ਆਮ ਖਬਰਾਂ

ਸੈਲਾਨੀਆਂ ਨੂੰ ਇਕ ਮਹੀਨਾ ਮੁਫਤ ਝੂਟਿਆਂ ਦਾ ਲਾਰਾ ਲਾ ਕੇ ਪਾਣੀ ‘ਚ ਚੱਲਣ ਵਾਲੀ ਬੱਸ ਹੋਈ ਬੰਦ

December 23, 2016 | By

ਚੰਡੀਗੜ੍ਹ: ਪੰਜਾਬ ਦੇ ਉਪ ਮੰਤਰੀ ਸੁਖਬੀਰ ਬਾਦਲ ਦੇ ਸੁਪਨਮਈ ਪ੍ਰਾਜੈਕਟ ‘ਜਲ ਬੱਸ’ ਨੂੰ ਸ਼ੁਰੂ ਹੋਣ ਤੋਂ ਪਹਿਲਾਂ ਦੀ ਬ੍ਰੇਕ ਲੱਗ ਗਈ ਹੈ। ਬੀਤੀ 12 ਦਸਬੰਰ ਨੂੰ ਚੋਣ ਜ਼ਾਬਤੇ ਦੇ ਡਰੋਂ ਜਲਦਬਾਜ਼ੀ ਵਿੱਚ ਹਰੀਕੇ ਪੱਤਣ ਝੀਲ ਵਿੱਚ ਰਸਮੀ ਤੌਰ ’ਤੇ ਜਲ ਬੱਸ ਚਾਲੂ ਕੀਤੀ ਗਈ ਸੀ ਪਰ ਇਹ ਬੱਸ ਸੁਖਬੀਰ ਬਾਦਲ ਨੂੰ ਹਰੀਕੇ ਝੀਲ ਵਿੱਚ ਦੋ ਚੱਕਰ ਲਵਾਉਣ ਤੋਂ ਬਾਅਦ ਹੁਣ ਗੈਰਾਜ ਵਿੱਚ ਖੜ੍ਹੀ ਹੈ।

