February 29, 2016 | By ਸਿੱਖ ਸਿਆਸਤ ਬਿਊਰੋ
ਚੰਡੀਗੜ੍ਹ: ਅਰਵਿੰਦ ਕੇਜਰੀਵਾਲ ਦੇ ਪੰਜਾਬ ਦੌਰੇ ਨਾਲ ਇੱਕ ਵਾਰ ਫੇਰ ਪੰਜਾਬ ਵਿੱਚ ਸਿਆਸੀ ਸਰਗਰਮੀਆਂ ਗਰਮੀ ਫੜ ਚੁੱਕੀ ਹੈ। ਅਕਾਲੀ-ਭਾਜਪਾ ਸਰਕਾਰ ਅਤੇ ਵਿਰੋਧੀ ਧਿਰ ਕਾਂਗਰਸ ਵੱਲੋਂ ਕੇਜਰੀਵਾਲ ਤੇ ਲਗਾਤਾਰ ਨਿਸ਼ਾਨਾ ਸਾਧਿਆ ਜਾ ਰਿਹਾ ਹੈ।ਅੱਜ ਦਿੱਲੀ ਦੀ ਸਾਬਕਾ ਮੁੱਖ ਮੰਤਰੀ ਸ਼ੀਲਾ ਦੀਕਸ਼ਿਤ ਚੰਡੀਗੜ੍ਹ ਪਹੁੰਚੀ। ਉਨ੍ਹਾਂ ਕੇਜਰੀਵਾਲ ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਦਿੱਲੀ ਦੇ ਲੋਕ ਅਰਵਿੰਦ ਕੇਜਰੀਵਾਲ ਦੇ ਵਿਰੋਧੀ ਵਤੀਰੇ ਕਾਰਨ ਭਾਰੀ ਕੀਮਤ ਅਦਾ ਕਰ ਰਹੇ ਹਨ, ਜਿਨ੍ਹਾਂ ਨੂੰ ਅਫਸੋਸ ਹੈ ਕਿ ਉਨ੍ਹਾਂ ਨੇ ਕਿਉਂ ਕੇਜਰੀਵਾਲ ਨੂੰ ਦਿੱਲੀ ਦਾ ਮੁੱਖ ਮੰਤਰੀ ਬਣਾ ਦਿੱਤਾ ਹੈ, ਜਿਹੜੇ ਕਹਿੰਦੇ ਕੁਝ ਤੇ ਕਰਦੇ ਕੁਝ ਹਨ। ਇਸ ਲੜੀ ਹੇਠ ਦਿੱਲੀ ਦਾ ਵਿਕਾਸ ਰੁੱਕ ਗਿਆ ਹੈ ਤੇ ਮੁੱਖ ਮੰਤਰੀ ਸਾਫ ਤੌਰ ’ਤੇ ਦੂਜਿਆਂ ਉਪਰ ਦੋਸ਼ ਲਗਾਉਂਦਿਆਂ ਆਪਣੀ ਜ਼ਿੰਮੇਵਾਰੀ ਤੋਂ ਬੱਚਣ ਦੀ ਕੋਸ਼ਿਸ਼ ਕਰ ਰਹੇ ਹਨ।
ਉਨ੍ਹਾਂ ਨੇ ਕੇਜਰੀਵਾਲ ਸਰਕਾਰ ਤੇ ਦੋਸ਼ ਲਾਉਂਦਿਆਂ ਕਿਹਾ ਕਿ ਇਸ ਸਰਕਾਰ ਨੇ ਵਿਕਾਸ ਦੀ ਇਕ ਇੱਟ ਵੀ ਨਹੀਂ ਰੱਖੀ ਹੈ ਤੇ ਸਿਰਫ ਸਾਡੇ ਵੱਲੋਂ ਬੀਤੇ 15 ਸਾਲਾਂ ਦੌਰਾਨ ਕੀਤੇ ਗਏ ਕੰਮਾਂ ’ਤੇ ਕ੍ਰੇਡਿਟ ਲੈਣ ਦੀ ਕੋਸ਼ਿਸ਼ ਕਰ ਰਹੇ ਹਨ।
ਅੱਜ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸ਼ੀਲਾ ਦੀਕਸ਼ਿਤ ਨੇ ਪੰਜਾਬ ਦੇ ਲੋਕਾਂ ਨੂੰ ਚੇਤਾਵਨੀ ਦਿੱਤੀ ਕਿ ਕੇਜਰੀਵਾਲ ਦੇ ਝੂਠੇ ਦਾਅਵਿਆਂ ’ਚ ਨਾ ਫੱਸਣ, ਜਿਹੜੇ ਕਦੇ ਵੀ ਪੂਰੇ ਨਹੀਂ ਹੋਣਗੇ। ਇਨ੍ਹਾਂ ਦੀ ਕਹਿਣੀ ਤੇ ਕਰਨੀ ’ਚ ਬਹੁਤ ਵੱਡਾ ਅੰਤਰ ਹੈ।
ਇਸ ਮੌਕੇ ਉਨ੍ਹਾਂ ਨਾਲ ਸੀਨੀਅਰ ਪਾਰਟੀ ਆਗੂਆਂ ’ਚ ਸਾਬਕਾ ਮੁੱਖ ਮੰਤਰੀ ਪੰਜਾਬ ਬੀਬੀ ਰਜਿੰਦਰ ਕੌਰ ਭੱਠਲ, ਵਿਰੋਧੀ ਧਿਰ ਦੇ ਲੀਡਰ ਚਰਨਜੀਤ ਸਿੰਘ ਚੰਨੀ ਤੇ ਵਿਧਾਇਕ ਬਲਬੀਰ ਸਿੱਧੂ ਵੀ ਸਨ। ਸਾਬਕਾ ਮੁੱਖ ਮੰਤਰੀ ਨੇ ਜ਼ੋਰ ਦਿੰਦਿਆਂ ਕਿਹਾ ਕਿ ਦਿੱਲੀ ’ਚ ਸਫਾਈ ਕਰਮਚਾਰੀ ਪਿਛਲੇ 6 ਮਹੀਨਿਆਂ ਤੋਂ ਹੜ੍ਹਤਾਲ ’ਤੇ ਹਨ, ਕਿਉਂਕਿ ਆਪ ਸਰਕਾਰ ਉਨ੍ਹਾਂ ਦੀਆਂ ਤਨਖਾਹਾਂ ਦੇਣ ’ਚ ਨਾਕਾਮ ਰਹੀ ਹੈ, ਲੇਕਿਨ ਇਸੇ ਆਪ ਸਰਕਾਰ ਨੇ ਆਪਣੀ ਮਸ਼ਹੂਰੀ ’ਤੇ 520 ਕਰੋੜ ਰੁਪਏ ਬਰਬਾਦ ਕਰ ਦਿੱਤੇ ਹਨ। ਜਦਕਿ ਇਸ਼ਤਿਹਾਰਾਂ ਲਈ ਪਿਛਲੀ ਕਾਂਗਰਸ ਸਰਕਾਰ ਦਾ ਬਜਟ ਸਲਾਨਾ ਸਿਰਫ 25 ਕਰੋੜ ਰੁਪਏ ਹੀ ਸੀ।
ਇਸ ਦੌਰਾਨ ਕੇਜਰੀਵਾਲ ਦੇ ਆਮ ਆਦਮੀ ਦੀ ਨੁਮਾਇੰਦਗੀ ਕਰਨ ਸਬੰਧੀ ਦਾਅਵਿਆਂ ਦੀ ਅਲੋਚਨਾ ਕਰਦਿਆਂ ਦੀਕਸ਼ਿਤ ਨੇ ਕਿਹਾ ਕਿ ਉਥੇ ਵੱਡੇ ਪੱਧਰ ’ਤੇ ਬੇਰੁਜ਼ਗਾਰੀ ਹੈ ਅਤੇ ਕੰਮ ਕਰਨ ਵਾਲਿਆਂ ਨੂੰ ਆਪਣੀਆਂ ਤਨਖਾਹਾਂ ਨਹੀਂ ਮਿੱਲ ਰਹੀਆਂ, ਜਿਨ੍ਹਾਂ ਦੀ ਉਦਾਹਰਨ ਸਫਾਈ ਕਰਮਚਾਰੀ ਹਨ। ਲੇਕਿਨ ਇਸਦੇ ਉਲਟ ਕੇਜਰਵਾਲ ਨੇ ਆਪਣੀ ਤੇ ਆਪਣੇ ਵਿਧਾਇਕਾਂ ਦੀਆਂ ਤਨਖਾਹਾਂ ਨੂੰ 400 ਪ੍ਰਤੀਸ਼ਤ ਵਧਾ ਦਿੱਤਾ ਹੈ, ਜਿਹੜਾ ਕਦੇ ਵੀ ਨਹੀਂ ਸੁਣਿਆ ਹੈ।
ਉਨ੍ਹਾਂ ਨੇ ਆਪ ਸਰਕਾਰ ਨੂੰ ਬੀਤੇ ਇਕ ਸਾਲ ਦੌਰਾਨ ਇਕ ਵੀ ਪ੍ਰਾਪਤੀ ਦੱਸਣ ਲਈ ਕਿਹਾ ਹੈ। ਸ਼ਲਿਾ ਦੀਕਸ਼ਿਤ ਨੇ ਕਿਹਾ ਕਿ ਕੇਜਰੀਵਾਲ ਫਲਾਈਓਵਰਾਂ ਦੇ ਨਿਰਮਾਣ ’ਤੇ ਹੋਣ ਵਾਲੇ ਖਰਚੇ ਹਜ਼ਾਰਾਂ ਕਰੋੜਾਂ ਰੁਪਏ ਘਟਾਉਣ ਦਾ ਝੂਠਾ ਕ੍ਰੇਡਿਟ ਲੈਣ ਦੀ ਕੋਸ਼ਿਸ਼ ਕਰ ਰਹੇ ਹਨ। ਜਦਕਿ ਸਾਡੇ ਕਾਰਜਕਾਲ ਦੌਰਾਨ ਹੀ ਅਸੀਂ ਇਨ੍ਹਾਂ ਫਲਾਈਓਵਰਾਂ ਨੂੰ ਮੁੜ ਡਿਜ਼ਾਇਨ ਕਰਕੇ ਇਨ੍ਹਾਂ ਦੀ ਲਾਗਤ ਘਟਾਈ ਸੀ। ਅਜਿਹੀਆਂ ਹੋਰ ਕਈ ਉਦਾਹਰਨਾਂ ਹਨ, ਜਿਨ੍ਹਾਂ ’ਤੇ ਕੇਜਰੀਵਾਲ ਪਿਛਲੀ ਸਰਕਾਰ ਦੇ ਕੰਮਾਂ ਲਈ ਕ੍ਰੇਡਿਟ ਲੈਣ ਦੀ ਕੋਸ਼ਿਸ਼ ਕਰ ਰਹੇ ਹਨ।
ਇਸ ਦੌਰਾਨ ਕੇਜਰੀਵਾਲ ਦੇ ਵਿਰੋਧੀ ਵਤੀਰੇ ’ਤੇ ਵਰ੍ਹਦਿਆਂ ਦੀਕਸ਼ਿਤ ਨੇ ਕਿਹਾ ਕਿ ਦਿੱਲੀ ਦੇ ਲੋਕ ਇਕ ਸਾਲ ਪਹਿਲਾਂ ਲਏ ਆਪਣੇ ਫੈਸਲੇ ’ਤੇ ਪਛਤਾ ਰਹੇ ਹਨ। ਕੇਜਰੀਵਾਲ ਕਦੇ ਲੈਫਟੀਨੇਂਟ ਗਵਰਨਰ, ਕਦੇ ਪੁਲਿਸ ਕਮਿਸ਼ਨਰ ਤੇ ਕਦੇ ਕੇਂਦਰ ਸਰਕਾਰ ’ਤੇ ਦੋਸ਼ ਲਗਾਉਂਦਿਆਂ ਆਪਣੀ ਆਦਤਨ ਖੇਡ ਖੇਡਣ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਨੇ ਵੀ ਅਜਿਹੀਆਂ ਕੁਝ ਸੀਮਾਵਾਂ ਅੰਦਰ ਕੰਮ ਕੀਤਾ ਸੀ, ਪਰ ਕਦੇ ਵੀ ਦਿੱਲੀ ਨੂੰ ਵਰਲਡ ਕਲਾਸ ਸਿਟੀ ਬਣਾਉਂਦਿਆਂ ਕੋਈ ਸ਼ਿਕਾਇਤ ਨਹੀਂ ਕੀਤੀ। ਉਨ੍ਹਾਂ ਨੇ ਪੰਜਾਬ ਦੇ ਲੋਕਾਂ ਨੂੰ ਕੇਜਰੀਵਾਲ ਦੀਆਂ ਲੁਭਾਵਨੀ ਗੱਲਾਂ ਤੋਂ ਬੱਚਣ ਦੀ ਸਲਾਹ ਦਿੱਤੀ, ਜਿਹੜੀਆਂ ਕਦੇ ਵੀ ਦਿਨ ਦੀ ਰੋਸ਼ਨੀ ’ਚ ਸੱਚ ਨਹੀਂ ਹੁੰਦੀਆਂ।
Related Topics: Aam Aadmi Party, Arvind Kejriwal, Congress Government in Punjab 2017-2022, Sheila Dixit