ਅੰਮ੍ਰਿਤਸਰ – ਸਟੇਟ ਦੁਆਰਾ ਫਰਜ਼ੀ ਮੁਕਾਬਲੇ, ਤਸ਼ੱਦਦ ਰਾਹੀਂ ਹਿੰਸਾ, ਪਾਣੀ ਦੀ ਹਥਿਆਰ ਵਜੋਂ ਵਰਤੋਂ, ਅਤੇ ਸਰਕਾਰੀ-ਸ਼ਹਿ ਪ੍ਰਾਪਤ ਪ੍ਰਵਾਸ ਰਾਹੀਂ ਸਮਾਜ ਵਿੱਚ ਉਥਲ-ਪੁਥਲ ਅਤੇ ਡੈਮੋਗ੍ਰਾਫਿਕ ਵਿਗਾੜ ਨੂੰ ਪੰਜਾਬ ਲਈ ਗੰਭੀਰ ਚੁਣੌਤੀਆਂ ਮੰਨਦਿਆਂ ਦਲ ਖ਼ਾਲਸਾ ਨੇ ਪੰਜਾਬ ਸੰਮੇਲਨ 2025 ਦੇ ਸਿਰਲੇਖ ਹੇਠ ਪੰਜਾਬ ਦੀ ਨੁਮਾਇੰਦਗੀ ਕਰਨ ਵਾਲੇ ਚੋਣਵੇਂ ਰਾਜਸੀ ਤੇ ਸਮਾਜਿਕ ਆਗੂ ਅਤੇ ਮਨੁੱਖੀ ਅਧਿਕਾਰਾਂ ਦੇ ਕਾਰਕੁਨਾਂ ਦਾ ਐਤਵਾਰ 21 ਸਤੰਬਰ ਨੂੰ ਜਲੰਧਰ ਵਿਖੇ ਇਕੱਠ ਸੱਦਿਆ ਹੈ।
ਸੰਮੇਲਨ ਦੀ ਪ੍ਰਧਾਨਗੀ ਪੰਜਾਬ ਮਨੁੱਖੀ ਅਧਿਕਾਰ ਸੰਗਠਨ ਦੇ ਚੇਅਰਮੈਨ ਜਸਟਿਸ (ਰਿਟਾਇਰਡ) ਸ. ਰਣਜੀਤ ਸਿੰਘ ਕਰਨਗੇ ਜਿਸ ਵਿੱਚ ਪੰਜਾਬ ਨੂੰ ਦਰਪੇਸ਼ ਸਮੱਸਿਆਵਾਂ ਤੇ ਗੰਭੀਰ ਚੁਣੌਤੀਆਂ ਪ੍ਰਤੀ ਸਮੂਹਿਕ ਸਮਝ ਪੈਦਾ ਕਰਨ, ਕਾਰਜਸ਼ੀਲ ਹੱਲ ਅਤੇ ਰੋਡਮੈਪ ਤਹਿ ਕਰਨ ਲਈ ਵਿਚਾਰ ਚਰਚਾ ਹੋਵੇਗੀ।
ਦਲ ਖਾਲਸਾ ਦੇ ਆਗੂਆਂ ਅਨੁਸਾਰ ਇਕੱਤਰਤਾ ਦਾ ਉਦੇਸ਼ ਸਮੂਹਿਕ ਕੌਮੀ ਸਾਂਝੀ ਰਾਏ ਬਣਾਉਣਾ ਹੈ, ਕਾਰਜਸ਼ੀਲ ਰਾਹ ਕੱਢਣਾ ਅਤੇ ਪੰਜਾਬ ਦੀ ਸ਼ਾਨ, ਸੁਰੱਖਿਆ, ਸਵੈ-ਸ਼ਾਸਨ ਤੇ ਸਥਿਰਤਾ ਨੂੰ ਯਕੀਨੀ ਬਣਾਉਣ ਲਈ ਇੱਕ ਰੋਡਮੈਪ ਤਿਆਰ ਕਰਨਾ ਹੈ। ਪੰਜਾਬ ਮਨੁੱਖੀ ਅਧਿਕਾਰ ਸੰਗਠਨ ਦੇ ਚੇਅਰਮੈਨ ਸੇਵਾਮੁਕਤ ਜਸਟਿਸ ਰਣਜੀਤ ਸਿੰਘ ਸੰਮੇਲਨ ਦੀ ਪ੍ਰਧਾਨਗੀ ਕਰਨਗੇ।

ਪਾਰਟੀ ਦੇ ਕਾਰਜਕਾਰੀ ਪ੍ਰਧਾਨ ਪਰਮਜੀਤ ਸਿੰਘ ਮੰਡ, ਸੀਨੀਅਰ ਆਗੂ ਕੰਵਰੁਾਲ ਸਿੰਘ ਅਤੇ ਜਨਰਲ ਸਕੱਤਰ ਪਰਮਜੀਤ ਸਿੰਘ ਟਾਂਡਾ ਨੇ ਕਿਹਾ ਕਿ ਪੰਜਾਬ ਅੱਜ ਇੱਕ ਅਜਿਹੇ ਚੌਰਾਹੇ ‘ਤੇ ਖੜ੍ਹਾ ਹੈ, ਜੋ ਸਿੱਖ ਕੌਮ ਲਈ ਨਾਜ਼ੁਕ ਅਤੇ ਫ਼ੈਸਲਾਕੁੰਨ ਮੋੜ ਹੈ। ਉਨ੍ਹਾਂ ਕਿਹਾ ਕਿ ਪੰਜਾਬ ਨਾ ਸਿਰਫ਼ ਲੰਮੇ ਸਮੇਂ ਤੋਂ ਚੱਲ ਰਹੀਆਂ ਚੁਣੌਤੀਆਂ ਨਾਲ ਜੂਝ ਰਿਹਾ ਹੈ, ਸਗੋਂ ਇਸ ਨੂੰ ਤਿੰਨ ਗੰਭੀਰ ਅਤੇ ਵਧ ਰਹੇ ਖ਼ਤਰਿਆਂ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ, ਜੋ ਇਸ ਦੀ ਸਥਿਰਤਾ, ਪ੍ਰਭੂਸੱਤਾ ਅਤੇ ਭਵਿੱਖ ਲਈ ਖ਼ਤਰਾ ਹਨ।
ਉਨ੍ਹਾਂ ਅਹਿਮ ਮੁੱਦਿਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਝੂਠੇ ਮੁਕਾਬਲਿਆਂ ਅਤੇ ਹਿਰਾਸਤੀ ਤਸ਼ੱਦਦ ਰਾਹੀਂ ਗ਼ੈਰ-ਨਿਆਂਇਕ ਹੱਤਿਆਵਾਂ ਦੇ ਵਧ ਰਹੇ ਰੁਝਾਨ ਨੇ ਕਾਨੂੰਨ ਅਤੇ ਨਿਆਂ ਤੋਂ ਲੋਕਾਂ ਦਾ ਵਿਸ਼ਵਾਸ ਤੋੜਿਆ ਹੈ ਅਤੇ ਡਰ ਤੇ ਖੌਫ ਅਤੇ ਪੁਲਿਸ ਨੂੰ ਖੁਲ-ਖੇਡਣ ਦਾ ਮਾਹੌਲ ਪੈਦਾ ਕੀਤਾ ਜਾ ਰਿਹਾ ਹੈ। ਦੂਜਾ, ਸੂਬੇ ਸਰਕਾਰ ਦੀ ਲਾਪਰਵਾਹੀ ਅਤੇ ਡੈਮਾਂ ਦੇ ਪ੍ਰਬੰਧ ਨਾ ਠੀਕ ਹੋਣ ਕਾਰਨ ਪਿਛਲੇ ਮਹੀਨੇ ਆਏ ਹੜ੍ਹਾਂ ਰਾਹੀਂ ਪਾਣੀ ਨੂੰ ਇੱਕ ਹਥਿਆਰ ਵਜੋਂ ਵਰਤਿਆ ਗਿਆ ਹੈ, ਜਿਸ ਨਾਲ ਖੇਤੀਬਾੜੀ ਤੇ ਬੁਨਿਆਦੀ ਢਾਂਚੇ ਨੂੰ ਨੁਕਸਾਨ ਪਹੁੰਚਿਆ ਹੈ ਅਤੇ ਲੋਕਾਂ ਨੂੰ ਆਰਥਿਕ ਸੱਟ ਵਜੀ ਹੈ। ਤੀਜਾ, ਪ੍ਰਵਾਸੀ ਮਜ਼ਦੂਰਾਂ ਦੀ ਵਧਦੀ ਅਤੇ ਬੇਰੋਕ ਆਮਦ ਪੰਜਾਬ ਦੇ ਸਮਾਜਿਕ ਤੇ ਰਾਜਨੀਤਿਕ ਤਾਣੇ-ਬਾਣੇ ਲਈ ਖ਼ਤਰਾ ਬਣ ਚੁੱਕੀ ਹੈ। ਇਹਨਾ ਦੀ ਬੇਲੋੜੀ ਆਮਦ ਆਬਾਦੀ ਦੇ ਸੰਤੁਲਨ ਨੂੰ ਵਿਗਾੜਨ ਦੇ ਨਾਲ-ਨਾਲ ਸੱਭਿਆਚਾਰਕ ਪਛਾਣ, ਆਰਥਿਕ ਸੁਰੱਖਿਆ ਤੇ ਰਾਜਨੀਤਿਕ ਖ਼ੁਦਮੁਖਤਿਆਰੀ ਲਈ ਚਿੰਤਾਵਾਂ ਪੈਦਾ ਕਰ ਰਹੀ ਹੈ।
ਆਗੂਆਂ ਨੇ ਕਿਹਾ ਕਿ ਹੁਸ਼ਿਆਰਪੁਰ ਵਿੱਚ ਇੱਕ ਪ੍ਰਵਾਸੀ ਮਜ਼ਦੂਰ ਵੱਲੋਂ ਪੰਜ ਸਾਲਾ ਬੱਚੇ ਦੇ ਵਹਿਸ਼ੀਆਨਾ ਕਤਲ ਨੇ ਪੰਜਾਬ ਦੇ ਮੂਲ ਨਿਵਾਸੀਆਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਦੂਜੇ ਰਾਜਾਂ ਤੋਂ ਅਪਰਾਧਿਕ ਮਾਨਸਿਕਤਾ ਵਾਲੇ ਲੋਕ ਭਾਜਪਾ ਅਤੇ ‘ਆਪ’ ਆਗੂਆਂ ਦੀ ਮਦਦ ਨਾਲ ਇੱਥੇ ਵਸ ਰਹੇ ਹਨ। ਉਨ੍ਹਾਂ ਕਿਹਾ, “ਅਸੀਂ ਇਹ ਬਰਦਾਸ਼ਤ ਨਹੀਂ ਕਰਾਂਗੇ ਅਤੇ ਸੂਬਾ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਪੰਜਾਬ ਵਿੱਚ ਪ੍ਰਵਾਸੀਆਂ ਦੀ ਬੇਲਗਾਮ ਆਮਦ ’ਤੇ ਰੋਕ ਲਾਈ ਜਾਵੇ।”
ਦਲ ਖਾਲਸਾ ਨੇ ਭਾਈ ਸੰਦੀਪ ਸਿੰਘ ਸੰਨੀ ਦੇ ਸਮਰਥਨ ਵਿੱਚ ਆਉਂਦਿਆਂ ਪਟਿਆਲਾ ਜੇਲ੍ਹ ਅਧਿਕਾਰੀਆਂ ਵੱਲੋਂ ਹਿਰਾਸਤ ਵਿੱਚ ਉਸ ‘ਤੇ ਕੀਤੇ ਗਏ ਘੋਰ ਤਸ਼ੱਦਦ ਦੀ ਸਖ਼ਤ ਨਿਖੇਧੀ ਕੀਤੀ ਹੈ। ਮੰਡ ਨੇ ਦੋਸ਼ ਲਾਇਆ ਕਿ ਅਧਿਕਾਰੀਆਂ ਨੇ ਸੰਨੀ ਨਾਲ ਹਿਰਾਸਤੀ ਹਿੰਸਾ ਕੀਤੀ ਅਤੇ ਇੱਕ ਹਫ਼ਤੇ ਤੱਕ ਉਸ ਦੇ ਪਰਿਵਾਰ ਨੂੰ ਮਿਲਣ ਨਹੀਂ ਦਿੱਤਾ। ਉਨ੍ਹਾਂ ਦੱਸਿਆ ਕਿ ਜਦੋਂ ਸੰਦੀਪ ਦੇ ਵਕੀਲ ਅਤੇ ਪਰਿਵਾਰ ਨੇ ਉਸ ਨਾਲ ਮੁਲਾਕਾਤ ਕੀਤੀ, ਤਾਂ ਉਨ੍ਹਾਂ ਨੂੰ ਜੇਲ੍ਹ ਸਟਾਫ ਦੁਆਰਾ ਕੀਤੇ ਗਏ ਭਿਆਨਕ ਤਸ਼ੱਦਦ ਦਾ ਪਤਾ ਲੱਗਾ। ਇਹ ਤਸ਼ੱਦਦ ਸੰਨੀ ਅਤੇ 80ਵਿਆਂ ਦੇ ਝੂਠੇ ਮੁਕਾਬਲਿਆਂ ਦੇ ਦੋਸ਼ ਹੇਠ ਸਜ਼ਾ ਕੱਟ ਰਹੇ ਸਾਬਕਾ ਇੰਸਪੈਕਟਰ ਸੂਬਾ ਸਿੰਘ ਵਿਚਕਾਰ ਤਕਰਾਰ ਤੋਂ ਬਾਅਦ ਕੀਤਾ ਗਿਆ। ਸੰਦੀਪ ਸਿੰਘ ‘ਤੇ ਸ਼ਿਵ ਸੈਨਾ ਆਗੂ ਸੁਧੀਰ ਸੂਰੀ ਦੇ ਕਤਲ ਦੇ ਦੋਸ਼ ਹਨ ਅਤੇ ਕੇਸ ਅਦਾਲਤ ਵਿੱਚ ਵਿਚਾਰ ਅਧੀਨ ਹੈ। ਦਲ ਖਾਲਸਾ ਨੇ ਜੇਲ੍ਹ ਸੁਪਰਡੈਂਟ ਸਮੇਤ ਦੋਸ਼ੀ ਅਧਿਕਾਰੀਆਂ ਖ਼ਿਲਾਫ਼ ਐੱਫ਼ਆਈਆਰ ਦਰਜ ਕਰਕੇ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।
ਆਗੂਆਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਇਸ ਗੱਲ ਲਈ ਸਖ਼ਤ ਆਲੋਚਨਾ ਕੀਤੀ ਕਿ ਉਨ੍ਹਾਂ ਨੇ ਸਿੱਖ ਭਾਵਨਾਵਾਂ ਦਾ ਸਤਿਕਾਰ ਨਾ ਕਰਦਿਆਂ ਨਵੰਬਰ ਵਿੱਚ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਜਥੇ ਦੀ ਨਨਕਾਣਾ ਸਾਹਿਬ ਯਾਤਰਾ ‘ਤੇ ਪਾਬੰਦੀ ਲਾ ਦਿੱਤੀ ਹੈ। ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਨੂੰ ਤੁਰੰਤ ਆਪਣੇ ਗ਼ਲਤ ਫ਼ੈਸਲੇ ‘ਤੇ ਮੁੜ ਵਿਚਾਰ ਕਰਨਾ ਚਾਹੀਦਾ ਹੈ ਅਤੇ ਕਰਤਾਰਪੁਰ ਲਾਂਘਾ ਤੇ ਸਰਹੱਦਾਂ ਖੋਲ੍ਹਣੀਆਂ ਚਾਹੀਦੀਆਂ ਹਨ, ਤਾਂ ਜੋ ਸ਼ਰਧਾਲੂ ਆਪਣੇ ਪਵਿੱਤਰ ਅਸਥਾਨਾਂ ਦੇ ਦਰਸ਼ਨ ਕਰ ਸਕਣ। ਮੰਡ ਨੇ ਕਿਹਾ, “ਅਸੀਂ ਪਾਕਿਸਤਾਨ ਪ੍ਰਤੀ ਨਵੀਂ ਦਿੱਲੀ ਦੇ ਦੁਸ਼ਮਣਾਂ ਵਾਲੇ ਰਵੱਈਏ ਨੂੰ ਨਾਮਨਜ਼ੂਰ ਕਰਦੇ ਹਾਂ ਅਤੇ ਆਪਣੇ ਗੁਆਂਢੀਆਂ ਨਾਲ ਸੁਖਾਵੇਂ ਸਬੰਧ ਚਾਹੁੰਦੇ ਹਾਂ।”
ਇਸ ਮੌਕੇ ਯੂਥ ਆਗੂ ਗੁਰਨਾਮ ਸਿੰਘ, ਗੁਰਿੰਦਰ ਸਿੰਘ ਬਾਜਵਾ, ਬਲਜਿੰਦਰ ਸਿੰਘ ਹੁਸ਼ਿਆਰਪੁਰ ਹਾਜਰ ਸਨ।