ਬਦਲਦੇ ਕੌਮਾਂਤਰੀ ਅਤੇ ਖੇਤਰੀ ਹਾਲਾਤਾਂ ਦੇ ਮੱਦੇਨਜ਼ਰ ਪੰਜਾਬ ਦੀ ਮੌਜੂਦਾ ਸਮਾਜਿਕ ਅਤੇ ਸਿਆਸੀ ਸਥਿਤੀ ਬਾਰੇ, ਪੱਤਰਕਾਰ ਮਨਦੀਪ ਸਿੰਘ ਨੇ ਸਿੱਖ ਸਿਆਸਤ ਦੇ ਸੰਪਾਦਕ ਪਰਮਜੀਤ ਸਿੰਘ ਗਾਜ਼ੀ ਨਾਲ ਵਿਸ਼ੇਸ਼ ਗੱਲਬਾਤ ਕੀਤੀ ਹੈ।
ਇਹ ਚਰਚਾ ਹਾਲੀਆ ਵਾਪਰੇ ਘਟਨਾਕ੍ਰਮ ਦੇ ਪਿਛੋਕੜ ਵਿੱਚ ਹੋਈ ਹੈ, ਜਿਸ ਵਿੱਚ ਇੱਕ ਭਾਰਤੀ ਨਾਗਰਿਕ ਨਿਖਿਲ ਗੁਪਤਾ ਵੱਲੋਂ ਅਮਰੀਕਾ ਦੀ ਧਰਤੀ ‘ਤੇ ਇੱਕ ਸਿੱਖ ਨਾਗਰਿਕ ਨੂੰ ਕਤਲ ਕਰਨ ਦੀ ਸਾਜ਼ਿਸ਼ ਰਚਣ ਬਾਰੇ ਨਿਊਯਾਰਕ ਦੀ ਅਦਾਲਤ ਵਿੱਚ ਕੀਤਾ ਗਿਆ ਇਕਬਾਲੀਆ ਬਿਆਨ ਸਾਹਮਣੇ ਆਇਆ ਹੈ। ਇਸੇ ਮਾਮਲੇ ਵਿੱਚ ਵਿਕਾਸ ਯਾਦਵ, ਜਿਸਦੀ ਪਛਾਣ ਭਾਰਤ ਦੀ ਪ੍ਰਮੁੱਖ ਖੁਫੀਆ ਏਜੰਸੀ ਰਾਅ ਦੇ ਅਧਿਕਾਰੀ ਅਤੇ ਕੈਬਨਿਟ ਸਕੱਤਰੇਤ ਦੇ ਮੁਲਾਜਮ ਵਜੋਂ ਹੋਈ ਹੈ, ਉੱਤੇ ਅੰਤਰਰਾਸ਼ਟਰੀ ਜ਼ਬਰ ਦੀ ਮੁਹਿਮ ਤਹਿਤ ਅਮਰੀਕਾ ਵਿਚ ਅਮਰੀਕੀ ਨਾਗਰਿਕ ਨੂੰ ਕਤਲ ਕਰਵਾਉਣ ਦੀ ਸਾਜ਼ਿਸ਼ ਰਚਣ ਦੇ ਦੋਸ਼ ਲੱਗੇ ਹਨ। ਭਾਵੇਂ ਭਾਰਤ ਸਰਕਾਰ ਦਾ ਕਹਿਣਾ ਹੈ ਕਿ ਉਹ ਹੁਣ ਸਰਕਾਰੀ ਸੇਵਾ ਵਿੱਚ ਨਹੀਂ ਹੈ, ਪਰ ਅਮਰੀਕੀ ਦੋਸ਼-ਪੱਤਰ ਮੁਤਾਬਕ ਜਿਸ ਵੇਲੇ ਇਹ ਕਥਿਤ ਜੁਰਮ ਵਿਉਂਤੇ ਗਏ ਸਨ, ਉਸ ਵੇਲੇ ਉਹ ‘ਰਾਅ’ ਅਤੇ ਕੈਬਨਿਟ ਸਕੱਤਰੇਤ ਦਾ ਹੀ ਹਿੱਸਾ ਸੀ।
ਇਸ ਗੱਲਬਾਤ ਦੌਰਾਨ ਕੈਨੇਡਾ ਦੀ ਪੁਲਿਸ (ਆਰ.ਸੀ.ਐੱਮ.ਪੀ.) ਦੀ ਉਸ ਤਾਜ਼ਾ ਰਿਪੋਰਟ ਨੂੰ ਵੀ ਵਿਚਾਰਿਆ ਗਿਆ ਹੈ, ਜਿਸ ਵਿੱਚ ਇਹ ਦੋਸ਼ ਦੁਹਰਾਇਆ ਗਿਆ ਹੈ ਕਿ ਕੈਨੇਡਾ ਵਿੱਚ ਬਿਸ਼ਨੋਈ ਗਰੋਹ ਨਾਲ ਜੁੜੀਆਂ ਫਿਰੌਤੀਆਂ, ਗੋਲੀਬਾਰੀ ਅਤੇ ਹੋਰ ਅਪਰਾਧਿਕ ਗਤੀਵਿਧੀਆਂ ਨੂੰ ਭਾਰਤ ਸਰਕਾਰ ਨਾਲ ਜੁੜੇ ਅਨਸਰਾਂ ਵੱਲੋਂ ਚਲਾਇਆ ਜਾ ਰਿਹਾ ਹੈ। ਸ. ਪਰਮਜੀਤ ਸਿੰਘ ਗਾਜ਼ੀ ਪੰਜਾਬ ਵਿਚ ਵਾਪਰ ਰਹੀਆਂ ਘਟਨਾਵਾਂ ਵੀ ਵਿਦੇਸ਼ਾਂ ਦੀ ਤਰਜ ਉੱਤੇ ਵੀ ਵਾਪਰ ਰਹੀਆਂ ਹਨ।
ਇਹਨਾਂ ਪੱਖਾਂ ਤੋਂ ਇਲਾਵਾ, ਇਸ ਮੁਲਾਕਾਤ ਵਿੱਚ ਪੰਜਾਬ ਦੀ ਸਿੱਖ ਵੋਟ ਸਿਆਸਤ ਵਿੱਚ ਵਧ ਰਹੀ ਧੜੇਬੰਦੀ ਅਤੇ ਸੂਬੇ ਵਿੱਚ ਵੱਖ-ਵੱਖ ਡੇਰਿਆਂ ਦੇ ਵਧ ਰਹੇ ਸਿਆਸੀ ਦਖਲ ਬਾਰੇ ਵੀ ਡੂੰਘਾਈ ਨਾਲ ਪੜਚੋਲ ਕੀਤੀ ਗਈ ਹੈ।