ਚੰਡੀਗੜ੍ਹ: ਮਿਸਲ ਸਤਲੁਜ ਵੱਲੋਂ ਸ੍ਰੀ ਕਾਂਸ਼ੀ ਰਾਮ ਜੀ ਦੇ ਪ੍ਰੀ-ਨਿਰਵਾਣ ਨੂੰ ਸਮਰਪਿਤ 27 ਅਕਤੂਬਰ ਨੂੰ ਸਵੇਰੇ 11 ਵਜੇ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ, ਸੈਕਟਰ 28, ਚੰਡੀਗੜ੍ਹ ਵਿਖੇ ਵਿਸ਼ੇਸ਼ ਵਿਚਾਰ-ਚਰਚਾ ਕਰਵਾਈ ਜਾਵੇਗੀ। ਇਸ ਸਬੰਧੀ ਜਾਣਕਾਰੀ ਮਿਸਲ ਸਤਲੁਜ ਦੇ ਪ੍ਰਧਾਨ ਸਰਦਾਰ ਅਜੈਪਾਲ ਸਿੰਘ ਬਰਾੜ ਨੇ ਦਿੱਤੀ।
ਇਸ ਵਿਚਾਰ-ਚਰਚਾ ਦਾ ਮੁੱਖ ਮੰਤਵ ਸਾਹਿਬ ਸ੍ਰੀ ਕਾਂਸ਼ੀ ਰਾਮ ਦੇ ਸੰਘਰਸ਼ਮਈ ਜੀਵਨ, ਉਨ੍ਹਾਂ ਦੀ ਸਿਆਸੀ ਸੋਚ, ਸਮਾਜਿਕ ਫ਼ਲਸਫ਼ੇ ਅਤੇ ਸਮਾਜ ਵਿੱਚ ਤਬਦੀਲੀ ਲਿਆਉਣ ਵਾਲੀ ਵਿਚਾਰਧਾਰਾ ਤੋਂ ਸੇਧ ਲੈਣਾ ਹੈ।
ਇਸ ਸਮਾਗਮ ਦਾ ਕੇਂਦਰੀ ਵਿਸ਼ਾ “ਹੁਕਮਰਾਨ ਬਣੋ” ਹੋਵੇਗਾ। ਇਹ ਵਿਸ਼ਾ ਸ੍ਰੀ ਕਾਂਸ਼ੀ ਰਾਮ ਦੀ ਉਸ ਸੋਚ ਨੂੰ ਦਰਸਾਉਂਦਾ ਹੈ, ਜਿਸ ਤਹਿਤ ਸਮਾਜ ਦੇ ਦੱਬੇ-ਕੁਚਲੇ ਅਤੇ ਪਛੜੇ ਵਰਗਾਂ ਨੂੰ ਆਪਣੇ ਹੱਕਾਂ ਪ੍ਰਤੀ ਜਾਗਰੂਕ ਹੋ ਕੇ ਇਕਜੁੱਟ ਹੋਣਾ ਚਾਹੀਦਾ ਹੈ ਅਤੇ ਲੋਕਤੰਤਰੀ ਪ੍ਰਕਿਰਿਆ ਵਿੱਚ ਸਰਗਰਮ ਭੂਮਿਕਾ ਨਿਭਾਉਂਦਿਆਂ ਸੱਤਾ ਵਿੱਚ ਆਪਣੀ ਹਿੱਸੇਦਾਰੀ ਯਕੀਨੀ ਬਣਾਉਣੀ ਚਾਹੀਦੀ ਹੈ। ਉਨ੍ਹਾਂ ਦੀ ਵਿਚਾਰਧਾਰਾ ਸਮਾਜਿਕ ਬਰਾਬਰੀ, ਸਵੈਮਾਣ, ਬਰਾਬਰ ਦੇ ਹੱਕਾਂ ਅਤੇ ਆਪਣੇ ਭਵਿੱਖ ਦੇ ਫ਼ੈਸਲੇ ਆਪ ਕਰਨ ਦੇ ਸਿਧਾਂਤਾਂ ਉੱਤੇ ਆਧਾਰਿਤ ਸੀ।

ਇਸ ਪਹਿਲਕਦਮੀ ਬਾਰੇ ਗੱਲ ਕਰਦਿਆਂ ਸਰਦਾਰ ਅਜੈਪਾਲ ਸਿੰਘ ਬਰਾੜ ਨੇ ਕਿਹਾ ਕਿ ਇਸ ਵਿਚਾਰ-ਚਰਚਾ ਦੌਰਾਨ ਕਾਂਸ਼ੀ ਰਾਮ ਜੀ ਦੀ ਸੋਚ ਨੂੰ ਅਜੋਕੇ ਸਮਾਜਿਕ ਅਤੇ ਸਿਆਸੀ ਹਾਲਾਤ ਦੇ ਸੰਦਰਭ ਵਿੱਚ ਵਿਚਾਰਿਆ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਸਮਾਗਮ ਰਾਹੀਂ ਪੰਜਾਬ ਦੇ ਭਵਿੱਖ, ਲੋਕਾਂ ਦੇ ਹੱਕਾਂ ਅਤੇ ਸਮਾਜਿਕ ਨਿਆਂ ਵਰਗੇ ਅਹਿਮ ਮਸਲਿਆਂ ਉੱਤੇ ਉਸਾਰੂ ਵਿਚਾਰ-ਵਟਾਂਦਰਾ ਕਰਨ ਦਾ ਯਤਨ ਕੀਤਾ ਜਾਵੇਗਾ।
ਸਰਦਾਰ ਬਰਾੜ ਨੇ ਕਿਹਾ ਕਿ ਮਿਸਲ ਸਤਲੁਜ ਦੀ ਇਸ ਪਹਿਲ ਦਾ ਮਕਸਦ ਲੋਕਾਂ ਨੂੰ ਕਾਂਸ਼ੀ ਰਾਮ ਜੀ ਦੇ ਸਿਧਾਂਤਾਂ ਉੱਤੇ ਵਿਚਾਰ ਕਰਨ ਲਈ ਪ੍ਰੇਰਿਤ ਕਰਨਾ ਅਤੇ ਸਮਾਜਿਕ ਬਰਾਬਰੀ, ਸਿਆਸੀ ਸਸ਼ਕਤੀਕਰਨ ਤੇ ਸਮੁੱਚੇ ਸਮਾਜ ਦੀ ਭਲਾਈ ਲਈ ਆਪਣਾ ਬਣਦਾ ਯੋਗਦਾਨ ਪਾਉਣ ਵਾਸਤੇ ਉਤਸ਼ਾਹਿਤ ਕਰਨਾ ਹੈ।
