Site icon Sikh Siyasat News

ਵਿਸ਼ਵ ਵਿਆਪੀ ਸਿੱਖ ਪ੍ਰਸ਼ਾਸਕੀ ਢਾਂਚੇ ਦਾ ਅਗਲਾ ਖਰੜਾ ਅਦਾਰਾ ਫ੍ਰੀ ਅਕਾਲ ਤਖ਼ਤ ਵੱਲੋਂ ਜਾਰੀ

ਨਿਊਯਾਰਕ: ਪਿਛਲੇ 6 ਮਹੀਨਿਆਂ ਦੌਰਾਨ ਅਦਾਰਾ ਫ੍ਰੀ ਅਕਾਲ ਤਖ਼ਤ ਦੀ ਟੀਮ ਸਿੱਖ ਜਗਤ ਵਿੱਚ ਪ੍ਰਸ਼ਾਸਕੀ ‘ਤੇ ਫ਼ੈਸਲੇ ਲੈਣ ਲਈ ਇੱਕ ਆਦਰਸ਼ਵਾਦੀ ਪ੍ਰਕਿਰਿਆ ਬਾਰੇ ਦੁਨੀਆਂ ਭਰ ਦੇ ਸਿੱਖਾਂ ਦੇ ਵਿਚਾਰ ਇਕੱਠੇ ਕਰ ਰਹੀ ਹੈ। ਸਿੱਖ ਜਥੇਬੰਦੀਆਂ, ਪ੍ਰਭਾਵਸ਼ਾਲੀ ਸ਼ਖਸੀਅਤਾਂ ਤੇ ਆਮ ਸੰਗਤ ਨੂੰ ਜੋੜਨ ਲਈ ਬ੍ਰਿਟੇਨ, ਅਮਰੀਕਾ, ਕੈਨੇਡਾ ਤੇ ਆਸਟ੍ਰੇਲੀਆ – ਜੋ ਕਿ ਪ੍ਰਵਾਸੀ ਸਿੱਖਾਂ ਦਾ ਕੇਂਦਰ ਵੀ ਮੰਨੇ ਜਾਂਦੇ ਹਨ – ਦੇ 40 ਤੋਂ ਵੱਧ ਸ਼ਹਿਰਾਂ ਦਾ ਦੌਰਾ ਕੀਤਾ ਗਿਆ। ਸਿੱਖਾਂ ਦਾ ਪ੍ਰਮੁੱਖ ਕੇਂਦਰ ਤੇ ਸਿੱਖੀ ਦੀ ਜਨਮ ਭੂਮੀ ਪੰਜਾਬ ਤੋਂ ਵੀ ਇਸ ਪ੍ਰਤੀ ਵਿਚਾਰਾਂ ਦੀ ਮੰਗ ਕੀਤੀ ਗਈ ਹੈ। ਫ਼ਰਵਰੀ 2016 ਵਿੱਚ ਜਾਰੀ ਕੀਤੇ ਪਹਿਲੇ ਖਰੜੇ ਬਾਰੇ ਵਿਚਾਰ ਸਾਂਝੇ ਕਰਨ ਲਈ ਇੱਕ ਸਰਗਰਮ ਸੋਸ਼ਲ ਮੀਡੀਆ ਮੁਹਿੰਮ ‘ਤੇ ਵਿਸ਼ਵ ਵਿਆਪੀ ਮੀਡੀਆ ਦੀ ਪਹੁੰਚ ਰਾਹੀਂ ਹਰ ਇੱਕ ਵਿਚਾਰ ਰੱਖਣ ਵਾਲੇ ਨੂੰ ਆਪਣੀ ਰਾਏ ਸਾਂਝੀ ਕਰਨ ਦਾ ਸੱਦਾ ਦਿੱਤਾ ਗਿਆ ਹੈ।

ਧੰਨਵਾਦ ਸਹਿਤ : ਫ੍ਰੀ ਅਕਾਲ ਤਖ਼ਤ

ਇਸ ਲਹਿਰ ਦੀ ਖਰੜਾ ਤਿਆਰ ਕਰਨ ਵਾਲੀ ਕਮੇਟੀ – ਜਿਸ ਵਿੱਚ ਨਾਮਵਰ ਵਕੀਲ, ਚਿੰਤਕ ਤੇ ਵਿਦਵਾਨ ਸ਼ਾਮਿਲ ਹਨ – ਨੇ ਹੁਣ ਇਨ੍ਹਾਂ ਵਿਸ਼ਵ ਵਿਆਪੀ ਪ੍ਰਸ਼ਾਸਕੀ ਦਿਸ਼ਾ ਨਿਰਦੇਸ਼ਾਂ ਦਾ ਦੂਜਾ ਖਰੜਾ ਅੰਗਰੇਜ਼ੀ ਤੇ ਪੰਜਾਬੀ ਵਿੱਚ ਪ੍ਰਕਾਸ਼ਿਤ ਕਰ ਦਿੱਤਾ ਹੈ। ਇਸ ਵਿੱਚ ਪਿਛਲੇ ੫ ਮਹੀਨਿਆਂ ਵਿੱਚ ਵਿਸ਼ਵ ਭਰ ਦੇ ਸਿੱਖਾਂ ਤੋਂ ਮਿਲੀਆਂ ਸਾਰੀਆਂ ਟਿੱਪਣੀਆਂ ਤੇ ਵਿਚਾਰਾਂ ਨੂੰ ਸ਼ਾਮਿਲ ਕੀਤਾ ਗਿਆ ਹੈ। ਇਹ ਰਿਪੋਰਟ freeakaltakht.org ‘ਤੇ ਮੌਜੂਦ ਹੈ।

#FreeAkalTakht ਦੇ ਪ੍ਰਮੁੱਖ ਸੰਚਾਲਕ ਤੇ ਉੱਘੇ ਸਿੱਖ ਵਿਦਵਾਨ ਹਰਿੰਦਰ ਸਿੰਘ ਅਨੁਸਾਰ “ਇਹ ਲਹਿਰ ਇੱਕ ਕੌਮ ਦਾ ਆਪਣੀ ਕਿਸਮਤ ਨੂੰ ਆਪਣੇ ਹੱਥਾਂ ਵਿੱਚ ਵਾਪਸ ਲੈਣ ਬਾਰੇ ਹੈ। 3 ਕਰੋੜ ਸਿੱਖਾਂ ਦੀ ਮਜ਼ਬੂਤ ਵਸੋਂ ਸਦੀਵੀ ਸੰਕਟ ਵਿੱਚ ਹੈ, ਅਤੇ ਬਹੁਤ ਦੇਰ ਤੋਂ ਅਪੂਰਨ ਤੇ ਅਵਿਕਸਿਤ ਅਗਵਾਈ ਤੋਂ ਪੀੜਿਤ ਰਹੀ ਹੈ। #FreeAkalTakht ਦੀ ਸਥਾਪਨਾ ਇਸ ਪ੍ਰਸੰਗ ਨੂੰ ਉਭਾਰਨ ਲਈ ਕੀਤੀ ਗਈ ਸੀ ਕਿ ਅਸੀਂ ਇੱਕ ਕੌਮ ਦੇ ਤੌਰ ‘ਤੇ ਫ਼ੈਸਲੇ ਲੈਣ ਲਈ ਸਮੁੱਚਤਾ ਤੇ ਪਾਰਦਰਸ਼ੀ ਪ੍ਰਕਿਰਿਆ ਤੇ ਪ੍ਰਸ਼ਾਸ਼ਕੀ ਢਾਂਚਾ ਕਿਵੇਂ ਤਿਆਰ ਕਰੀਏ ਅਤੇ ਚਿੰਤਨ, ਪ੍ਰਸ਼ਾਸਨ ਤੇ ਕਾਰਜਾਂ ਲਈ ਆਧੁਨਿਕ ਅਦਾਰੇ ਕਿਵੇਂ ਬਣਾਈਏ। ਸਾਡਾ ਇਤਿਹਾਸ ਸਾਨੂੰ ਇਹੀ ਸੰਕੇਤ ਦਿੰਦਾ ਹੈ ਕਿ ਅਸੀਂ ਇਕੱਲਿਆਂ ਨਾਲੋਂ ਜਥੇਬੰਦ ਹੋ ਕੇ ਜ਼ਿਆਦਾ ਤਾਕਤਵਰ ਰਹੇ ਹਾਂ ਅਤੇ ਇਕੱਠੇ ਹੋਣ ਲਈ ਇਹ ਇੱਕ ਚੰਗਾ ਮੌਕਾ ਹੈ। ਮੈਂ ਹਰ ਇੱਕ ਸਿੱਖ, ਜੋ ਵੀ ਦਿਲਚਸਪੀ ਰੱਖਦਾ ਹੈ, ਨੂੰ ਆਪਣੇ ਵਿਚਾਰ ਸਾਂਝੇ ਕਾਰਨ ਦਾ ਖੁੱਲ੍ਹਾ ਸੱਦਾ ਦਿੰਦਾ ਹਾਂ।”

ਇਹ ਲਹਿਰ ਹੁਣ ਖੁਦ-ਹਾਜ਼ਰੀ ਤੇ ਸੋਸ਼ਲ ਮੀਡੀਆ ਰਾਹੀਂ ਲਾਮਬੰਦੀ ਦੇ ਉੱਦਮਾਂ ਦੀ ਮੇਜ਼ਬਾਨੀ ਕਰੇਗੀ। ਸਾਡਾ ਉਦੇਸ਼ ਨਵੰਬਰ 2016 ਵਿੱਚ ਹੋਣ ਵਾਲੇ ਸਰਬੱਤ ਖ਼ਾਲਸਾ ਤੋਂ ਪਹਿਲਾਂ ਸਤੰਬਰ 1 ਤੱਕ ਅੰਤਿਮ ਖਰੜਾ ਤਿਆਰ ਕਰਨਾ ਹੈ ਤਾਂ ਕਿ ਇਹ ਯਕੀਨੀ ਬਣਾਇਆ ਜਾ ਸਕੇ ਕਿ ਇਸ ਵਾਰ ਮਤੇ ਪਾਸ ਕਰਨ ਤੋਂ ਪਹਿਲਾਂ ਪੂਰੇ ਪੰਥ ਦੀ ਰਾਏ ਨੂੰ ਵਿਚਾਰਿਆ ਗਿਆ ਸੀ। ਉਹ ਪ੍ਰਸ਼ਾਸਕੀ ਢਾਂਚੇ ਦੇ ਵੱਖੋ-ਵੱਖਰੇ ਪਹਿਲੂਆਂ ‘ਤੇ ਇੱਕ “ਹਫਤਾਵਾਰੀ ਪ੍ਰਸ਼ਨ” ਅਤੇ ਸਾਧਨਾਂ ਤੇ ਆਯੋਜਿਤ ਸਮਾਗਮਾਂ ਬਾਰੇ ਹੋਰ ਜਾਣਕਾਰੀ ਸਾਂਝੀ ਕਰਨਗੇ। ਗੱਲ-ਬਾਤ ਦਾ ਹਿੱਸਾ ਬਣਨ ਲਈ @FreeAkalTakht ‘ਤੇ ਜਾ ਕੇ #FreeAkalTakht ਦੀ ਵਰਤੋਂ ਕਰੋ।

ਇਸ ਖ਼ਬਰ ਨੂੰ ਅੰਗ੍ਰੇਜ਼ੀ ਵਿਚ ਪੜ੍ਹਨ ਲਈ: http://bit.ly/296WNHV

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version