ਫ਼ਿਰੋਜ਼ਪੁਰ/ਲੁਧਿਆਣਾ, ਪੰਜਾਬ (24 ਅਪ੍ਰੈਲ, 2012): ਪੰਜਾਬੀ ਦੇ ਰੋਜਾਨਾ ਅਖਬਾਰ “ਅਜੀਤ” ਵਿਚ 24 ਅਪ੍ਰੈਲ, 2012 ਨੂੰ ਛਪੀ ਇਕ ਅਹਿਮ ਖਬਰ ਅਨੁਸਾਰ ਭਾਰਤ-ਪਾਕਿ ਸਰਹੱਦ ‘ਤੇ ਵਸਦੇ ਦਰਜਨਾਂ ਪਿੰਡਾਂ ਦੇ ਲੋਕ ਆਰਥਕ ਮੰਦਹਾਲੀ ਦਾ ਸ਼ਿਕਾਰ ਹਨ ਅਤੇ ਮੋਟੀਆਂ ਜ਼ਮੀਨਾਂ ਦੇ ਮਾਲਕਾਂ ਨੂੰ ਕੰਡਿਆਲੀ ਤਾਰ ਨੇ ਕੰਗਾਲ ਕਰਕੇ ਰੱਖ ਦਿੱਤਾ ਹੈ। ਇਸ ਤੋਂ ਇਲਾਵਾ ਸਰਹੱਦੀ ਫੌਜ (ਬੀ.ਐਸ.ਐਫ.) ਵਾਲਿਆਂ ਦੇ ਮਾਨਸਿਕ ਤਸ਼ੱਦਦ ਦਾ ਸਾਹਮਣਾ ਕਰ ਰਹੇ ਸਰਹੱਦੀ ਕਿਸਾਨ ਇਲਾਕਾ ਛੱਡਣ ਲਈ ਮਜ਼ਬੂਰ ਹਨ।
ਫਿਰੋਜ਼ਪੁਰ ਤੋਂ ਇਸ ਅਖਬਾਰ ਨਾਲ ਸੰਬੰਧਤ ਸ੍ਰ: ਤਪਿੰਦਰ ਸਿੰਘ ਨੇ ਨਾਂ ਹੇਠ ਛਪੀ ਇਸ ਵਿਸ਼ੇਸ਼ ਰਿਪੋਰਟ ਵਿਚ ਦੱਸਿਆ ਗਿਆ ਹੈ ਕਿ ਸੈਂਕੜੇ ਵਾਰ ਬਾਰਡਰ ਸੰਘਰਸ਼ ਕਮੇਟੀ ਅਤੇ ਹੋਰ ਸਵੈ-ਸੈਵੀ ਜਥੇਬੰਦੀਆਂ ਨੇ ਉਕਤ ਮਾਮਲੇ ‘ਤੇ ਰੋਸ ਧਰਨੇ ਮਾਰੇ ਹਨ ਅਤੇ ਲੰਬੇ ਸੰਘਰਸ਼ ਕੀਤੇ ਹਨ ਪ੍ਰੰਤੂ ਦਿੱਲੀ ‘ਚ ਬੈਠੀ ਕੇਂਦਰ ਦੀ ਉੱਚ ਅਫ਼ਸਰਸ਼ਾਹੀ ਦੇ ਕੰਨਾਂ ‘ਤੇ ਅਜੇ ਤੱਕ ਜੂੰ ਤੱਕ ਨਹੀਂ ਸਰਕੀ। ਫ਼ਿਰੋਜ਼ਪੁਰ ਸੈਕਟਰ ਨਾਲ ਲਗਦੀ ਕੰਡਿਆਲੀ ਤਾਰ ਪਾਰ ਸੈਂਕੜੇ ਏਕੜ ਜ਼ਮੀਨ ਜਿਥੇ ਛੋਟੇ ਕਿਸਾਨ ਕਈ ਸਾਲਾਂ ਤੋਂ ਕਾਸ਼ਤ ਕਰ ਰਹੇ ਹਨ, ਦੀ ਦੇਖਭਾਲ ਲਈ ਕਿਸਾਨਾਂ ਨੂੰ ਦੇਰ ਸਵੇਰ-ਸ਼ਾਮ ਨੂੰ ਜਾਣ ਅਤੇ ਆਉਣ ਦੀ ਉਥੇ ਇਜ਼ਾਜਤ ਨਹੀਂ ਹੈ। ਅਜਿਹੀਆਂ ਜ਼ਮੀਨਾਂ ਪੂਰੀ ਤਰ੍ਹਾਂ ਕਿਸਾਨਾਂ ਦੀਆਂ ਨਹੀਂ ਗਿਣੀਆਂ ਜਾ ਸਕਦੀਆਂ ਕਿਉਂਕਿ ਕਿਸਾਨ ਬੀ.ਐਸ.ਐਫ. ਵਾਲਿਆਂ ਦੇ ਗੁਲਾਮ ਬਣ ਕੇ ਰਹਿ ਗਏ ਹਨ।
ਖਬਰ ਵਿਚ ਇਸ ਗੱਲ ਦਾ ਖਾਸ ਜ਼ਿਕਰ ਹੈ ਕਿ ਤਾਰਾਂ ਤੋਂ ਪਾਰ ਜਾਣ ਲਈ ਸਰਕਾਰ ਵੱਲੋਂ ਤੈਅ ਕੀਤਾ ਸਮਾਂ ਵੀ ਕਿਸਾਨਾਂ ਨੂੰ ਪੂਰਾ ਨਹੀਂ ਮਿਲਦਾ ਅਤੇ ਕਿਸਾਨਾਂ ਨੂੰ ਘੰਟਿਆਂਬੱਧੀ ਗੇਟ ‘ਤੇ ਖੜ੍ਹਕੇ ਇੰਤਜ਼ਾਰ ਕਰਨਾ ਪੈਂਦਾ ਹੈ। ਦੂਜੇ ਪਾਸੇ ਸੁਰੱਖਿਆ ਕਰਮੀ ਕਿਸਾਨਾਂ ਦੀ ਕੋਈ ਗੱਲ ਸੁਣਨ ਨੂੰ ਤਿਆਰ ਨਹੀਂ ਹੁੰਦੇ। ਕਈ ਵਾਰ ਇੰਝ ਵਾਪਰਦਾ ਹੈ ਕਿ ਮੋਟਰਾਂ ਲਈ 15-15 ਦਿਨ ਬਿਜਲੀ ਦੀ ਸਪਲਾਈ ਰਾਤ ਦੀ ਹੁੰਦੀ ਹੈ ਪਰ ਕਿਸਾਨਾਂ ਨੂੰ ਤਾਰ ਪਾਰ ਜਾਣ ਲਈ ਸਵੇਰੇ 9 ਤੋਂ 4 ਵਜੇ ਤੱਕ ਦਾ ਸਮਾਂ ਦਿੱਤਾ ਜਾਂਦਾ ਹੈ। ਇਸ ਕਾਰਨ ਕਿਸਾਨਾਂ ਦਾ ਭਾਰੀ ਨੁਕਸਾਨ ਹੁੰਦਾ ਹੈ। ਸਰਹੱਦੀ ਕਿਸਾਨਾਂ ਕੋਲ ਹੋਰ ਕਮਾਈ ਦੇ ਸਾਧਨ ਵੀ ਨਹੀਂ ਹਨ। ਰੋਜ਼ੀ-ਰੋਟੀ ਸਭ ਖੇਤੀ ਉਪਰ ਹੀ ਨਿਰਭਰ ਹੈ। ਜਿਨ੍ਹਾਂ ਕਿਸਾਨਾਂ ਦੀ ਸਾਰੀ ਜ਼ਮੀਨ ਤਾਰੋਂ ਪਾਰ ਹੈ ਉਹ ਆਰਥਕ ਪੱਖੋਂ ਕੰਗਾਲ ਹੋ ਗਏ ਹਨ।
ਸ੍ਰ: ਤਪਿੰਦਰ ਸਿੰਘ ਦੀ ਇਸ ਖਬਰ ਅਨੁਸਾਰ ਬਾਰਡਰ ਵੈਲਫੇਅਰ ਸੰਘਰਸ਼ ਕਮੇਟੀ ਦੇ ਪ੍ਰਧਾਨ ਅਰਸਾਲ ਸਿੰਘ ਨੇ ਦੱਸਿਆ ਕਿ ਫ਼ਿਰੋਜ਼ਪੁਰ ਕੌਮਾਂਤਰੀ ਪੱਟੀ ‘ਤੇ ਵਸਦੇ ਕਿਸਾਨਾਂ ਦੇ ਕਈ ਘਰ ਅਜਿਹੇ ਵੀ ਹਨ ਜਿਥੇ ਪਰਿਵਾਰ ਦੇ ਸੌਣ ਲਈ ਮੰਜੇ-ਬਿਸਤਰੇ ਵੀ ਨਹੀਂ ਹਨ, ਉਹ ਖਾਦ ਵਾਲੀਆਂ ਬੋਰੀਆਂ ਉਪਰ ਲੈ ਕੇ ਸੌਣ ਲਈ ਮਜ਼ਬੂਰ ਹਨ। ਕਈ ਘਰਾਂ ਦੇ ਬੱਚੇ ਭਾਵੇਂ ਸਰਕਾਰੀ ਸਕੂਲਾਂ ਵਿਚ ਪੜ੍ਹਨ ਲਈ ਜਾਂਦੇ ਹਨ ਪਰ ਵਰਦੀ ਅਤੇ ਬੂਟਾਂ ਬਿਨਾਂ ਮਾਰ ਖਾ ਰਹੇ ਹਨ। ਅਜਿਹੇ ਹਾਲਾਤ ਵਿਚ ਸਰਹੱਦੀ ਕਿਸਾਨ ਆਪਣੀ ਜ਼ਮੀਨਾਂ ਵੇਚਣ ਲਈ ਤਿਆਰ ਹਨ, ਪਰ ਕੰਡਿਆਲੀ ਤਾਰ ਤੋਂ ਪਾਰਲੀ ਜ਼ਮੀਨ ਕੌਡੀਆਂ ਦੇ ਭਾਅ ਵੀ ਨਹੀਂ ਵਿਕਦੀ।