ਸਿੱਖ ਖਬਰਾਂ

ਪੰਜਾਬ ਬੰਦ ਦਾ ਸੱਦਾ: ਪੁਲਿਸ ਨੇ ਮਾਧੋਪੁਰ ਤੋਂ ਸਿੱਖ ਆਗੂ ਅਤੇ ਕਾਰਕੁੰਨ ਗ੍ਰਿਫਤਾਰ ਕੀਤੇ

November 3, 2010 | By

Madhopur 2ਮਾਧੋਪੁਰ/ਫਤਿਹਗੜ੍ਹ ਸਾਹਿਬ (3 ਨਵੰਬਰ, 2010): ਨਵੰਬਰ 1984 ਦੇ ਸਿੱਖ ਕਤਲੇਆਮ ਦੇ ਪੀੜਤਾਂ ਨੂੰ 26 ਸਾਲ ਬਾਅਦ ਵੀ ਇਨਸਾਫ ਨਾ ਮਿਲਣ ਦੇ ਵਿਰੋਧ ਵਿੱਚ ਅੱਜ ਪੰਜਾਬ ਬੰਦ ਦੇ ਦਿੱਤੇ ਗਏ ਸੱਦੇ ਨਾਲੋਂ ਜਿੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਣੇ ਸਰੋਕਾਰ ਵੱਖ ਕਰਕੇ ਸਿੱਖ ਕਤਲੇਆਮ ਦੇ ਪੀੜਤਾਂ ਨਾਲ ਧ੍ਰੋਹ ਕਮਾਉਣ ਦੀ ਕੋਸ਼ਿਸ਼ ਕੀਤੀ ਹੈ, ਓਥੇ ਬਾਦਲ ਸਰਕਾਰ ਵੱਲੋਂ ਵੀ ਬੰਦ ਨੂੰ ਨਾਕਾਮ ਕਰਨ ਦੇ ਯਤਨ ਕੀਤੇ ਜਾ ਰਹੇ ਹਨ। ਅੱਜ ਸਵੇਰੇ ਸਰਕਾਰੀ ਹਿਦਾਇਤਾਂ ਮੁਤਾਬਿਕ ਪੰਜਾਬ ਪੁਲਿਸ ਨੇ ਮਾਧੋਪੁਰ ਰੇਵਲੇ ਫਾਟਕ ਤੋਂ ਸੈਕੜੇ ਸਿੱਖਾਂ ਨੂੰ ਗ੍ਰਿਫਤਾਰ ਕਰ ਲਿਆ। ਗ੍ਰਿਫਤਾਰ ਕੀਤੇ ਗਏ ਸਿੱਖ ਆਗੂਆਂ ਵਿੱਚ ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਦੇ ਉੱਚ ਆਗੂ ਭਾਈ ਕੁਲਬੀਰ ਸਿੰਘ ਬੜਾਪਿੰਡ, ਭਾਈ ਹਰਪਾਲ ਸਿੰਘ ਚੀਮਾ, ਭਾਈ ਜਸਬੀਰ ਸਿੰਘ ਖੰਡੂਰ, ਸੰਤੋਖ ਸਿੰਘ ਸਲਾਣਾ, ਹਰਪ੍ਰੀਤ ਸਿੰਘ ਡਡਹੇੜੀ, ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਸੁਰਜੀਤ ਸਿੰਘ ਸੋਢੀ, ਸਿੱਖ ਕਤਲੇਆਮ ਨਾਲ ਸੰਬੰਧਤ ਕੇਸ ਵਿੱਚ ਸੱਜਣ ਕੁਮਾਰ ਖਿਲਾਫ ਗਵਾਹ ਗੁਰਬਚਨ ਸਿੰਘ ਅਤੇ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪਰਦੀਪ ਸਿੰਘ ਪੁਆਧੀ ਦੇ ਨਾਂ ਜ਼ਿਕਰਯੋਗ ਹਨ। ਇਸ ਮੌਕੇ ਮਾਤਾ ਗੁਜਰੀ ਸਹਾਰਾ ਟ੍ਰਸਟ ਦੀ ਸੰਚਾਲਕ ਬੀਬੀ ਸੋਹਣਜੀਤ ਕੌਰ ਦੀ ਅਗਵਾਈ ਵਿੱਚ ਆਏ ਪੰਜਾਹ ਸਿੱਖ ਬੀਬੀਆਂ ਦੇ ਜਥੇ ਨੂੰ ਵੀ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ।

sikhs block railways protest against injusticeਪੁਲਿਸ ਵੱਲੋਂ ਉਕਤ ਕਾਰਵਾਈ ਉਸ ਸਮੇਂ ਕੀਤੀ ਗਈ ਜਦੋਂ ਸਿੱਖਾਂ ਵੱਲੋਂ ਮਾਧੋਪੁਰ ਵਿਖੇ ਰੇਲ ਆਵਾਜਾਈ ਠੱਪ ਕਰ ਦਿੱਤੀ ਗਈ ਸੀ। ਗ੍ਰਿਫਤਾਰੀ ਕੀਤੇ ਜਾਣ ਤੋਂ ਪਹਿਲਾਂ ਇਕੱਠ ਨੂੰ ਸੰਬੋਧਨ ਕਰਦਿਆਂ ਸਿੱਖ ਆਗੂਆਂ ਨੇ ਕਿਹਾ ਕਿ ਭਾਰਤ ਅੰਦਰ ਸਿੱਖਾਂ ਨੂੰ ਇਨਸਾਫ ਨਹੀਂ ਮਿਲਿਆ। ਅੱਜ 26 ਸਾਲ ਬੀਤ ਜਾਣ ਉੱਤੇ ਵੀ ਸਿੱਖ ਕਤਲੇਆਮ ਦੇ ਦੋਸ਼ੀਆਂ ਖਿਲਾਫ ਮੁਕਦਮੇਂ ਨਹੀਂ ਚੱਲ ਰਹੇ। ਸਰਕਾਰੀ ਜਾਂਚ ਏਜੰਸੀ ਦੋਸ਼ੀਆਂ ਦੀ ਰਾਖੀ ਕਰ ਰਹੀ ਹੈ ਅਤੇ ਨਿਆਇਕ ਢਾਂਚਾ ਹੀ ਨਕਾਰਾ ਹੋ ਚੁੱਕਾ ਹੈ।

ਬੰਦ ਬਾਰੇ ਜਾਣਕਾਰੀ ਦਿੰਦਿਆਂ ਸਿੱਖ ਆਗੂਆਂ ਨੇ ਕਿਹਾ ਕਿ ਇਹ ਬੰਦ ਮੁਕੰਮਲ ਰੂਪ ਵਿੱਚ ਸ਼ਾਂਤਮਈ ਰਹੇਗਾ ਅਤੇ ਇਸ ਦਾ ਮਨੋਰਥ ਦੋਸ਼ੀ ਭਾਰਤੀ ਤੰਤਰ ਦੀ ਧੱਕੇਸ਼ਾਹੀ ਵਿਰੋਧ ਰੋਸ ਦਾ ਪ੍ਰਗਟਾਵਾ ਕਰਨਾ ਕਰਦਿਆਂ ਸੰਸਾਰ ਦੇ ਲੋਕਾਂ ਨੂੰ ਹਕੀਕਤ ਤੋਂ ਜਾਣੂ ਕਰਵਾਉਣਾ ਹੈ।

ਭਾਈ ਹਰਪਾਲ ਸਿੰਘ ਚੀਮਾ ਨੇ ਇਸ ਮੌਕੇ ਬਾਦਲ ਸਰਕਾਰ ਦੀ ਕੜੀ ਅਲੋਚਨਾ ਕੀਤੀ। ਉਨ੍ਹਾਂ ਕਿਹਾ ਕਿ ਇੱਕ ਪਾਸੇ ਬਾਦਲ ਦਲ ਦੀ ਐਮ. ਪੀ. ਬੀਬੀ ਹਰਸਿਮਰਤ ਕੌਰ ਬਾਦਲ ਭਾਰਤੀ ਪਾਰਲੀਮੈਂਟ ਵਿੱਚ ਸਿੱਖ ਕਤਲੇਆਮ ਬਾਰੇ ਲੰਮੇ-ਚੌੜੇ ਭਾਸ਼ਣ ਦਿੰਦੀ ਹੈ ਅਤੇ ਦੂਸਰੇ ਪਾਸੇ ਬਾਦਲ ਦਲ ਦੀ ਸਰਕਾਰ ਉਸੇ ਮੁੱਦੇ ਉੱਤੇ ਰੋਸ ਪਰਗਟ ਕਰਨ ਵਾਲੇ ਸਿੱਖਾਂ ਨੂੰ ਗ੍ਰਿਫਤਾਰ ਕਰਕੇ ਜੇਲ੍ਹੀ ਡੱਕ ਰਹੀ ਹੈ। ਉਹਨਾਂ ਕਿਹਾ ਕਿਹਾ ਕਿ ਅੱਜ ਦੀ ਕਾਰਵਾਈ ਨਾਲ ਬਾਦਲ ਸਰਕਾਰ ਦਾ ਦੋਗਲਾ ਚਿਹਰਾ ਨੰਗਾ ਹੋਇਆ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , ,