Site icon Sikh Siyasat News

ਖਾਲਸਾ ਪੰਥ ਜਥੇਦਾਰ ਨਾਲੋਂ ਉਪਰ ਅਤੇ ਸਰਵਉਚ: ਪੰਥਕ ਜਥੇਬੰਦੀਆਂ

ਅੰਮ੍ਰਿਤਸਰ: ਦਲ ਖਾਲਸਾ, ਅਕਾਲੀ ਦਲ ਪੰਚ ਪ੍ਰਧਾਨੀ, ਅਖੰਡ ਕੀਰਤਨੀ ਜਥਾ ਅਤੇ ਸਿੱਖ ਯੂਥ ਆਫ ਪੰਜਾਬ ਨੇ ਗਿਆਨੀ ਗੁਰਬਚਨ ਸਿੰਘ ਵਲੋਂ ਸੱਰਬਤ ਖਾਲਸਾ ਨੂੰ ਸੱਦਣ ਦਾ ਅਧਿਕਾਰ ਕੇਵਲ ਜਥੇਦਾਰ ਅਕਾਲ ਤਖਤ ਸਾਹਿਬ ਕੋਲ ਹੈ ਉਤੇ ਸਖਤ ਟਿਪਣੀ ਕਰਦਿਆ ਕਿਹਾ ਹੈ ਕਿ ਇਹ ਇਤਿਹਾਸਕ ਸਚਾਈ ਨਹੀਂ ਹੈ ਅਤੇ ਖਾਲਸਾ ਪੰਥ ਕੋਲ ਇਹ ਹੱਕ ਰਾਖਵਾਂ ਹੈ ਕਿ ਲੋੜ ਪੈਣ ਉਤੇ ਉਹ ਸਰੱਬਤ ਖਾਲਸਾ ਸੱਦ ਸਕਦਾ ਹੈ। ਜਥੇਬੰਦੀਆਂ ਨੇ ਨਾਲ ਹੀ ਇਹ ਮੰਨਿਆ ਕਿਹਾ ਕਿ ਸਰਬੱਤ ਖਾਲਸਾ ਸੱਦਣ ਦਾ ਢੁਕਵਾਂ ਅਤੇ ਯੋਗ ਸਥਾਨ ਅਕਾਲ ਤਖਤ ਸਾਹਿਬ ਹੀ ਹੈ।

ਚਾਰ ਜਥੇਬੰਦੀਆਂ ਦੇ ਆਗੂਆਂ ਹਰਪਾਲ ਸਿੰਘ ਚੀਮਾ, ਕੰਵਰਪਾਲ ਸਿੰਘ, ਆਰ ਪੀ ਸਿੰਘ ਅਤੇ ਪਰਮਜੀਤ ਸਿੰਘ ਟਾਂਡਾ ਨੇ ਗਿਆਨੀ ਗੁਰਬਚਨ ਸਿੰਘ ਨੂੰ ਹਾੜੇ ਹੱਥੀ ਲੈਂਦਿਆ ਕਿਹਾ ਹੈ ਕਿ ਇਤਿਹਾਸਕ ਅਤੇ ਸਿਧਾਂਤਕ ਤੌਰ ਉਤੇ ਖਾਲਸਾ ਪੰਥ ਜਥੇਦਾਰ ਤੋਂ ਉਪਰ ਵੀ ਹੈ ਅਤੇ ਸਰਵਉਚ ਵੀ। ਉਹਨਾਂ ਕਿਹਾ ਕਿ ਜਿਹੜੇ ਜਥੇਦਾਰ ਕੌਮ ਅੰਦਰ ਆਪਣਾ ਵਕਾਰ ਗੁਆ ਚੁੱਕੇ ਹੋਣ, ਉਹਨਾਂ ਨੂੰ ਦੂਜਿਆਂ ਦੀ ਕਮੀਆਂ ਅਤੇ ਕਮਜ਼ੋਰੀਆਂ ਵੱਲ ਉਂਗਲ ਚੁੱਕਣ ਦਾ ਨੈਤਿਕ ਹੱਕ ਨਹੀਂ।

ਉਹਨਾਂ ੧੦ ਨਵੰਬਰ ਨੂੰ ਸਰੱਬਤ ਖਾਲਸਾ ਦੇ ਨਾਮ ਹੇਠ ਹੋਣ ਵਾਲੇ ਪੰਥਕ ਇਕੱਠ ਦੇ ਪ੍ਰਬੰਧਕਾਂ ਜਿਨਾਂ ਵਿੱਚ ਸਿਮਰਨਜੀਤ ਸਿੰਘ ਮਾਨ, ਮੋਹਕਮ ਸਿੰਘ, ਗੁਰਦੀਪ ਸਿੰਘ ਬਠਿੰਡਾ ਆਦਿ ਸ਼ਾਮਿਲ ਹਨ, ਨੂੰ ਬੇਨਤੀ ਕੀਤੀ ਕਿ ਉਹ ਸਰਬਤ ਖਾਲਸਾ ਵਰਗੀ ਇਤਿਹਾਸਕ ਸੰਸਥਾ ਨੂੰ ਵਿਵਾਦਾਂ ਦੇ ਘੇਰੇ ਤੋਂ ਬਚਾ ਕੇ ਰੱਖਣ।

ਉਹਨਾਂ ਸਰਬਤ ਖਾਲਸਾ ਅਕਾਲ ਤਖਤ ਸਾਹਿਬ ਉਤੇ ਹੀ ਸਦੇ ਜਾਣ ਦੀ ਆਪਣੀ ਸਿਧਾਂਤਕ ਗੱਲ ਨੂੰ ਮੁੜ ਦੁਹਰਾਇਆ। ਉਹਨਾਂ ਨੇ ਕਿਹਾ ਕਿ ਮੌਜੂਦਾ ਜਥੇਦਾਰ ਆਪਣੀ ਭਰੋਸੇਯੋਗਤਾ ਗੁਆ ਚੁੱਕੇ ਹਨ ਅਤੇ ਉਹ ਕੌਮ ਦੀਆਂ ਨਜ਼ਰਾਂ ਤੋਂ ਥੱਲੇ ਡਿੱਗ ਚੁੱਕੇ ਹਨ ਅਤੇ ਉਹਨਾਂ ਨੂੰ ਅਹੁਦਿਆਂ ਤੋਂ ਲਾਂਭੇ ਕਰਨ ਵਿੱਚ ਹੀ ਪੰਥ ਦਾ ਭਲਾ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version