March 2, 2018 | By ਸਿੱਖ ਸਿਆਸਤ ਬਿਊਰੋ
ਪਿਛਲੇ ਦਿਨੀਂ ਪੂਰੇ ਸੰਸਾਰ ਵਿੱਚ ਵਸਦੇ ਸਿੱਖਾਂ ਵਲੋਂ ਖਾਲਸੇ ਦਾ ਸਾਜਨਾ ਦਿਵਸ ਬਹੁਤ ਹੀ ਧੂਮ-ਧਾਮ ਨਾਲ ਮਨਾਇਆ ਗਿਆ ਅਤੇ ਕਈ ਜਗ੍ਹਾ ਆਉਣ ਵਾਲੇ ਦਿਨਾਂ ’ਚ ਮਨਾਇਆ ਜਾ ਰਿਹਾ ਹੈ। ਜਗ੍ਹਾ ਜਗ੍ਹਾ ਨਗਰ ਕੀਰਤਨ ਕੱਢੇ ਗਏ, ਧਾਰਮਿਕ ਦੀਵਾਨ ਸਜੇ, ਅੰਮ੍ਰਿਤ ਸੰਚਾਰ ਹੋਏ, ਜੋ ਕਿ ਬਹੁਤ ਵਧੀਆ ਗੱਲ ਹੈ। ਇਸ ਇਤਿਹਾਸਕ ਦਿਨ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸੇ ਦੀ ਸਾਜਨਾ ਕਰਕੇ ਜਾਤ-ਪਾਤ ਦੇ ਕੋਹੜ ਨੂੰ ਹਮੇਸ਼ਾ ਲਈ ਖਤਮ ਕਰ ਦਿੱਤਾ ਸੀ ਪਰ ਅਫਸੋਸ ਕਿ ਅਸੀਂ ਖਾਲਸੇ ਦਾ ਜਨਮ ਦਿਨ ਤਾਂ ਬਹੁਤ ਉਤਸ਼ਾਹ ਨਾਲ ਮਨਾਉਂਦੇ ਹਾਂ ਪਰ ਖਾਲਸੇ ਦੇ ਜਨਮ ਉਪਰੰਤ ਜਾਤ-ਪਾਤ ਦੇ ਨਸ਼ੇ ਬਾਰੇ ਕੁਝ ਵੀ ਸੋਚਦੇ ਜਾਂ ਕਰਦੇ ਨਹੀਂ। ਖਾਲਸਾਈ ਸਮਾਜ ਅੰਦਰ ਜਾਤ-ਪਾਤ ਦਾ ਇਹ ਕੋਹੜ ਵੱਡੀ ਪੱਧਰ ’ਤੇ ਫੈਲ ਕੇ ਵਿਆਪਕ ਰੋਗ ਬਣ ਚੁੱਕਾ ਹੈ।
ਸਿੱਖ ਸਕਾਲਰ ਭਾਈ ਗੁਰਤੇਜ ਸਿੰਘ (ਸਾਬਕਾ ਆਈ. ਏ. ਐਸ.) ਨੇ ਇੱਕ ਵਾਰ ਪਟਿਆਲੇ ਵਿੱਚ ਇੱਕ ਇਕੱਠ ਵਿੱਚ ਬੋਲਦਿਆਂ ਕਿਹਾ, ‘‘ਗੈਰ ਜੱਟਾਂ ਅਤੇ ਜੱਟਾਂ ਵਿੱਚ ਵਧ ਰਿਹਾ ਪਾੜਾ ਇਥੇ ਸ਼ੀਆ ਅਤੇ ਸੁੰਨੀ ਮੁਸਲਮਾਨਾਂ ਵਾਲੀ ਸਥਿਤੀ ਪੈਦਾ ਕਰਦਾ ਜਾ ਰਿਹਾ ਹੈ, ਜਿਸ ਨਾਲ ਕਿ ਕੌਮ ਦਾ ਭਵਿੱਖ ਖਤਮ ਹੋ ਜਾਏਗਾ। ਪਿਛਲੇ ਸਾਲਾਂ ਵਿੱਚ ਕੋਈ ਡੇਢ ਲੱਖ ਸਿੱਖ ਨੌਜਵਾਨ ਸ਼ਹੀਦ ਕੀਤਾ ਗਿਆ ਪਰ ਸਾਡੀ ਲੀਡਰਸ਼ਿਪ ਨੇ ਕਦੇ ਵੀ ਇਸ ਪਾਸੇ ਨਹੀਂ ਸੋਚਿਆ।’ ਭਾਵੇਂ ਸਾਡੇ ਭਾਈ ਗੁਰਤੇਜ ਸਿੰਘ ਦੀ ਰਾਜਸੀ ਸੋਚ ਨਾਲ ਲੱਖ ਮਤਭੇਦ ਹੋਣ ਪਰ ਜਿਸ ‘ਕੋਹੜ’ ਵੱਲ ਉਨ੍ਹਾਂ ਨੇ ਇਸ਼ਾਰਾ ਕੀਤਾ ਹੈ ਉਹ ਸਾਡੀ ਕੌਮ ਦੀ ਧਾਰਮਿਕ, ਸਮਾਜਿਕ, ਰਾਜਨੀਤਕ ਸੋਚ ਤੇ ਹਾਵੀ ਹੈ ਤੇ ਇਸ ਦੀ ਸੜਾਂਦ ਨੂੰ ਹਰ ਥਾਂ ਤੇ ਮਹਿਸੂਸ ਕੀਤਾ ਜਾ ਸਕਦਾ ਹੈ। ਜਾਤ-ਪਾਤ ’ਤੇ ਅਧਾਰਤ ਨਸਲਵਾਦੀ ਸੋਚ (੍ਰੳਚਸਿਟ 2ੲਲਇਡਸ) ਰੱਖਣ ਵਾਲੇ, ਕਿਹੜੇ ਪੈਮਾਨੇ ਨਾਲ ਆਪਣੇ ਆਪ ਨੂੰ ਸਿੱਖ ਸਮਝਦੇ ਹਨ? ਕੀ ਜਾਤ ਦੇ ਆਧਾਰ ’ਤੇ ਸੋਚਣ ਵਾਲਾ ਮਨੁੱਖ, ਗੁਰੂ ਨਾਨਕ, ਗੁਰੂ ਗੋਬਿੰਦ ਸਿੰਘ ਸਾਹਿਬ ਦੇ ਸਾਜੇ ਨਿਰਮਲ, ਖਾਲਸਾਈ ਪੰਥ ਦਾ ਮੈਂਬਰ ਹੋਣ ਦਾ ਦਾਅਵਾ ਕਰ ਸਕਦਾ ਹੈ? ਹਰਗਿਜ਼, ਹਰਗਿਜ਼ ਨਹੀਂ। ਇਹੋ ਜਿਹੇ ਜਾਤ ਅਭਿਮਾਨੀ ਹਿਟਲਰ ਦੀ ਨਾਜ਼ੀ ਪਾਰਟੀ ਦੇ ਮੈਂਬਰ ਹੋ ਸਕਦੇ ਹਨ ਪਰ ਉਨ੍ਹਾਂ ਨੂੰ ਆਪਣੇ ਆਪ ਨੂੰ ‘ਖਾਲਸਾ’ ਕਹਾਉਣ ਦਾ ਕੋਈ ਇਖਲਾਕੀ ਹੱਕ ਨਹੀਂ ਹੈ।
ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਸਾਹਿਬ ਨੇ ਬੁ¦ਦ ਅਵਾਜ਼ ਵਿੱਚ ਫੁਰਮਾਇਆ –
‘‘ਫੱਕੜ ਜਾਤੀ ਫੱਕੜੁ ਨਾਉ॥
ਸਭਨਾ ਜੀਆ ਇਕਾ ਛਾਉ॥
ਜਾਤ ਦਾ ਅਭਿਮਾਨ ਕਰਨ ਵਾਲਿਆਂ ਨੂੰ, ਇਸ ਤੋਂ ਵੱਧ ਹੋਰ ਕੀ ਗਵਾਹੀ ਚਾਹੀਦੀ ਹੈ –
‘‘ਨੀਚਾ ਅੰਦਰਿ ਨੀਚ ਜਾਤ ਨੀਚੀ ਹੂ ਅਤਿ ਨੀਚੁ॥
ਨਾਨਕ ਤਿਨ ਕੈ ਸੰਗਿ ਸਾਥਿ ਵਡਿਆ ਸਿਉ ਕਿਆ ਰੀਸ॥
ਜਿਥੈ ਨੀਚ ਸਮਾਲੀਅਨ ਉਥੈ ਨਦਰਿ ਤੇਰੀ ਬਖਸੀਸ॥’’
ਗੁਰੂ ਨਾਨਕ ਨੇ ਸਮਾਜ ਵਿੱਚ ਨੀਵੀਂ ਜਾਤ ’ਚੋਂ ਸਮਝੇ ਜਾਂਦੇ ਡੂੰਮ ਭਾਈ ਮਰਦਾਨਾ ਜੀ ਨੂੰ ਆਪਣੇ ਸਫਰਾਂ ਦਾ ਸਾਥੀ ਬਣਾਇਆ ਤੇ ਸਾਰੀ ਰੱਬੀ ਬਾਣੀ ਦਾ ਉਚਾਰਨ, ਗਾਇਨ ਭਾਈ ਮਰਦਾਨੇ ਦੀ ਰਬਾਬ ਨਾਲ ਗੁਰੂ ਨਾਨਕ ਸਾਹਿਬ ਨੇ ਕੀਤਾ। ਆਪਣੀ ਪਹਿਲੀ ਉਦਾਸੀ ਦਾ ਪੜਾਅ ਭਾਈ ਲਾਲੋ ਜੀ, ਇੱਕ ਕਿਰਤੀ ਤਰਖਾਣ ਦੇ ਘਰ ਕੀਤਾ ਤੇ ਉ¤ਚੀ ਜਾਤ ਦਾ ਮਾਣ ਕਰਨ ਵਾਲੇ ਮਲਿਕ ਭਾਗੋ ਦੇ ਮਾਲ੍ਹ ਪੂੜਿਆਂ ਨੂੰ ਨਕਾਰ ਕੇ, ਭਾਈ ਲਾਲੋ ਦੀ ਕੋਧਰੇ ਦੀ ਰੋਟੀ ਨੂੰ ਵਡਿਆਇਆ।
ਅੱਜ ਖਾਲਸਾ ਪੰਥ ਗੰਭੀਰਤਾ ਨਾਲ ਵਿਚਾਰ ਕਰੇ ਕਿ ਗੁਰੂ ਨਾਨਕ ਨੂੰ ਪਿਆਰੇ ਕਿਰਤੀ, ਦਲਿਤ, ਨਿਮਾਣੇ, ਨਿਤਾਣੇ ਵਰਗ ਦੇ ਲੋਕ ਵੱਡੀ ਗਿਣਤੀ ਵਿੱਚ ਸਾਡੇ ਧਰਮ ਦਾ ਹਿੱਸਾ ਕਿਉਂ ਨਹੀਂ ਬਣ ਸਕੇ? ਹਿੰਦੁਸਤਾਨ ਦਾ ਦਲਿਤ ਤੇ ਪੱਛੜਿਆ ਵਰਗ, ਜਿਸ ਨੂੰ ਕਿ ਸਿੱਖ ਧਰਮ ਸਰਬ ਸਾਂਝੀਵਾਲਤਾ ਦੇ ਆਦਰਸ਼ ਨਾਲ ਆਪਣੇ ਆਪ ਵਿੱਚ ਸਮੋ ਸਕਦਾ ਸੀ, ਇੱਕ ਵੱਖਰੀ ਧਿਰ ਬਣ ਕੇ ਬ੍ਰਾਹਮਣਵਾਦ ਦੇ ਜੂਲੇ ’ਚੋਂ ਆਜ਼ਾਦੀ ਹਾਸਲ ਕਰਨ ਦਾ ਯਤਨ ਕਰ ਰਿਹਾ ਹੈ।
ਗੁਰੂ ਗੋਬਿੰਦ ਸਿੰਘ ਸਾਹਿਬ ਨੇ, ਗੁਰੂ ਨਾਨਕ ਸਾਹਿਬ ਦੇ ਆਸ਼ੇ – ‘ਚਾਰ ਵਰਣ ਇਕ ਵਰਣ ਕਰਾਇਆ’ ਨੂੰ ਮੁੱਖ ਰੱਖ ਕੇ ਖੰਡੇ ਬਾਟੇ ਦਾ ਅੰਮ੍ਰਿਤ ਛਕਾ ਕੇ ਸਦੀਵ ਰੂਪ ਵਿੱਚ ਅਕਾਲ ਪੁਰਖ ਦੀ ਫੌਜ-ਖਾਲਸਾ ਪੰਥ ਦੀ ਸਿਰਜਣਾ ਕੀਤੀ। ਬ੍ਰਾਹਮਣਵਾਦੀ ਸਮਾਜ ਵਲੋਂ ਦਿੱਤੇ ਗਏ ਘ੍ਰਿਣਤ ਨਾਵਾਂ ਤੇ ਘਟੀਆ ਜ਼ਾਤਾਂ ਦੇ ਲੇਬਲ ਉਤਾਰ ਕੇ ‘ਸਰਦਾਰੀ’ ਬਖਸ਼ੀ। ਪੰਜਾਂ ਪਿਆਰਿਆਂ ਦੀ ਚੋਜਮਈ ਚੋਣ ਕਰਕੇ ਅੰਮ੍ਰਿਤ ਦੀ ਦਾਤ ਬਖਸ਼ ਕੇ ਫੁਰਮਾਇਆ – ‘‘ਅੱਜ ਤੋਂ ਤੁਹਾਡੀ ਕੁਲ ਨਾਸ, ਕਰਮ ਨਾਸ, ਕ੍ਰਿਤ ਨਾਸ, ਵਰਣ ਨਾਸ। ਤੁਸੀਂ ‘ਖਾਲਸਾ’ ਹੋ। ਤੁਸੀਂ ਮੇਰੇ ਤੇ ਮਾਤਾ ਸਾਹਿਬ ਕੌਰ ਦੇ ਸਪੁੱਤਰ-ਸਪੁੱਤਰੀਆਂ ਹੋ। ਤੁਸੀਂ ਸਾਰੇ ਆਨੰਦਪੁਰੀ ਦੇ ਵਾਸੀ ਹੋਣ ਕਰਕੇ ਗਰਾਈਂ ਹੋ। ਤੁਸੀਂ ਅੱਜ ਨਵਾਂ ਜਨਮ ਲਿਆ ਹੈ।’’
ਗੁਰੂ ਕਲਗੀਧਰ ਨੇ ‘ਖਾਲਸਾਈ’ ਆਦਰਸ਼ ਮੂਰਤੀਮਾਨ ਕਰਕੇ ਬ੍ਰਾਹਮਣਵਾਦ ਦੇ ਤਾਬੂਤ ਵਿੱਚ ਅਖੀਰਲਾ ਕਿੱਲ ਠੋਕ ਦਿੱਤਾ ਸੀ। ਮੰਨੂੰ ਦੀ ਨਸਲਵਾਦੀ ਸੋਚ ਨੂੰ ਨਕਾਰ ਕੇ, ਸਾਰੀ ਕੌਮ ਨੂੰ ਸ਼ਸਤਰਧਾਰੀ ਬਣਾ ਕੇ ਇੱਕ ਨਵੀਂ ਕਰਾਂਤੀ, ਇੱਕ ਨਰੋਆ ਸਮਾਜ ਸਿਰਜਣ ਦਾ ਬਾਨਣੂੰ ਬੰਨ੍ਹਿਆ ਸੀ। ਬਾਣੀ ਪੜ੍ਹਦਾ ਸਿੱਖ ਬ੍ਰਾਹਮਣ ਦਾ ਕਰਮ ਕਰ ਰਿਹਾ ਸੀ, ਜੰਗ ਵਿੱਚ ਜੂਝਦਾ ਸਿੰਘ ‘ਕਸ਼ੱਤਰੀ’ ਦੀ ਪ੍ਰੀਭਾਸ਼ਾ ਦੱਸ ਰਿਹਾ ਸੀ, ਕਿਰਤ-ਵਿਰਤ ਕਰਦਾ ਸਿੱਖ ‘ਵੈਸ਼ਯ’ ਦਾ ਫਰਜ਼ ਪੂਰਾ ਕਰ ਰਿਹਾ ਸੀ ਤੇ ਹੱਥੀਂ ਸੇਵਾ ਕਰ ਰਿਹਾ ਸਿੱਖ ਬ੍ਰਾਹਮਣਵਾਦੀਆਂ ਦਾ ‘ਸ਼ੂਦਰ’ ਨਾ ਬਣ ਕੇ, ਗੁਰੂ ਕਾ ਸਿੱਖ ਬਣ ਰਿਹਾ ਸੀ। ਹੁਣ ਬ੍ਰਾਹਮਣਵਾਦ ਦੇ ਵਰਣ-ਆਸ਼ਰਮ ਧਰਮ ਦੀ ਲੋੜ ਨਹੀਂ ਸੀ। ਗੁਰੂ ਕੇ ਖਾਲਸੇ ਨੇ ਸਿੱਧਾ ਅਕਾਲਪੁਰਖ ਨਾਲ ਸਬੰਧ ਜੋੜਿਆ ਹੋਇਆ ਸੀ। ਕਿਸੇ ਦਲਾਲ ਬ੍ਰਾਹਮਣ ਦੀ ਲੋੜ ਨਹੀਂ ਸੀ, ਜਿਹੜਾ ਰੱਬ ਨਾਲ ਮਿਲਾਣ ਲਈ ਵਿਚੋਲਗੀ ਕਰਦਾ। ਖਾਲਸੇ ਨੂੰ ਗੁਰੂ ਨੇ ਗੁਰਸਿੱਖੀ ਦੇ ਨਾਲ-ਨਾਲ ਰਾਜਸੀ ਪ੍ਰਭੂਸੱਤਾ ਸੰਪਨਤਾ (ਸ਼ੋਵੲਰੲਗਿਨਟਿੇ) ਵੀ ਬਖਸ਼ੀ। ਜਿਨ੍ਹਾਂ ਸ਼ੂਦਰ ਕਹੇ ਜਾਂਦਿਆਂ ਨੂੰ ਕੋਈ ਨੇੜੇ ਨਹੀਂ ਸੀ ਬਹਿਣ ਦਿੰਦਾ, ਉਨ੍ਹਾਂ ਨੂੰ ਗੁਰੂ ਨੇ ‘ਬਾਦਸ਼ਾਹੀ’ ਦੀ ਬਖਸ਼ਿਸ਼ ਕੀਤੀ। ਗੁਰੂ ਕਲਗੀਧਰ ਦੇ ਸ਼ਬਦਾਂ ਨੂੰ ਭਾਈ ਰਤਨ ਸਿੰਘ ਭੰਗੂ ਨੇ ਇਉਂ ਅੰਕਤ ਕੀਤਾ ਹੈ-
‘ਜੱਟ ਬੂਟ ਕਹਿ ਕੇ ਜੱਗ ਮਾਹੀ, ਬਨੀਏ, ਬਕਾਲ, ਕਿਰਾੜ, ਖੱਤਰੀ ਸਦਾਈ।
ਲੁਹਾਰ, ਤਰਖਾਣ, ਹੁਤ ਜਾਤ ਕਮੀਨੀ, ਛੀਪੇ, ਕਲਾਲ ਨੀਚਨ ਪੈ ਕ੍ਰਿਪਾ ਕੀਨੀ।
ਗੁੱਜਰ, ਗਵਾਰ, ਅਹੀਰ ਕਮਜ਼ਾਤ, ਕੰਬੋਇ, ਸੂਦਨ ਕੋਇ ਪੂਛੈ ਨਾ ਬਾਤ।
ਝੀਵਰ, ਨਾਈ, ਰੋੜੇ, ਘੁਮਿਆਰ, ਸੈਣੀ, ਸੁਨਿਆਰੇ, ਚੂੜੇ, ਚਮਿਆਰ।
ਇਨ ਗਰੀਬ ਸਿੱਖਣ ਕੋ ਦਯੋ ਪਾਤਸ਼ਾਹੀ। ਇਹ ਯਾਦ ਕਰੇਂ ਹਮਰੀ ਗੁਰਿਆਈ।
ਅੱਜ ਸਾਡੇ ਵਲੋਂ ਬਰਾਬਰੀ ਦਾ ਸਮਾਜਕ ਹੁੰਗਾਰਾ ਨਾ ਮਿਲਣ ਕਰਕੇ ਦਲਿਤ ਵਰਗ, ਬੁੱਧ ਧਰਮ ਜਾਂ ਈਸਾਈ ਧਰਮ ਵੱਲ ਪ੍ਰੇਰਤ ਹੋ ਰਿਹਾ ਹੈ। ਦੇਸ਼-ਵਿਦੇਸ਼ ਦੇ ਅੰਦਰ ਗੁਰੂ ਰਵੀਦਾਸ ਮੰਦਰ ਜਾਂ ਕਬੀਰ ਪੰਥੀਆਂ ਦੀਆਂ ਵੱਖਰੀਆਂ ਸੰਸਥਾਵਾਂ ਹੋਂਦ ਵਿੱਚ ਆ ਰਹੀਆਂ ਹਨ। ਕੈਨੇਡਾ-ਅਮਰੀਕਾ ਵਿੱਚ ਹੀ ਪਿਛਲੇ ਸਾਲਾਂ ਵਿੱਚ ਕਈ ਰਵੀਦਾਸ ਮੰਦਰ ਹੋਂਦ ਵਿੱਚ ਆ ਚੁੱਕੇ ਹਨ। ਕੁਰਬਾਨੀਆਂ ਦੇ ਪਿੜ ਵਿੱਚ ਦਲਿਤ ਵਰਗ ਸਿੱਖ ਇਤਿਹਾਸ ਵਿੱਚ ਕਦੇ ਵੀ ਪਿੱਛੇ ਨਹੀਂ ਰਿਹਾ। ਭਾਈ ਜੈਤਾ ਜੀ (ਜਿਹੜੇ ਪਿੱਛੋਂ ਅੰਮ੍ਰਿਤ ਛਕ ਕੇ ਭਾਈ ਜੀਵਨ ਸਿੰਘ ਬਣ ਕੇ ਬਹਾਦਰ ਯੋਧੇ ਬਣੇ) ਨੇ ਗੁਰੂ ਤੇਗ ਬਹਾਦਰ ਸਾਹਿਬ ਦਾ ਸੀਸ ਚਾਂਦਨੀ ਚੌਂਕ ਦਿੱਲੀ ਤੋਂ ਆਨੰਦਪੁਰ ਸਾਹਿਬ ਵਿਖੇ ਲਿਆਂਦਾ ਤੇ ਦਮਸੇਸ਼ ਪਿਤਾ ਤੋਂ ‘ਰੰਘਰੇਟੇ ਗੁਰ ਕੇ ਬੇਟੇ’ ਦਾ ਮਾਣ ਪ੍ਰਾਪਤ ਕੀਤਾ। ਇਨ੍ਹਾਂ ਗੁਰੂ ਪਿਆਰੇ ਰੰਗ-ਰੱਤਿਆਂ ਨੇ ਚਮਕੌਰ ਦੀ ਗੜ੍ਹੀ ਵਿੱਚ ਭਾਈ ਸੰਗਤ ਸਿੰਘ ਦੇ ਰੂਪ ਵਿੱਚ ਗੁਰੂ ਕਲਗੀਧਰ ਦੀ ਜਗ੍ਹਾ ਕਲਗੀ-ਪੋਸ਼ਾਕ ਪ੍ਰਾਪਤ ਕੀਤੀ ਜਦੋਂ ਕਿ ਗੁਰੂ ਖਾਲਸੇ ਦੀ ਬੇਨਤੀ ਮੰਨ ਕੇ ਗੁਰੂ ਕਲਗੀਧਰ ਨੇ ਚਮਕੌਰ ਦੀ ਗੜ੍ਹੀ ਛੱਡੀ। ਭਾਈ ਸੰਗਤ ਸਿੰਘ ਜੀ ਦੀ ਸ਼ਕਲੋ-ਸੂਰਤ ਗੁਰੂ ਸਾਹਿਬ ਨਾਲ ਮਿਲਦੀ-ਜੁਲਦੀ ਸੀ। ਇਸ ਲਈ ਦੁਸ਼ਮਣ ਨੂੰ ਰੋਕ ਰੱਖਣ ਵਿੱਚ ਇਹ ‘ਜੰਗੀ ਚਾਲ’ ਵੀ ਬੜੀ ਸਫਲ ਸਾਬਤ ਹੋਈ। ਭਾਈ ਸਾਹਿਬ ਜੂਝਦੇ ਹੋਏ ਸ਼ਹੀਦ ਹੋਏ। ਉਦੋਂ ਤੱਕ ਗੁਰੂ ਸਾਹਿਬ ਸੁਰੱਖਿਅਤ ਫਾਸਲੇ ’ਤੇ ਪਹੁੰਚ ਚੁੱਕੇ ਸਨ। ਭਾਈ ਡੱਲੇ ਦੀ ਪਰਖ ਕਰਨ ਲਈ ਬੰਦੂਕ ਦਾ ਨਿਸ਼ਾਨਾ ਪਰਖਣ ਦੀ ਪ੍ਰੀਖਿਆ ਵਿੱਚ ਪਾਸ ਹੋਣ ਵਾਲੇ ਸਿੱਖਾਂ ਵਿੱਚ ਵੀ ਰੰਗ-ਰੱਤੇ ਵੀਰ ਸ਼ਾਮਲ ਸੀ। ਜੇ ਦਰਬਾਰ ਸਾਹਿਬ ਦੀ ਬੇ-ਅਦਬੀ ਕਰਨ ਵਾਲੇ ਮੱਸੇ ਰੰਘੜ ਨੂੰ ਸੋਧਣ ਵਾਲਿਆਂ ਵਿੱਚ ਭਾਈ ਮਤਾਬ ਸਿੰਘ ਮੀਰਾਂਕੋਟੀਏ ਦੇ ਨਾਲ ਭਾਈ ਸੁੱਖਾ ਸਿੰਘ, ਰੰਘਰੇਟਾ ਵੀਰ ਸੀ ਤਾਂ ਅਜੋਕੀ ਮੱਸੇ ਰੰਘੜ ਦੀ ਜਾਨਸ਼ੀਨ ਇੰਦਰਾ ਗਾਂਧੀ ਨੂੰ ਸੋਧਣ ਵਾਲੀ ਭਾਈ ਬੇਅੰਤ ਸਿੰਘ- ਭਾਈ ਸਤਵੰਤ ਸਿੰਘ ਦੀ ਜੋੜੀ ਸਿੱਖ ਪੰਥ ਨੂੰ ਯਾਦ ਕਰਵਾ ਰਹੀ ਹੈ ਕਿ ਖਾਲਸਾ ਪੰਥ ਵਿੱਚ ਵਡਿਆਈ ਜਾਤ ਕਰਕੇ ਨਹੀਂ, ਕਰਮ ਕਰਕੇ ਮਿਲਦੀ ਹੈ। ਦਰਬਾਰ ਸਾਹਿਬ ਦੀ ਬੇ-ਅਦਬੀ ਸੁਣ ਕੇ ਜੂਨ ’84 ਵਿੱਚ ਬੈਰਕਾਂ ਛੱਡ ਕੇ ਸ੍ਰੀ ਅੰਮ੍ਰਿਤਸਰ ਜੀ ਵੱਲ ਕੂਚ ਕਰਨ ਵਾਲੇ ਧਰਮੀ ਫੌਜੀਆਂ ਦੀ ਵੱਡੀ ਗਿਣਤੀ ਵਿੱਚ ‘ਰੰਗਰੇਟੇ ਗੁਰ ਕੇ ਬੇਟੇ’ ਸ਼ਾਮਲ ਸਨ। ਅਜੋਕੇ ਪਾਪੀ ਪੂਹਲੇ ਨੂੰ ਸੋਧਣ ਵਾਲਾ ਹਰਚੰਦ ਸਿੰਘ ਵੀ ਇੱਕ ਉਦਾਹਰਣ ਹੈ। ਖਾਲਿਸਤਾਨੀ ਸੰਘਰਸ਼ ਵਿੱਚ ਸ਼ਾਮਲ ਹੋਣ ਵਾਲੇ ਵੀਰ ‘ਹੁਸਨਿਆਂ (ਬਹਾਦਰ ਖਾਲਿਸਤਾਨੀ ਯੋਧਾ) ਦੀ ਕਮੀ ਨਹੀਂ ਹੈ। ਕਿੰਨੀ ਸ਼ਰਮ ਦੀ ਗੱਲ ਹੈ ਜੇ ਸਾਡੇ ਦਲਿਤ ਵੀਰ ਸਿੱਖ ਧਰਮ ਨਾਲੋਂ ਕਿਸੇ ਹੋਰ ਥਾਂ ਆਪਣੇ ਆਪ ਨੂੰ ਜ਼ਿਆਦਾ ਸੁਰੱਖਿਅਤ ਸਮਝਣ!
ਕਦੇ ਆਨੰਦਪੁਰ ਸਾਹਿਬ ਵਿਖੇ ਦੀਵਾਨ ਵਿੱਚ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਇੱਕ ਪਿਆਲਾ ਜਲ ਦੀ ਮੰਗ ਕੀਤੀ ਸੀ। ਇੱਕ ਅਮੀਰਜ਼ਾਦੇ ਨੇ ਜਦੋਂ ਜਲ ਗੁਰੂ ਸਾਹਿਬ ਨੂੰ ਲਿਆ ਕੇ ਦਿੱਤਾ ਤਾਂ ਗੁਰੂ ਸਾਹਿਬ ਦੀ ਪੁੱਛ ਦੇ ਜਵਾਬ ਵਿੱਚ ਕਿ ਉਸ ਦੇ ਹੱਥ ਕੂਲੇ ਕਿਵੇਂ ਹਨ, ਉਸਨੇ ਕਿਹਾ ਸੀ ਕਿ ਮੈਂ ਅੱਜ ਪਹਿਲੀ ਵਾਰ ਇਨ੍ਹਾਂ ਹੱਥਾਂ ਨਾਲ ਤੁਹਾਨੂੰ ਹੀ ਪਾਣੀ ਲਿਆ ਕੇ ਦਿੱਤਾ ਹੈ। ਮੈਂ ਕਦੀ ਕੋਈ ਕੰਮ ਨਹੀਂ ਕੀਤਾ। ਗੁਰੂ ਸਾਹਿਬ ਨੇ ਪਾਣੀ ਡੋਲ੍ਹਣ ਦਾ ਹੁਕਮ ਦਿੰਦਿਆਂ ਫੁਰਮਾਇਆ ਸੀ ਕਿ ਹੱਥ ਤਾਂ ਕਿਰਤ ਨਾਲ ਹੀ ਪਵਿੱਤਰ ਬਣਦੇ ਹਨ। ਅੱਜ ਇਨ੍ਹਾਂ ਕਿਰਤ ਕਰਨ ਵਾਲਿਆਂ ਲਈ ਅਸੀਂ ਗੁਰਦੁਆਰਿਆਂ ਦੇ ਦਰਵਾਜ਼ੇ ਬੰਦ ਕਰਦਿਆਂ ਜਾਂ ਜੋੜਿਆਂ ਵਿੱਚ ਬੈਠਣ ਦਾ ਹੁਕਮ ਕਰਦਿਆਂ ਕੀ ਇਹ ਨਹੀਂ ਸੋਚਦੇ ਕਿ ਇਉਂ ਕਰਕੇ ਸਾਡੇ ਲਈ ਗੁਰੂ ਸਾਹਿਬ ਦੇ ਦਰਵਾਜ਼ੇ ਸਦਾ ਲਈ ਬੰਦ ਹੋ ਜਾਣਗੇ? ਕੀ ਅਸੀਂ ਗੁਰੂ ਨਾਨਕ ਸਾਹਿਬ ਨੂੰ ਭਾਈ ਮਰਦਾਨੇ ਤੋਂ ਨਹੀਂ ਵਿਛੋੜ ਰਹੇ? ਕੀ ਪੰਜਾਂ ਪਿਆਰਿਆਂ ਦਾ ਪ੍ਰਸ਼ਾਦ ਵੰਡਦਿਆਂ ਸਾਨੂੰ ਇਹ ਖਿਆਲ ਨਹੀਂ ਆਉਂਦਾ ਕਿ ਪੰਜਾਂ ਪਿਆਰਿਆਂ ਦੀ ਜਾਂ ਖਾਲਸਾ ਪੰਥ ਦੀ ਨੀਂਹ ਕਿਸ ਆਧਾਰ ’ਤੇ ਰੱਖੀ ਗਈ ਹੈ? ਕੀ ਨੀਂਹ ਨੂੰ ਤਬਾਹ ਕਰਕੇ ਕੋਈ ਇਮਾਰਤ ਖੜ੍ਹੀ ਰਹਿ ਸਕਦੀ ਹੈ? ਕੀ ਅੱਜ ਅੱਡ-ਅੱਡ ਜਾਤਾਂ ਦੇ ਨਾਂ ’ਤੇ ਬਣ ਰਹੇ ਗੁਰਦੁਆਰੇ ਤੇ ਸੁਸਾਇਟੀਆਂ ਮੁੱਢਲੇ ਖਾਲਸਾਈ ਸਿਧਾਂਤ ਦੀ ਹੀ ਅਵੱਗਿਆ ਨਹੀਂ ਹੈ? ਕੀ ਅੱਜ ਅੱਡ-ਅੱਡ ਅਖਬਾਰਾਂ ਵਿੱਚ ਛਪ ਰਹੇ ‘ਰਿਸ਼ਤਿਆਂ ਦੀ ਮੰਗ’ ਦੇ ਇਸ਼ਤਿਹਾਰਾਂ ਵਿੱਚ ਅਸੀਂ ‘ਗੁਰਸਿੱਖ’ ਨਾਲੋਂ ਕਿਸੇ ਖਾਸ ਜਾਤ ਦੇ (ਭਾਵੇਂ ਕਲੀਨਸ਼ੇਵਨ ਹੀ) ਮੁੰਡੇ ਦੀ ਤਲਾਸ਼ ਨਹੀਂ ਕਰਦੇ? ਕੀ ਅੰਮ੍ਰਿਤਧਾਰੀ, ਗੁਰਸਿੱਖ ਪਰਿਵਾਰਾਂ ਦੀ ਰਿਸ਼ਤਿਆਂ ਦੀ ਮੰਗ ਵਿੱਚ ਵੀ ‘ਜਾਤ-ਪਾਤ’ ਦੀ ਵੀਚਾਰ ਨਹੀਂ ਕੀਤੀ ਜਾਂਦੀ? ਜੇ ਇਨ੍ਹਾਂ ਸਭ ਦਾ ਜਵਾਬ ਹਾਂ ਵਿੱਚ ਹੈ ਤਾਂ ਸਾਨੂੰ ਗੁਰੂ ਨਾਨਕ, ਗੁਰੂ ਗੋਬਿੰਦ ਸਿੰਘ ਸਾਹਿਬ ਦੇ ਸਿੱਖ ਕਹਾਉਣ ਦਾ ਕੋਈ ਹੱਕ ਨਹੀਂ ਹੈ।
ਸਾਊਥ ਏਸ਼ੀਆ ਵਿੱਚ ਇੱਕ ਮਜ਼ਬੂਤ ਦੇਸ਼, ਖਾਲਿਸਤਾਨ ਦੀ ਸਿਰਜਣਾ ਲਈ ਸਾਨੂੰ ਖਾਲਸਾਈ ਕਦਰਾਂ-ਕੀਮਤਾਂ ਤੇ ਸਚਿਆਰਤਾ ਨਾਲ ਪਹਿਰਾ ਦੇਣ ਦੀ ਲੋੜ ਹੈ। ਜਾਤ-ਪਾਤ ਦੀ ਖਾਲਸਾਈ ਸੋਚ ਅੰਦਰ ਕੋਈ ਥਾਂ ਨਹੀਂ ਹੈ। ਸਾਡਾ ਦੁਸ਼ਮਣ ਸਾਂਝਾ ਹੈ। ਬ੍ਰਾਹਮਣਵਾਦ ਨੇ ਦਲਿਤਾਂ ਅਤੇ ਸਿੱਖਾਂ ਦਾ ਭਾਰਤ ’ਚ ਸਰਵਨਾਸ਼ ਕਰਨ ਦੀ ਮੁਹਿੰਮ ਵਿੱਢੀ ਹੋਈ ਹੈ। ਦੋਹਾਂ ਦੀ ਆਪਸੀ ਏਕਤਾ ਹੀ ਇਸ ਸਾਂਝੇ ਦੁਸ਼ਮਣ ਨੂੰ ਮਾਤ ਦੇ ਸਕਦੀ ਹੈ। ਏਕਤਾ ਬਿਨਾਂ ਦੋਹਾਂ ਦੀ ਗਤ ਨਹੀਂ। ਰਹਿਤਨਾਮਾ ਭਾਈ ਦਇਆ ਸਿੰਘ ਵਿੱਚ, ਗੁਰੂ ਗੋਬਿੰਦ ਸਿੰਘ ਸਾਹਿਬ ਦੇ ਇਹ ਸ਼ਬਦ ਬੜਾ ਸਪੱਸ਼ਟ ਸੁਨੇਹਾ ਦੇ ਰਹੇ ਹਨ –
ਅੰਮ੍ਰਿਤ ਕੋ ਪਾਣੀ ਕਹੇ, ਸਿਖ ਕੀ ਪੁਛੈ ਜਾਤ।
ਦਇਆ ਸਿੰਘ ਮਮ ਸਿਖ ਨਹੀਂ ਜਨਮ ਗਵਾਵੈਂ ਬਾਦ।
ਆਓ, ਗੁਰੂ ਵਲੋਂ ਬਖਸ਼ੇ ਸਿਧਾਂਤ ਨੂੰ ਅਮਲੀ ਜਾਮਾ ਪਹਿਨਾਉਂਦਿਆਂ ਆਪਣੇ ਦਲਿਤ ਭਰਾਵਾਂ ਨੂੰ ਗਲ ਲਾਈਏ ਅਤੇ ਇਕੱਤਰ ਹੋ ਕੇ ਸਾਂਝੇ ਦੁਸ਼ਮਣ ਦਾ ਮੁਕਾਬਲਾ ਕਰੀਏ।
ਹੇਠਲੀ ਲਿਖਤ ਧੰਨਵਾਦ ਸਹਿਤ ਕੈਨੇਡਾ ਤੋਂ ਛਪਦੇ ਹਫਤਾਵਾਰੀ ਅਖਬਾਰ “ਚੜ੍ਹਦੀਕਲਾ” ਵਿਚੋਂ ਲਈ ਗਈ ਹੈ: ਸੰਪਾਦਕ।
Related Topics: Charhdikala, Khalsa, Sikhism, Takht Sri Keshgarh Sahib