June 16, 2016 | By ਸਿੱਖ ਸਿਆਸਤ ਬਿਊਰੋ
ਅੰਮ੍ਰਿਤਸਰ: ਦਲ ਖਾਲਸਾ ਦੇ ਯੂਥ ਵਿੰਗ ‘ਸਿੱਖ ਯੂਥ ਆਫ ਪੰਜਾਬ’ ਵਲੋ ਮੂਲ ਨਾਨਕਸ਼ਾਹੀ ਕੈਲੰਡਰ ਅਨੁਸਾਰ ਪੰਜਵੇ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਮਨਾਉਦਿਆਂ ਜਥੇਬੰਦੀ ਵਲੋ ‘ਸ਼ਹਾਦਤਾਂ ਦਾ ਸਫਰ’ ਵਿਸ਼ੇ ਉਤੇ ਸੈਮੀਨਾਰ ਕੀਤਾ ਗਿਆ।
ਜਿਕਰਯੋਗ ਹੈ ਕਿ ਦਲ ਖਾਲਸਾ ਅਪ੍ਰੈਲ 2003 ਵਿੱਚ ਲਾਗੂ ਕੀਤੇ ਮੂਲ ਨਾਨਕਸ਼ਾਹੀ ਕੈਲੰਡਰ ਨੂੰ ਮਾਨਤਾ ਦਿੰਦਾ ਹੈ ਅਤੇ ਸ਼ਰੋਮਣੀ ਗੁਰਦੂਆਰਾ ਪ੍ਰਬੰਧਕ ਕਮੇਟੀ ਵਲੋ ਮੂਲ ਨਾਨਕਸ਼ਾਹੀ ਕੈਲੰਡਰ ਨੂੰ ਬਿਕਰਮੀ ਕੈਲੰਡਰ ਵਿੱਚ ਤਬਦੀਲ ਕਰਨ ਨੂੰ ਮੁਕੰਮਲ ਰੱਦ ਕਰਦਾ ਹੈ।
ਅੱਜ ਸੈਮੀਨਾਰ ਵਿੱਚ ਪਾਸ ਕੀਤੇ ਮਤੇ ਵਿੱਚ ਕਿਹਾ ਗਿਆ ਹੈ ਕਿ ਧਰਮ ਲਈ ਸ਼ਹਾਦਤ ਪ੍ਰਾਪਤ ਕਰਨਾ ਸਿੱਖ ਕੌਮ ਲਈ ਇੱਕ ਇਲਾਹੀ ਬਖਸ਼ਿਸ਼ ਦੇ ਸਮਾਨ ਹੈ। ਸਿੱਖ ਪੰਥ ਅਪਣੀਆਂ ਸਮਾਜਿਕ ਅਤੇ ਧਾਰਮਿਕ ਜਿੰਮੇਵਾਰੀਆਂ ਨੂੰ ਨਿਭਾਉਦੇ ਹੋਏ ਕੁਰਬਾਨੀ ਕਰਨ ਨੂੰ ਅਪਣਾ ਧੰਨ-ਭਾਗ ਸਮਝਦਾ ਹੈ। ਗੁਰੂ ਅਰਜਨ ਦੇਵ ਜੀ ਵਲੋ ਦਿੱਤੀ ਗਈ ਲਾਸਾਨੀ ਸ਼ਹਾਦਤ ਦਾ ਮਕਸਦ ਜ਼ਾਲਮ ਹਾਕਮ ਦੇ ਅੱਗੇ ਨਾ-ਝੁਕਣ ਦੀ ਭਾਵਨਾ ਨੂੰ ਪ੍ਰਚੰਡ ਕਰਨਾ ਸੀ।
ਇਸ ਮੌਕੇ ਸਿੱਖ ਯੂਥ ਆਫ ਪੰਜਾਬ ਦੇ ਸੀਨੀਅਰ ਆਗੂ ਪ੍ਰਭਜੋਤ ਸਿੰਘ ਨੇ ਬੋਲਦਿਆਂ ਕਿਹਾ ਕਿ ਗੁਰੁ ਸਹਿਬਾਨਾਂ ਦੀ ਸ਼ਹਾਦਤ ਮੌਜੂਦਾ ਸਮੇ ਵਿੱਚ ਸਿੱਖਾ ਲਈ ਚਾਨਣ ਮੁਨਾਰਾ ਹੈ। ਉਨਾ ਕਿਹਾ ਕਿ ਜੂਨ 1984 ਵਿੱਚ ਭਾਰਤ ਦੀਆ ਹਥਿਆਰਬੰਦ ਫੌਜਾਂ ਵਲੋ ਪਵਿੱਤਰ ਸ਼ਹਿਰ ਅੰਮ੍ਰਿਤਸਰ ਸਾਹਿਬ ਵਿਖੇ ਕੀਤੇ ਗਏ ਹਮਲੇ ਪਿਛੇ ਮਨਸ਼ਾ ਦਰਬਾਰ ਸਾਹਿਬ ਅਤੇ ਅਕਾਲ ਤਖਤ ਸਾਹਿਬ ਦੀ ਬੇਹੁਰਮਤੀ ਕਰਨਾ ਸੀ। ਉਹਨਾਂ ਕਿਹਾ ਕਿ ਸੰਤ ਜਰਨੈਲ ਸਿੰਘ ਭਿਡਰਾਵਾਲਿਆਂ ਦੀ ਅਗਵਾਈ ਹੇਠ ਜੁਝਾਰੂ ਸਿੰਘਾਂ ਨੇ ਗੁਰੂ ਅਰਜਨ ਸਾਹਿਬ ਜੀ ਦੀ ਸ਼ਹਾਦਤ ਤੋ ਪ੍ਰੇਰਣਾ ਅਤੇ ਤਾਕਤ ਪ੍ਰਾਪਤ ਕਰਦੇ ਹੋਏ ਸ਼ਹਾਦਤ ਦਿੱਤੀ ਸੀ। ਉਹਨਾਂ ਕਿਹਾ ਕਿ ਇਹ ਸ਼ਹਾਦਤਾਂ ਗੁਰੁ ਅਰਜਨ ਸਾਹਿਬ ਜੀ ਨੂੰ ਸੱਚੀ ਸ਼ਰਧਾਂਜਲੀ ਸਨ। ਇਸ ਪ੍ਰੋਗਰਾਮ ਵਿੱਚ ਹਿੱਸਾ ਲੈਣ ਵਾਲੇ ਬਹੁਤੇ ਨੌਜਵਾਨਾਂ ਦਾ ਜਨਮ ਪਿਛਲੀ ਸਦੀ ਦੇ 80ਵੇ ਦਹਾਕੇ ਹੋਇਆ ਹੈ।
ਇਸ ਮੌਕੇ ਜਥੇਬੰਦੀ ਦੇ ਮੀਤ ਪ੍ਰਧਾਨ ਗੁਰਪ੍ਰੀਤ ਸਿੰਘ ਨੇ ਬੋਲਦਿਆਂ ਕਿਹਾ ਕਿ ਸਾਡੀਆ ਸਰਗਰਮੀਆਂ ਕੋਈ ਕਾਹਲੀ ਵਿੱਚ ਲਏ ਗਏ ਫੈਸਲਿਆਂ ਵਿੱਚੋ ਨਹੀ ਆਈਆ ਬਲਕਿ ਇਸ ਦੀ ਬੁਨਿਆਦ ਗੁਰ-ਸਿਧਾਂਤ ਦੀ ਪ੍ਰੇਰਣਾ ਹੈ।
ਗੁਰੂ ਨਾਨਕ ਦੇਵ ਯੁਨੀਵਰਸਿਟੀ ਵਿੱਚ ਐਮ.ਐਸ.ਸੀ ਕਰ ਚੁੱਕੇ ਨੌਜਵਾਨ ਨੇ ਇਕੱਤਰਤਾ ਨੂੰ ਸਬੋਧਨ ਕਰਦਿਆਂ ਕਿਹਾ ਕਿ ਅਸੀ 20ਵੀ ਸਦੀ ਦੇ ਆਖਰੀ ਦਹਾਕੇ ਦੋਰਾਨ ਭਾਰਤੀ ਰਾਜ ਵਲੋ ਸਿੱਖਾਂ ਉਤੇ ਢਾਏ ਗਏ ਤਸ਼ੱਦਦ ਨੂੰ ਬਾਖੂਬੀ ਮਹਿਸੂਸ ਕਰਦੇ ਹਾਂ।ਉਨਾ ਕਿਹਾ ਕਿ 1984 ਵਿੱਚ ਸਿੱਖ ਕੌਮ ਦੇ ਹੋਏ ਨਸਲਘਾਤ ਵੱਲ ਯੂ ਅੇਨ ਓ ਨੂੰ ਧਿਆਨ ਦੇਣਾ ਚਾਹੀਦਾ ਹੈ।
ਸਿੱਖ ਯੂਥ ਆਫ ਪੰਜਾਬ ਦੇ ਪ੍ਰਧਾਨ ਪ੍ਰਮਜੀਤ ਸਿੰਘ ਟਾਡਾਂ ਨੇ ਕਿਹਾ ਅਜੋਕੇ ਸਮੇ ਦੇ ਨੌਜਵਾਨਾਂ ਲਈ ਸਿੱਖ ਸ਼ਹੀਦਾ ਦੀਆਂ ਕੁਰਬਾਨੀਆਂ ਅਤੇ ਮੁਸ਼ਕਿਲਾ ਭਰੀ ਜਿੰਦਗੀ ਦੀ ਕਲਪਨਾ ਵੀ ਨਹੀ ਕੀਤੀ ਜਾ ਸਕਦੀ ਅਤੇ ਇਹ ਸਾਡੇ ਲਈ ਪ੍ਰੇਰਣਾ ਸਰੋਤ ਹੈ। ਉਨਾ ਕਿਹਾ ਕਿ ਅਸੀ ਇਹ ਕਦੀ ਨਹੀ ਭੁੱਲ ਸਕਦੇ ਅਤੇ ਨਾ ਹੀ ਭੁੱਲਾਂਗੇ ਕਿ ਕੁਝ ਕੁ ਸਿੰਘਾ ਵਲੋ ਦਿਖਾਈ ਗਈ ਬਹਾਦਰੀ ਨਿੱਜ ਤੋ ਉਪਰ ਉਠ ਕੇ ਦਿਖਾਈ ਗਈ ਬਹਾਦਰੀ ਨੇ ਪੂਰੀ ਸਿੱਖ ਕੌਮ ਦੀ ਤਰਜ਼-ਏ ਜਿੰਦਗੀ ਬਦਲ ਕੇ ਰੱਖ ਦਿੱਤੀ ਸੀ। ਸਿੱਖ ਕਾਰਕੁੰਨਾ ਨੂੰ ਸੁਚੇਤ ਕਰਦੇ ਹੋਏ ਨੌਜਵਾਨ ਆਗੂ ਨੇ ਕਿਹਾ ਸਾਨੂੰ ਵੰਡ ਪਾਉ ਤਾਕਤਾਂ ਦੇ ਜਾਲ ਵਿੱਚ ਨਹੀ ਫਸਣਾ ਚਾਹੀਦਾ ਅਤੇ ਸਿੱਖ ਰਹਿਤ ਮਰਿਆਦਾ ਦੇ ਮੁੱਦੇ ਉਪਰ ਕਿਸੇ ਤਰਾਂ ਦੇ ਵੀ ਟਕਰਾਅ ਤੋ ਬਚਣਾ ਚਾਹੀਦਾ ਹੈ ਕਿਉਕਿ ਇਹ ਮੁੱਦਾ ਕੌਮ ਅੰਦਰ ਵੰਡੀ ਪਾਉਣ ਦੀ ਭਿਅੰਕਰ ਸਮਰੱਥਾ ਰੱਖਦਾ ਹੈ।
