ਸਟੂਡੈਂਟਸ ਫਾਰ ਸੁਸਾਇਟੀ ਅਤੇ ਪੰਜਾਬ ਮਨੁੱਖੀ ਅਧਿਕਾਰ ਸੰਗਠਨ ਨੇ 10 ਦਸੰਬਰ, 2019 ਨੂੰ ਵਿਸ਼ਵ ਮਨੁੱਖੀ ਅਧਿਕਾਰ ਦਿਵਸ ਵਜੋਂ ਕਸ਼ਮੀਰੀ ਕਾਰਕੁਨ ਪ੍ਰੋਫੈਸਰ ਐਸ.ਆਰ. ਗਿਲਾਨੀ ਦੀ ਯਾਦ ਵਿੱਚ ਇੱਕ ਸਮਾਗਮ ਆਯੋਜਿਤ ਕੀਤਾ। ਇਹ ਸਮਾਗਮ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਗਾਂਧੀ ਭਵਨ ਵਿਖੇ ਹੋਇਆ ਸੀ।
ਇਸ ਮੌਕੇ ਸਰਦਾਰ ਕੰਵਰਪਾਲ ਸਿੰਘ ਨੇ ਕਿਹਾ ਕਿ ਪਾਰਲੀਮੈਂਟ ਹਮਲੇ ਬਾਰੇ ਸਟੇਟ ਦਾ ਸੱਚ ਆਪਾਂ ਸਾਰਿਆਂ ਨੇ ਪੜ੍ਹਿਆ ਹੈ ਪਰ ਅਸਲ ਸੱਚ ਪ੍ਰੋਫੈਸਰ ਗਿਲਾਨੀ ਅਤੇ ਅਫਜਲ ਗੁਰੂ ਆਪਣੇ ਨਾਲ ਹੀ ਲੈ ਗਏ ਹਨ। ਉਨ੍ਹਾਂ ਕਿਹਾ ਕਿ ਮੈਂ ਪ੍ਰੋਫੈਸਰ ਗਿਲਾਨੀ ਨਾਲ ਆਪਣੀਆਂ ਲੰਮੀਆਂ ਮਿਲਣੀਆਂ ਦੌਰਾਨ ਉਨ੍ਹਾਂ ਤੋਂ ਪਾਰਲੀਮੈਂਟ ਹਮਲੇ ਬਾਰੇ ਕਈ ਵਾਰ ਪੁੱਛਿਆ ਸੀ। ਪਰ ਉਹ ਹਮੇਸ਼ਾਂ ਹੀ ਮੁਸਕੁਰਾ ਕੇ ਟਾਲ ਜਾਦੇ ਸਨ।
ਦਲ ਖਾਲਸਾ ਆਗੂ ਨੇ ਕਿਹਾ ਕਿ ਪ੍ਰੋਫੈਸਰ ਗਿਲਾਨੀ ਇਕ ਬਾਗੀ ਵਾਙ ਜੀਏ ਅਤੇ ਇਕ ਬਾਗੀ ਵਾਙ ਹੀ ਦੁਨੀਆ ਤੋਂ ਤੁਰ ਗਏ ਕਿਉਂਕਿ ਜਿਸ ਦਿਨ ਉਹ ਸੰਸਾਰ ਤੋਂ ਰੁਖ਼ਸਤ ਹੋਏ ਹਨ ਕਿਉਂਕਿ ਜਿਸ ਦਿਨ ਉਨ੍ਹਾਂ ਦੇ ਸਵਾਸ ਪੂਰੇ ਹੋਏ ਸਨ ਉਸ ਦਿਨ ਵੀ ਅਫ਼ਜਲ ਗੁਰੂ ਦੀ ਫਾਂਸੀ ਦੀ ਦਿੱਲੀ ਵਿਚ ਬਰਸੀ ਮਨਾਉਣ ਕਾਰਨ ਪਿਆ ਦੇਸ਼-ਧ੍ਰੋਹ ਦਾ ਮੁਕੱਦਮਾ ਬਰਕਰਾਰ ਸੀ। ਆਪਣੀ ਗੱਲ ਮੁਕਾਉਂਦਿਆਂ ਸਰਦਾਰ ਕੰਵਰਪਾਲ ਸਿੰਘ ਨੇ ਕਿਹਾ ਕਿ ਸਰਕਾਰਾਂ ਸੰਘਰਸਸ਼ੀਲ ਲੋਕਾਂ ਦੀ ਸਾਂਝ ਦੀਆਂ ਕੜੀਆਂ ਕੰਮਜੋਰ ਕਰਨਾ ਚਾਹੁੰਦੀਆਂ ਹਨ ਪਰ ਇਸ ਸਾਂਝ ਨੂੰ ਕਾਇਮ ਰੱਖਣਾ ਅਤੇ ਹੋਰ ਮਜਬੂਤ ਕਰਨਾ ਹੀ ਸਾਡੇ ਵੱਲੋਂ ਪ੍ਰੋਫੈਸਰ ਗਿਲਾਨੀ ਨੂੰ ਸੱਚੀ ਸ਼ਰਧਾਜਲੀ ਹੋਵੇਗੀ।
ਇੱਥੇ ਅਸੀਂ ਭਾਈ ਕੰਵਰਪਾਲ ਸਿੰਘ ਦੁਆਰਾ ਸਾਂਝੇ ਕੀਤੇ ਗਏ ਵਿਚਾਰ ਸਿੱਖ ਸਿਆਸਤ ਦੇ ਦਰਸ਼ਕਾਂ ਦੀ ਜਾਣਕਾਰੀ ਲਈ ਮੁੜ ਸਾਂਝੇ ਕਰ ਰਹੇ ਹਾਂ।