September 6, 2015 | By ਸਿੱਖ ਸਿਆਸਤ ਬਿਊਰੋ
ਚੰਡੀਗੜ੍ਹ (5 ਸਤੰਬਰ, 2015): ਭਾਰਤ ਦੀ ਸਾਬਕਾ ਪ੍ਰਧਾਨ ਮੰਤਰੀ ਇੰਦਰਾਂ ਗਾਧੀਦੇ ਕਤਲ ਤੋਂ ਬਾਅਦ ਸਿੱਖਾਂ ਦੀ ਯੋਜਨਾਬੱਧ ਤਰੀਕੇ ਨਾਲ ਕੀਤੀ ਗਈ ਨਸਲਕੁਸ਼ੀ ਦੌਰਾਨ 2 ਨਵੰਬਰ 1984 ਨੂੰ ਗੁੜਗਾਉਂ ‘ਚ ਕਤਲ ਕੀਤੇ 32 ਸਿੱਖਾਂ ਅਤੇ ਸਾੜੇ ਗਏ 297 ਘਰਾਂ ਨਾਲ ਸੰਬੰਧਿਤ ਮਾਮਲੇ ਦੀ ਜਾਂਚ ਲਈ ਕਾਇਮ ਕੀਤੇ ਇਕ ਮੈਂਬਰੀ ਕਮਿਸ਼ਨ ਦੇ ਜੱਜ ਟੀਪੀ ਗਰਗ ਆਪਣੀ ਚਾਰ ਸਾਲਾਂ ਦੀ ਜਾਂਚ ਵਿੱਚ ਕਿਸੇ ਦੋਸ਼ੀ ਦੀ ਨਿਸ਼ਾਨਦੇਹੀ ਨਹੀਂ ਕਰ ਸਕੇ। ਉਨ੍ਹਾਂ ਆਪਣੀ ਰਿਪੋਰਟ ਵਿੱਚ ਸਿਰਫ਼ ਦੋ ਪੁਲੀਸ ਮੁਲਾਜ਼ਮਾਂ ਦੀ ਭੂਮਿਕਾ ਦੀ ਸਖਤ ਨਿਖੇਧੀ ਕਰਨ ਤੋਂ ਇਲਾਵਾ ਕਿਸੇ ਨੂੰ ਸਜ਼ਾ ਦੇਣ ਦੀ ਸਿਫਾਰਸ਼ ਨਹੀਂ ਕੀਤੀ।
ਹੋਦ ਚਿੱਲੜ ਪਿੰਡ ਵਿੱਚ ਨਵੰਬਰ 1984 ਵਿੱਚ ਮਾਰੇ ਗਏ 32 ਸਿੱਖਾਂ ਦੇ ਮਾਮਲੇ ਦੀ ਜਾਂਚ ਲਈ ਮਾਰਚ 2011 ਵਿੱਚ ਤਤਕਾਲੀ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੇ ਸੇਵਾਮੁਕਤ ਜੱਜ ਗਰਗ ਦੀ ਅਗਵਾਈ ਹੇਠ ਇਕ ਮੈਂਬਰੀ ਕਮਿਸ਼ਨ ਕਾਇਮ ਕੀਤਾ ਸੀ ਤੇ ਬਾਅਦ ਵਿੱਚ ਕਮਿਸ਼ਨ ਨੂੰ ਗੁੜਗਾਉਂ ਸ਼ਹਿਰ ਤੇ ਪਟੌਦੀ ਕਸਬੇ ਦੇ ਮਾਮਲੇ ਵੀ ਸੌਂਪ ਦਿੱਤੇ ਸਨ।
ਕਮਿਸ਼ਨ ਨੇ ਹੋਦ ਚਿੱਲਡ਼ ਕਾਂਡ ਬਾਰੇ ਆਪਣੀ ਰਿਪੋਰਟ ਇਸ ਸਾਲ ਮਾਰਚ ਮਹੀਨੇ ਹਰਿਆਣਾ ਸਰਕਾਰ ਨੂੰ ਸੌਂਪ ਦਿੱਤੀ ਸੀ। ਇਕ ਦਿਨ ਪਹਿਲਾਂ ਸਰਕਾਰ ਨੇ ਕਮਿਸ਼ਨ ਦੀ ਰਿਪੋਰਟ ਵਿਧਾਨ ਸਭਾ ਵਿੱਚ ਪੇਸ਼ ਕੀਤੀ।ਕਮਿਸ਼ਨ ਦੇ ਜੱਜ ਨੇ ਰਿਪੋਰਟ ਵਿੱਚ ਦੱਸਿਅਾ ਕਿ ਮਾਰੇ ਗਏ 32 ਸਿੱਖਾਂ ਵਿੱਚੋਂ ਸਿਰਫ਼ ਛੇ ਦੀਆਂ ਸੜੀਆਂ ਲਾਸ਼ਾਂ ਦਾ ਹੀ ਪੋਸਟਮਾਰਟਮ ਕਰਵਾਇਆ ਗਿਆ ਤੇ ਪੰਜ ਸਾਲ ਬੀਤਣ ਮਗਰੋਂ ਪੁਲੀਸ ਨੇ ਕੇਸ ਨੂੰ ਅਣਟਰੇਸ ਕਰਾਰ ਦੇ ਕੇ ਬੰਦ ਕਰ ਦਿੱਤਾ। ਉਨ੍ਹਾਂ ਕਿਹਾ ਕਿ ਕਾਤਲਾਂ ਦਾ ਪਤਾ ਲਾਉਣ ਲਈ 42 ਵਿਅਕਤੀਆਂ ਦੀ ਪੁੱਛ ਪੜਤਾਲ ਕੀਤੀ ਗਈ ਪਰ ਇਸ ਵਿੱਚੋਂ ਵੀ ਕੁਝ ਨਹੀਂ ਨਿਕਲਿਆ।
ਪੁਲੀਸ ਦੇ ਐਸਆਈ ਰਾਮ ਕਿਸ਼ੋਰ ਅਤੇ ਡੀਐਸਪੀ ਰਾਮ ਭੱਜ ਦੀ ਭੂਮਿਕਾ ਦੀ ਸਖਤ ਨਿਖੇਧੀ ਕੀਤੀ ਗਈ ਹੈ ਪਰ ਉਨ੍ਹਾਂ ਨੂੰ ਕੋਈ ਸਜ਼ਾ ਦੇਣ ਦੀ ਸਿਫਾਰਸ਼ ਨਹੀਂ ਕੀਤੀ ਗਈ ਤੇ ਨਾ ਜ਼ਿਲ੍ਹਾ ਪੁਲੀਸ ਮੁਖੀ ਅਤੇ ਡਿਪਟੀ ਕਮਿਸ਼ਨਰ ਖ਼ਿਲਾਫ਼ ਕੋਈ ਟਿੱਪਣੀ ਕੀਤੀ ਗਈ ਹੈ। ਜੱਜ ਨੇ ਸਿਫਾਰਸ਼ ਕੀਤੀ ਹੈ ਕਿ ਅਜਿਹੀ ਪੁਲੀਸ ਫੋਰਸ ਬਣਾਉਣੀ ਚਾਹੀਦੀ ਹੈ ਜੋ ਸਿਅਾਸੀ ਦਬਾਅ ਤੋਂ ਮੁਕਤ ਹੋਵੇ।
ਵਿਸ਼ੇਸ਼ ਲੇਖ: ਘੁੱਪ ਹਨੇਰੇ ਵਿਚ ਚਾਨਣ ਦੀ ਬਾਤ ਪਾਉਣ ਵਾਲਾ “ਦੀਪਕ”: ਸ਼ਹੀਦ ਜਸਵੰਤ ਸਿੰਘ ਖਾਲੜਾ
ਕਮਿਸ਼ਨ ਨੇ ਫੈਸਲਾ ਦਿੱਤਾ ਹੈ ਕਿ 31 ਸਿੱਖਾਂ ਦੇ ਵਾਰਸ ਜਿਨ੍ਹਾਂ ਨੂੰ ਪਹਿਲਾਂ ਸੱਤ ਸੱਤ ਲੱਖ ਰੁਪਏ ਮਿਲ ਚੁੱਕੇ ਹਨ, ਨੂੰ ਵੀਹ ਵੀਹ ਲੱਖ ਰੁਪਏ ਹੋਰ ਦੇਣੇ ਚਾਹੀਦੇ ਹਨ। ਗੁਰਦਾਸਪੁਰ ਜ਼ਿਲ੍ਹੇ ਦੇ ਫੌਜੀ ਇੰਦਰਜੀਤ ਸਿੰਘ ਦੀ ਪਤਨੀ ਕੰਵਲਜੀਤ ਕੌਰ ਨੂੰ 25 ਲੱਖ ਰੁਪਏ ਦਿੱਤੇ ਜਾਣ। ਇਕ ਹੋਰ ਵਿਆਕਤੀ ਜਿਹੜਾ ਸਿਰ ਵਿੱਚ ਸੱਟਾਂ ਮਾਰੇ ਜਾਣ ਕਰਕੇ 90 ਫੀਸਦੀ ਅਪਾਹਜ ਹੋ ਗਿਆ ਸੀ, ਉਸ ਨੂੰ 50 ਲੱਖ ਰੁਪਏ ਦਿੱਤੇ ਜਾਣ।
ਪਟੀਸ਼ਨਰਾਂ ਨੇ ਪੰਜਾਹ ਲੱਖ ਤੋਂ ਇੱਕ ਕਰੋੜ ਦੇਣ ਦੀ ਮੰਗ ਕੀਤੀ ਸੀ ਜਿਸ ਨੂੰ ਪ੍ਰਵਾਨ ਨਹੀਂ ਕੀਤਾ ਗਿਆ ਤੇ 36 ਪਟੀਸ਼ਨਰਾਂ ਨੂੰ ਜਾਇਦਾਦ ਦੇ ਨੁਕਸਾਨ ਬਦਲੇ ਪੰਜ ਪੰਜ ਲੱਖ ਰੁਪਏ ਦੇਣ ਦੀ ਸਿਫਾਰਸ਼ ਕੀਤੀ ਹੈ। ਜ਼ਖ਼ਮੀ ਹੋਏ ਪਟੀਸ਼ਨਰਾਂ ’ਚੋਂ ਪੰਜ ਨੂੰ ਇਕ ਇਕ ਲੱਖ ਰੁਪਏ ਦੇਣ ਦੀ ਸਿਫਾਰਸ਼ ਕੀਤੀ ਹੈ। ਇਨਾਂ ਵਿੱਚ ਸਰੂਪ ਸਿੰਘ, ਮਾਲਨ ਬਾਈ, ਮਹਿੰਦਰ ਕੌਰ, ਸੁੰਦਰ ਸਿੰਘ ਅਤੇ ਬੇਸਰ ਬਾਈ ਸ਼ਾਮਲ ਹਨ।
Related Topics: Hond Chilar Sikh massacre, ਸਿੱਖ ਨਸਲਕੁਸ਼ੀ 1984 (Sikh Genocide 1984)