ਸਿੱਖ ਖਬਰਾਂ

ਪੰਜਾਬ ਸਰਕਾਰ ਬਾਪੂ ਸੂਰਤ ਸਿੰਘ ਜਬਰੀ ਖੁਰਾਕ ਦੇਕੇ ਉਨ੍ਹਾਂ ਦੀ ਦ੍ਰਿੜਤਾ ਨੂੰ ਨਹੀਂ ਤੋੜ ਸਕੇਗੀ: ਸਿੱਖ ਜੱਥੇਬੰਦੀਆਂ

March 29, 2015 | By

ਜਲੰਧਰ (28 ਮਾਰਚ 2015): ਭਾਰਤ ਦੀਆਂ ਜੇਲਾਂ ਵਿੱਚ ਅਦਾਲਤਾਂ ਵੱਲੋਂ ਦਿੱਤੀਆਂ ਸਜ਼ਾਵਾਂ ਤੋਂ ਵੀ ਵੱਧ ਸਮਾਂ ਜੇਲਾਂ ਵਿੱਚ ਗੁਜ਼ਾਰਨ ਤੋਂ ਬਾਅਦ ਵੀ ਰਿਹਾਅ ਨਾ ਕੀਤੇ ਜਾ ਰਹੇ ਸਿੱਖ ਰਾਜਸੀ ਕੈਦੀਆਂ ਪ੍ਰਤੀ ਭਾਰਤ ਦੀ ਕੇਂਦਰ ਅਤੇ ਸੂਬਾ ਸਰਕਾਰਾਂ ਵਲੋਂ ਕੀਤੇ ਜਾ ਰਹੇ ਪੱਖਪਾਤ ਅਤੇ ਸਿੱਖ ਰਾਜਸੀ ਕੈਦੀਆਂ ਦੀ ਰਿਹਾਈ ਲਈ 16 ਜਨਵਰੀ ਤੋਂ ਭੁੱਖ ਹੜਤਾਲ ‘ਤੇ ਬੈਠੇ ਬਾਪੁ ਸੂਰਤ ਸਿੰਘ ਨਾਲ ਕੀਤੇ ਜਾ ਰਹੇ ਸਰਕਾਰੀ ਜਬਰ ਵਿਰੁੱਧ ਸਿੱਖ ਜੱਥਬੰਦੀਆਂ ਨੇ ਰੋਸ ਮਾਰਚ ਕੱਢਿਆ।

ਸਿੱਖ ਯੂਥ ਆਫ ਪੰਜਾਬ ਦੇ ਪ੍ਰਧਾਨ ਪਰਮਜੀਤ ਸਿੰਘ ਨੇ ਕਿਹਾ ਕਿ ਜੇਕਰ 14 ਸਾਲ ਤੋਂ ਮਰਨ-ਵਰਤ ਉਤੇ ਬੈਠੀ ਮਨੀਪੁਰੀ ਔਰਤ ਚਾਨੋ-ਸ਼ਰਮੀਲਾ ਨੂੰ ਜਬਰੀ ਤਰਲ ਖੁਰਾਕ ਦੇਕੇ ਮਨੀਪੁਰ ਸਰਕਾਰ, ਉਸ ਦਾ ਹੱਠ ਅਤੇ ਦ੍ਰਿੜਤਾ ਨਹੀ ਤੋੜ ਸਕੀ ਤਾਂ ਪੰਜਾਬ ਸਰਕਾਰ ਵੱਡੀ ਭੁੱਲ ਵਿੱਚ ਹੈ ਕਿ ਉਹ ਬਾਪੂ ਸੂਰਤ ਸਿੰਘ ਨੂੰ ਉਸ ਦੀ ਮਰਜੀ ਦੇ ਖਿਲਾਫ ਨੱਕ ਰਾਹੀ ਤਰਲ ਖੁਰਾਕ ਦੇ ਕੇ ਉਸ ਦੀ ਦ੍ਰਿੜਤਾ ਨੂੰ ਤੋੜ ਸਕੇਗੀ।

ਬੰਦੀ ਸਿੰਘਾਂ ਦੀ ਰਿਹਾਈ ਅਤੇ ਬਾਪੂ ਸੂਰਤ ਸਿੰਘ ਦੀ ਹਮਾਇਤ ਵਿੱਚ ਸਿੱਖ ਜੱਥੇਬੰਦੀਆਂ ਨੇ ਕੀਤਾ ਰੋਸ ਮਾਰਚ

ਬੰਦੀ ਸਿੰਘਾਂ ਦੀ ਰਿਹਾਈ ਅਤੇ ਬਾਪੂ ਸੂਰਤ ਸਿੰਘ ਦੀ ਹਮਾਇਤ ਵਿੱਚ ਸਿੱਖ ਜੱਥੇਬੰਦੀਆਂ ਨੇ ਕੀਤਾ ਰੋਸ ਮਾਰਚ

ਮਾਰਚ ਵਿੱਚ ਦਲ ਖਾਲਸਾ ਦੇ ਨੋਬਲਜੀਤ ਸਿੰਘ, ਹਰਜਿੰਦਰ ਸਿੰਘ, ਗੁਰਵਿੰਦਰ ਸਿੰਘ, ਅਰਵਿੰਦਰ ਸਿੰਘ, ਯੂਥ ਆਗੂ ਪਰਮਜੀਤ ਸਿੰਘ, ਗੁਰਮੀਤ ਸਿੰਘ, ਮਨਜੀਤ ਸਿੰਘ, ਸਤਬੀਰ ਸਿੰਘ ਕਮਲਜੀਤ ਸਿੰਘ, ਅਮਨਦੀਪ ਸਿੰਘ ਨੇ ਹਿੱਸਾ ਲਿਆ।

ਦਲ ਖਾਲਸਾ, ਅਕਾਲੀ ਦਲ ਪੰਚ ਪ੍ਰਧਾਨੀ ਅਤੇ ਸੰਯੁਕਤ ਅਕਾਲੀ ਦਲ ਵਲੋਂ ਸਾਂਝੇ ਰੂਪ ਵਿੱਚ ਕੀਤੇ ਪ੍ਰਦਰਸ਼ਨ ਵਿੱਚ ਸਿੱਖ ਯੂਥ ਆਫ ਪੰਜਾਬ ਦੇ ਸੈਂਕੜੇ ਨੌਜਵਾਨਾਂ ਨੇ ਹਿੱਸਾ ਲਿਆ ਅਤੇ ਸਰਕਾਰੀ ਜਬਰ ਵਿਰੁੱਧ ਜਬਰਦਸਤ ਨਾਅਰੇਬਾਜੀ ਕੀਤੀ। ਮਾਰਚ ਦੀ ਅਗਵਾਈ ਜਥੇਦਾਰ ਕੁਲਬੀਰ ਸਿੰਘ ਬੜਾਪਿੰਡ, ਮਨਜਿੰਦਰ ਸਿੰਘ ਜੰਡੀ ਅਤੇ ਗੁਰਦੀਪ ਸਿੰਘ ਬਠਿੰਡਾ ਨੇ ਸਾਂਝੇ ਰੂਪ ਵਿੱਚ ਕੀਤੀ। ਮਾਰਚ ਦੀ ਆਰੰਭਤਾ ਗੁਰਦੁਆਰਾ ਨੌਂਵੀ ਪਾਤਿਸ਼ਾਹੀ ਤੋਂ ਹੋਕੇ ਸਮਾਪਤੀ ਗੁਰੂ ਨਾਨਕ ਮਿਸ਼ਨ ਚੌਕ ਵਿਖੇ ਹੋਈ।

ਬੰਦੀ ਸਿੰਘਾਂ ਦੀ ਰਿਹਾਈ ਅਤੇ ਬਾਪੂ ਸੂਰਤ ਸਿੰਘ ਦੀ ਹਮਾਇਤ ਵਿੱਚ ਸਿੱਖ ਜੱਥੇਬੰਦੀਆਂ ਨੇ ਕੀਤਾ ਰੋਸ ਮਾਰਚ

ਬੰਦੀ ਸਿੰਘਾਂ ਦੀ ਰਿਹਾਈ ਅਤੇ ਬਾਪੂ ਸੂਰਤ ਸਿੰਘ ਦੀ ਹਮਾਇਤ ਵਿੱਚ ਸਿੱਖ ਜੱਥੇਬੰਦੀਆਂ ਨੇ ਕੀਤਾ ਰੋਸ ਮਾਰਚ

ਡਾ ਮਨਜਿੰਦਰ ਸਿੰਘ ਜੰਡੀ ਨੇ ਅਫਸੋਸ ਜਿਤਾਉਦਿਆਂ ਕਿਹਾ ਕਿ ਸਿੱਖਾਂ ਦੇ ਬਹੁਤ ਸਾਰੇ ਸਮਾਜਿਕ-ਧਾਰਮਿਕ ਮਸਲੇ ਕਾਨੂੰਨੀ ਝਮੇਲਿਆਂ ਵਿੱਚ ਉਲਝ ਕੇ ਰਹਿ ਗਏ ਹਨ। ਉਹਨਾਂ ਕਿਹਾ ਸ਼੍ਰੋਮਣੀ ਕਮੇਟੀ ਦੇ ਮੌਜੂਦਾ ਹਾਊਸ ਦਾ ਵਜੂਦ ਅਨਿਸਚਿਤ ਹੈ ਕਿਉਕਿ ਕੇਸ ਪਿਛਲ਼ੇ 4 ਸਾਲ ਤੋਂ ਸੁਪਰੀਮ ਕੋਰਟ ਵਿੱਚ ਲਟਕ ਰਿਹਾ ਹੈ। ਇਸੇ ਤਰਾਂ ਨਵ-ਗਠਿਤ ਹਰਿਆਣਾ ਗੁਰਦੁਆਰਾ ਕਮੇਟੀ ਦੀ ਹੋਂਦ ਬਾਰੇ ਅਸਪਸ਼ਟਤਾ ਹੈ ਅਤੇ ਕੇਸ ਸੁਪਰੀਮ ਕੋਰਟ ਵਿੱਚ ਹੈ। ਹੁਣ, ਸਿੱਖ ਰਾਜਸੀ ਕੈਦੀਆਂ ਦੀ ਰਿਹਾਈ ਦਾ ਮਾਮਲਾ ਵੀ ਹਵਾ ਵਿੱਚ ਲਟਕ ਰਿਹਾ ਹੈ ਕਿਉਕਿ ਸੁਪਰੀਮ ਕੋਰਟ ਨੇ ਸਰਕਾਰਾਂ ਉਤੇ ਉਮਰ ਕੈਦੀਆਂ ਨੂੰ ਛੱਡਣ ਉਤੇ ਪਾਬੰਦੀ ਲਗਾ ਰੱਖੀ ਹੈ। ਉਹਨਾਂ ਕਿਹਾ ਕਿ ਬੁਹਤਾਤ ਸਿੱਖ ਦੁਚਿਤੀ ਵਿੱਚ ਹਨ ਕਿ ਉਹ ਕੀ ਕਰਨ ਅਤੇ ਕੀ ਨਾ ਕਰਨ।

ਪੰਥਕ ਆਗੂਆਂ ਨੇ ਭਾਰਤ ਦੇ ਰਾਸ਼ਟਰਪਤੀ ਨੂੰ ਅਪੀਲ ਕੀਤੀ ਕਿ ਉਹ ਦਖਲਅੰਦਾਜ਼ੀ ਕਰਕੇ ਰਾਜਸੀ ਕੈਦੀਆਂ ਨਾਲ ਹੋ ਰਹੇ ਧੱਕਿਆਂ ਨੂੰ ਖਤਮ ਕਰਵਾਉਣ। ਪੰਥਕ ਆਗੂਆਂ ਨੇ ਕਿਹਾ ਕਿ ਬਾਪੂ ਸੂਰਤ ਸਿੰਘ ਨੂੰ ਜਬਰੀ ਤਰਲ ਖੁਰਾਕ ਦੇਣਾ, ਉਨਾਂ ਦੇ ਪੁੱਤਰ ਨੂੰ ਗੈਰ-ਕਾਨੂੰਨੀ ਢੰਗ ਨਾਲ ਕੈਦ ਰੱਖਣਾ, ਅਤੇ ਪੁਲਿਸ ਅਫਸਰਾਂ ਵਲੋਂ ਪਰਿਵਾਰ ਨੂੰ ਪ੍ਰੇਸ਼ਾਨ ਕਰਨਾ ਅਤੇ ਧਮਕੀਆਂ ਦੇਣੀਆਂ ਪੰਜਾਬ ਦੀ ਅਕਾਲੀ ਸਰਕਾਰ ਲਈ ਬੜੀ ਸ਼ਰਮ ਦੀ ਗੱਲ ਹੈ।

ਉਹਨਾਂ ਕਿਹਾ ਕਿ ਸਿੱਖ ਮਨਾ ਅੰਦਰ ਪੰਜਾਬ ਸਰਕਾਰ ਦੇ ਇਸ ਜ਼ੁਲਮੀ ਰਵਈਏ ਪ੍ਰਤੀ ਭਾਰੀ ਰੋਹ ਹੈ। ਮਾਰਚ ਦੌਰਾਨ ਬਾਪੂ ਸੂਰਤ ਸਿੰਘ ਵਲੋਂ ਪ੍ਰਧਾਨ ਮੰਤਰੀ ਦੇ ਨਾਮ ਲਿਖੇ ਗਏ ਖੱਤ ਦੀ ਕਾਪੀਆਂ ਅਤੇ ਹੋਰ ਸਾਹਿਤ ਵੰਡਿਆ ਗਿਆ। ਨੌਜਵਾਨਾਂ ਨੇ ਬਾਪੂ ਸੂਰਤ ਸਿੰਘ ਦੀ ਤਸਵੀਰਾਂ ਵਾਲੀਆਂ ਤਖਤੀਆਂ ਫੜੀਆਂ ਹੋਈਆ ਸਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , , , ,