April 13, 2017 | By ਸਿੱਖ ਸਿਆਸਤ ਬਿਊਰੋ
ਅੰਮ੍ਰਿਤਸਰ: ਦਰਬਾਰ ਸਾਹਿਬ ਤੇ ਹੋਰ ਇਤਿਹਾਸਕ ਗੁਰਦੁਆਰਾ ਸਾਹਿਬਾਨ ਵਿਖੇ ਖ਼ਾਲਸਾ ਸਾਜਨਾ ਦਿਹਾੜਾ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਦੇਸ਼-ਵਿਦੇਸ਼ ਤੋਂ ਵੱਡੀ ਗਿਣਤੀ ‘ਚ ਆਈਆਂ ਸੰਗਤਾਂ ਨੇ ਦਰਸ਼ਨ-ਇਸ਼ਨਾਨ ਕਰਕੇ ਅਤੇ ਗੁਰਬਾਣੀ ਸਰਵਣ ਕਰਕੇ ਖਾਲਸਾ ਸਾਜਨਾ ਦਿਹਾੜਾ ਮਨਾਇਆ ਗਿਆ। ਖ਼ਾਲਸਾ ਸਾਜਨਾ ਦਿਹਾੜੇ ਨੂੰ ਸਮਰਪਿਤ ਅਕਾਲ ਤਖ਼ਤ ਸਾਹਿਬ ਵਿਖੇ ਹੋਏ ਅੰਮ੍ਰਿਤ ਸੰਚਾਰ ‘ਚ ਇਕ ਹਜ਼ਾਰ ਤੋਂ ਵੱਧ ਪ੍ਰਾਣੀਆਂ ਨੇ ਖੰਡੇ ਦੀ ਪਾਹੁਲ ਲਈ।
ਜ਼ਿਕਰਯੋਗ ਹੈ ਕਿ 1699 ਈ: ਨੂੰ ਵਿਸਾਖੀ ਵਾਲੇ ਦਿਨ ਗੁਰੂ ਗੋਬਿੰਦ ਸਿੰਘ ਜੀ ਨੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਵਿਖੇ ਭਰੇ ਦੀਵਾਨ ਵਿੱਚ ਤੇਗ ਦੀ ਧਾਰ ਹੇਠ ਪ੍ਰੀਖਿਆ ਕਰਕੇ ‘ਪੰਜਾਂ ਪਿਆਰਿਆਂ’ ਦੀ ਚੋਣ ਕੀਤੀ ਤੇ ਉਨ੍ਹਾਂ ਨੂੰ ਅੰਮ੍ਰਿਤ ਛਕਾ ਕੇ ਸਿੰਘ ਸਜਾਇਆ।
ਇਸ ਮੌਕੇ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸਜਾਏ ਗਏ ਧਾਰਮਿਕ ਦੀਵਾਨ ‘ਚ ਢਾਡੀ ਭਾਈ ਭੁਪਿੰਦਰ ਸਿੰਘ ਪ੍ਰੀਤ, ਭਾਈ ਹਰਭਜਨ ਸਿੰਘ ਤੇ ਬੀਬੀ ਪ੍ਰਕਾਸ਼ ਕੌਰ ਖਾਲਸਾ ਅਤੇ ਕਵੀਸ਼ਰ ਭਾਈ ਕੁਲਜੀਤ ਸਿੰਘ ਨੇ ਸੰਗਤਾਂ ਨੂੰ ਬੀਰ-ਰਸੀ ਵਾਰਾਂ ਸਰਵਣ ਕਰਵਾਇਆਂ। ਇਸ ਸਮੇਂ ਕਰਵਾਏ ਗਏ ਕਵੀ ਦਰਬਾਰ ‘ਚ ਭਾਈ ਅਜੀਤ ਸਿੰਘ ਰਤਨ, ਭਾਈ ਚੈਨ ਸਿੰਘ ਚੱਕਰਵਰਤੀ, ਭਾਈ ਸਤਬੀਰ ਸਿੰਘ ਸ਼ਾਨ, ਭਾਈ ਪਿਆਰਾ ਸਿੰਘ ਜਾਚਕ, ਭਾਈ ਤਰਲੋਕ ਸਿੰਘ ਦੀਵਾਨਾ, ਭਾਈ ਅਵਤਾਰ ਸਿੰਘ ਤਾਰੀ, ਭਾਈ ਕੁਲਵੰਤ ਸਿੰਘ ਕੋਮਲ, ਭਾਈ ਗਿਆਨ ਸਿੰਘ ਘਈ, ਭਾਈ ਕੁਲਦੀਪ ਸਿੰਘ ਨਿਰਛਲ, ਭਾਈ ਜਸਬੀਰ ਸਿੰਘ ਤੇਗ, ਭਾਈ ਰਣਜੀਤ ਸਿੰਘ ਰਾਣਾ, ਭਾਈ ਮਲਕੀਤ ਸਿੰਘ ਮੱਤੇਵਾਲ, ਭਾਈ ਹਰੀ ਸਿੰਘ, ਭਾਈ ਸੁਖਵਿੰਦਰ ਸਿੰਘ, ਭਾਈ ਗੁਰਬਚਨ ਸਿੰਘ ਮਾਹੀਆ, ਬੀਬੀ ਮਨਜੀਤ ਕੌਰ ਪਹੂਵਿੰਡ ਤੇ ਬੀਬੀ ਮਨਜੀਤ ਕੌਰ ਅੰਮ੍ਰਿਤਸਰ ਨੇ ਸੰਗਤਾਂ ਨੂੰ ਇਤਿਹਾਸ ਤੋਂ ਜਾਣੂੰ ਕਰਵਾਇਆ। ਇਸ ਮੌਕੇ ਸਟੇਜ ਸਕੱਤਰ ਦੀ ਸੇਵਾ ਭਾਈ ਸਰਵਨ ਸਿੰਘ, ਭਾਈ ਖਜ਼ਾਨ ਸਿੰਘ ਤੇ ਭਾਈ ਪਰਮਿੰਦਰ ਸਿੰਘ ਪ੍ਰਚਾਰਕ ਨੇ ਨਿਭਾਈ।
Related Topics: darbar sahib amritsar, khalsa sajna dihara, vaisakhi purab