ਉਹਨਾ ਅੱਗੇ ਕਿਹਾ ਕਿ ਕੌਮ ਨੂੰ ਕਿਸੇ ਵੀ ਅਜਿਹੀ ਸ਼ਰਾਰਤ ਤੋ ਸਾਵਧਾਨ ਰਹਿਣਾ ਚਾਹੀਦਾ ਹੈ ਜਿਸ ਨਾਲ ਪੰਥ ਲੀਰੋ-ਲੀਰ ਹੋਣ ਦਾ ਖਦਸ਼ਾ ਹੋਵੇ। ਉਹਨਾਂ ਕਿਹਾ ਕਿ ਸਿੱਖ ਰਹਿਤ ਮਰਯਾਦਾ ਸਿੱਖਾਂ ਨੂੰ ਏਕੇ ਵਿੱਚ ਪਰੋਈ ਰੱਖਣ ਦਾ ਸੂਤਰ-ਧਾਰ ਹੈ, ਜਿਸ ਤੇ ਕਿੰਤੂ-ਪ੍ਰੰਤੂ ਕਰਨਾ, ਸਿੱਖ ਪੰਥ ਨੂੰ ਕਮਜ਼ੋਰ ਕਰਨ ਦੇ ਤੁੱਲ ਹੈ। ਉਹਨਾਂ ਕਿਹਾ ਕਿ ਸਿੱਖਾਂ ਵਿੱਚ ਦਰਾੜ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਸ ਨੂੰ ਸਫਲ ਨਹੀ ਹੋਣ ਦਿਤਾ ਜਾਵੇਗਾ।
ਸੈਮੀਨਾਰ ਤੋ ਬਾਅਦ ਜਥੇਬੰਦੀ ਦੇ ਸਾਰੇ ਨੌਜਵਾਨਾ ਨੇ ਨੇੜਲੇ ਗੁਰਦੁਆਰਾ ਸਾਹਿਬ ਵਿੱਚ ਅਰਦਾਸ ਕੀਤੀ ਅਤੇ ਸ਼ਹੀਦਾਂ ਨੂੰ ਆਪਣਾ ਸਤਿਕਾਰ ਅਤੇ ਸ਼ਰਧਾਂਜਲੀ ਭੇਟ ਕੀਤੀ।
ਇਸ ਸਮੇ ਗੁਰਮੀਤ ਸਿੰਘ, ਮਨਜੀਤ ਸਿੰਘ , ਗੁਰਜੰਟ ਸਿੰਘ, ਗੁਰਨਾਮ ਸਿੰਘ, ਸ਼ਰਨਜੀਤ ਸਿੰਘ, ਗਗਨਦੀਪ ਸਿੰਘ, ਅਮਨਦੀਪ ਸਿੰਘ, ਬਰਿੰਦਰ ਸਿੰਘ, ਸਤਪਾਲ ਸਿੰਘ, ਸੁਖਜਿੰਦਰ ਸਿੰਘ, ਮੱਖਣ ਸਿੰਘ, ਸਤਿੰਦਰਪਾਲ ਸਿੰਘ, ਪਵਨਦੀਪ ਸਿੰਘ, ਜਸਪ੍ਰੀਤ ਸਿੰਘ, ਕਰਨਜੀਤ ਸਿੰਘ, ਜਗਦੀਪ ਸਿੰਘ ਅਤੇ ਜਸਪ੍ਰੀਤ ਸਿੰਘ ਗੋਗੀ ਹਾਜ਼ਿਰ ਸਨ।
Related Topics: Dal Khalsa International, NanakshahI Calander, Sikh Rehat maryada, Sikh Youth of Punjab