ਸੰਗਰੂਰ: ਭਾਰਤੀ ਕਿਸਾਨ ਯੂਨੀਅਨ (ਏਕਤਾ) ਉਗਰਾਹਾਂ ਦੀ ਅਗਵਾਈ ਹੇਠ ਤੀਜੇ ਦਿਨ ਪੀੜਤ ਪਰਿਵਾਰਾਂ ਦੇ ਹੱਥਾਂ ਵਿੱਚ ਚੁੱਕੀਆਂ ਖੁਦਕੁਸ਼ੀ ਕਰ ਗਏ ਕਿਸਾਨਾਂ ਦੀਆਂ ਤਸਵੀਰਾਂ ਪੰਜਾਬ ਦੇ ਕਿਸਾਨੀ ਸੰਕਟ ਦੀ ਤਸਵੀਰ ਖੁਦ ਬਿਆਨ ਕਰ ਰਹੀਆਂ ਸਨ। ਕੋਈ ਆਪਣੇ ਸਿਰ ਦਾ ਸਾਈਂ ਅਤੇ ਕੋਈ ਆਪਣੇ ਜਿਗਰ ਦਾ ਟੁਕੜਾ ਗੁਆ ਚੁੱਕੀਆਂ ਕਿਸਾਨ ਔਰਤਾਂ ਤਸਵੀਰਾਂ ਲੈ ਕੇ ਵਿੱਢੇ ਸ਼ੰਘਰਸ਼ ਵਿੱਚ ਸ਼ਾਮਲ ਹੋਈਆਂ।
ਤੀਜੇ ਦਿਨ ਹਜ਼ਾਰਾਂ ਕਿਸਾਨਾਂ ਵੱਲੋਂ ਪੰਜਾਬ ਸਰਕਾਰ ਦੇ ਵਿਰੁੱਧ ਬੋਲਦਿਆਂ ਬੁਲਾਰਿਆਂ ਨੇ ਮੁੱਖ ਮੰਤਰੀ ਨੂੰ ਕਿਹਾ ਕਿ ਜੇ ਉਹ ਸੱਚਮੁੱਚ ਹੀ ਪੰਜਾਬ ਦੀ ਸੱਤਾ ਦੇ ਰਾਜੇ ਹਨ ਤਾਂ ਖੁਦਕੁਸ਼ੀ ਪੀੜਤ ਪਰਿਵਾਰਾਂ ਦਾ ਦੁੱਖ ਦਰਦ ਸਮਝਣ ਅਤੇ ਕਿਸਾਨਾਂ ਦੀ ਸਾਰ ਲੈਣ।
ਧਰਨੇ ’ਚ ਪੁੱਜੀ ਫਤਹਿਗੜ੍ਹ ਦੀ ਵਿਧਵਾ ਕਿਸਾਨ ਔਰਤ ਨੇ ਭਾਵੁਕ ਹੁੰਦਿਆਂ ਕਿਹਾ ਕਿ ਉਸਦਾ ਪਤੀ ਚਰਨਜੀਤ ਸਿੰਘ 13 ਨਵੰਬਰ 2015 ਨੂੰ ਜ਼ਹਿਰੀਲੀ ਦਵਾਈ ਪੀ ਕੇ ਖੁਦਕੁਸ਼ੀ ਕਰ ਗਿਆ ਸੀ। ਸਿਰਫ਼ ਦੋ ਏਕੜ ਜ਼ਮੀਨ ਦਾ ਮਾਲਕ ਛੇ ਲੱਖ ਦੇ ਕਰਜ਼ੇ ਅੱਗੇ ਦਮ ਤੋੜਨ ਲਈ ਮਜਬੂਰ ਹੋਇਆ ਸੀ। ਅਜੇ ਤੱਕ ਨਾ ਕਰਜ਼ਾ ਉਤਰਿਆ ਅਤੇ ਨਾ ਹੀ ਧੇਲਾ ਮੁਆਵਜ਼ਾ ਪੱਲੇ ਪਿਆ ਹੈ।
ਬਿਰਧ ਅਵਸਥਾ ਵਿੱਚ ਪੁੱਜੇ ਜਗਦੇਵ ਸਿੰਘ ਨੇ ਕਿਹਾ ਕਿ ਉਸਦਾ ਪੁੱਤਰ ਰਣਜੀਤ ਸਿੰਘ 3 ਜਨਵਰੀ 2017 ਨੂੰ ਖੁਦਕੁਸ਼ੀ ਕਰ ਗਿਆ ਸੀ। ਬਿਰਧ ਮਾਤਾ ਭੂਰੀ ਕੌਰ ਅਤੇ ਗੇਜ਼ੋ ਕੌਰ ਨੇ ਵੀ ਆਪਣੇ ਪੁੱਤਾਂ ਦੀਆਂ ਤਸਵੀਰਾਂ ਵਿਖਾਉਂਦਿਆਂ ਆਪਣੇ ਦੁੱਖਾਂ ਦੀਆਂ ਗੰਢਾਂ ਖੋਲ੍ਹਦਿਆਂ ਭਾਵੁਕ ਹੋ ਗਈਆਂ।
ਯੂਨੀਅਨ ਆਗੂ ਅਮਰੀਕ ਸਿੰਘ ਗੰਢੂਆਂ ਨੇ ਮੰਗ ਕੀਤੀ ਕਿ ਸਮੁੱਚੇ ਕਿਸਾਨਾਂ ਦਾ ਕਰਜ਼ਾ ਮੁਆਫ਼ ਕਰਨ ਸਮੇਤ ਸਾਰੀਆਂ ਕਿਸਾਨੀ ਮੰਗਾਂ ਨੂੰ ਤੁਰੰਤ ਪੂਰਾ ਕੀਤਾ ਜਾਵੇ ਤਾਂ ਜੋ ਆਰਥਿਕ ਸੰਕਟ ਵਿੱਚ ਜਕੜੇ ਪੰਜਾਬ ਦੇ ਕਿਸਾਨ ਖੁਸ਼ਹਾਲ ਹੋ ਸਕਣ।
ਇਕੱਠ ਨੂੰ ਜਸਵਿੰਦਰ ਸਿੰਘ ਲੌਂਗੋਵਾਲ, ਰਾਮਸ਼ਰਨ ਸਿੰਘ ਉਗਰਾਹਾਂ, ਬਹਾਦਰ ਸਿੰਘ ਭੁਟਾਲ ਖੁਰਦ, ਦਰਸ਼ਨ ਸਿੰਘ ਸ਼ਾਦੀਹਰੀ, ਮਨਜੀਤ ਸਿੰਘ ਘਰਾਚੋਂ, ਸੁਖਪਾਲ ਸਿੰਘ ਮਾਣਕ, ਧਰਮਿੰਦਰ ਸਿੰਘ ਪਿਸ਼ੌਰ, ਗੋਬਿੰਦਰ ਸਿੰਘ ਮੰਗਵਾਲ, ਗੋਬਿੰਦਰ ਸਿੰਘ ਬਡਰੁੱਖਾਂ, ਹਰਬੰਸ ਸਿੰਘ ਲੱਡਾ, ਸਰਬਜੀਤ ਸਿੰਘ ਭੁਰਥਲਾ ਆਦਿ ਨੇ ਸੰਬੋਧਨ ਕੀਤਾ।