ਲੰਡਨ: ਬਰਤਾਨਵੀ ਨਾਗਰਿਕ ਜਗਤਾਰ ਸਿੰਘ ਜੱਗੀ ਦੀ ਰਿਹਾਈ ਲਈ ਮੁਹਿੰਮ #FreeJaggiNow ਚਲਾ ਰਹੇ ਮੁਹਿੰਮਕਾਰਾਂ ਨੇ ਕਿਹਾ ਕਿ 7 ਦਸੰਬਰ ਨੂੰ ਬਰਤਾਨਵੀ ਕੌਂਸਲ ਦੇ ਸਟਾਫ ਨੂੰ ਇਕ ਵਾਰ ਫਿਰ ਤੋਂ ਜੱਗੀ ਨੂੰ ਨਿੱਜੀ ਤੌਰ ‘ਤੇ ਮਿਲਣ ਤੋਂ ਰੋਕ ਦਿੱਤਾ ਗਿਆ।
ਸ਼ੁੱਕਰਵਾਰ (8 ਦਸੰਬਰ) ਨੂੰ ਜਾਰੀ ਇਕ ਲਿਖਤੀ ਬਿਆਨ ‘ਚ ਬਰਤਾਨੀਆ ਆਧਾਰਤ ਸਿੱਖ ਜਥੇਬੰਦੀ ਸਿੱਖ ਫੈਡਰੇਸ਼ਨ ਯੂ.ਕੇ. ਨੇ ਕਿਹਾ, “ਬੋਰਿਸ ਜਾਨਸਨ ਦੀਆਂ ਕੋਸ਼ਿਸ਼ਾਂ ਅਤੇ ਵਿਚਾਰ ਵਟਾਂਦਰੇ ਦੇ ਬਾਵਜੂਦ ਬਰਤਾਨਵੀ ਨਾਗਰਿਕ ਤਕ ਨਿਰਪੱਖ ਪਹੁੰਚ ਨਹੀਂ ਹੋ ਸਕੀ, ਜਦਕਿ ਉਹ ਪੰਜ ਹਫਤਿਆਂ, 4 ਨਵੰਬਰ 2017 ਤੋਂ ਭਾਰਤੀ ਪੁਲਿਸ ਦੀ ਹਿਰਾਸਤ ਵਿਚ ਹੈ।”
ਸਿੱਖ ਫੈਡਰੇਸ਼ਨ ਯੂ.ਕੇ. ਦੇ ਮੀਡੀਆ ਸਕੱਤਰ ਗੁਰਜੀਤ ਸਿੰਘ ਨੇ ਕਿਹਾ, “ਜਗਤਾਰ ਨਾਲ ਤਸ਼ੱਦਦ, ਦੁਰਵਿਹਾਰ, ਬਦਸਲੂਕੀ ਕਰਨ ਵਾਲਿਆਂ ਨੇ ਉਸਦੀ ਅਜ਼ਾਦ ਮੈਡੀਕਲ ਜਾਂਚ, ਡਾਕਟਰੀ ਮੁਆਇਨਾ ਕਰਨ ਤੋਂ ਵਾਰ-ਵਾਰ ਇਨਕਾਰ ਕੀਤਾ ਹੈ।”
ਉਨ੍ਹਾਂ ਕਿਹਾ, “ਇਨ੍ਹਾਂ ਪੁਲਿਸ ਮੁਲਾਕਾਤਾਂ ‘ਚ ਜਗਤਾਰ ਸਿੰਘ ਜੱਗੀ ਦੀ ਇਮਾਨਦਾਰੀ, ਖੁੱਲ੍ਹਾਪਣ ਅਤੇ ਨਿਰਦੋਸ਼ਤਾ ਝਲਕਦੀ ਹੈ।”
ਸਿੱਖ ਫੈਡਰੇਸ਼ਨ ਯੂ.ਕੇ. ਦੇ ਜਨਰਲ ਸਕੱਤਰ ਭਾਈ ਨਰਿੰਦਰਜੀਤ ਸਿੰਘ ਨੇ ਕਿਹਾ, “ਪੁਲਿਸ ਨੂੰ ਮੀਡੀਆ ਟ੍ਰਾਇਲ ਦੀ ਸ਼ਰਮਨਾਕ ਸਰਕਸ, ਦੀ ਬਜਾਏ ਠੋਸ ਸਬੂਤ ਅਦਾਲਤ ‘ਚ ਪੇਸ਼ ਕਰਨੇ ਚਾਹੀਦੇ ਹਨ, ਜਿਹੜੀ ਕਿ ਪੰਜਾਬ ਦੇ ਮੁੱਖ ਮੰਤਰੀ ਅਤੇ ਪੁਲਿਸ ਮੁਖੀ ਨੇ ਸ਼ੁਰੂ ਕੀਤੀ ਸੀ।”
ਸਬੰਧਤ ਖ਼ਬਰ:
ਉਨ੍ਹਾਂ ਕਿਹਾ ਕਿ ਪੁਲਿਸ ਦੇ ਦਾਅਵੇ ਅਤੇ ਜਗਤਾਰ ਦੀ ਵੀਡੀਓ ਫੁਟੇਜ, ਜੋ ਉਪਲੱਭਧ ਹੈ, ਇਹ ਨਹੀਂ ਦਰਸਾਉਂਦੀ ਕਿ ਉਸਨੇ ਕੋਈ ਅਪਰਾਧ ਕੀਤਾ ਹੈ।
ਉਨ੍ਹਾਂ ਕਿਹਾ, “ਇੰਡੀਆ ਟੂਡੇ ਦੀ ਖ਼ਬਰ ਨੇ ਕਈਆਂ ਨੂੰ ਹੈਰਾਨ ਕਰ ਦਿੱਤਾ ਕਿ ਜਗਤਾਰ ਦੀ ਇੰਟਰਵਿਊ ਦੇ ਨਾਲ ਕਿਸੇ ਹੋਰ ਦੀਆਂ ਤਸਵੀਰਾਂ ਚਲਾ ਕੇ ਉਸਨੂੰ ਪਾਕਿਸਤਾਨੀ ਖੁਫੀਆ ਏਜੰਸੀ ਆਈ.ਐਸ.ਆਈ. ਦਾ ਅਧਿਕਾਰੀ ਹੋਣ ਦਾ ਦਾਅਵਾ ਕੀਤਾ ਜਾ ਰਿਹਾ ਸੀ ਅਤੇ ਤਸਵੀਰਾਂ ‘ਚ ਦਿਖ ਰਹੇ ਸਿੱਖਾਂ ਨੂੰ “ਖ਼ਾਲਿਸਤਾਨੀ ਅੱਤਵਾਦੀ” ਵਜੋਂ ਪੇਸ਼ ਕੀਤਾ ਜਾ ਰਿਹਾ ਸੀ।
ਸਿੱਖ ਫੈਡਰੇਸ਼ਨ ਯੂ.ਕੇ. ਵਲੋਂ ਜਾਰੀ ਪ੍ਰੈਸ ਬਿਆਨ ‘ਚ ਕਿਹਾ ਗਿਆ, “ਹਾਲਾਂਕਿ ਜਿਸ ਬੰਦੇ ਨੂੰ ਭਾਰਤੀ ਮੀਡੀਆ ਆਈ.ਐਸ.ਆਈ. ਦਾ ਅਧਿਕਾਰੀ ਦੱਸ ਰਿਹਾ ਹੈ, ਅਸਲ ਵਿਚ ਉਹ ਅਹਿਸਾਨ ਨਦੀਮ ਹੈ ਜੋ ਕਿ ਪਾਕਿਸਤਾਨੀ ਪੁਰਾਤੱਤ ਵਿਗਿਆਨੀ, ਮਸਿਓਲੌਜਿਸਟ, ਕਵੀ ਅਤੇ ਲੇਖਕ ਹੈ। ਇਹ ਭਾਰਤੀ ਅਧਿਕਾਰੀਆਂ ਲਈ ਵੱਡੀ ਸ਼ਰਮ ਵਾਲੀ ਗੱਲ ਹੈ।”
ਜਾਰੀ ਬਿਆਨ ਮੁਤਾਬਕ, “ਭਾਰਤੀ ਪ੍ਰਸ਼ਾਸਨ ਵਲੋਂ ਵਰਤੀ ਗਈ ਜ਼ੁਲਮ ਵਾਲੀ ਤਾਜ਼ਾ ਨੀਤੀ ਬੁਰੀ ਤਰ੍ਹਾਂ ਉਲਟ ਅਸਰ ਕਰ ਰਹੀ ਹੈ। ਕਿਉਂਕਿ ਹੁਣ ਯੂ.ਕੇ. ਦੇ ਅੱਧਾ ਦਰਜਨ ਸੰਸਦ ਮੈਂਬਰਾਂ ਵਲੋਂ ਸਰਕਾਰ ‘ਤੇ ਸਖਤ ਰੁਖ ਅਪਣਾਉਣ ਲਈ ਦਬਾਅ ਪਾਇਆ ਜਾਏਗਾ।”
ਇਸ ਖ਼ਬਰ ਨੂੰ ਵਿਸਥਾਰ ਸਹਿਤ ਅੰਗ੍ਰੇਜ਼ੀ ਵਿਚ ਪੜ੍ਹਨ ਲਈ: