ਪੰਜਾਬ ਦੀ ਰਾਜਨੀਤੀ » ਸਿਆਸੀ ਖਬਰਾਂ

ਬਾਦਲ ਦਲ ਦੀ ਪਟਿਆਲਾ ਅਤੇ ਕਾਂਗਰਸ ਦੀ ਬਠਿੰਡਾ ਰੈਲੀ ਅੱਜ

December 15, 2015 | By

ਚੰਡੀਗੜ੍ਹ (14 ਦਸੰਬਰ, 2015): ਪੰਜਾਬ ਵਿਧਾਨ ਸਭਾ 2017 ਦੀਆਂ ਚੋਣਾਂ ਲਈ ਪੰਜਾਬ ਦਾ ਸਿਆਸੀ ਮਾਹੌਲ ਕਾਫੀ ਗਰਮਾ ਗਿਆ ਹੈ।ਇਸ ਵਾਰ ਪੰਜਾਬ ਦੇ ਚੋਣ ਮੈਦਾਨ ਵਿੱਚ ਪਿਛਲ਼ੀਆਂ ਚੋਣਾਂ ਦੇ ਦੋ ਧਿਰੀ ਮੁਕਾਬਲੇ ਦੀ ਬਜ਼ਾਏ ਤਿੰਨ ਧਿਰੀ ਮੁਕਬਾਲ ਹੋਚੇਗਾ।ਪੰਜਾਬ ਦੇ ਸੱਤਧਾਰੀ ਬਾਦਲ ਦਲ ਦੇ ਜਿੱਥੇ ਸੌਦਾ ਸਾਧ ਮਾਫੀਨਾਮਾ, ਸ਼੍ਰੀ ਗਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਬੇਅਦਬੀ ਦੇ ਮਾਮਲੇ ਅਤੇ ਕਿਸਾਨਾਂ ਦੀਆਂ ਫਸਲਾਂ ਖਰਾਬ ਹੋਣ ਕਰਕੇ ਪਾਰਟੀ ਦੇ ਹੋਏ ਖਰਾਬ ਅਕਸ਼ ਕਰਕੇ ਆਗੂਆਂ ਦਾ ਜਨਤਕ ਤੌਰ ‘ਤੇ ਵਿਚਰਨਾ ਮੁਸ਼ਕਲ ਹੋਇਆ ਪਿਆ ਸੀ, ਨੇ ਸਦਭਾਵਨਾਂ ਰੈਲੀਆਂ ਦੇ ਨਾਂਅ ‘ਤੇ ਪੰਜਾਬ ਦੇ ਲੋਕਾਂ ਵਿੱਚ ਜਾਣ ਦਾ ਬਹਾਨਾ ਬਣਾਇਆ, ਉੱਥੇ ਪੰਜਾਬ ਦੀ ਸਿਆਸਤ ਵਿੱਚ ਇੱਕਵਾਰ ਲਗਭਗ ਹਾਸ਼ੀਏ ‘ਤੇ ਪਹੁੰਚੀ ਕਾਂਗਰਸ ਵਿੱਚ ਕੈਪਟਨ ਅਮਰਿੰਦਰ ਸਿੰਘ ਦੇ ਪ੍ਰਧਾਨ ਬਨਣ ਨਾਲ ਇੱਕ ਵਾਰ ਫਿਰ ਨਵੀਂ ਜਾਨ ਪਈ ਹੈ। ਪਿਛਲੇ ਸਮੇਂ ਤੋਂ ਘਰਾਂ ਵਿੱਚ ਨਿਰਾਸ਼ਤਾ ਦੇ ਆਲਮ ਵਿੱਚ ਬੈਠੇ ਕਾਂਗਰਸੀ ਵਰਕਰਾਂ ਨੇ ਇੱਕ ਵਾਰ ਆਪਣੇ ਪਿੰਡਿਆਂ ਨੂੰ ਛਿੜਕਿਆ ਹੈ ਅਤੇ ਕੈਪਟਨ ਦੀ ਅਗਵਾਈ ਵਿੱਚ ਉਨ੍ਹਾਂ ਨੂੰ ਬਾਦਲਾਂ ਦਾ ਮੁਕਬਾਲਾ ਕਰਨ ਦੀ ਆਸ ਬੱਝੀ ਹੈ।

ਕਾਂਗਰਸ ਦੀ ਬਠਿੰਡਾ ਅਤੇ ਬਾਦਲ ਦਲ ਦੀ ਪਟਿਆਲਾ ਰੈਲੀ ਅੱਜ

ਬਾਦਲ ਦਲ ਦੀ ਪਟਿਆਲਾ ਅਤੇ ਕਾਂਗਰਸ ਦੀ ਬਠਿੰਡਾ ਰੈਲੀ ਅੱਜ

ਉਕਤ ਦੋਹਾਂ ਪਾਰਟੀਆਂ ਵੱਲੋਂ ਆਪੋ-ਆਪਣੇ ਵਰਕਰਾਂ ਨੂੰ ਨਿਰਾਸ਼ਤਾ ਦੇ ਆਲਮ ਵਿੱਚ ਕੱਫਣ ਲਈ ਰੈਲੀਆਂ ਦੀ ਸ਼ੁਰੂਆਤ ਕੀਤੀ ਗਈ ਹੈ। ਅੱਜ ਜਿੱਥੇ ਬਾਦਲ ਦਲ ਕੈਪਟਨ ਅਮਰਿੰਦਰ ਸਿੰਘ ਦੇ ਜੱਦੀ ਸ਼ਹਿਰ ਪਟਿਆਲਾ ਵਿੱਚ ਰੈਲੀ ਕਰੇਗਾ, ਉੱਥੇ ਕਾਂਗਰਸ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਬਾਦਲਾਂ ਦੇ ਗੜ ਬਠਿੰਡਾ ਵਿੱਚ ਰੈਲੀ ਕਰਕੇ ਆਪਣੀ ਮਹਿੰਮ ਦੀ ਸ਼ੁਰੂਆਤ ਕਰੇਗਾ।

ਮਾਲਵੇ ਦੀ ਧਰਤੀ ਅੱਜ ਸਿਆਸੀ ਦੰਗਲ ਦਾ ਮੈਦਾਨ ਬਣੇਗੀ। ਪੰਜਾਬ ਕਾਂਗਰਸ ਦੇ ਨਵਨਿਯੁਕਤ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਦੇ ਤਾਜਪੋਸ਼ੀ ਸਮਾਗਮ ਵਜੋਂ ਪ੍ਰਚਾਰੀ ਜਾ ਰਹੀ ਬਠਿੰਡਾ ਰੈਲੀ ਲੲੀ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ।

ਕੈਪਟਨ ਅਮਰਿੰਦਰ ਸਿੰਘ ਦੇਰ ਸ਼ਾਮ ਬਠਿੰਡਾ ਪੁੱਜ ਗਏ ਤੇ ੳੁਨ੍ਹਾਂ ਖ਼ੁਦ ਰਾਤ ਨੂੰ ਸਾਰੀਆਂ ਤਿਆਰੀਆਂ ਦਾ ਜਾਇਜ਼ਾ ਲਿਆ। ਪਰਲਜ਼ ਕਲੋਨੀ ’ਚ ਰੈਲੀ ਵਾਲੀ ਥਾਂ ਪੁਲੀਸ ਨੇ ਅੱਜ ਸਖ਼ਤ ਸੁਰੱਖਿਆ ਪਹਿਰਾ ਲਾ ਦਿੱਤਾ ਹੈ। ਅਕਾਲੀਆਂ ਵੱਲੋਂ ਕੈਪਟਨ ਦੇ ਗਡ਼੍ਹ ਪਟਿਆਲਾ ਵਿੱਚ ਕੀਤੀ ਜਾ ਰਹੀ ਰੈਲੀ ਲੲੀ ਸੁਰੱਖਿਆ ਦੇ ਮੱਦੇਨਜ਼ਰ ਭਾਵੇਂ ਮਾਲਵੇ ਖਿੱਤੇ ਵਿੱਚੋਂ ਕਾਫੀ ਸਾਜ਼ੋ ਸਾਮਾਨ ੳੁਥੇ ਭੇਜਿਆ ਗਿਆ ਹੈ, ਪਰ ਬਠਿੰਡਾ ਰੈਲੀ ਲਈ ਹੋਰਨਾਂ ਜ਼ਿਲ੍ਹਿਆਂ ਨੇ ਭਾਜੀ ਮੋਡ਼ਨ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ। ਕਾਂਗਰਸ ਦੀ ਬਠਿੰਡਾ ਰੈਲੀ ਦੇ ਇੰਚਾਰਜ ਸੁਖਵਿੰਦਰ ਸਿੰਘ ਸੁਖ ਸਰਕਾਰੀਆਂ ਨੇ ਦੱਸਿਆ ਕਿ ੳੁਨ੍ਹਾਂ ਦੀ ਪਾਰਟੀ ਨੇ ਅਕਾਲੀ ਦਲ ਵੱਲੋਂ ਪਿਛਲੇ ਦਿਨੀਂ ਇਥੇ ਕੀਤੀ ਸਦਭਾਵਨਾ ਰੈਲੀ ਦੇ ਮੁਕਾਬਲੇ ਕਾਫੀ ਵੱਡਾ ਪੰਡਾਲ ਲਾਇਆ ਹੈ ਅਤੇ ਭਲਕ ਦੀ ਰੈਲੀ ਹਾਕਮ ਧਿਰ ਦੀਆਂ ਅੱਖਾਂ ਖੋਲ੍ਹ ਦੇਵੇਗੀ।

ਕਾਂਗਰਸੀ ਪੰਡਾਲ ਵਿੱਚ ਤਿੰਨ ਸਟੇਜਾਂ ਹੋਣਗੀਆਂ। ਉਨ੍ਹਾਂ ਕਿਹਾ ਪਿੰਡ ਪਿੰਡ ਬੱਸਾਂ ਪੁੱਜਦੀਆਂ ਕੀਤੀਆਂ ਗਈਆਂ ਹੈ। ਜ਼ਿਲ੍ਹਾ ਪੁਲੀਸ ਨੇ ਰੈਲੀ ਲੲੀ 1400 ਦੇ ਕਰੀਬ ਪੁਲੀਸ ਮੁਲਾਜ਼ਮ ਤਾਇਨਾਤ ਕੀਤੇ ਹਨ। ੳੁਂਜ ਕਾਂਗਰਸ ਨੇ ਟਰੈਫਿਕ ਨੂੰ ਕੰਟਰੋਲ ਕਰਨ ਲੲੀ ਯੂਥ ਕਾਂਗਰਸੀਆਂ ਦੀ ਡਿੳੂਟੀ ਲਾੲੀ ਹੈ ਕਿੳੁਂਕਿ ੳੁਨ੍ਹਾਂ ਨੂੰ ਡਰ ਹੈ ਕਿ ਪੁਲੀਸ ਟਰੈਫਿਕ ਵਿੱਚ ਵਿਘਨ ਪਾ ਕੇ ਰੈਲੀ ਨੂੰ ਸਾਬੋਤਾਜ ਕਰ ਸਕਦੀ ਹੈ।

ਸ਼੍ਰੋਮਣੀ ਅਕਾਲੀ ਦਲ ਵੱਲੋਂ ਭਲਕੇ ਪਟਿਆਲਾ ਵਿੱਚ ਕੀਤੀ ਜਾ ਰਹੀ ਸਦਭਾਵਨਾ ਰੈਲੀ ਵਿੱਚ ਸ਼ਿਰਕਤ ਕਰਨ ਲਈ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅੱਜ ਇਥੇ ਪੁੱਜ ਗਏ ਜਦਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਭਲਕੇ ਇਥੇ ਪਹੁੰਚਣਗੇ। ੳੁਪ ਮੁੱਖ ਮੰਤਰੀ ਪੰਜਾਬੀ ਯੂਨੀਵਰਸਿਟੀ ਤੋਂ ਰੋਡ ਸ਼ੋਅ ਦੇ ਰੂਪ ਵਿੱਚ ਰੈਲੀ ਵਿੱਚ ਪੁੱਜਣਗੇ। ਸ਼ਹਿਰ ਵਿੱਚ ਦਰਜਨ ਦੇ ਕਰੀਬ ਥਾਵਾਂ ’ਤੇ ਪਾਰਟੀ ਵਰਕਰਾਂ ਵੱਲੋਂ ਉਨ੍ਹਾਂ ਦਾ ਸਵਾਗਤ ਕੀਤਾ ਜਾਵੇਗਾ|

ਹਵਾਈ ਅੱਡੇ ਕੋਲ ਕੀਤੀ ਜਾਣ ਵਾਲੀ ਇਸ  ਰੈਲੀ ਲਈ ਲੋਕਾਂ ਦੇ ਬੈਠਣ ਵਾਸਤੇ ਲਗਪਗ 25 ਏਕੜ ਜਗ੍ਹਾ ਵਿੱਚ ਪੰਡਾਲ ਲਾਇਆ ਗਿਆ ਹੈ ਜਦਕਿ ਕਈ ਥਾਈਂ ਟਰੈਫਿਕ ਖੜਾਉਣ ਲਈ ਟਰੈਫਿਕ ਗਰਾੳੂਂਡ ਬਣਾਏ ਗਏ ਹਨ| ਪੰਜ ਸੌ ਬੰਦਿਆਂ ਦੇ ਬੈਠਣ ਲਈ ਵੱਡੀ ਸਟੇਜ ਬਣਾਈ ਗਈ ਹੈ ਜਿੱਥੇ ਅਕਾਲੀ ਦਲ ਦੇ ਮੰਤਰੀਆਂ ਸਮੇਤ ਹੋਰ ਮੂਹਰਲੀ ਕਤਾਰ ਦੇ ਆਗੂ ਬੈਠਣਗੇ| ਉਪ ਮੁੱਖ ਮੰਤਰੀ ਦੇ ਓਐਸਡੀ ਚਰਨਜੀਤ ਸਿੰਘ ਬਰਾੜ ਨੇ ਦੱਸਿਆ ਕਿ ਰੈਲੀ ਲਈ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ ਅਤੇ ਲੋਕਾਂ ਨੂੰ ਕਿਸੇ ਪ੍ਰਕਾਰ ਦੀ ਮੁਸ਼ਕਲ ਨਹੀਂ ਆਵੇਗੀ|

ਉਨ੍ਹਾਂ ਦਾਅਵਾ ਕੀਤਾ ਕਿ ਢਾਈ ਲੱਖ ਦੇ ਕਰੀਬ ਲੋਕ ਰੈਲੀ ਵਿੱਚ ਸ਼ਿਰਕਤ ਕਰਨਗੇ। ਉਨ੍ਹਾਂ ਦੱਸਿਆ ਕਿ ਰੈਲੀ ਵਿੱਚ ਆੳੁਣ ਵਾਲਿਆਂ ਲਈ 10 ਥਾਵਾਂ ’ਤੇ ਲੰਗਰ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਹੈ।  ਰੈਲੀ ਦੇ ਸੁਰੱਖਿਆ ਪ੍ਰਬੰਧਾਂ ਲੲੀ ਪੰਜ ਹਜ਼ਾਰ ਪੁਲੀਸ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ ਜਿਨ੍ਹਾਂ ਵਿੱਚ ਵੱਡੀ ਗਿਣਤੀ ਜ਼ਿਲ੍ਹਾ ਸੰਗਰੂਰ, ਮੁਹਾਲੀ, ਨਵਾ ਸ਼ਹਿਰ ਅਤੇ ਪਟਿਆਲਾ  ਨਾਲ ਸਬੰਧਿਤ ਹਨ| ਇਨ੍ਹਾਂ ਵਿੱਚੋਂ ਜ਼ਿਲ੍ਹਾ ਸੰਗਰੂਰ ਦੀ ਪੁਲੀਸ ਪੰਡਾਲ ਵਿੱਚ ਡਿੳੂਟੀ ਦੇਵੇਗੀ ਜਦਕਿ ਮੁਹਾਲੀ ਪੁਲੀਸ ੳੁਪ ਮੁੱਖ ਮੰਤਰੀ ਦੇ ਰੋਡ ਸ਼ੋਅ ਦੀ ਨਿਗਰਾਨੀ ਕਰੇਗੀ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , , ,