ਅੰਮ੍ਰਿਤਸਰ (ਨਰਿੰਦਰਪਾਲ ਸਿੰਘ): ਭਾਰਤੀ ਜਨਤਾ ਪਾਰਟੀ (ਭਾਜਪਾ) ਅਤੇ ਕਾਗਰਸ ਨੂੰ ਨਵੰਬਰ ’84 ਦੀ ਸਿੱਖ ਨਸਲਕੁਸ਼ੀ ‘ਤੇ ਗੰਧਲੀ ਰਾਜਨੀਤੀ ਕਰਨ ਲਈ ਕਰੜੇ ਹੱਥੀਂ ਲੈਂਦਿਆਂ ਦਲ ਖਾਲਸਾ ਨੇ ਕਿਹਾ ਹੈ ਕਿ ਦਵੇਂ ਹੀ ਰਾਜਨੀਤਿਕ ਪਾਰਟੀਆਂ ਦੇ ਦਾਮਨ ਉੱਪਰ ਨਿਰਦੇਸ਼ ਲੋਕਾਂ ਦੇ ਕਤਲ ਦੇ ਦਾਗ ਮੌਜੂਦ ਹਨ।
ਦਲ ਖ਼ਾਲਸਾ ਨੇ ਆਪਣੇ ਲੋਕ ਸਭਾ ਚੋਣਾਂ ਦੇ ਬਾਈਕਾਟ ਦੇ ਫੈਸਲ ਨੂੰ ਦੁਹਰਾਉਂਦਿਆਂ ਹੋਇਆਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਮੋਦੀ, ਬਾਦਲ ਅਤੇ ਗਾਂਧੀ ਦੀਆਂ ਛਲਾਵੇ ਭਰੀਆਂ ਗੱਲਾਂ ਤੋਂ ਸੁਚੇਤ ਰਹਿਣ।
⊕ ਇਹ ਖਬਰ ਅੰਗਰੇਜ਼ੀ ਚ ਪੜ੍ਹੋ – CONGRESS AND BJP-BADAL COMBINE PLAYING DIRTY POLITICS OVER 1984 SIKH GENOCIDE FOR VOTES
ਦਲ ਖਾਲਸਾ ਦੇ ਬੁਲਾਰੇ ਕੰਵਰਪਾਲ ਸਿੰਘ ਨੇ ਨਰਿੰਦਰ ਮੋਦੀ ਦੀ ਅਲੋਚਨਾ ਕਰਦਿਆਂ ਕਿਹਾ ਕਿ ਮੋਦੀ ਵੱਲੋਂ ’84 ਦੀ ਸਿੱਖ ਨਸਲਕੁਸ਼ੀ ਉੱਤੇ ਕੀਤੀਆਂ ਜਾ ਰਹੀਆਂ ਟਿੱਪਣੀਆਂ ਦੀ ਅਸਲ ਭਾਵਨਾ ਸਿਰਫ਼ ਵੋਟਾਂ ਬਟੋਰਨਾ ਹੈ ਨਾ ਕਿ ਪੀੜਤਾਂ ਨੂੰ ਇਨਸਾਫ ਦਿਵਾਉਣਾ।
ਦਲ ਖਾਲਸਾ ਆਗੂ ਨੇ ਨਰਿੰਦਰ ਮੋਦੀ ਨੂੰ ਯਾਦ ਦਿਵਾਇਆ ਕਿ ਗੁਜਰਾਤ ਦੇ ਮੁੱਖ ਮੰਤਰੀ ਵਜੋਂ ਉਸ ਦੇ ਆਪਣੇ ਕਾਰਜਕਾਲ ਦੌਰਾਨ 2002 ਵਿਚ ਮੁਸਲਮਾਨਾਂ ਦਾ ਕਤਲੇਆਮ ਕੀਤਾ ਗਿਆ ਸੀ।
ਉਨ੍ਹਾਂ ਰਾਹੁਲ ਗਾਂਧੀ ਵੱਲੋਂ ਬੀਤੇ ਦਿਨੀਂ ਪੰਜਾਬ ਅੰਦਰ ਇਕੱਠ ਨੂੰ ਸੰਬੋਧਨ ਕਰਦਿਆਂ ’84 ਦੀ ਸਿੱਖ ਨਸਲਕੁਸ਼ੀ ਦੇ ਦੋਸ਼ੀਆਂ ਨੂੰ ਸਜ਼ਾ ਦੇਣ ਦੀ ਗੱਲ ਕਰਨ ਨੂੰ ਮਹਿਜ਼ ਇੱਕ ਰਾਜਨੀਤਕ “ਸਟੰਟ” ਦੱਸਦਿਆਂ ਕਿਹਾ ਕਿ ਪਿਛਲੇ 35 ਸਾਲਾਂ ਤੋਂ ਕਾਂਗਰਸ ਦੋਸ਼ੀਆਂ ਦੀ ਪੁਸ਼ਤਪਨਾਹੀ ਕਰਦਿਆਂ ਉਨ੍ਹਾਂ ਨੂੰ ਉੱਚ ਅਹੁਦਿਆਂ ਨਾਲ ਨਿਵਾਜਦੀ ਆ ਰਹੀ ਹੈ।
ਉਹਨਾਂ ਕਾਂਗਰਸੀ ਆਗੂ ਸੈਮ ਪਿਤਰਦਾ ਵੱਲੋਂ ਕੀਤੀ ਗਈ ਟਿਪਣੀ “ਹੂਆ ਤੋ ਹੂਆ” ਨੂੰ ਸ਼ਰਮਨਾਕ ਦੱਸਿਆ।
ਕੰਵਰਪਾਲ ਸਿੰਘ ਨੇ ਅੱਗੇ ਕਿਹਾ ਕਿ ਜਿੱਥੇ ’84 ਵਿੱਚ ਦਿੱਲੀ ਅਤੇ ਹੋਰਨਾ ਥਾਵਾਂ ਉੱਤੇ ਹੋਏ ਸਿੱਖ ਕਤਲੇਆਮ ਲਈ ਮੌਕੇ ਦੇ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੀ ਅਗਵਾਈ ਹੇਠ ਕਾਂਗਰਸੀਆਂ ਨੇ ਮੋਹਰੀ ਭੂਮਿਕਾ ਨਿਭਾਈ ਸੀ ਉੱਥੇ ਹੀ ਭਾਜਪਾ ਅਤੇ ਆਰ ਐੱਸ ਐੱਸ. ਦੇ ਜਨੂੰਨੀ ਅਤੇ ਫ਼ਿਰਕਾਪ੍ਰਸਤ ਅਨਸਰ ਵੀ ਇਸ ਨਸਲਕੁਸ਼ੀ ਦੌਰਾਨ ਹੋਏ ਕਤਲੇਆਮਾਂ ਵਿੱਚ ਭਾਈਵਾਲ ਰਹੇ ਸਨ।
ਭਾਜਪਾ ਨੇਤਾਵਾਂ ਦੀਆਂ ਮਾੜੀ ਮਨਸ਼ਾ ਉੱਤੇ ਸਵਾਲੀਆ ਚਿੰਨ੍ਹ ਲਾਉਂਦਿਆਂ ਦਲ ਖਾਲਸਾ ਆਗੂ ਨੇ ਕਿਹਾ ਕਿ ਭਾਜਪਾ ਨੇ ਹੀ ਪੰਜਾਬ ਦੇ ਮਸਲਿਆਂ ਦਾ ਰਾਜਨੀਤਕ ਹੱਲ ਲੱਭਣ ਦੀ ਥਾਂ ਫ਼ੌਜ ਨੂੰ ਪੰਜਾਬ ਭੇਜਣ ਦੀ ਵਕਾਲਤ ਕੀਤੀ ਸੀ ਅਤੇ ਇੰਦਰਾ ਗਾਧੀ ਵਾਲੀ ਸਰਕਾਰ ਨੂੰ ਦਰਬਾਰ ਸਾਹਿਬ ਉੱਤੇ ਫੌਜੀ ਹਮਲਾ ਕਰਨ ਲਈ ਉਕਸਾਇਆ ਸੀ।
ਉਨ੍ਹਾਂ ਕਿਹਾ ਕਿ ਬਾਦਲਕੇ ਮੋਦੀ ਦੀ ਪ੍ਰਸਿੱਧੀ ਦੇ ਮੋਢਿਆਂ ਤੇ ਚੜਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਹੁਰਮਤੀ ਦੀਆਂ ਘਟਨਾਵਾਂ ਨੂੰ ਨਜ਼ਰਅੰਦਾਜ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਜਿੱਥੇ ਕਾਂਗਰਸ ਦੇ ਮੱਥੇ ਉਪਰ 1984 ਵਿੱਚ ਕੀਤੇ ਗਏ ਸਿੱਖ ਕਤਲੇਆਮ ਦਾ ਧੱਥਾ ਹੈ ਉਥੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਦਾਮਨ ਉਤੇ 2015 ਦੀਆਂ ਬਰਗਾੜੀ ਅਤੇ ਬਹਿਬਲ ਕਲਾਂ ਘਟਨਾਵਾਂ ਦਾ ਧੱਥਾ ਲੱਗਾ ਹੋਇਆ ਹੈ।