾਂਝ’ ਨਹੀਂ ਸੀ, ਉਹਨਾਂ ਦੀ ਅਲੱਗ ਤੋਂ ਘੇਰਾਬੰਦੀ ਕਰਕੇ ਉਹਨਾਂ ਨੂੰ ਬਰਮੀ ਕੌਮ ਨਾਲੋਂ ਵੱਖ ਕਰ ਦੇਣ ਦਾ ਸਿਲਸਲਾ ਸ਼ੁਰੂ ਹੋਇਆ। ਇਸੇ ਅਮਲ ਨੇ ਮੌਜੂਦਾ ਸਮੇਂ ਬਰਮਾ ਵਿੱਚ ਘੱਟਗਿਣਤੀਆਂ ਖਿਲਾਫ ਹੋ ਰਹੇ ਨਸਲੀ ਵਿਤਕਰੇ ਅਤੇ ਘੱਟ ਗਿਣਤੀ ਮੁਸਲਿਮ ਧਰਮ ਦੇ ਖਿਲਾਫ਼ ਵਿਆਪਕ ਪੱਧਰ ’ਤੇ ਹੋ ਰਹੀ ਹਿੰਸਾ ਨੂੰ ਜਨਮ ਦਿੱਤਾ ਹੈ।

ਸਬੰਧਤ ਖ਼ਬਰ:

 ਮਿਆਂਮਾਰ (ਬਰਮਾ) ‘ਚ ਮੁਸਲਮਾਨਾਂ ਦੇ ਹੋ ਰਹੇ ਕਤਲੇਆਮ ਦੇ ਖਿਲਾਫ ਲੁਧਿਆਣਾ ‘ਚ ਰੋਸ ਮਾਰਚ …

ਇਸ ਪ੍ਰੋਗਰਾਮ ਤਹਿਤ ਇੱਕ ਰਾਸ਼ਟਰਵਾਦੀ ਬਰਮੀ ਕੌਮ ਸਿਰਜਣ ਲਈ 1982 ਵਿੱਚ ਇੱਕ ਕਾਨੂੰਨ ਬਣਾਇਆ ਗਿਆ, ਜਿਸ ਦਾ ਨਾਮ ਰਾਸ਼ਟਰੀਅਤਾ ਕਾਨੂੰਨ (Nationality Law) ਦੋ ਭਾਗਾਂ ਵਿੱਚ ਵੰਡ ਦਿੱਤਾ ਗਿਆ- ਜਿਹੜੇ 1823 ਤੋਂ ਪਹਿਲਾਂ ਬਰਮਾ ਵਿੱਚ ਰਹਿੰਦੇ ਸਨ, ਉਹਨਾਂ ਨੂੰ ਬਰਮਾ ਦੇ ਮੂਲ ਵਾਸੀ (indigenous) ਮੰਨਿਆ ਗਿਆ ਅਤੇ ਦੂਜੇ ਜਿਹੜੇ 1824 ਵਿੱਚ ਬਰਮਾ ‘ਤੇ ਅੰਗਰੇਜ਼ਾਂ ਦਾ ਕਬਜ਼ਾ ਹੋ ਜਾਣ ਤੋਂ ਬਾਅਦ ਬਰਮਾ ਵਿਚ ਆਣ ਵਸੇ ਸਨ; ਇਨ੍ਹਾਂ ਨੂੰ ਬਰਮਾ ਦੇ ਗੈਰ ਮੂਲ-ਵਾਸੀ (non- indigenous) ਮੰਨਿਆ ਗਿਆ। ਗੈਰ ਮੂਲ-ਵਾਸੀ ਕਹੇ ਜਾਂਦੇ ਲੋਕਾਂ ਨੂੰ ਬਰਮਾਂ ਵਿਚ ਅਧੂਰੀ ਨਾਗਰਿਤਾ ਹਾਸਲ ਹੈ। ਉਹ ਬਰਮਾ ਦੇ ਸਰਕਾਰੀ ਪ੍ਰਸ਼ਾਸਨ ਵਿੱਚ ਨੌਕਰੀ ਨਹੀਂ ਕਰ ਸਕਦੇ ਅਤੇ ਉਹਨਾਂ ਨੂੰ ਵਿਗਿਆਨ, ਇੰਜੀਨੀਅਰਿੰਗ ਅਤੇ ਡਾਕਟਰੀ ਸਿੱਖਿਆ ਹਾਸਲ ਉੱਤੇ ਵੀ ਰੋਕ ਹੈ।

ਬਰਮਾ ਸਰਕਾਰ ਵੱਲੋਂ “ਰਾਸ਼ਟਰੀਅਤਾ ਕਾਨੂੰਨ 1982” ਤਹਿਤ ਜਿਨ੍ਹਾਂ 135 ਨਸਲਾਂ ਨੂੰ ਮਾਨਤਾ ਦਿੱਤੀ ਗਈ ਸੀ ਉਸ ਸੂਚੀ ਵਿੱਚ ਰੋਹਿੰਗੀਆ ਮੁਸਲਮਾਨਾਂ ਨੂੰ ਸ਼ਾਮਲ ਨਹੀਂ ਸੀ ਕੀਤਾ ਗਿਆ।

burma muslim killings

ਰੋਹਿੰਗੀਆ ਮੁਸਲਮਾਨਾਂ ਨੂੰ ਮਾਰਨ-ਕੁੱਟਣ ਲਈ ਨਿਕਲੇ ਬੋਧੀ ਰਾਸ਼ਟਰਵਾਦ ਦੇ ਹਮਾਇਤੀ

ਬਰਮਾ/ਮਿਆਂਮਾਰ ਸਰਕਾਰ ਅਤੇ ਬਰਮੀ ਲੋਕ ਇਹਨਾਂ ਰੋਹਿੰਗੀਆ ਮੁਸਲਮਾਨਾਂ ਨੂੰ ਬੰਗਲਾਦੇਸ਼ ਤੋਂ ਆਏ ਸ਼ਰਨਾਰਥੀ ਮੰਨਦੇ ਹਨ ਪਰ ਰੋਹਿੰਗੀਆ ਮੁਸਲਮਾਨ ਰਖਾਇਨ ਸੂਬੇ ‘ਚ ਆਪਣਾ ਪੁਰਾਣਾ ਇਤਿਹਾਸ ਹੋਣ ਦਾ ਦਾਅਵਾ ਕਰਦੇ ਹਨ।

ਇਤਿਹਾਸ ਵਿਚ ਰੋਹਿੰਗੀਆ ਮੁਸਲਮਾਨਾਂ ਦੇ ਉੱਥੇ 15ਵੀਂ ਅਤੇ 18ਵੀਂ ਸਦੀ ਤੋਂ ਰਹਿੰਦੇ ਹੋਣ ਦੇ ਸਬੂਤ ਮਿਲਦੇ ਹਨ। 15ਵੀਂ ਸਦੀ ‘ਚ ਰਾਜਾ ਮਿਨ ਸ਼ਾਅ ਮੂਨ ਦੇ ਸਮੇਂ ਬੰਗਾਲ ਤੋਂ ਆ ਕੇ ਕਾਫ਼ੀ ਗਿਣਤੀ ‘ਚ ਮੁਸਲਮਾਨ ਅਰਾਕਾਨ ਵਾਦੀ ਵਿੱਚ ਆਣ ਵਸੇ ਸਨ ਅਤੇ ਅੰਗਰੇਜ਼ਾਂ ਦੇ ਆਉਣ ਤੋਂ ਬਾਅਦ ਬੰਗਾਲ ਦੇ ਮੁਸਲਮਾਨ ਫਿਰ ਉਸੇ ਥਾਂ ਜਾ ਵਸੇ ਸਨ। ਉਹਨਾਂ ਸਮਿਆਂ ‘ਚ ਅਰਾਕਾਨ ਵਾਦੀ ‘ਚ ਮੁਸਲਮਾਨਾਂ ਦੀ ਗਿਣਤੀ ਬੋਧੀਆਂ ਦੇ ਮੁਕਾਬਲੇ ਵੱਧ ਗਈ ਸੀ। 1823 ਤੋਂ ਪੁਰਾਣੇ ਇਤਿਹਾਸਕ ਪਿਛੋਕੜ ਦੇ ਬਾਵਜੂਦ ਵੀ ਰੋਹਿੰਗੀਆ ਮੁਸਲਮਾਨਾਂ ਨੂੰ ਗੈਰ-ਮੂਲਵਾਸੀ ਵਰਗ ਵਿੱਚ ਵੀ ਸ਼ਾਮਲ ਕਰ ਦਿੱਤਾ ਗਿਆ।

ਇਹ ਤੱਥ ਵੀ ਜ਼ਿਕਰਯੋਗ ਹੈ ਕਿ ਬਾਮਰ ਜਾਤੀ ਦੇ ਮੁਸਲਮਾਨ 1824 ਤੋਂ ਬਰਮਾ ਵਿੱਚ ਵਸਦੇ ਸਨ। ਪਰ ਘੱਟ ਗਿਣਤੀ ਹੋਣ ਕਾਰਨ ਉਹਨਾਂ ਨੂੰ ਹਾਸੀਏ ‘ਤੇ ਧੱਕ ਦਿੱਤਾ ਗਿਆ ਹੈ। ਇਸ ਤਹਿਤ ਉਹਨਾਂ ਨੂੰ ਇਸ ਤਰ੍ਹਾਂ ਦਬਕਾਇਆ ਜਾਂਦਾ ਹੈ ਕਿ ਤੁਹਾਡੀ ਚੁੱਪ ਰਹਿਣ ‘ਚ ਭੁਲਾਈ ਹੈ।

ਸਬੰਧਤ ਖ਼ਬਰ:

ਐਮਨੈਸਟੀ ਇੰਡੀਆ ਇੰਟਰਨੈਸ਼ਨਲ ਨੇ ਕਿਹਾ;”ਮੋਦੀ ਰੋਹਿੰਗਿਆ ਮੁਸਲਮਾਨਾਂ ਦੀ ਰੱਖਿਆ ਲਈ ਮਿਆਂਮਾਰ ਨੂੰ ਕਹੇ” …

ਹਾਲਂਕਿ ਜੇਕਰ ਇਸ ਮਾਪਦੰਡ ਨੂੰ ਇਤਿਹਾਸਿਕ ਦ੍ਰਿਸ਼ਟੀਕੋਣ ਤੋਂ ਵਿਚਾਰਿਆ ਜਾਵੇ ਤਾਂ ਇਹ ਸਾਫ ਹੋ ਜਾਂਦਾ ਹੈ ਕਿ ਬਰਮੀ ਰਾਸ਼ਟਰਵਾਦ ਨੇ ਹੀ ਇਸ ਤਰ੍ਹਾਂ ਦਾ ਮਾਹੌਲ ਪੈਦਾ ਕੀਤਾ ਹੈ ਕਿਉਂਕਿ 18ਵੀਂ ਸਦੀ ਦੇ ਅਖੀਰ ਵਿੱਚ ਬਰਮੀ ਸਾਮਰਾਜ (ਕੁਨਬੌਂਗ ਵੰਸ) ਦੇ ਸਮੇਂ ਮੁਸਲਮਾਨ, ਹਿੰਦੂ, ਈਸਾਈ ਅਤੇ ਚੀਨੀ ਨਸਲ ਦੇ ਲੋਕ, ਭਾਰਤੀ ਉਪ ਮਹਾਂਦੀਪ ਤੋਂ ਵੱਖ-ਵੱਖ ਨਸਲਾਂ ਦੇ ਲੋਕਾਂ, ਅਫ਼ਗ਼ਾਨ, ਫਾਰਸੀ, ਅਰਮੀਨੀਅਨ, ਪੁਰਤਗਾਲੀ ਨਸਲ ਦੇ ਥਾਰਵਡਾ ਲੋਕ ਬੋਧੀਆਂ ਨਾਲ ਮਿਲ ਕੇ ਰਹਿੰਦੇ ਸਨ। ਇਹਨਾਂ ਸਾਰਿਆਂ ਦੀ ਰੱਖਿਆ ਬਰਮੀ ਸ਼ਾਹੀ ਰਾਜ ਦਰਬਾਰ ਵੱਲੋਂ ਕੀਤੀ ਜਾਂਦੀ ਸੀ। ਉਸ ਸਮੇਂ ਰਾਸ਼ਟਰਵਾਦ ਦੇ ਸੰਕਲਪ ਤੋਂ ਪਹਿਲਾਂ ਸ਼ਾਹੀ ਰਾਜ ਵੱਲੋਂ ਇਸ ਤਰ੍ਹਾਂ ਕਿਸੇ ਕੌਮ ਖਿਲਾਫ਼ ਤਲਖੀ ਵਾਲਾ ਮਾਹੌਲ ਨਹੀਂ ਸੀ ਪੈਦਾ ਕੀਤਾ ਜਾਂਦਾ ਅਤੇ ਨਾ ਹੀ ਉਸ ਸਮੇਂ ਉੱਥੇ ਕੋਈ ਰਾਸ਼ਟਰਵਾਦ ਜਾਂ ਫਾਸ਼ੀਵਾਦ ਵਰਗਾ ਸਿਧਾਂਤ ਸੀ।

ਫਿਰ ਜਦੋਂ ਬਰਤਾਨਵੀ ਸਾਮਰਾਜ ਨੂੰ ਬਰਮਾ ਵਿੱਚੋਂ ਬਾਹਰ ਕੱਢਣ ਸਮੇਂ ਰਾਸ਼ਟਰਵਾਦ ਦਾ ਸੰਕਪਲ ਹੋਂਦ ਵਿੱਚ ਆਉਣ ਲੱਗਾ ਤਾਂ 1930 ਅਤੇ 1938 ਵਿੱਚ ਬਰਮਾ ’ਚ ਆ ਕੇ ਵਸੇ ਭਾਰਤੀ ਲੋਕਾਂ ਨੂੰ ਉੱਥੋਂ ਬਾਹਰ ਕੱਢਣ ਲਈ ਹਿੰਸਾ ਹੋਈ। ਉਸ ਸਮੇਂ ਵੱਡੀ ਗਿਣਤੀ ’ਚ ਹਿੰਦੂਆਂ, ਮੁਸਲਮਾਨਾਂ ਅਤੇ ਸਿੱਖਾਂ ਨੂੰ ਉੱਥੋਂ ਕੱਢ ਦਿੱਤਾ ਗਿਆ ਅਤੇ ਬਰਤਾਨਵੀ ਬਰਮਾ ਦੀ ਸਰਕਾਰ ਨੇ ਭਾਰਤੀ ਉੱਪ-ਮਹਾਂਦੀਪ ਦੇ ਲੋਕਾਂ ਦੇ ਬਰਮਾ ਜਾਣ ’ਤੇ ਰੋਕ ਲਗਾ ਦਿੱਤੀ ਸੀ। ਉਸ ਸਮੇਂ ਬਰਮੀ ਰਾਸ਼ਟਰਵਾਦ ਦਾ ਨਿਸ਼ਾਨਾ ਬਸਤੀਵਾਦੀ ਸਾਮਰਾਜ ਦੀ ਜੜ੍ਹ ਪੁੱਟ ਕੇ ਅਤੇ ਹੋਰ ਨਸਲਾਂ ਦੇ ਲੋਕਾਂ ਨੂੰ ਉਥੋਂ ਬਾਹਰ ਕੱਢ ਕੇ ਇੱਕ ਬਰਮੀ ਕੌਮ ਸਿਰਜਣਾ ਸੀ, ਜਿਹੜਾ ਕਿ ਅੱਜ ਰੋਹਿੰਗੀਆ ਭਾਈਚਾਰੇ ਦੇ ਮੁਸਲਮਾਨਾਂ ਦੇ ਉਜਾੜੇ ਅਤੇ ਕਾਤਲੇਆਮ ਦਾ ਰੂਪ ਧਾਰਨ ਕਰ ਚੁੱਕਾ ਹੈ।

ਫਿਰ 1948 ’ਚ ਬਰਤਾਨਵੀ ਰਾਜ ਦੇ ਖਾਤਮੇਂ ਤੋਂ ਬਾਅਦ ਫੌਜੀ ਰਾਜ ’ਚ ਥੇਰਵਾੜਾ ਬੋਧੀ ਅਤੇ ਮੁਸਲਮਾਨ ਆਪਸੀ ਟਕਰਾਵਾਂ ਤੋਂ ਬਿਨਾ ਮਿਲ ਵਰਤ ਕੇ ਰਹਿਣ ਲੱਗੇ, ਕਿਉਂਕਿ ਬਾਮਰ ਅਤੇ ਗੈਰ-ਬਾਮਰ ਨਸਲ ਦੇ ਮੁਸਲਮਾਨਾਂ ਨੇ ਆਪਣੀ ਜੀਵਨ ਜਾਂਚ ਨੂੰ ਬੋਧੀਆਂ ਦੇ ਵਾਂਗ ਢਾਲ ਲਿਆ। ਉਹਨਾਂ ਨੇ ਆਪਣਾ ਪਹਿਰਾਵਾ ਅਤੇ ਬੋਲੀ ਛੱਡ ਕੇ ‘ਬਰਮੀ ਲੋਕਾਂ’ ਦੀ ਬੋਲੀ ਅਤੇ ਪਹਿਰਾਵਾ ਅਪਣਾਅ ਲਿਆ। ਪਰ ਰੋਹਿੰਗੀਆ ਮੁਸਲਮਾਨ ਮਿਆਂਮਾਰ ‘ਚ ਫੌਜੀ ਰਾਜ ਸਮੇਂ ਵੀ ਆਪਣੇ ਖਿੱਤੇ ਅਤੇ ਪਛਾਣ ਲਈ ਸੰਘਰਸ਼ਸ਼ੀਲ ਰਹੇ। 1990 ਤੋਂ ਸਾਊਦੀ ਅਰਬ ਵੱਲੋਂ ਦੁਨੀਆਂ ਸਾਹਮਣੇ ਪ੍ਰਭਾਵਸ਼ਾਲੀ ਤਰੀਕੇ ਨਾਲ ਆਉਣ ਤੋਂ ਬਾਅਦ ਹੋਰ ਦੁਨੀਆਂ ਵਾਂਗ “ਬਰਮਾ” ‘ਚ ਵੀ ਵਹਾਬਿਜ਼ਮ ਦਾ ਪ੍ਰਭਾਵ ਗਿਆ। ਸਿੱਟੇ ਵਜੋਂ ਨੌਜਵਾਨ ਬਰਮੀ ਮੁਸਲਮਾਨਾਂ ਨੇ ਪਹਿਰਾਵੇ ਅਤੇ ਹੋਰ ਮੀਡੀਏ ਦੇ ਸਾਧਨਾਂ ਰਾਹੀਂ ਆਪਣੇ ਭਾਈਚਾਰੇ ਅੰਦਰ ਇਸਲਾਮਵਾਦ ‘ਤੇ ਜ਼ੋਰ ਦਿੱਤਾ ਅਤੇ ਬਰਮੀ ਪਹਿਰਾਵੇ ਤਿਆਗ ਦਿੱਤੇ। ਜਿਸ ਤੋਂ ਬਾਅਦ ਬੋਧੀਆਂ ਨੂੰ ਇੱਕ ਬਰਮੀ ਕੌਮ ਸਿਰਜਣ ਵਿੱਚ ਇਹ ਮੁਸਲਮਾਨ ਰੁਕਾਵਟ ਲੱਗਣ ਲੱਗ ਪਏ।

ਇਸ ਲਈ ਮਿਆਂਮਾਰ ਦੇ ਮਸਲੇ ਨੂੰ ਇੱਕ ਧਾਰਮਿਕ ਲੜਾਈ ਵੱਜੋਂ ਵੇਖਣ ਨਾਲੋਂ ਨਾਲੋਂ ‘ਰਾਸ਼ਟਰਵਾਦੀ ਵਿਚਾਰਧਾਰਾ’ ਅਧੀਨ ਹੋ ਰਿਹਾ ਕਤਲੇਆਮ ਮੰਨਿਆ ਜਾਣਾ ਚਾਹੀਦਾ ਹੈ ਕਿਉਂਕਿ ਅੰਗਰੇਜ਼ਾਂ ਤੋਂ ਪਹਿਲਾਂ ਵੀ ਬਰਮਾ ‘ਚ ਸਾਰੇ ਧਰਮਾਂ ਦੇ ਲੋਕ ਇੱਕਠੇ ਰਹਿੰਦੇ ਸਨ ਅਤੇ ਬਾਮਰ ਨਸਲ ਦੇ ਮੁਸਲਮਾਨ ਅੱਜ ਵੀ ਉੱਥੇ ਰਹਿ ਰਹੇ ਹਨ ਜਿਨ੍ਹਾਂ ਦਾ ਪਹਿਰਾਵਾ ਬਰਮੀ ਲੋਕਾਂ ਵਰਗਾ ਹੈ ਅਤੇ ਬਰਮੀ ਬੋਲੀ ਬੋਲਦੇ ਹਨ। ਰੋਹਿੰਗੀਆ ਮੁਸਲਮਾਨਾਂ ਦਾ ਇਸਲਾਮਕ ਪਹਿਰਾਵਾ ਅਤੇ ਵੱਖਰੀ ਬੋਲੀ ਮਿਆਂਮਾਰ ‘ਚ ਰਾਸ਼ਟਰਵਾਦ ਦੀ ਵਿਚਾਰਧਾਰਾ ਅਧੀਨ ‘ਇਕ ਬਰਮੀ ਕੌਮ’ ਦੀ ਸਿਰਜਣਾ ‘ਚ ਰੁਕਾਵਟ ਬਣਦੇ ਹਨ। ਇਹੀ ਕਾਰਨ ਹੈ ਕਿ ਉਹਨਾਂ ਨੂੰ ਉੱਥੋਂ ਉਜਾੜਿਆ ਜਾ ਰਿਹਾ ਹੈ ਅਤੇ ਉਨ੍ਹਾਂ ਦਾ ਕਾਤਲੇਆਮ ਕੀਤਾ ਜਾ ਰਿਹਾ ਹੈ।

