May 10, 2017 | By ਸਿੱਖ ਸਿਆਸਤ ਬਿਊਰੋ
ਨਵੀਂ ਦਿੱਲੀ: ਦਿੱਲੀ ਦੀ ਇਕ ਅਦਾਲਤ ਨੇ ਮੰਗਲਵਾਰ ਨੂੰ ਕਾਂਗਰਸ ਦੇ ਆਗੂ ਜਗਦੀਸ਼ ਟਾਈਟਲਰ ਨੂੰ ਹਦਾਇਤ ਦਿੱਤੀ ਕਿ ਉਹ ਸਾਫ਼ ਤੌਰ ’ਤੇ ਦੱਸੇ ਕਿ ਉਹ ਝੂਠ ਬੋਲਣ ਵਾਲੀ ਮਸ਼ੀਨ ਰਾਹੀਂ (ਲਾਈ ਡਿਟੈਕਟਰ) ਟੈਸਟ ਕਰਾਉਣਾ ਚਾਹੁੰਦੇ ਹੈ ਜਾਂ ਨਹੀਂ। ਜ਼ਿਕਰਯੋਗ ਹੈ ਕਿ ਸੀਬੀਆਈ ਨੇ ਉਸ ਨੂੰ 1984 ਦੇ ਸਿੱਖ ਕਤਲੇਆਮ ਦੇ ਕੇਸ ਵਿੱਚੋਂ ਕਲੀਨ ਚਿੱਟ ਦਿੱਤੀ ਹੋਈ ਹੈ।
ਇਹ ਹੁਕਮ ਐਡੀਸ਼ਨਲ ਚੀਫ਼ ਮੈਟਰੋਪੌਲਿਟਨ ਮੈਜਿਸਟਰੇਟ ਸ਼ਵਾਲੀ ਸ਼ਰਮਾ ਨੇ ਜਾਰੀ ਕੀਤੇ। ਉਨ੍ਹਾਂ ਟਾਈਟਲਰ ਨੂੰ ਕਿਹਾ ਕਿ ਉਹ ਹਲਫ਼ਨਾਮਾ ਦਾਖ਼ਲ ਕਰਨ ਜਾਂ ਨਿਜੀ ਰੂਪ ਵਿੱਚ ਅਦਾਲਤ ’ਚ ਪੇਸ਼ ਹੋਣ। ਅਦਾਲਤ ਨੇ ਅਜਿਹੇ ਹੀ ਹੁਕਮ ਕਾਰੋਬਾਰੀ ਅਭਿਸ਼ੇਕ ਵਰਮਾ ਸਬੰਧੀ ਜਾਰੀ ਕੀਤੇ। ਅਦਾਲਤ ਨੇ ਆਖਿਆ ਕਿ ਸੀਬੀਆਈ ਵੱਲੋਂ ਉਨ੍ਹਾਂ ਦੋਵਾਂ ਦੇ ਲਾਈ ਡਿਟੈਕਟਰ ਲਈ ਦਿੱਤੀ ਅਰਜ਼ੀ ਮੰਨਣਯੋਗ ਹੈ। ਇਸ ਤੋਂ ਪਹਿਲਾਂ ਬੀਤੇ ਮਹੀਨੇ ਅਦਾਲਤ ਨੇ ਟਾਈਟਲਰ ਤੇ ਹਥਿਆਰਾਂ ਦੇ ਕਾਰੋਬਾਰੀ ਵਰਮਾ ਦਾ ਲਾਈ ਡਿਟੈਕਟਰ ਟੈਸਟ ਕਰਾਉਣ ਲਈ ਸੀਬੀਆਈ ਵੱਲੋਂ ਦਿੱਤੀ ਗਈ ਅਰਜ਼ੀ ਉਤੇ ਆਪਣਾ ਫ਼ੈਸਲਾ ਰਾਖਵਾਂ ਰੱਖ ਲਿਆ ਸੀ।
ਦੱਸਣਯੋਗ ਹੈ ਕਿ ਟਾਈਟਲਰ ਨੇ ਟੈਸਟ ਕਰਾਉਣ ਤੋਂ ਨਾਂਹ ਕਰ ਦਿੱਤੀ ਸੀ, ਜਦੋਂਕਿ ਦੂਜੇ ਪਾਸੇ ਵਰਮਾ ਨੇ ਟੈਸਟ ਲਈ ਸਣੇ ਸ਼ਰਤ ਹਾਮੀ ਭਰੀ ਸੀ। ਵਰਮਾ ਨੂੰ ਕੇਸ ਵਿੱਚ ਗਵਾਹ ਬਣਾਇਆ ਗਿਆ ਹੈ। ਉਸ ਨੇ ਦੋਸ਼ ਲਾਇਆ ਸੀ ਕਿ ਉਸ ਨੂੰ ਜਾਨ ਦਾ ਖ਼ਤਰਾ ਹੈ ਤੇ ਉਸ ਨੂੰ ਸੁਰੱਖਿਆ ਮੁਹੱਈਆ ਕਰਵਾਈ ਜਾਵੇ।
ਜ਼ਿਕਰਯੋਗ ਹੈ ਕਿ 1984 ਦੇ ਸਿੱਖ ਕਤਲੇਆਮ ਨੂੰ 32 ਵਰ੍ਹੇ ਬੀਤ ਜਾਣ ਦੇ ਬਾਵਜੂਦ ਦੋਸ਼ੀਆਂ ਨੂੰ ਸਜ਼ਾ ਨਹੀਂ ਮਿਲੀ ਸਗੋਂ ਉਹ ਸੱਤਾ ਦੇ ਉੱਚੇ ਅਹੁਦਿਆਂ ਦਾ ਅਨੰਦ ਮਾਣਦੇ ਰਹੇ।
ਇਸ ਖ਼ਬਰ ਨੂੰ ਵਿਸਥਾਰ ਸਹਿਤ ਅੰਗ੍ਰੇਜ਼ੀ ਵਿਚ ਪੜ੍ਹਨ ਲਈ:
Related Topics: Indian Satae, Jagdish Tytler, Minorities in India, Sajjan Kumar, ਸਿੱਖ ਨਸਲਕੁਸ਼ੀ 1984 (Sikh Genocide 1984)