March 8, 2016 | By ਸਿੱਖ ਸਿਆਸਤ ਬਿਊਰੋ
ਨਵੀ ਦਿੱਲੀ ( 8 ਮਾਰਚ2016): ਪੰਜਾਬ ਵਿਧਾਨ ਸਭਾ ਸ਼ੈਸ਼ਨ ਸ਼ੁਰੂ ਹੋਣ ਦੇ ਪਹਿਲੇ ਦਿਨ ਪੰਜਾਬ ਦੇ ਰਾਜਪਾਲ ਵੱਲੋ ਪੜੇ ਗਏ ਭਾਸ਼ਨ ਵਿੱਚ ਕਰਤਾਰਪੁਰ ਦੇ ਲਾਂਘੇ ਦੀ ਕੇਂਦਰ ਕੋਲੋ ਮੰਗ ਕਰਨ ਦੀ ਸ਼ਲਾਘਾ ਕਰਦਿਆ ਪਰਮਜੀਤ ਸਿੰਘ ਸਰਨਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੇ ਕਿਹਾ ਕਿ ਇਹ ਸਿਰਫ ਭਾਸ਼ਨ ਤੱਕ ਹੀ ਸੀਮਤ ਨਹੀ ਰਹਿਣਾ ਚਾਹੀਦਾ ਸਗੋ ਕੇਂਦਰ ਦੀ ਐਨ.ਡੀ.ਏ ਸਰਕਾਰ ਤੇ ਦਬਾ ਪਾ ਕੇ ਇਹ ਕਾਰਜ ਬਿਨਾਂ ਕਿਸੇ ਦੇਰੀ ਤੋ ਕਰਵਾਇਆ ਜਾਣਾ ਜ਼ਰੂਰੀ ਹੈ।
ਜਾਰੀ ਇੱਕ ਬਿਆਨ ਰਾਹੀ ਸ੍ਰ ਸਰਨਾ ਨੇ ਕਿਹਾ ਕਿ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਪਾਕਿਸਤਾਨ ਸਥਿਤ ਗੁਰੂਦੁਆਰਾ ਕਰਤਾਰਪੁਰ ਡੇਰਾ ਸਾਹਿਬ ਦੇ ਦਰਸ਼ਨਾਂ ਨੂੰ ਲੋਚਦੀ ਸੰਗਤ ਦੀ ਚਿਰੋਕਣੀ ਮੰਗ ਹੈ ਤੇ ਇਸ ਸਬੰਧ ਵਿੱਚ ਪਹਿਲਾਂ ਵੀ ਕਈ ਵਾਰੀ ਯਤਨ ਹੋ ਚੁੱਕੇ ਹਨ ਅਤੇ ਉਹਨਾਂ ਨੇ ਕਈ ਵਾਰੀ ਪਾਕਿਸਤਾਨ ਸਕਰਾਰ ਕੋਲ ਇਸ ਮੰਗ ਨੂੰ ਪਾਕਿਸਤਾਨ ਸਰਕਾਰ ਕੋਲ ਉਠਾਇਆ ਸੀ ਪਰ ਪੰਜਾਬ ਸਰਕਾਰ ਨੇ ਕਦੇ ਵੀ ਇਸ ਮੰਗ ‘ਤੇ ਕਦੇ ਵੀ ਸੰਜੀਦਗੀ ਨਹੀ ਦਿਖਾਈ।
ਉਹਨਾਂ ਕਿਹਾ ਕਿ ਜੇਕਰ ਪੰਜਾਬ ਸਰਕਾਰ ਨੌ ਸਾਲ ਪਹਿਲਾਂ ਹੀ ਕਰਤਾਰਪੁਰ ਲਾਂਘੇ ਦੀ ਮੰਗ ਪ੍ਰਤੀ ਸੰਜੀਦਗੀ ਦਿਖਾਉਦੀ ਤਾਂ ਸੰਗਤਾਂ ਦੀ ਇਹ ਮੰਗ ਪਹਿਲਾਂ ਹੀ ਪੂਰੀ ਹੋ ਸਕਦੀ ਸੀ। ਉਹਨਾਂ ਕਿਹਾ ਕਿ ਦੇਰ ਆਏ ਦਰੁਸਤ ਆਏ ਦੀ ਪੰਜਾਬੀ ਦੀ ਕਹਾਵਤ ਅਨੁਸਾਰ ਜੇਕਰ ਪੰਜਾਬ ਸਰਕਾਰ ਨੂੰ ਹੁਣ ਵੀ ਯਾਦ ਆ ਗਈ ਹੈ ਤਾਂ ਉਹ ਰਾਜਪਾਲ ਦੀ ਇਸ ਮੰਗ ਦੀ ਦਿਲ ਦੀਆ ਗ੍ਰਹਿਰਾਈਆ ਤੋ ਸੁਆਗਤ ਕਰਦੇ ਹਨ ਤੇ ਵਿਸ਼ਵਾਸ਼ ਦਿਵਾਉਦੇ ਹਨ ਕਿ ਸ਼੍ਰੋਮਣੀ ਅਕਾਲੀ ਦਲ ਦਿੱਲੀ ਇਸ ਮੁੱਦੇ ਤੇ ਹਰ ਪ੍ਰਕਾਰ ਦਾ ਸਹਿਯੋਗ ਕਰਨ ਲਈ ਤਿਆਰ ਹੈ। ਉਹਨਾਂ ਕਿਹਾ ਕਿ ਸੰਗਤਾਂ ਵੀ ਲੰਮੇ ਸਮੇਂ ਤੋ ਅਰਦਾਸਾ ਕਰਦੀਆ ਆ ਰਹੀਆ ਹਨ ਅਤੇ ਉਮੀਦ ਹੈ ਕਿ ਉਹਨਾਂ ਦੀ ਅਰਦਾਸ ਹੁਣ ਸੁਣੀ ਜਾਵੇਗੀ।
ਉਹਨਾਂ ਕਿਹਾ ਕਿ ਉਹ ਸ੍ਰ ਬਾਦਲ ਦਾ ਧਿਆਨ ਇਸ ਮੰਗ ਵੱਲ ਦਿਵਾਉਦੇ ਹੋਏ ਸੁਝਾ ਦਿੰਦੇ ਹਨ ਕਿ ਅਕਾਲੀ ਦਲ ਬਾਦਲ ਕੇਂਦਰ ਸਰਕਾਰ ਵਿੱਚ ਭਾਈਵਾਲ ਹੈ ਤੇ ਉਹ ਬਿਨਾਂ ਕਿਸੇ ਦੇਰੀ ਤੋ ਰਾਜਪਾਲ ਦਾ ਸਹਿਯੋਗ ਲੈ ਕੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਸ੍ਰੀ ਰਾਜਨਾਥ ਸਿੰਘ ਅਤੇ ਵਿਦੇਸ਼ ਮੰਤਰੀ ਸ੍ਰੀਮਤੀ ਸ਼ੁਸ਼ਮਾ ਸਵਰਾਜ ਕੋਲ ਇਹ ਮੁੱਦਾ ਮੁਸ਼ਤੈਦੀ ਨਾ ਉਠਾਉਣ ਤਾਂ ਕਿ ਸਿੱਖਾਂ ਦੀ ਇਹ ਚਿਰੋਕਣੀ ਮੰਗ ਪੂਰੀ ਹੋ ਸਕੇ।
Related Topics: Gurduara Kartarpur Sahib, Gurduara Sahib in Pakistan, Paramjeet Singh Sarna, Parkash Singh Badal, Sikhs In Pakistan