May 10, 2018 | By ਸਿੱਖ ਸਿਆਸਤ ਬਿਊਰੋ
ਚੰਡੀਗੜ੍ਹ: ਮਾਂ-ਬੋਲੀ ਪੰਜਾਬੀ ਪ੍ਰਤੀ ਫਿਕਰਮੰਦ ਲੋਕਾਂ ਨੂੰ ਪੰਜਾਬ ਸਕੂਲ ਸਿਖਿਆ ਬੋਰਡ ਦੇ ਨਤੀਜਿਆਂ ਨੇ ਹੋਰ ਫਿਕਰਾਂ ਵਿਚ ਪਾ ਦਿੱਤਾ ਹੈ। ਜਦੋਂ ਇਕ ਪਾਸੇ ਪੰਜਾਬ ਸਰਕਾਰ ਪੰਜਾਬ ਦੇ ਸਰਕਾਰੀ ਸਕੂਲਾਂ ਵਿਚ ਚੀਨੀ ਭਾਸ਼ਾ ਪੜ੍ਹਾਉਣ ਦੇ ਐਲਾਨ ਕਰ ਰਹੀ ਹੈ ਉਥੇ 10ਵੀਂ ਜਮਾਤ ਦੇ ਨਤੀਜਿਆਂ ਵਿਚ 27,000 ਵਿਦਿਆਰਥੀ ਪੰਜਾਬੀ ਦਾ ਇਮਤਿਹਾਨ ਵੀ ਪਾਸ ਨਹੀਂ ਕਰ ਸਕੇ।
ਪੰਜਾਬੀ ਪੰਜਾਬ ਸੂਬੇ ਦੀ ਸਰਕਾਰੀ ਭਾਸ਼ਾ ਹੈ ਅਤੇ 10ਵੀਂ ਤਕ ਲਾਜ਼ਮੀ ਵਿਸ਼ੇ ਵਜੋਂ ਪੜ੍ਹਾਈ ਜਾਂਦੀ ਹੈ। ਇਸ ਸਾਲ ਦਸਵੀਂ ਦੇ ਇਮਤਿਹਾਨਾਂ ਵਿਚ ਬੈਠੇ ਕੁਲ 3.36 ਲੱਖ ਵਿਦਿਆਰਥੀਆਂ ਵਿਚੋਂ 27, 659 ਵਿਦਿਆਰਥੀ ਪੰਜਾਬੀ ਦੇ ਇਮਤਿਹਾਨ ਵਿਚੋਂ ਫੇਲ ਹੋਏ ਹਨ। ਪੰਜਾਬੀ ਦੇ ਇਮਤਿਹਾਨ ਵਿਚ ਪਾਸ ਪ੍ਰਤੀਸ਼ਤ ਪਿਛਲੇ ਵਰ੍ਹੇ ਦੀ 93.35 ਫੀਸਦੀ ਤੋਂ ਘਟ ਕੇ ਇਸ ਵਾਰ 91.77 ਫੀਸਦੀ ਰਹੀ।
ਪੰਜਾਬੀ ਤੋਂ ਇਲਾਵਾ ਪੜ੍ਹਾਈ ਜਾਂਦੀ ਹਿੰਦੀ ਭਾਸ਼ਾ ਵਿਚ ਪਾਸ ਪ੍ਰਤੀਸ਼ਤ 87 ਫੀਸਦੀ ਰਹੀ ਜਦਕਿ ਅੰਗਰੇਜੀ ਭਾਸ਼ਾ ਵਿਚ ਪਾਸ ਪ੍ਰਤੀਸ਼ਤ 73 ਫੀਸਦੀ ਰਹੀ।
ਭਾਸ਼ਾਵਾਂ ਤੋਂ ਇਲਾਵਾ ਹਿਸਾਬ ਦੇ ਇਮਤਿਹਾਨ ਵਿਚ 60,000 (18 ਫੀਸਦੀ) ਵਿਦਿਆਰਥੀ ਫੇਲ ਹੋਏ। ਭਾਸ਼ਾਵਾਂ ਵਿਚ ਵਿਦਿਆਰਥੀ ਸਿੱਖਿਆ ਦਾ ਨਿਵਾਣ ਵੱਲ ਜਾਣਾ ਇਕ ਚਿੰਤਾ ਦਾ ਵਿਸ਼ਾ ਹੈ।
Related Topics: Cass 10 Exam Results, PSEB, Punjabi Language