ਬੰਦ ਪਿਆ ਜਲ ਬੱਸ ਦਾ ਗੈਰਾਜ

ਬੰਦ ਪਿਆ ਜਲ ਬੱਸ ਦਾ ਗੈਰਾਜ

ਪਾਣੀ ਵਿੱਚ ਬੱਸ ਚਲਾਉਣ ਤੋਂ ਬਾਅਦ ਸੈਰ ਸਪਾਟਾ ਵਿਭਾਗ ਨੇ ਐਲਾਨ ਕੀਤਾ ਸੀ ਕਿ ਇਸ ਬੱਸ ਰਾਹੀਂ ਸੈਲਾਨੀਆਂ ਨੂੰ ਇੱਕ ਮਹੀਨਾ ਮੁਫ਼ਤ ਸਫਰ ਦੀ ਸਹੂਲਤ ਦਿੱਤੀ ਜਾਵੇਗੀ। ਇਸ ਕਰਕੇ ਕਈ ਸੈਲਾਨੀ ਹਰ ਰੋਜ਼ ਹਰੀਕੇ ਹੈੱਡ ਉਪਰ ਜਲ ਬੱਸ ਦਾ ਝੂਟਾ ਲੈਣ ਲਈ ਪੁੱਜ ਰਹੇ ਹਨ ਪ੍ਰੰਤੂ ਉਹ ਨਿਰਾਸ਼ ਪਰਤਦੇ ਹਨ। ਨਹਿਰੀ ਵਿਭਾਗ ਨੇ ਵੀ ਸੈਰ ਸਪਾਟਾ ਵਿਭਾਗ ’ਤੇ ਇਤਰਾਜ਼ ਕਰਦਿਆਂ ਕਿਹਾ ਹੈ ਕਿ ਬੱਸ ਦੇ ਬੰਦ ਹੋਣ ਦਾ ਪਾਣੀ ਦੇ ਪੱਧਰ ਨਾਲ ਕੋਈ ਸਬੰਧ ਨਹੀਂ ਹੈ। ਨਹਿਰੀ ਵਿਭਾਗ ਦੇ ਐਕਸੀਅਨ ਵਿਜੈਪਾਲ ਸਿੰਘ ਮਾਨ ਨੇ ਦੱਸਿਆ ਕਿ ਸੈਰ ਸਪਾਟਾ ਵਿਭਾਗ ਆਪਣੀ ਨਲਾਇਕੀ ਛਪਾਉਣ ਲਈ ਹਰੀਕੇ ਝੀਲ ਦੇ ਪਾਣੀ ਦੇ ਪੱਧਰ ਨੂੰ ਨਿਸ਼ਾਨਾ ਬਣਾ ਕੇ ਬੱਸ ਬੰਦ ਹੋਣ ਦਾ ਬਹਾਨਾ ਬਣਾ ਰਿਹਾ ਹੈ ਜਦਕਿ ਪਾਣੀ ਦੇ ਪੱਧਰ ਦਾ ਜਲ ਬੱਸ ਨਾਲ ਕੋਈ ਸਬੰਧ ਨਹੀਂ ਹੈ। ਉਨ੍ਹਾਂ ਦੱਸਿਆ ਕਿ ਬੱਸ ਚਲਾਉਣ ਵਾਲੇ ਰੂਟ ਉਪਰ ਅੱਜ ਵੀ ਪਾਣੀ ਦਾ ਪੱਧਰ 8 ਤੋਂ 10 ਫੁੱਟ ਹੈ ਜਦਕਿ ਜਲ ਬੱਸ ਲਈ ਸਿਰਫ 4.50 ਫੁੱਟ ਪਾਣੀ ਦੇ ਪੱਧਰ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਜਲ ਬੱਸ ਚਲਾਉਣ ਵਾਲੀ ਟੀਮ ਕੋਲ ਲਾਇਸੈਂਸ ਨਹੀਂ ਹੈ ਅਤੇ ਹੁਣ ਟੀਮ ਟਰੇਨਿੰਗ ਪ੍ਰਾਪਤ ਕਰਕੇ ਤੇ ਲਾਇਸੈਂਸ ਲੈ ਕੇ ਹੀ ਬੱਸ ਨੂੰ ਝੀਲ ਵਿੱਚ ਉਤਾਰਿਆ ਜਾਵੇਗਾ। ਐਕਸੀਅਨ ਵਿਜੈਪਾਲ ਸਿੰਘ ਨੇ ਦੱਸਿਆ ਕਿ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਵੱਲੋਂ 12 ਦਸਬੰਰ ਨੂੰ ਜਲ ਬੱਸ ਦਾ ਹਰੀਕੇ ਹੈੱਡ ਵਿਖੇ ਉਦਘਾਟਨ ਕੀਤਾ ਗਿਆ ਸੀ ਅਤੇ ਫ਼ਿਰੋਜ਼ਪੁਰ ਦੇ ਦਰਿਆ ਏਰੀਆ ’ਚੋਂ ਵਾਧੂ ਪਾਣੀ ਛੱਡਣ ਕਾਰਨ ਕਿਸਾਨਾਂ ਨੇ ਫਸਲਾਂ ਖਰਾਬ ਹੋਣ ਬਾਰੇ ਕਿਹਾ ਹੈ ਜਦਕਿ ਫਸਲਾਂ ਬਿਲਕੁਲ ਸਹੀ ਹਨ ਕਿਉਂਕਿ ਅੱਜ ਵੀ ਹਰੀਕੇ ਹੈੱਡ ਤੋਂ 500 ਕਿਊਜ਼ਿਕ ਪਾਣੀ ਹੁਸੈਨੀਵਾਲਾ ਨੂੰ ਛੱਡਿਆ ਜਾਂਦਾ ਹੈ।

ਜਲ ਬੱਸ ਚਲਾਉਣ ਵਾਲੀ ਕ੍ਰਿਸ਼ਨਾ ਐਮ.ਫੀ.ਬੀ. ਐਸ ਟੂਰਜ਼ ਕੰਪਨੀ ਦੇ ਐਮ.ਡੀ. ਸੰਜੀਵ ਅਗਰਵਾਲ ਨਾਲ ਮੀਡੀਆ ਵਲੋਂ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਜਲ ਬੱਸ ਚਲਾਉਣ ਸਬੰਧੀ ਪੇਸ਼ ਆ ਰਹੀਆ ਮੁਸ਼ਕਲਾਂ ਬਾਰੇ ਸਬੰਧਤ ਵਿਭਾਗ ਨੂੰ ਲਿਖ ਕੇ ਭੇਜਿਆ ਗਿਆ ਹੈ ਅਤੇ ਬੱਸ ਨੂੰ ਜਲਦੀ ਹੀ ਸੈਲਾਨੀਆਂ ਵਾਸਤੇ ਚਾਲੂ ਕਰ ਦਿੱਤਾ ਜਾਵੇਗਾ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , ,