December 27, 2016 | By ਸਿੱਖ ਸਿਆਸਤ ਬਿਊਰੋ
ਚੰਡੀਗੜ੍ਹ: ਆਮ ਆਦਮੀ ਪਾਰਟੀ ਦੀ 28 ਦਸੰਬਰ ਨੂੰ ਲੰਬੀ ਵਿੱਚ ਹੋਣ ਵਾਲੀ ਰੈਲੀ ਬਾਰੇ ਪਾਰਟੀ ਦਾ ਇਲਜ਼ਾਮ ਹੈ ਕਿ ਜ਼ਿਲ੍ਹਾ ਪ੍ਰਸ਼ਾਸਨ ਜਾਣਬੁੱਝ ਕੇ ਉਨ੍ਹਾਂ ਨੂੰ ਰੈਲੀ ਲਈ ਥਾਂ ਦੇਣ ਤੋਂ ਇਨਕਾਰ ਕਰ ਰਿਹਾ ਹੈ।
ਪਾਰਟੀ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਸੰਜੇ ਸਿੰਘ ਨੇ ਕਿਹਾ ਕਿ ਸਰਕਾਰ ਦੇ ਦਬਾਅ ਦੇ ਕਾਰਨ ਪ੍ਰਸ਼ਾਸਨ ਰੈਲੀ ਲਈ ਥਾਂ ਨਹੀਂ ਦੇ ਰਿਹਾ। ਸੰਜੇ ਸਿੰਘ ਨੇ ਕਿਹਾ ਕਿ ਰੈਲੀ ਹਰ ਹਾਲਤ ਵਿੱਚ ਹੋ ਕੇ ਰਹੇਗੀ। ਇਸ ਲਈ ਹੁਣ ਨਿੱਜੀ ਥਾਂ ਲਈ ਗਈ ਹੈ। ਸੂਤਰਾਂ ਤੋਂ ਜਾਣਕਾਰੀ ਮਿਲੀ ਹੈ ਕਿ ਜਿਸ ਕੋਲਿਆਂਵਾਲੀ ਖੇਡ ਮੈਦਾਨ ਵਿੱਚ ਆਮ ਆਦਮੀ ਪਾਰਟੀ ਰੈਲੀ ਦੀ ਆਗਿਆ ਮੰਗ ਰਹੀ ਹੈ, ਉੱਥੇ ਪਹਿਲਾਂ ਤੋਂ ਤੈਅ ਪ੍ਰੋਗਰਾਮ ਅਨੁਸਾਰ ਕਬੱਡੀ ਟੂਰਨਾਮੈਂਟ ਹੋਣਾ ਹੈ।
ਇਸ ਲਈ ਜ਼ਿਲ੍ਹਾ ਪ੍ਰਸ਼ਾਸਨ ਨੇ ਰੈਲੀ ਕਰਨ ਦੀ ਆਗਿਆ ਨਹੀਂ ਦਿੱਤੀ ਹੈ। ਦੂਜੇ ਪਾਸੇ ਆਮ ਆਦਮੀ ਪਾਰਟੀ ਨੇ ਕੋਲਿਆਂਵਾਲੀ ਵਿਖੇ ਆਪਣੀ ਨਿੱਜੀ ਥਾਂ ਲੈ ਲਈ ਹੈ। ਉਸ ਥਾਂ ਉੱਤੇ ਪਾਰਟੀ ਕੱਲ੍ਹ ਰੈਲੀ ਕਰੇਗੀ। ਆਮ ਆਦਮੀ ਪਾਰਟੀ ਦੇ ਪੰਜਾਬ ਕਨਵੀਨਰ ਗੁਰਪ੍ਰੀਤ ਸਿੰਘ ਵੜੈਚ ਨੇ ਆਖਿਆ ਹੈ ਕਿ ਪਾਰਟੀ ਲੰਬੀ ਰੈਲੀ ਰਾਹੀਂ ਪ੍ਰਕਾਸ਼ ਸਿੰਘ ਬਾਦਲ ਖ਼ਿਲਾਫ਼ ਲੜਨ ਵਾਲੇ ਉਮੀਦਵਾਰ ਦਾ ਐਲਾਨ ਕਰੇਗੀ। ਇਸ ਵਿੱਚ ਆਪ ਵਿਧਾਇਕ ਜਰਨੈਲ ਸਿੰਘ ਦਾ ਨਾਮ ਵੀ ਸ਼ਾਮਲ ਹੈ।
ਇਸ ਦੇ ਨਾਲ ਗੁਰਪ੍ਰੀਤ ਸਿੰਘ ਵੜੈਚ ਨੇ ਆਖਿਆ ਕਿ ਹੁਣ ਤੋਂ ਪਾਰਟੀ ਵਿੱਚ ਜੋ ਵਿਅਕਤੀ ਵੀ ਸ਼ਾਮਲ ਹੋਵੇਗਾ, ਉਸ ਦੀ ਪਹਿਲਾਂ ਤੋਂ ਪੂਰੀ ਜਾਣਕਾਰੀ ਲਈ ਜਾਵੇਗੀ। ਇਸ ਦੇ ਨਾਲ ਹੀ ਆਪ ਕਨਵੀਨਰ ਨੇ ਆਖਿਆ ਕਿ ਮਾਨਸਾ ਵਿੱਚ ਜੋ ਗ਼ਲਤੀ ਪਾਰਟੀ ਤੋਂ ਹੋਈ ਹੈ, ਉਸ ਦੇ ਦੋਸ਼ੀਆਂ ਨੂੰ ਤਲਬ ਕਰ ਲਿਆ ਗਿਆ ਹੈ।
Related Topics: Badal Dal, Gurpreet Singh Waraich Ghuggi, Punjab Elections 2017 (ਪੰਜਾਬ ਚੋਣਾਂ 2017), Punjab Politics, Punjab Polls 2017, Sanjay Singh AAP