October 28, 2014 | By ਸਿੱਖ ਸਿਆਸਤ ਬਿਊਰੋ
ਵੈਨਕੂਵਰ (27 ਅਕਤੂਬਰ, 2014 ): ਕੈਨੇਡਾ ‘ਚ ਸਿੱਖਾਂ ਵੱਲੋਂ ਹਾਲ ਹੀ ‘ਚ ਹੋਏ ਪਾਰਲੀਮੈਂਟ ਉੱਤੇ ਹਮਲੇ ਅਤੇ ਕੌਮਾਂਤਰੀ ਪੱਧਰ ‘ਤੇ ਫ਼ੈਲੀ ਹਿੰਸਾ ਦੇ ਵਿਰੋਧ ‘ਚ ਵਿਸ਼ਾਲ ਰੈਲੀ ਅਤੇ ਵਾਕ ਦਾ ਪ੍ਰਬੰਧ ਕੀਤਾ ਗਿਆ।ਕੈਨੇਡਾ ਦੀ ਪਾਰਲੀਮੈਂਟ ਹਮਲੇ ਮੌਕੇ ਸ਼ਹੀਦ ਜਵਾਨ ਨੂੰ ਸ਼ਰਧਾਂਜਲੀ ਦੇਣ ਦੇ ਨਾਲ-ਨਾਲ ਕਾਮਾਗਾਟਾਮਾਰੂ ਦੁਖਾਂਤ ਦੀ 100 ਵੀਂ ਵਰ੍ਹੇਗੰਢ ਮੌਕੇ ਨਸਲੀ ਵਿਤਕਰੇ ਦੀ ਵਿਰੋਧਤਾ, ਸਿੱਖ ਨਸਲਕੁਸ਼ੀ 1984 ਵਿਚ ਮਾਰੇ ਗਏ ਹਜ਼ਾਰਾਂ ਸਿੱਖਾਂ ਨੂੰ ਸ਼ਰਧਾਂਜਲੀ ਅਤੇ ਦੋਸ਼ੀਆਂ ਵੱਲੋਂ ਕੀਤੀ ਹਿੰਸਾ ਖ਼ਿਲਾਫ਼ ਚੁੱਪ ਤੋੜਨ ਲਈ ਵੀ ਆਵਾਜ਼ ਉਠਾਈ।ਸਿੱਖਾਂ ਵੱਲੋਂ ਕੀਤੀ ਗਈ ਇਸ ਹਿੰਸਾ ਵਿਰੋਧੀ ਰੈਲੀ ਵਿੱਚ ਸਿੱਖਾਂ ਤੋਂ ਇਲਾਵਾ ਹੋਰਨਾਂ ਭਾਈਚਾਰੇ ਵੀ ਰੈਲੀ ਅਤੇ ਵਾਕ ਮੌਕੇ ਲੋਕ ਸ਼ਾਮਿਲ ਹੋਏ।
ਯੂਨਾਈਟਿਡ ਸਿੱਖਜ਼ ਵੱਲੋਂ ਚਲਾਈ ਜਾ ਰਹੇ ਹਿੰਸਾ ਖ਼ਿਲਾਫ਼ ਜਾਗਰੂਕਤਾ ਮੁਹਿੰਮ ਦੇ ਇਸ ਉਪਰਾਲੇ ‘ਚ ਵੈਨਕੂਵਰ ਦੇ ਸਟੈਨਲੇ ਪਾਰਕ ‘ਚ ਭਾਰੀ ਮੀਂਹ ਦੇ ਬਾਵਜੂਦ ਵੱਡੀ ਗਿਣਤੀ ‘ਚ ਬੱਚੇ, ਨੌਜਵਾਨ ਅਤੇ ਬਜ਼ੁਰਗ ਸ਼ਾਮਿਲ ਹੋਏ।
ਵੈਨਕੂਵਰ ਸਥਿਤ ਕਾਮਾਗਾਟਾਮਾਰੂ ਮੈਮੋਰੀਅਲ ਜਗ੍ਹਾ ‘ਤੇ ‘ਗੁੱਡ ਵਿਲ ਵਾਕ’ ਸਮਾਪਤ ਹੋਣ ‘ਤੇ ਕੀਤੀ ਗਈ ਰੈਲੀ ਨੂੰ ਯੂਨਾਈਟਿਡ ਸਿੱਖਜ਼ ਵੱਲੋਂ ਭਾਈ ਰਣਬੀਰ ਸਿੰਘ, ਬੀਬੀ ਮਜਿੰਦਰਪਾਲ ਕੌਰ, ਪ੍ਰੋ: ਇੰਦਰਾ ਪ੍ਰਾਸਤ, ਪਿਕਸ ਮੁਖੀ ਚਰਨਪਾਲ ਸਿੰਘ ਗਿੱਲ, ਹਰਭਜਨ ਸਿੰਘ ਅਠਵਾਲ, ਬਿਕਰਮਜੀਤ ਸਿੰਘ, ਬਲਜਿੰਦਰ ਸਿੰਘ ਖਹਿਰਾ ਤੇ ਕਰਨੈਲ ਸਿੰਘ ਮਾਨ ਸਮੇਤ ਕਈ ਬੁਲਾਰਿਆਂ ਨੇ ਸੰਬੋਧਨ ਕੀਤਾ।
ਕੈਨੇਡਾ ‘ਚ ਸਿੱਖਾਂ ਵੱਲੋਂ ਸਦਭਾਵਨਾ ਤੇ ਸਰਬੱਤ ਦੇ ਭਲੇ ਲਈ ਕੀਤੀ ਵਾਕ ਅਤੇ ਰੈਲੀ ਦੀ ਸਮੂਹ ਕੈਨੇਡੀਅਨ ਭਾਈਚਾਰੇ ਵੱਲੋਂ ਸ਼ਲਾਘਾ ਕੀਤੀ ਗਈ।
Related Topics: Sikhs in Canada, ਸਿੱਖ ਨਸਲਕੁਸ਼ੀ 1984 (Sikh Genocide 1984)