August 19, 2016 | By ਸਿੱਖ ਸਿਆਸਤ ਬਿਊਰੋ
ਚੰਡੀਗੜ੍ਹ: ਆਮ ਆਦਮੀ ਪਾਰਟੀ ਵੱਲੋਂ ਵੀਰਵਾਰ ਪੰਜਾਬ ਵਿਧਾਨ ਸਭਾ ਦੀਆਂ 2017 ਚੋਣਾਂ ਲਈ 13 ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ ਕੀਤੀ ਗਈ ਹੈ, ਜਿਸ ਵਿੱਚ ਛੇ ਉਮੀਦਵਾਰ ਰਾਖਵੇਂ ਹਲਕਿਆਂ (ਐਸਸੀ) ਲਈ ਹਨ। ਇਸ ਤੋਂ ਪਹਿਲਾਂ ‘ਆਪ’ ਵੱਲੋਂ ਪਹਿਲੀ ਸੂਚੀ ਵਿੱਚ 19 ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕੀਤਾ ਗਿਆ ਸੀ। ਵੀਰਵਾਰ ਨੂੰ ਦੂਜੀ ਸੂਚੀ ਪਾਰਟੀ ਆਗੂ ਸੰਜੈ ਸਿੰਘ ਵੱਲੋਂ ਜਾਰੀ ਕੀਤੀ ਗਈ ਹੈ। ਇਸ ਮੌਕੇ ਉਨ੍ਹਾਂ ਨਾਲ ਸੰਸਦ ਮੈਂਬਰ ਭਗਵੰਤ ਮਾਨ ਵੀ ਹਾਜ਼ਰ ਸਨ, ਜਦੋਂਕਿ ਸੂਬਾ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਗੈਰਹਾਜ਼ਰ ਸਨ।
ਜਾਰੀ ਕੀਤੀ ਗਈ ਦੂਜੀ ਸੂਚੀ ਵਿੱਚ ਪਾਰਟੀ ਦੀ ਸੂਬੇ ਦੀ ਔਰਤਾਂ ਦੇ ਸੈੱਲ ਦੀ ਕਨਵੀਨਰ ਪ੍ਰੋ. ਬਲਜਿੰਦਰ ਕੌਰ ਨੂੰ ਤਲਵੰਡੀ ਸਾਬੋ ਤੋਂ, ਵਪਾਰ ਵਿੰਗ ਦੇ ਇੰਚਾਰਜ ਅਮਨ ਅਰੋੜਾ ਨੂੰ ਸੁਨਾਮ ਤੋਂ, ਕਿਸਾਨ ਸੈੱਲ ਦੇ ਮੀਤ ਪ੍ਰਧਾਨ ਕਰਨਵੀਰ ਸਿੰਘ ਟਿਵਾਣਾ ਨੂੰ ਪਟਿਆਲਾ ਤੋਂ ਅਤੇ ਐਸਸੀ ਵਿੰਗ ਦੇ ਪ੍ਰਧਾਨ ਦੇਵ ਮਾਨ ਨੂੰ ਨਾਭਾ ਹਲਕੇ ਤੋਂ ਉਮੀਦਵਾਰ ਐਲਾਨਿਆ ਗਿਆ ਹੈ। ਅਮਨ ਅਰੋੜਾ ਸਾਬਕਾ ਮੰਤਰੀ ਭਗਵਾਨ ਦਾਸ ਅਰੋੜਾ ਦਾ ਪੁੱਤਰ ਹੈ।
ਸੂਚੀ ਵਿੱਚ ਤਿੰਨ ਅਧਿਆਪਕਾਂ ਨੂੰ ਵੀ ਉਮੀਦਵਾਰ ਬਣਾਇਆ ਗਿਆ ਹੈ, ਜਿਨ੍ਹਾਂ ਵਿੱਚ ਅਟਾਰੀ ਰਾਖਵੇਂ ਹਲਕੇ ਤੋਂ ਜਸਵਿੰਦਰ ਸਿੰਘ ਜਹਾਂਗੀਰ, ਮਲੋਟ ਤੋਂ ਸਾਬਕਾ ਪ੍ਰਿੰਸੀਪਲ ਬਲਦੇਵ ਸਿੰਘ ਆਜ਼ਾਦ ਅਤੇ ਜੈਤੋ ਤੋਂ ਮਾਸਟਰ ਬਲਦੇਵ ਸਿੰਘ ਸ਼ਾਮਲ ਹਨ। ਸਮਰਾਲਾ ਤੋਂ ਸਰਬੰਸ ਸਿੰਘ ਮਾਣਕੀ ਨੂੰ ਉਮੀਦਵਾਰ ਬਣਾਇਆ ਗਿਆ ਹੈ ਜਿਨ੍ਹਾਂ ਬਹਿਬਲ ਕਲਾਂ ਘਟਨਾ ਦੇ ਰੋਸ ਵਜੋਂ ਸ਼੍ਰੋਮਣੀ ਕਮੇਟੀ ਦੀ ਮੈਂਬਰੀ ਤੋਂ ਅਸਤੀਫ਼ਾ ਦੇਣ ਦਾ ਐਲਾਨ ਕੀਤਾ ਸੀ। ਪੀਪੀਪੀ ਦੇ ਸਾਬਕਾ ਆਗੂ ਗੁਰਪ੍ਰੀਤ ਸਿੰਘ ਭੱਟੀ ਨੂੰ ਅਮਲੋਹ ਤੋਂ ਉਮੀਦਵਾਰ ਐਲਾਨਿਆ ਹੈ। ਸਾਬਕਾ ਕਾਂਗਰਸੀ ਮੰਤਰੀ ਜਸਜੀਤ ਸਿੰਘ ਰੰਧਾਵਾ ਦੀ ਬੇਟੀ ਅਨੂ ਰੰਧਾਵਾ ਨੂੰ ਘਨੌਰ ਤੋਂ ਉਮੀਦਵਾਰ ਬਣਾਇਆ ਗਿਆ ਹੈ। ਦਿਲ ਦੇ ਰੋਗਾਂ ਦੇ ਮਾਹਿਰ ਡਾ. ਰਵਜੋਤ ਸਿੰਘ ਨੂੰ ਸ਼ਾਮ ਚੁਰਾਸੀ ਤੋਂ , ਸੰਗਰੂਰ ਬਾਰ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਹਰਪਾਲ ਸਿੰਘ ਚੀਮਾ ਨੂੰ ਦਿੜ੍ਹਬਾ ਤੋਂ ਅਤੇ ਦਲਜੀਤ ਸਿੰਘ ਗਰੇਵਾਲ ਨੂੰ ਲੁਧਿਆਣਾ ਪੂਰਬੀ ਤੋਂ ਉਮੀਦਵਾਰ ਐਲਾਨਿਆ ਹੈ।
ਇਨ੍ਹਾਂ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰਦਿਆਂ ਪਾਰਟੀ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਸੰਜੈ ਸਿੰਘ ਨੇ ਪਾਰਟੀ ਟਿਕਟਾਂ ਵੇਚੇ ਜਾਣ ਦੇ ਦੋਸ਼ਾਂ ਨੂੰ ਰੱਦ ਕਰਦਿਆਂ ਕਿਹਾ ਕਿ ਜੇ ਕੋਈ ਇਨ੍ਹਾਂ ਦੋਸ਼ਾਂ ਨੂੰ ਸਾਬਤ ਕਰੇਗਾ ਤਾਂ ਉਹ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦੇਣਗੇ। ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਵੱਲੋਂ ‘ਆਪ’ ਉੱਤੇ ਖਾਲਿਸਤਾਨ ਸਮਰਥਕਾਂ ਨਾਲ ਨੇੜਤਾ ਹੋਣ ਅਤੇ ਪਾਰਟੀ ਫੰਡ ਪ੍ਰਾਪਤ ਕਰਨ ਦੇ ਲਾਏ ਦੋਸ਼ ਬੇਬੁਨਿਆਦ ਹਨ। ਉਨ੍ਹਾਂ ਕਿਹਾ ਕਿ ਬਾਦਲ ਸੂਬੇ ਦੇ ਗ੍ਰਹਿ ਮੰਤਰੀ ਹਨ ਜੇ ਉਨ੍ਹਾਂ ਕੋਲ ਇਨ੍ਹਾਂ ਦੋਸ਼ਾਂ ਸਬੰਧੀ ਕੋਈ ਸਬੂਤ ਹਨ ਤਾਂ ਉਹ ਕਾਰਵਾਈ ਕਰਨ, ਨਹੀਂ ਤਾਂ ਬੇਬੁਨਿਆਦ ਦੋਸ਼ ਨਾ ਲਾਉਣ।
Related Topics: Aam Aadmi Party, Baljinder Kaur Talwandi Sabo, Dev Mann (Aam Aadmi Party), List of AAP Candidates for Punjab Polls 2017, Punjab Elections 2017 (ਪੰਜਾਬ ਚੋਣਾਂ 2017), Punjab Politics, Punjab Polls 2017