ਜੇਕਰ ਮਿਆਂਮਾਰ ‘ਚ ਮੌਜੂਦਾ ਹਾਲਾਤਾਂ ਨੂੰ ਅਸੀਂ ਆਪਣੇ ਨਾਲ ਮਿਲਾ ਕੇ ਦੇਖਣਾ ਹੋਵੇ ਤਾਂ ਸਿੱਖ ਕੌਮ ਦੀ ਭਾਰਤ ‘ਚ ਉਹੀ ਹਾਲਤ ਹੈ ਜਿਹੜੀ ਮਿਆਂਮਾਰ ‘ਚ ਰੋਹਿੰਗੀਆ ਮੁਸਲਮਾਨਾਂ ਦੀ ਹੈ। ਮਿਆਂਮਾਰ ‘ਚ ਬੋਧੀ ਰਾਸ਼ਟਰਵਾਦ (ਬਰਮੀ ਰਾਸ਼ਟਰਵਾਦ) ਹੈ ਅਤੇ ਭਾਰਤ ‘ਚ ਭਾਰਤੀ ਰਾਸ਼ਟਰਵਾਦ (ਹਿੰਦੂ ਰਾਸ਼ਟਰਵਾਦ) ਹੈ। ਜਿਸ ਤਰ੍ਹਾਂ ਰੋਹਿੰਗੀਆ ਮੁਸਲਮਾਨਾਂ ਦੀ ਵੱਖਰੀ ਪਛਾਣ, ਵੱਖਰੀ ਬੋਲੀ ਅਤੇ ਵੱਖਰਾ ਰਹਿਣ ਸਹਿਣ ਬੋਧੀ ਰਾਸ਼ਟਰਵਾਦੀਆਂ ਦੇ ‘ਕੌਮ-ਉਸਾਰੀ ਦੇ ਅਮਲ’ ਲਈ ਖ਼ਤਰਾ ਹੈ ਉਸੇ ਤਰ੍ਹਾਂ ਸਿੱਖਾਂ ਦੀ ਨਿਆਰੀ ਹਸਤੀ, ਪੰਜਾਬੀ ਬੋਲੀ ਅਤੇ ਵੱਖਰੀ ਜੀਵਨ ਜਾਂਚ ਭਾਰਤੀ ਰਾਸ਼ਟਰਵਾਦੀਆਂ ਦੇ ‘ਇੱਕ ਭਾਰਤੀ ਕੌਮ’ ਸਿਰਜਣ ਦੇ ਅਮਲ ਦੇ ਰਾਹ ਵਿਚ ਅੜਿੱਕਾ ਹੈ। ਇਹੀ ਕਾਰਨ ਹੈ ਸਾਡੇ ਪਾਣੀ ਲੁੱਟੇ ਜਾ ਰਹੇ ਹਨ, ਸਾਨੂੰ ਆਰਥਿਕ ਤੌਰ ‘ਤੇ ਕਮਜ਼ੋਰ ਕੀਤਾ ਜਾ ਰਿਹਾ ਹੈ, ਸਾਡੀ ਬੋਲੀ ਅਤੇ ਸਭਿਆਚਾਰ ਨੂੰ ਭਾਰਤੀ ਸਭਿਆਚਾਰ ‘ਚ ਜਜ਼ਬ ਕਰ ਲੈਣ ਦੀਆਂ ਕੋਸ਼ਿਸ਼ਾਂ ਚੱਲ ਰਹੀਆਂ ਹਨ। ਸਾਨੂੰ ਸੁਪਰੀਮ ਕੋਰਟ ਦੇ ਹੁਕਮਾਂ ਨਾਲ ਜਾਂ ਸਿਆਸਤਦਾਨਾਂ ਦੇ ਬਿਆਨਾਂ ਨਾਲ ਡਰਾ ਕੇ ਦਹਿਸ਼ਤ ਵਾਲਾ ਮਾਹੌਲ ਪੈਦਾ ਕੀਤਾ ਜਾ ਰਿਹਾ ਹੈ ਕਿ ਅਸੀਂ ਪੰਜਾਬ ਦੇ ਪਾਣੀ, ਪੰਜਾਬੀ ਬੋਲੀ ਅਤੇ ਆਪਣੀ ਨਿਆਰੀ ਪਛਾਣ ਦੀ ਗੱਲ ਛੱਡ ਕੇ ਭਾਰਤੀ ਕੌਮ ਵਿਚ ਜਜ਼ਬ ਹੋ ਜਾਈਏ। ਜਿਸ ਤਰ੍ਹਾਂ ਮਿਆਂਮਾਰ ‘ਚ ਰੋਹਿੰਗੀਆ ਮੁਸਲਮਾਨਾਂ ਨੂੰ ਬੰਗਲਾਦੇਸ਼ੀ ਕਹਿ ਕੇ ਮਿਆਂਮਾਰ ‘ਚੋਂ ਉਜਾੜ ਦਿੱਤਾ ਗਿਆ ਹੈ, ਉਸੇ ਤਰ੍ਹਾਂ ਜਦੋਂ ਸਿੱਖ ਆਪਣੇ ਹੱਕ ਦੀ ਗੱਲ ਕਰਦੇ ਹਨ ਤਾਂ ਸਿੱਖਾਂ ਨੂੰ ਕਿਹਾ ਜਾਂਦਾ ਕਿ ਤੁਸੀਂ ਪਾਕਿਸਤਾਨ ਚਲੇ ਜਾਵੋ ਭਾਵੇਂ ਕਿ ਪੰਜਾਬ ਸਿੱਖ ਕੌਮ ਦੀ ਜਨਮ ਭੂਮੀ ਅਤੇ ਖਾਲਸੇ ਦੀ ਕਰਮ ਭੂਮੀ ਹੈ ਅਤੇ ਇਸ ਨਾਲ ਉਨ੍ਹਾਂ ਦੀ ਅਟੁੱਟ ਸਾਂਝ ਹੈ। ਇਸ ਲਈ ਰੋਹਿੰਗੀਆ ਮੁਸਲਮਾਨਾਂ ਦੇ ਮਸਲੇ ਵਿੱਚੋਂ ਸਿੱਖਾਂ ਲਈ ਬਹੁਤ ਕੁਝ ਸਿੱਖਣ ਲਈ ਹੈ। ਇਸ ਨੂੰ ਧਰਮ ਦੀ ਲੜਾਈ ਆਖ ਕੇ ਅਣਗੌਲਾ ਨਾ ਕੀਤਾ ਜਾਵੇ, ਸਗੋਂ ਇਸ ਤੋਂ ਸਬਕ ਸਿੱਖ ਕੇ ਭਵਿੱਖ ‘ਚ ਆਉਣ ਵਾਲੇ ਖ਼ਤਰਿਆਂ ਲਈ ਤਿਆਰ ਹੋਇਆ ਜਾਵੇ। ਜਿਹੜਾ ਸਮਾਂ ਅੱਜ ਰੋਹਿੰਗੀਆ ਮੁਸਲਮਾਨਾਂ ‘ਤੇ ਹੈ ਉਹ ਸਿੱਖਾਂ ਨੇ ਪਹਿਲਾਂ ਵੀ ਭਾਰਤ ‘ਚ ਹੰਢਾਇਆ ਹੈ ਅਤੇ ਦੁਬਾਰਾ ਫਿਰ ਕਿਸੇ ਵੀ ਸਮੇਂ ਉਹੀ ਹਾਲਾਤ ਬਣ ਸਕਦੇ ਹਨ।

* ਕਿਸੇ ਖਿੱਤੇ ਨੂੰ ਇਕ ਨਸਲੀ ਬਣਾਉਣ ਲਈ ਕਿਸੇ ਦੂਜੀ ਨਸਲ ਦੇ ਲੋਕਾਂ ਨੂੰ ਉੱਥੋਂ ਜ਼ਬਰੀ ਬਾਹਰ ਕੱਢਣ ਜਾਂ ਮਾਰ ਦੇਣ ਦੇ ਅਮਲ ਨੂੰ ਨਸਲੀ ਸਫਾਈ ਦਾ ਨਾਂ ਦਿੱਤਾ ਜਾਂਦਾ ਹੈ। ਭਾਵੇਂ ਕਿ ਕੌਮਾਂਤਰੀ ਕਾਨੂੰਨ ਤਹਿਤ ਨਸਲੀ ਸਫਾਈ ਦੇ ਜੁਰਮ ਬਾਰੇ ਕੋਈ ਸਿੱਧੀ ਸੰਧੀ ਜਾਂ ਕਾਨੂੰਨ ਤਾਂ ਨਹੀਂ ਹੈ ਪਰ ਇਸ ਅਮਲ ਨੂੰ ਵੱਖ-ਵੱਖ ਸੰਧੀਆਂ ਜਾਂ ਕਾਨੂੰਨਾਂ, ਜਿਵੇਂ ਕਿ ਕੌਮਾਂਤਰੀ ਫੌਜਦਾਰੀ ਅਦਾਲਤ ਬਾਰੇ ਕਾਨੂੰਨ, ਵਿਚ “ਮਨੁੱਖਤਾ ਖਿਲਾਫ ਜੁਰਮ” ਵੱਜੋਂ ਸ਼ਾਮਲ ਕੀਤਾ ਗਿਆ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , ,