ਚੰਡੀਗੜ੍ਹ: ਬੀਤੇ ਦਿਨੀਂ ਸਿੱਖ ਸ਼ਖਸੀਅਤਾਂ ਅਤੇ ਸਿੱਖ ਜਥੇਬੰਦੀਆਂ ਦੇ ਨੁਮਾਇੰਦਿਆਂ ਦੀ ਮੌਜੂਦਗੀ ਵਿੱਚ, ਦਲ ਖਾਲਸਾ ਨੇ ਸਰਕਾਰ-ਏ-ਖਾਲਸਾ ਦਾ ਪਰਚਮ ਲਹਿਰਾਇਆ। ਤਖਤ ਕੇਸਗੜ੍ਹ ਸਾਹਿਬ ਦੀਆ ਬਰੂਹਾਂ ‘ਤੇ ਖੁੱਲ੍ਹੇ ਮੈਦਾਨ ਦੇ ਵਿੱਚ ਸਿੱਖ ਰਾਜ ਦਾ ਝੰਡਾ ਝੁਲਾਇਆ ਗਿਆ, ਪੰਜ ਨੌਜਵਾਨਾਂ ਨੇ ਸ੍ਰੀ ਸਾਹਿਬਾਂ ਨਾਲ ਸਲਾਮੀ ਦਿੱਤੀ, “ਦੇਹ ਸਿਵਾ ਬਰੁ ਮੋਹਿ ਇਹੈ ਸੁਭ ਕਰਮਨ ਤੇ ਕਬਹੂੰ ਨ ਟਰੋ”, ਦਾ ਸ਼ਬਦ ਪੜ੍ਹਿਆ ਗਿਆ।
ਇਸ ਮੌਕੇ ਅੰਮ੍ਰਿਤਸਰ ਵਿੱਚ 45 ਸਾਲ ਪਹਿਲਾਂ ਵਾਪਰੇ ਨਿਰੰਕਾਰੀ ਕਾਂਡ ਦੌਰਾਨ ਸ਼ਹੀਦ ਹੋਏ 13 ਸਿੰਘਾਂ ਨੂੰ ਭਾਵ-ਭਿੰਨੀ ਸ਼ਰਧਾਂਜਲੀ ਭੇਟ ਕੀਤੀ। ਭਾਰਤ ਦੀਆ ਵੱਖ-ਵੱਖ ਜੇਲ੍ਹਾਂ ਵਿੱਚ ਨਜ਼ਰਬੰਦ ਬੰਦੀ ਸਿੰਘਾਂ ਦੀ ਤੰਦਰੁਸਤੀ ਅਤੇ ਰਿਹਾਈ ਲਈ ਅਰਦਾਸ ਤਖਤ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਕੀਤੀ।
ਦਲ ਖਾਲਸਾ ਦੇ ਪ੍ਰਧਾਨ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਆਨੰਦਪੁਰ ਸਾਹਿਬ ਵਿਖੇ ਸਰਕਾਰ-ਏ-ਖਾਲਸਾ ਦੇ ਝੰਡੇ ਨੂੰ ਲਹਿਰਾਉਣਾ ਅਤੇ ਸਲਾਮੀ ਦੇਣਾ ਸਾਡੀ ਵੱਖਰੀ ਤੇ ਵਿਲੱਖਣ ਪਛਾਣ ਅਤੇ ਰਾਜ ਕਰਨ ਦੀ ਇੱਛਾ ਨੂੰ ਦਰਸਾਉਂਦਾ ਹੈ।
ਕਾਨਫਰੰਸ ਵਿੱਚ ਬੁਲਾਰਿਆਂ ਨੇ ਸਵੈ-ਨਿਰਣੇ ਦੇ ਅਧਿਕਾਰ ਲਈ ਸੰਘਰਸ਼ ਕਰ ਰਹੀ ਕੌਮ ਉਤੇ ਅਤਿਆਚਾਰ ਅਤੇ ਅਨਿਆਂ ਕਰਨ ਲਈ ਸਿੱਖ-ਵਿਰੋਧੀ ਅਤੇ ਖਾਲਿਸਤਾਨ-ਵਿਰੋਧੀ ਸਿਰਜੇ ਜਾ ਰਹੇ ਬਿਰਤਾਂਤ ਲਈ ਮੋਦੀ ਸਰਕਾਰ ਅਤੇ ਸੂਬਾ ਸਰਕਾਰ ਦੀ ਤਿੱਖੀ ਆਲੋਚਨਾ ਕੀਤੀ। ਉਹਨਾਂ ਕਿਹਾ ਕਿ ਹਾਲ ਹੀ ਵਿੱਚ ਪੁਲਿਸ ਦਾ ਦਮਨ ਅਤੇ ਐਨ.ਐਸ.ਏ. ਤਹਿਤ ਸਿੱਖ ਕਾਰਕੁਨਾਂ ਨੂੰ ਹਿਰਾਸਤ ਵਿੱਚ ਲੈਣਾ ਮਨੁੱਖੀ ਅਧਿਕਾਰਾਂ ਦੀ ਘੋਰ ਉਲੰਘਣਾ ਹੈ। ਉਹਨਾਂ ਕਿਹਾ ਕਿ ਸਰਕਾਰੀ ਜਬਰ ਦੇ ਬਾਵਜੂਦ ਪ੍ਰਭੂਸੱਤਾ ਸੰਪੰਨ ਰਾਜ-ਭਾਗ ਮੁੜ ਹਾਸਿਲ ਕਰਨ ਦਾ ਸਿੱਖ ਸੰਘਰਸ਼ ਨਿਰੰਤਰ ਜਾਰੀ ਹੈ ਅਤੇ ਰਹੇਗਾ। ਉਹਨਾਂ ਦਾਅਵਾ ਕੀਤਾ ਕਿ ਸਰਕਾਰੀ ਜਬਰ ਸਾਹਵੇਂ ਸਿੱਖਾਂ ਦੇ ਹੌਸਲੇ ਪਸਤ ਨਹੀਂ ਹੋਣਗੇ।
ਦਲ ਖਾਲਸਾ ਆਗੂ ਕੰਵਰਪਾਲ ਸਿੰਘ ਨੇ ਕਿਹਾ ਕਿ ਸਿੱਖ ਰਾਜ ਦੀ ਇੱਛਾ ਕੇਵਲ ਦਿੱਲੀ ਦੇ ਰਾਜ ਦੀਆਂ ਬੇਇਨਸਾਫੀਆਂ ਤੋਂ ਪੈਦਾ ਹੋਈ ਮੰਗ ਨਹੀਂ ਹੈ, ਨਾ ਹੀ ਅਜੋਕੇ ਬਹੁਗਿਣਤੀ ਵਾਲੇ ਭਾਰਤ ਵਿੱਚ ਹਿੰਦੂ ਰਾਜ ਦੀ ਇੱਛਾ ਰੱਖਣ ਵਾਲੀਆਂ ਤਾਕਤਾਂ ਦੇ ਮੁਕਾਬਲੇ ਵਿੱਚੋਂ ਉਪਜੀ ਅਤੇ ਨਾ ਹੀ ਸਿੱਖਾਂ ਦੁਆਰਾ ਕਿਸੇ ਹੋਰ ਧਰਮ ਦੇ ਲੋਕਾਂ ‘ਤੇ ਆਪਣੀ ਸਥਾਪਤੀ ਜਾਂ ਦਬਦਬਾ ਬਣਾਉਣ ਦਾ ਮੰਤਵ ਹੈ।
ਕਾਨਫਰੰਸ ਵਿੱਚ ਪਾਸ ਕੀਤੇ ਗਏ ਮਤੇ ਵਿੱਚ ਕਿਹਾ ਗਿਆ ਕਿ ਵਿਸਾਖੀ ਸਿਰਫ਼ ਖੁਸ਼ੀ ਦਾ ਤਿਉਹਾਰ ਨਹੀਂ ਹੈ। ਵਿਸਾਖੀ ਇਤਿਹਾਸਕ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਖਾਲਸੇ ਦੀ ਸਾਜਨਾ ਦਾ ਪਵਿੱਤਰ ਦਿਹਾੜਾ ਹੈ। ਮਤੇ ਵਿੱਚ ਅੱਗੇ ਕਿਹਾ ਗਿਆ ਕਿ 13 ਅਪ੍ਰੈਲ 1978 ਦੀ ਵਿਸਾਖੀ ਮੌਕੇ ਡੁੱਲੇ 13 ਸਿੰਘਾਂ ਦੇ ਖੂਨ ਨੇ ਜਿਸ ਸਿੱਖ ਸੰਘਰਸ਼ ਦਾ ਮੁੱਢ ਬੰਨਿਆ ਸੀ, ਉਹ ਸੰਘਰਸ਼ ਜਿਉਂਦਾ-ਜਾਗਦਾ ਹੈ। ਵਿਸਾਖੀ ਦੇ ਇਸ ਸ਼ੁੱਭ ਦਿਹਾੜੇ ‘ਤੇ ਅਸੀਂ ਉਨ੍ਹਾਂ ਸਾਰੇ ਸਿੱਖਾਂ ਨੂੰ ਸ਼ਰਧਾਂਜਲੀ ਭੇਟ ਕਰਦੇ ਹਾਂ, ਜਿਨ੍ਹਾਂ ਨੇ ਆਪਣੇ ਧਾਰਮਿਕ ਅਤੇ ਪੰਥਕ ਫਰਜ਼ਾਂ ਦੀ ਪਾਲਣਾ ਕਰਦਿਆਂ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ ਅਤੇ ਸ਼ਹਾਦਤ ਨੂੰ ਗਲ ਲਾਇਆ। ਅਸੀਂ ਉਨ੍ਹਾਂ ਨੂੰ ਸਤਿਕਾਰ ਨਾਲ ਯਾਦ ਕਰਦੇ ਹਾਂ, ਜਿਨ੍ਹਾਂ ਨੂੰ ਜਲਾਵਤਨੀ ਵਿੱਚ ਜਾਣ ਲਈ ਮਜਬੂਰ ਹੋਣਾ ਪਿਆ ਅਤੇ ਜੋ ਭਾਰਤੀ ਜੇਲ੍ਹਾਂ ਵਿੱਚ ਲੰਮੇ ਸਮਿਆਂ ਤੋਂ ਨਜ਼ਰਬੰਦ ਹਨ।
ਦਲ ਖ਼ਾਲਸਾ ਦੇ ਬੁਲਾਰੇ ਪਰਮਜੀਤ ਸਿੰਘ ਮੰਡ ਦੀ ਅਗਵਾਈ ਹੇਠ ਸੈਂਕੜੇ ਸਿੱਖ ਨੌਜਵਾਨ ਕਾਰਕੁਨਾਂ ਨੇ ਸੜਕਾਂ ’ਤੇ ਖਾਲਸਾ ਮਾਰਚ ਕੀਤਾ। ਇਸ ਮੌਕੇ ਹਰਦੀਪ ਸਿੰਘ ਮਹਿਰਾਜ, ਪਰਮਜੀਤ ਸਿੰਘ ਟਾਂਡਾ, ਯੂਥ ਲੀਡਰ ਗੁਰਨਾਮ ਸਿੰਘ, ਜਸਵੀਰ ਸਿੰਘ ਖੰਡੂਰ, ਜਗਜੀਤ ਸਿੰਘ ਖੋਸਾ, ਦਿਲਬਾਗ ਸਿੰਘ, ਗੁਰਪ੍ਰੀਤ ਸਿੰਘ, ਸੁਰਜੀਤ ਸਿੰਘ, ਰਣਬੀਰ ਸਿੰਘ ਆਦਿ ਹਾਜ਼ਰ ਸਨ।